ਮਿੰਨੀ ਕਹਾਣੀ: ਚੰਚਲ ਮਨ

ਮਿੰਨੀ ਕਹਾਣੀ: ਚੰਚਲ ਮਨ

ਜਗਤ ਸਿੰਘ ਨੇ ਰੱਬ ਨੂੰ ਕਿਹਾ ਕਿ ਬਸ ਉਸਨੂੰ ਇੱਕ ਵਾਰ ਨੌਕਰੀ ਮਿਲ ਜਾਵੇ, ਫਿਰ ਉਹ ਚੈਨ ਨਾਲ ਜੀ ਸਕੇਗਾ। ਉਸਨੂੰ ਇਕ ਚੰਗੀ ਨੌਕਰੀ ਮਿਲ ਗਈ। ਸਵੇਰ ਤੋਂ ਲੈ ਕੇ ਸ਼ਾਮ ਪੰਜ ਵਜੇ ਤਕ ਕਰਨਾ ਸੀ ਕੰਮ ਬਾਅਦ ਵਿੱਚ ਸਿਰਫ ਅਰਾਮ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸੀ ਛੁੱਟੀ। ਜਗਤ ਸਿੰਘ ਨੂੰ ਕੁਝ ਮਹੀਨੇ ਤਾਂ ਬਹੁਤ ਮਜ਼ਾ ਆਇਆ ਪਰ ਬਾਅਦ ਵਿੱਚ ਕੁਝ ਸਮਝ ਨਾ ਆਵੇ ਕਿ ਉਹ ਵਿਹਲੇ ਸਮੇਂ ਕੀ ਕਰੇ। ਵਿਹਲੇ ਸਮੇਂ ਉਹ ਸਿਰਫ ਕਿਤਾਬਾਂ ਹੀ ਪੜ੍ਹਦਾ ਰਹਿੰਦਾ। ਵਿਹਲਾ ਸਮਾਂ ਉਸਨੂੰ ਹੋਲੀ ਹੋਲੀ ਇੰਨਾਂ ਖਾਣ ਲੱਗ ਗਿਆ ਕਿ ਉਸਦਾ ਜ਼ਿੰਦਗੀ ਤੋਂ ਮਨ ਭਰਨ ਲਗ ਗਿਆ। ਉਸਨੇ ਸੋਚਿਆ ਕਿ ਇੰਝ ਤਾਂ ਉਸਦਾ ਜੀਵਨ ਨਹੀਂ ਚਲਣਾ, ਕਿਉਂ ਨਾ ਉਹ ਸ਼ਾਮ ਨੂੰ ਵੀ ਕੋਈ ਕੰਮ ਕਰ ਲਵੇ ਤਾਂ ਜੋ ਉਸਦਾ ਵਿਹਲਾ ਸਮਾਂ ਲੰਘ ਜਾਵੇ ਅਤੇ ਇਸ ਬਹਾਨੇ ਉਸ ਕੋਲ ਦੋ ਚਾਰ ਪੈਸੇ ਵੀ ਆਉਣ ਲਗ ਜਾਣਗੇ। ਉਹ ਸ਼ਾਮ ਨੂੰ ਟਾਈਪਿੰਗ ਦਾ ਕੰਮ ਕਰਨ ਲਗ ਪਿਆ। ਜਗਤ ਸਿੰਘ ਨੂੰ ਬਹੁਤ ਮਜ਼ਾ ਆਉਣ ਲਗਿਆ। ਉਸਨੇ ਸੋਚਿਆ ਹੁਣ ਤਾਂ ਬੜਾ ਮਜ਼ਾ ਆ ਰਿਹਾ ਹੈ, ਦਿਨ ਕਦੋਂ ਟੱਪ ਜਾਂਦਾ ਹੈ ਪਤਾ ਹੀ ਨਹੀਂ ਲਗਦਾ ਨਾਲੇ ਚਾਰ ਪੈਸੇ ਵੀ ਆਉਂਦੇ ਹਨ। ਦੋ ਮਹੀਨੇ ਲੰਘ ਗਏ। ਫਿਰ ਉਸਦਾ ਚਿੱਤ ਘਬਰਾਉਣ ਲਗਾ। ਉਸਨੇ ਸੋਚਿਆ ਮੇਰੀ ਜ਼ਿੰਦਗੀ ਤਾਂ ਇਕ ਮਸ਼ੀਨ ਹੀ ਬਣਕੇ ਰਹਿ ਗਈ ਹੈ। ਪਹਿਲਾਂ ਹੀ ਵਧੀਆ ਸੀ ਜੋ ਦਿਲ ਚਾਹੇ ਕਰ ਤਾਂ ਲਈਦਾ ਸੀ, ਹੁਣ ਤਾਂ ਇੰਝ ਲਗਦਾ ਮੈਂ ਆਪਣੀ ਕੋਈ ਵੀ ਮਨਪਸੰਦ ਦੀ ਪੁਸਤਕ ਕਦੇ ਵੀ ਨਹੀਂ ਪੜ੍ਹ ਪਾਵਾਂਗਾ। ਫਿਰ ਉਸਨੇ ਸੋਚਿਆ ਇਹ ਮੈਂ ਆਪਣੇ ਆਪ ਨੂੰ ਕੀ ਕਹਿ ਰਿਹਾ ਹਾਂ। ਮੈਂ ਕੀ ਊਲ ਜਲੂਲ ਸੋਚ ਰਿਹਾ ਹਾਂ। ਜਦੋਂ ਮੈਂ ਆਪਣੇ ਮਨਪਸੰਦ ਦੀਆਂ ਕਿਤਾਬਾਂ ਪੜ੍ਹਦਾ ਸੀ, ਉਦੋਂ ਮੈਨੂੰ ਇੰਝ ਸੀ ਕਿ ਕੋਈ ਕੰਮ ਮਿਲੇ ਜਿਸ ਨਾਲ ਚਾਰ ਪੈਸੇ ਬਣਨ । ਪਰ ਜਦੋਂ ਹੁਣ ਮੈਨੂੰ ਕੰਮ ਮਿਲਿਆ ਹੈ ਤਾਂ ਮੈਂ ਹੁਣ ਕਿਤਾਬਾਂ ਪੜ੍ਹਨ ਨੂੰ ਭੱਜ ਰਿਹਾ ਹਾਂ। ਮੈਂ ਤਾਂ ਖੁਦ ਹੀ ਆਪਣੇ ਆਪ ਨੂੰ ਧੋਖਾ ਦੇ ਰਿਹਾ ਹਾਂ। ਇਹ ਮਨ ਵੀ ਬੜਾ ਅਜੀਬ ਹੈ ਨਾ ਤਾਂ ਇਧਰ ਟਿਕਣ ਦਿੰਦਾ ਹੈ ਅਤੇ ਨਾ ਹੀ ਉਧਰ। ਮਨ ਤਾਂ ਚੰਚਲ ਅਤੇ ਅਵਾਰਾ ਹੈ। ਫਿਰ ਜਗਤ ਸਿੰਘ ਨੇ ਸੋਚਿਆ ਕਿ ਬਸ ਇਹਨਾਂ ਗੁਝਲਾਂ ਵਿੱਚ ਹੀ ਇਕ ਆਦਮੀ ਦਾ ਸਾਰਾ ਜੀਵਨ ਲੰਘ ਜਾਂਦਾ ਹੈ। ਉਸਨੂੰ ਕਦੇ ਪਤਾ ਹੀ ਨਹੀਂ ਲੱਗ ਪਾਉਂਦਾ ਕਿ ਸਥਾਈ ਖੁਸ਼ੀ ਕਿਥੇ ਹੈ। ਸ਼ਾਇਦ ਇਹੋ ਹੀ ਰੱਬ ਦੀ ਮਰਜ਼ੀ ਹੈ। ਸ਼ਾਇਦ ਇਹੋ ਹੀ ਕੁਦਰਤ ਦਾ ਨਿਯਮ ਹੈ।

ਸਕਰਿਪਟ ਰਾਈਟਰ
ਅਮਨਪ੍ਰੀਤ ਸਿੰਘ
apsamaanbatra@gmail.com

Share Button

Leave a Reply

Your email address will not be published. Required fields are marked *

%d bloggers like this: