ਕੁਇਜ਼ ਮੁਕਾਬਲਾ (ਛੋਟੀ ਕਹਾਣੀ)

ਕੁਇਜ਼ ਮੁਕਾਬਲਾ (ਛੋਟੀ ਕਹਾਣੀ)

ਸਰਦ ਰੁੱਤ ਦਾ ਖਿੜਵੀਂ ਧੁੱਪ ਵਾਲਾ ਮੱਘਰ ਮਹੀਨੇ ਦਾ ਇੱਕ ਦਿਨ।ਹਵਾ ਵਿਚਲੀ ਠੰਡੀਰ ਅਤੇ ਧੁੱਪ ਵਿਚਲੀ ਗਰਮਾਹਟ ਦਾ ਅਹਿਸਾਸ ਬੜਾ ਸੁਖਾਵਾਂ ਸੀ। ਬਹੁਤ ਭਾਰੀ ਪ੍ਰਦੂਸ਼ਣ, ਧੂੰਆਂ ਅਤੇ ਧੁੰਦ ਤੋਂ ਬਾਅਦ ਕੁਦਰਤੀ ਤੋਰ ਤੇ ਸਾਫ ਹੋਈ ਹਵਾ ਨੇ ਕੁਝ ਸਾਹ ਲੇਣੇ ਸੋਖੇ ਕੀਤੇ ਸਨ।ਮਜ਼ਦੂਰ ਅਤੇ ਗਰੀਬ ਕਿਸਾਨਾਂ ਅਤੇ ਦੁਕਾਨਦਾਰਾਂ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚੇ ਗੰਦੀਆਂੁਮੈਲੀਆਂ ਵਰਦੀਆਂ ਅਤੇ ਅੱਧੁਪਚੱਦੇ ਭਰੇ ਢਿੱਡਾਂ ਨਾਲ ਆਪਣੇ ਬਸਤੇ ਚੁੱਕ, ਜਿੱਨਾਂ ਵਿਚਲੀਆਂ ਕਿਤਾਬਾਂ ਅਤੇ ਕਾਪੀਆਂ ਸਾਰਾ ਸਾਲ ਪੂਰੀਆਂ ਨਾ ਹੋ ਸਕੀਆਂ, ਟੋਲੀਆਂ ਬਣਾਕੇ ਪੱਕੀ ਸੜਕ ਦੇ ਲਾਗੇ ਦੇ ਕੱਚੇ ਪਾਸੇ ਉੱਤੇ ਸਕੂਲ ਨੂੰ ਤੁਰੇ ਜਾਂਦੇ ਸਨ। ਕਿਤਾਬਾਂ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਸਾਰਾ ਸਾਲ ਬੀਤਣ ਤੱਕ ਵੀ ਪਹੁੰਚ ਨਾ ਸਕੀਆਂ ਅਤੇ ਘਰਾਂ ਦੀ ਮੰਦੀ ਹਾਲਤ ਕਾਰਨ ਕਾਪੀਆਂ ਇਹ ਖਰੀਦ ਨਾ ਸਕੇ। ਮੁਫਤ ਵਿੱਚ ਮਿਲਦੇ ਖਾਣੇ, ਵਰਦੀ ਅਤੇ ਵਜੀਫੇ ਨੇ ਕੁਝ ਫਾਇਦਾ ਤਾਂ ਕੀਤਾ ਪਰ ਊਠ ਦੇ ਮੂੰਹ ਵਿੱਚ ਜ਼ੀਰੇ ਵਾਲੀ ਗੱਲ ਹੋਈ। ੧੦ੁ੧੨ ਸਾਲਾਂ ਤੋਂ ਕੰਟਰੈਕਟ ਤੇ ਨੌਕਰੀ ਕਰਦੇ ਅਧਿਆਪਕ, ਖਾਲੀ ਪਈਆਂ ਪੋਸਟਾਂ, ਵਿਦਿਆਰਥੀਆਂ ਲਈ ਕਮਰਿਆਂ ਦੀ ਘਾਟ, ਖੇਡ ਮੈਦਾਨਾਂ, ਫਰਨੀਚਰ ਅਤੇ ਹੋਰ ਕਈ ਤਰਾਂ ਦੀਆਂ ਕਮੀਆਂ ਅਤੇ ਉਪਰੋਂ ਵਿਦਿਆਰਥੀਆਂ ਦੀ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਬੰਦ ਕਰਨ ਵਾਲੀ ਲਿਸਟ ਜਿਵੇਂ ਸਿਖਿਆ ਸੁਧਾਰਾਂ ਦਾ ਮੂੰਹ ਚਿੜਾ ਰਹੇ ਹੋਣ।
ਲੰਬੇ ਸਮੇਂ ਤੋਂ ਇੱਕ ਦੂਸਰੇ ਢੰਗ ਨਾਲ ਚੱਲ ਰਹੇ ਸਿਖਿਆ ਸੁਧਾਰ ਤਜਰਬਿਆਂ ਤਹਿਤ ਸਕੂਲ ਵਿੱਚ ਹੋਏ ਕੁਇਜ਼ ਮੁਕਾਬਲੇ ਚੋਂ ਚੁਣੇ ਗਏ ਵਿਦਿਆਰਥੀਆਂ ਦਾ ਬਲਾਕ ਪੱਧਰ ਦਾ ਮੁਕਾਬਲਾ ਇੱਕ ਵੱਡੇ ਸਕੂਲ ਵਿੱਚ ਰੱਖਿਆ ਗਿਆ। ਜੋ ਕਿ ਮੇਰੇ ਸਕੂਲ ਤੋਂ ਲਗਭਗ ੨੦ ਕੀਲੋਮੀਟਰ ਦੀ ਦੂਰੀ ਉੱਤੇ ਸੀ। ਸੋ ਇੱਕ ਅਧਿਆਪਕ ਹੋਣ ਨਾਤੇ ਅਤੇ ਡਿਊਟੀ ਅਨੁਸਾਰ ਸਮੇਂ ਸਿਰ ਅਪਣਨ ਹਿੱਤ ਦੱਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੂੰ ਮੈਂ ਆਪਣੇ ਮੋਟਰਸਾਇਕਲ ਤੇ ਬਿਠਾ ਕੇ ਮੁਕਾਬਲੇ ਵਾਲੇ ਵੱਡੇ ਸਕੂਲ ਵੱਲ ਨੂੰ ਚਲ ਪਿਆ। ਰਸਤੇ ਵਿੱਚ ਬਹੁਤ ਸਾਰੀਆਂ ਨਜ਼ਰਾਂ ਮੈਨੂੰ ਜਾਚਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਮੇਰੇ ਅਤੇ ਪਿੱਛੇ ਬੈਠੇ ਵਿਦਿਆਰਥੀਆਂ ਵਿਚਲੇ ਰੰਗ, ਨਸਲ ਅਤੇ ਉਮਰ ਆਦਿ ਦੇ ਫਰਕ ਨੂੰ ਭਾਂਪਦੀਆਂ ਰਹੀਆਂ। ਨਿੱਤ ਦੀਆਂ ਸਿਖਿਆ ਸੁਧਾਰ ਤਜਰਬੇ ਦੀਆਂ ਗਤੀਵੀਧੀਆਂ ਤੋਂ ਅੱਕੇ ਹੋਏ ਮੇਰੇ ਕੁਝ ਅਧਿਆਪਕ ਦੋਸਤਾਂ ਵੱਲੋਂ ਕਰਵਾਏ ਜਾ ਰਹੇ ਮੁਕਾਬਲੇ ਵਿੱਚ ਅਸੀਂ ਸ਼ਾਮਲ ਹੋ ਗਏ। ਜਿਸ ਵਿੱਚ ਕੁਝ ਅਧਿਆਪਕਾਂ ਵੱਲੋ ਆਪਣੇ ਵਿਦਿਆਰਥੀਆਂ ਨੂੰ ਪਹਿਲੇ ਜਾਂ ਦੂਜੇ ਸਥਾਨ ਤੇ ਲਿਆਉਣ ਦੀ ਹੋੜ ਜਾਰੀ ਸੀ। ਦੁੋਤਿੰਨ ਘੰਟਿਆਂ ਦੇ ਸੁਸਤ ਮੁਕਾਬਲੇ ਤੋਂ ਬਾਅਦ ਮੋਕੇ ਤੇ ਹੀ ਕੁਝ ਹੋਣਹਾਰ ਅਧਿਆਪਕਾਂ ਦੇ ਹੋਣਹਾਰ ਵਿਦਿਆਰਥੀ ਜ਼ਿਲਾ ਪੱਧਰ ਦੇ ਮੁਕਾਬਲੇ ਲਈ ਚੁਣ ਲਏ ਗਏ। ਮੇਰੇ ਕੋਲੋਂ ਮੇਰੇ ਵਿਦਿਆਰਥੀਆਂ ਵੱਲੋਂ ਮਦਦ ਮੰਗਣ ਅਤੇ ਮੇਰੇ ਇਨਕਾਰ ਕਰਨ ਕਰਕੇ ਮੇਰਾ ਸਕੂਲ ਕੋਈ ਪੁਜੀਸ਼ਨ ਹਾਸਲ ਨਾ ਕਰ ਸਕਿਆ। ਬੱਚਿਆਂ ਨੂੰ ਸ਼ਾਇਦ ਥੋੜੀ ਨਿਰਾਸ਼ਾ ਹੋਈ ਪਰ ਮੈਨੂੰ ਕੋਈ ਅਫਸੋਸ ਨਹੀਂ ਸੀ। ਕਿਉਕਿ ਜੋ ਅੰਕ ਆਏ ਉਹ ਬੱਚਿਆਂ ਦੇ ਆਪਣੇ ਸਨ। ਸੋ ਮੈਂ ਬੱਚਿਆਂ ਨੂੰ ਮੋਟਰਸਾਇਕਲ ਤੇ ਬਿਠਾ ਕੇ ਵਾਪਸ ਆਪਣੇ ਸਕੂਲ ਲਈ ਰਵਾਨਾ ਹੋ ਪਿਆ। ਸਾਰੀ ਛੁੱਟੀ ਦੀ ਘੰਟੀ ਵੱਜਣ ਤੋਂ ਪਹਿਲਾਂ ਅਸੀਂ ਸਕੂਲ ਪਹੁੰਚ ਗਏ। ਲਏ ਗਏ ਮਹੀਨਾਵਾਰ ਟੈਸਟਾਂ ਦੀਆਂ ਲਿਸਟਾਂ ਤਿਆਰ ਕਰਕੇ, ਡਾਕਾਂ ਬਣਾਕੇ, ਆਨਲਾਈਨ ਡਾਟਾ ਭਰਕੇ ਅਤੇ ਅੱਜ ਦੇ ਦਿਨ ਦੇ ਕਈ ਹੋਰ ਗੈਰ ਵਿੱਦਿਅਕ ਕੰਮ ਮੁਕਾਕੇ ਘੰਟੀ ਵੱਜਣ ਤੋਂ ਬਾਅਦ ਅਧਿਆਪਕ ਆਪਣੇ ਘਰਾਂ ਨੂੰ ਅਤੇ ਬੱਚੇ ਢੱਲਦੇ ਦਿਨ ਆਪਣੇ ਮਿੱਟੀ ਲਿੱਬੜੇ ਬਸਤੇ ਅਤੇ ਕਪੜਿਆਂ ਸਮੇਤ ਉਨਾਂ ਰਾਹਾਂ ਤੇ ਹੀ ਆਪਣੇ ਪਿੰਡਾਂ ਨੂੰ ਤੁਰ ਪਏ।
ਸੋ ਇਸ ਤਰਾਂ ਇੱਕ ਹੋਰ ਦਿਨ ਬਹੁਤ ਹੀ ਖੁਸ਼ਗਵਾਰ ਮੋਸਮ ਦਰਮਿਆਨ ਸਿਖਿਆ ਤਜਰਬਿਆਂ ਦੀ ਭੇਂਟ ਚੜ ਗਿਆ। ਲੇਕਿਨ ਸਰਕਾਰੀ ਦਫਤਰਾਂ ਵਿੱਚ ਬੈਠੇ ਸਿਖਿਆ ਸ਼ਾਸ਼ਤਰੀ ਆਪਣੀਆਂ ਇਨਾਂ ਪ੍ਰਾਪਤੀਆਂ ਲਈ ਆਪੋ ਵਿੱਚ ਇਕ ਦੂਜੇ ਦੀ ਪਿੱਠ ਥਾਪੜਦੇ ਰਹੇ। ਅਤੇ ਭਵਿੱਖ ਲਈ ਕੁਝ ਕੁਇਜ਼ ਮੁਕਾਬਲੇ ਦੀਆਂ ਤਰੀਕਾਂ ਨਿਸ਼ਚਿਤ ਕਰਦੇ ਰਹੇ।

ਕੁਲਦੀਪ ਹੰਸਪਾਲ (ਕੰਪਿਊਟਰ ਅਧਿਆਪਕ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਲੀਵਾਲ
ਤਹਿ: ਬਟਾਲਾ ਜ਼ਿਲਾ ਗੁਰਦਾਸਪੁਰ।
ਮੋ: 8872521400

Share Button

Leave a Reply

Your email address will not be published. Required fields are marked *

%d bloggers like this: