ਅੱਖਾਂ ਤੋਂ ਪਰੇ

ਅੱਖਾਂ ਤੋਂ ਪਰੇ

ਜਦੋਂ ਪਰਮਜੀਤ ਦੀ ਭੂਆ ਸਬਜ਼ੀ ਦੀ ਦੁਕਾਨ ਤੋਂ ਸਬਜ਼ੀ ਲੈਣ ਲੱਗੀ, ਤਾਂ ਉੱਥੇ ਉਸ ਨੂੰ ਸਬਜ਼ੀ ਵੇਚਣ ਵਾਲਾ ਜਿੰਦਰ ਆਖਣ ਲੱਗਾ, “ਚਾਚੀ ਜੀ, ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਆ ਗਿਆ ਆ ।ਤੁਹਾਡੀ ਪਰਮਜੀਤ ਨੇ ਵੀ ਬਾਰ੍ਹਵੀਂ ਦੇ ਪੇਪਰ ਪਾਏ ਹੋਏ ਆ। ਨਤੀਜੇ ਦਾ ਆਪਣੇ ਪਿੰਡ ਦੀ ਕਿਤਾਬਾਂ ਦੀ ਦੁਕਾਨ ਤੋਂ ਪਤਾ ਲੱਗ ਸਕਦਾ ਆ।”
ਘਰ ਆ ਕੇ ਪਰਮਜੀਤ ਦੀ ਭੂਆ ਨੇ ਪਰਮਜੀਤ ਨੂੰ ਇਹ ਗੱਲ ਦੱਸੀ।ਭਾਵੇਂ ਪਰਮਜੀਤ ਪੜ੍ਹਨ ਨੂੰ ਬਹੁਤ ਹੁਸ਼ਿਆਰ ਸੀ,ਫਿਰ ਵੀ ਉਸ ਨੂੰ ਇਹ ਫਿਕਰ ਲੱਗਾ ਹੋਇਆ ਸੀ ਕਿ ਕਿਤੇ ਉਸ ਦੇ ਨੰਬਰ 80% ਤੋਂ ਘੱਟ ਹੀ ਨਾ ਜਾਣ।ਦੂਜੇ ਪਾਸੇ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ,ਪਰ ਉਸ ਦੇ ਭੂਆ, ਫੁਫੜ ਉਸ ਨੂੰ ਅੱਖਾਂ ਤੋਂ ਪਰੇ ਭੇਜਣ ਨੂੰ ਤਿਆਰ ਨਹੀਂ ਸਨ। ਉਹ ਸੋਚਦੇ ਸਨ ਕਿ ਕੁੜੀਆਂ ਅੱਖਾਂ ਤੋਂ ਪਰੇ ਪਤਾ ਨਹੀਂ ਕੀ ਕੀ ਕਰਦੀਆਂ ਰਹਿੰਦੀਆਂ ਹਨ?
ਕੁਝ ਮਿੰਟਾਂ ਵਿੱਚ ਹੀ ਪਰਮਜੀਤ ਪਿੰਡ ਦੀ ਕਿਤਾਬਾਂ ਦੀ ਦੁਕਾਨ ਤੇ ਪਹੁੰਚ ਗਈ।ਉੱਥੇ ਉਸ ਦੀ ਜਮਾਤ ਦੇ ਹੋਰ ਵਿਦਿਆਰਥੀ ਵੀ ਆਪਣਾ ਨਤੀਜਾ ਵੇਖਣ ਆਏ ਹੋਏ ਸਨ।ਕਿਤਾਬਾਂ ਦੀ ਦੁਕਾਨ ਵਾਲਾ ਰਕੇਸ਼ ਕੱਲੇ ਕੱਲੇ ਤੋਂ ਵੀਹ, ਵੀਹ ਰੁਪਏ ਲੈ ਕੇ ਨਤੀਜਾ ਦੱਸ ਰਿਹਾ ਸੀ।ਪਰਮਜੀਤ ਦਾ ਨਤੀਜਾ ਦੱਸਦਿਆਂ ਉਸ ਨੇ ਕਿਹਾ, “ਕੁੜੀਏ ਤੂੰ ਪਾਸ ਆਂ ਤੇ ਤੇਰੇ ਨੰਬਰ 82.5% ਆ।”ਇਹ ਸੁਣ ਕੇ ਉਸ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਤੇ ਉਹ ਮੁਸਕਾਉਂਦੀ ਹੋਈ ਘਰ ਵੱਲ ਨੂੰ ਤੁਰ ਪਈ।ਘਰ ਪਹੁੰਚ ਦੇ ਸਾਰ ਹੀ ਉਸ ਦੇ ਭੂਆ, ਫੁਫੜ ਨੇ ਉਸ ਨੂੰ ਨਤੀਜੇ ਬਾਰੇ ਪੁੱਛਿਆ।ਪਰਮਜੀਤ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਚੰਗੇ ਨੰਬਰ ਲੈ ਕੇ ਪਾਸ ਹੋ ਗਈ ਆ।ਨਾਲ ਹੀ ਉਸ ਨੇ ਡਰਦੀ ਡਰਦੀ ਨੇ ਇਹ ਵੀ ਆਖ ਦਿੱਤਾ ਕਿ ਉਹ ਅੱਗੇ ਪੜ੍ਹਨਾ ਚਾਹੁੰਦੀ ਆ।“ਦੇਖ ਧੀਏ, ਅਸੀਂ ਵੀ ਤੈਨੂੰ ਅੱਗੇ ਪੜ੍ਹਾਨਾ ਚਾਹੁੰਦੇ ਹਾਂ।ਅਸੀਂ ਤੈਨੂੰ ਪੁੱਤਾਂ ਵਾਂਗ ਪਾਲਿਆ ਆ ਤੇ ਅਸੀਂ ਤੈਨੂੰ ਕਦੇ ਵੀ ਆਪਣੀਆਂ ਅੱਖਾਂ ਤੋਂ ਪਰੇ ਨਹੀਂ ਹੋਣ ਦਿੱਤਾ।ਇਸ ਕਰਕੇ ਦਿਲ ਬਹੁਤ ਡਰਦਾ ਆ।ਕਿਤੇ ਕੋਈ ਉੱਨੀ ,ਇੱਕੀ ਗੱਲ ਹੀ ਨਾ ਹੋ ਜਾਵੇ।ਅੱਜ ਕਲ੍ਹ ਜ਼ਮਾਨਾ ਬੜਾ ਭੈੜਾ ਆ ਗਿਆ ਆ।ਲੋਕ ਕਿਸੇ ਦੀ ਧੀ ਨੂੰ ਆਪਣੀ ਧੀ ਹੀ ਨਹੀਂ ਸਮਝਦੇ।” ਪਰਮਜੀਤ ਦੇ ਫੁਫੜ ਨੇ ਆਖਿਆ।
“ਫੁਫੜ ਜੀ ਮੈਨੂੰ ਤੁਹਾਡੀ ਚਿੱਟੀ ਪੱਗ ਦਾ ਪੂਰਾ ਖ਼ਿਆਲ ਆ।ਆਪਣੀ ਧੀ ਤੇ ਭਰੋਸਾ ਰੱਖੋ।ਤੁਹਾਡੀ ਧੀ ਇਸ ਨੂੰ ਕਿਸੇ ਵੀ ਹਾਲਤ ‘ਚ ਦਾਗ ਨਹੀਂ ਲੱਗਣ ਦੇਵੇਗੀ।” ਪਰਮਜੀਤ ਨੇ ਆਖਿਆ।
ਇਹ ਸੁਣ ਕੇ ਪਰਮਜੀਤ ਦੇ ਫੁਫੜ ਨੇ ਆਖਿਆ, “ਠੀਕ ਆ ਧੀਏ, ਸਾਨੂੰ ਤੇਰੇ ਤੋਂ ਇਹੀ ਆਸ ਸੀ।ਤੂੰ ਜਿੰਨਾ ਮਰਜ਼ੀ ਪੜ੍ਹ ਲੈ,ਅਸੀਂ ਤੇਰੇ ਨਾਲ ਆਂ।”

 

mohinder singh mannਮਹਿੰਦਰ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ.ਭ.ਸ.ਨਗਰ)9915803554

Share Button

Leave a Reply

Your email address will not be published. Required fields are marked *

%d bloggers like this: