ਪੰਜਾਬ ਵਿੱਚ ਕੁੜੀਆਂ ਲਈ ਨਸ਼ਾ ਛਡਾਊ ਕੇਂਦਰ ਖੋਲ੍ਹਣਾ ਪੰਜਾਬ ਸਰਕਾਰ ਦੇ ਮੱਥੇ ‘ਤੇ ਕਲੰਕ- ਪ੍ਰੋ. ਬਲਜਿੰਦਰ ਕੌਰ

ਪੰਜਾਬ ਵਿੱਚ ਕੁੜੀਆਂ ਲਈ ਨਸ਼ਾ ਛਡਾਊ ਕੇਂਦਰ ਖੋਲ੍ਹਣਾ ਪੰਜਾਬ ਸਰਕਾਰ ਦੇ ਮੱਥੇ ‘ਤੇ ਕਲੰਕ- ਪ੍ਰੋ. ਬਲਜਿੰਦਰ ਕੌਰ
ਨਸ਼ਾ ਸਮਗਲਰਾਂ ‘ਤੇ ਢੁਕਵੀਂ ਕਾਰਵਾਈ ਕਰਨ ਦੀ ਦਿੱਤੀ ਸਲਾਹ

27-31

ਤਲਵੰਡੀ ਸਾਬੋ, 26 ਮਈ (ਗੁਰਜੰਟ ਸਿੰਘ ਨਥੇਹਾ)- ਗੁਰੂਆਂ ਪੀਰਾਂ ਦੀ ਜਿਸ ਪਵਿੱਤਰ ਧਰਤੀ ‘ਤੇ ਮਹਾਨ ਮਾਤਾ ਗੁਜਰ ਕੌਰ ਤੇ ਮਾਈ ਭਾਗੋ ਵਰਗੀਆਂ ਮਾਤਾਵਾਂ ਨੇ ਸ਼ਹੀਦੀਆਂ ਪਾਈਆਂ, ਅੱਜ ਉਸ ਧਰਤੀ ‘ਤੇ ਕੁੜੀਆਂ ਲਈ ਨਸ਼ਾ ਛਡਾਊ ਕੇਂਦਰ ਖੋਲ੍ਹਣਾ ਬਾਦਲ ਸਰਕਾਰ ਦੇ ਮੱਥੇ ‘ਤੇ ਕਲੰਕ ਹੈ ਤੇ ਬਾਦਲ ਸਰਕਾਰ ਦੀ 9 ਸਾਲਾਂ ਦੀ ਮਾੜੀ ਸਰਕਾਰ ਦੇ ਰਾਜ ਦਾ ਨਤੀਜ਼ਾ ਹੈ। ਇਹ ਸ਼ਬਦ ਕੇਂਦਰੀ ਲੀਡਰ ਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਕਹੇ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਕਿ ਬੀਬਾ ਜੀ ਆਮ ਆਦਮੀ ਪਾਰਟੀ ਬਾਰੇ ਜਿਹੜੇ ਪਿਛਲੇ ਦਿਨੀਂ ਬਿਆਨ ਦਿੱਤੇ ਸਨ ਕਿ ਆਮ ਆਦਮੀ ਪਾਰਟੀ ਨਸ਼ੇ ਬਾਰੇ ਪੰਜਾਬ ਵਿੱਚ ਗ਼ਲਤ ਪ੍ਰਚਾਰ ਕਰਦੀ ਹੈ, ਹੁਣ ਸਰਕਾਰ ਦੁਆਰਾ ਲੜਕੀਆਂ ਲਈ ਨਸ਼ੇ ਛਡਾਊ ਕੇਂਦਰ ਖੋਲ੍ਹਣਾ ਆਮ ਆਦਮੀ ਪਾਰਟੀ ਦੇ ਉਸ ਬਿਆਨ ਦੀ ਪ੍ਰੋੜਤਾ ਕਰਦਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਸਰਪ੍ਰਸਤੀ ਹਾਸਲ ਕਰਕੇ ਨਸ਼ੇ ਦੇ ਸੌਦਾਗਰ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਵਿੱਚ ਧੱਕ ਰਹੇ ਹਨ।
ਉਨ੍ਹਾਂ ਕਿਹਾ ਕਿ ਬੀਬਾ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਨਸ਼ੇ ਵਿੱਚ ਗਲਤਾਨ ਨੌਜਵਾਨਾਂ ਨੂੰ ਬਚਾਉਣ ਲਈ ਆਵਾਜ਼ ਉਠਾਉਂਦੀ ਹੈ ਪਰ ਨਸ਼ਾ ਛਡਾਊ ਕੇਂਦਰ ਲੜਕੀਆਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੋਲ੍ਹਿਆ ਗਿਆ ਹੈ, ਇਸ ਨੇ ਵੀ ਇਹ ਸਾਬਿਤ ਕਰ ਦਿੱਤਾ ਹੈ ਕਿ ਇਕੱਲੇ ਨੌਜਵਾਨ ਹੀ ਨਹੀਂ ਬਲਕਿ ਪੰਜਾਬ ਦੇ ਵਿੱਚ ਲੜਕੀਆਂ ਵੀ ਨਸ਼ੇ ਵਿੱਚ ਗਲਤਾਨ ਹੋ ਚੁੱਕੀਆਂ ਹਨ। ਪ੍ਰੋਫੈਸਰ ਸਾਹਿਬ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਤੁਸੀਂ ਤਾਂ 2008 ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਰੁੱਖ ਲਗਾਓ, ਕੁੱਖ ਬਚਾਓ ਦੀ ਗੱਲ ਕਹੀ ਸੀ, ਪਰ ਅਫ਼ਸੋਸ ਕਿ ਨੌਜਵਾਨ ਕੁੜੀਆਂ ਵੀ ਨਸ਼ਾ ਕਰਨ ਲੱਗ ਪਈਆਂ ਹਨ, ਇਸ ਲਈ ਤੁਹਾਡੇ ਸਹੁਰਾ ਸਾਹਿਬ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਸੂਬੇ ਦੇ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿਓ ਕਿ ਜੇ ਪੰਜਾਬ ਵਿੱਚ ਨਸ਼ਾ ਖ਼ਤਮ ਕਰਨਾ ਹੈ ਤਾਂ ਨਸ਼ਾ ਸਮਗਲਰਾਂ ‘ਤੇ ਢੁੱਕਵੀਂ ਕਾਰਵਾਈ ਕਰੇ।
ਇਸ ਮੌਕੇ ਮੀਡੀਆ ਇੰਚਾਰਜ ਨੀਲ ਗਰਗ ਤੋਂ ਇਲਾਵਾ ਸਾਬਕਾ ਸਰਪੰਚ ਨਛੱਤਰ ਸਿੰਘ, ਕੇਵਲ ਘੁਰਕਣੀ, ਐਡਵੋਕੇਟ ਹਰਦੀਪ ਸਿੰਘ, ਜਸਵਿੰਦਰ ਸਿੰਘ ਜਗਾ ਰਾਮ ਤੀਰਥ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: