ਬੀਬੀ ਭੱਠਲ ਵੱਲੋਂ ਲੋਕ ਸਭਾ ਸੰਗਰੂਰ ਤੋਂ ਚੋਣ ਲੜਣ ਦੇ ਦਿੱਤੇ ਸੰਕੇਤ ਤੋਂ ਬਾਅਦ ਸਿਆਸਤ ਗਰਮਾਈ

ਬੀਬੀ ਭੱਠਲ ਵੱਲੋਂ ਲੋਕ ਸਭਾ ਸੰਗਰੂਰ ਤੋਂ ਚੋਣ ਲੜਣ ਦੇ ਦਿੱਤੇ ਸੰਕੇਤ ਤੋਂ ਬਾਅਦ ਸਿਆਸਤ ਗਰਮਾਈ
ਵਿਜੈਇੰਦਰ ਸਿੰਗਲਾ, ਕੇਵਲ ਢਿੱਲੋ ਅਤੇ ਰਾਜਿੰਦਰ ਕੌਰ ਭੱਠਲ ਪ੍ਰਮੱਖ ਉਮੀਦਵਾਰਾਂ ਵੱਜੋਂ ਉਭਰੇ
ਅਕਾਲੀ ਦਲ ਵੱਲੋਂ ਢੀਂਡਸਾ ਪਰਿਵਾਰ ਦੇ ਨੌਜਵਾਨ ਚਿਹਰੇ ਤੇ ਖੇਡਿਆ ਜਾ ਸਕਦੈ ਦਾਅ

ਧੂਰੀ, 22 ਨਵੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਫ਼ਰਵਰੀ 2019 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਚੋਣਾਂ ਲੜਣ ਦੇ ਇਛੁੱਕ ਉਮੀਦਵਾਰਾਂ ਵੱਲੋ ਹੁਣੇ ਤੋਂ ਹੀ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ, ਜਿਸ ਤਹਿਤ ਨਵੇਂ ਇਛੁੱਕ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਸਿਆਸੀ ਆਕਾਵਾਂ ਨੂੰ ਭਾਵੇਂ ਅੰਦਰ ਖਾਤਿਓ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਹੋਵੇ, ਪਰ ਹੁਣ ਮੀਡੀਆ ਜ਼ਰੀਏ ਵੀ ਸੰਕੇਤ ਦੇ ਕੇ ਆਪਣੇ ਦਿਲਾਂ ਦੀਆਂ ਇੱਛਾਵਾਂ ਨੂੰ ਜੱਗ ਜ਼ਾਹਿਰ ਕਰਨ ਦਾ ਸਿਲਸਿਲਾ ਜਾਰੀ ਹੈ, ਇਸੇ ਤਰਾਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਣ ਦੇ ਦਿੱਤੇ ਗਏ ਸੰਕੇਤਾਂ ਮਗਰੋਂ ਜਿੱਥੇ ਜ਼ਿਲਾ ਸੰਗਰੂਰ ਅਤੇ ਜ਼ਿਲਾ ਬਰਨਾਲਾ ਦੀ ਸਿਆਸਤ ਮੌਸਮੀ ਠੰਡ ਦੇ ਬਾਵਜੂਦ ਭਾਵੇਂ ਗਰਮਾ ਗਈ ਹੈ, ਪਰ ਉਧਰ ਕਾਂਗਰਸ ਦੇ ਤਿੰਨ ਦਿੱਗਜਾਂ ਦਰਮਿਆਨ ਟਿਕਟ ਲਈ ਹੋਣ ਵਾਲੀ ਇਸ ਸਿਆਸੀ ਜੰਗ ਲਈ ਕਹਾਣੀ ਕਾਂਗਰਸ ਲਈ ਗਣਿਤ ਦੇ ਅਲਜ਼ਬਰੇ ਵਾਂਗ ਗੁੰਝਲਦਾਰ ਹੁੰਦੀ ਹੋਈ ਜਾਪਦੀ ਨਜਰ ਆ ਰਹੀ ਹੈ।
ਜੇਕਰ ਕਾਂਗਰਸੀ ਇਛੁੱਕ ਉਮੀਦਵਾਰਾਂ ਤੇ ਨਜ਼ਰ ਮਾਰੀਏ ਤਾਂ ਆਲ ਇੰਡੀਆਂ ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਲੋਕ ਸਭਾ ਮੈਂਬਰ ਅਤੇ ਹੁਣ ਸੰਗਰੂਰ ਤੋਂ ਵਿਧਾਇਕ ਵਿਜੈਇੰਦਰ ਸਿੰਗਲਾ ਜਿੱਥੇ ਹੁਣੇ ਤੋਂ ਆਪਣੀਆਂ ਤਿਆਰੀਆਂ ਸ਼ੁਰੂ ਕਰੀਂ ਬੈਠੇ ਹਨ, ਜਿਸਦਾ ਪ੍ਰਗਟਾਵਾ ਉਨਾਂ ਵੱਲੋਂ ਜ਼ਿਲਾ ਸੰਗਰੂਰ ਅਤੇ ਜ਼ਿਲਾ ਬਰਨਾਲਾ ਵਿੱਚ ਛਪਵਾਏ ਜਾ ਰਹੇ ਬੋਰਡਾਂ ਤੋਂ ਲਗਾਇਆ ਜਾ ਰਿਹਾ ਹੈ, ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਸਮਝੇ ਜਾਂਦੇ ਬਰਨਾਲਾ ਤੋਂ ਦਿੱਗਜ਼ ਨੇਤਾ ਕੇਵਲ ਢਿੱਲੋਂ ਦਾ ਨਾਮ ਸੁਰਖੀਆਂ ਵਿੱਚ ਆ ਰਿਹਾ ਹੈ, ਪਰ ਬੀਤੇ ਦਿਨੀਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਣ ਦੇ ਆਪਣੇ ਦਿਲ ਦੇ ਖੋਲੇ ਰਾਜ਼ ਤੋ ਬਾਅਦ ਸਥਿਤੀ ਕੁੱਝ ਬਦਲਦੀ ਨਜ਼ਰ ਆ ਰਹੀ ਹੈ, ਕਿਉਂਕਿ ਬੀਬੀ ਰਾਜਿੰਦਰ ਕੌਰ ਭੱਠਲ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਕੇਵਲ ਸਿੰਘ ਢਿੱਲੋਂ ਆਪ ਉਮੀਦਵਾਰ ਮੀਤ ਹੇਅਰ ਤੋਂ ਮਾਤ ਖਾ ਚੁੱਕੇ ਹਨ, ਜਿੰਨਾਂ ਦਾ ਸਿਆਸੀ ਬਨਵਾਸ ਖਤਮ ਕਰਨ ਲਈ ਲੋਕ ਸਭਾ ਚੋਣਾਂ ਲਈ ਇੱਕੋ-ਇੱਕ ਕਿਸ਼ਤੀ ਨਜਰ ਆ ਰਹੀ ਹੈ, ਜਿਸ ਰਾਹੀਂ ਜਿੱਥੇ ਉਹ ਪਾਰਟੀ ਵਿੱਚ ਆਪਣੀ ਪਕੜ ਮਜਬੂਤ ਕਰ ਸਕਦੇ ਹਨ, ਉਥੇ ਆਪਣੇ ਘੇਰੇ ਨੂੰ ਹੋਰ ਵਿਸ਼ਾਲ ਕਰ ਸਕਦੇ ਹਨ, ਪਰ ਵਿਜੈਇੰਦਰ ਸਿੰਗਲਾ ਵੀ ਆਪਣੇ ਆਪ ਨੂੰ ਮਜਬੂਤ ਉਮੀਦਵਾਰ ਵੱਜੋਂ ਪੇਸ਼ ਕਰ ਰਹੇ ਹਨ। ਚੇਤੇ ਰਹੇ ਕਿ ਮੌਜੂਦਾ ਆਪ ਸਾਂਸਦ ਭਗਵੰਤ ਮਾਨ ਵਿਧਾਨ ਸਭਾ ਲਹਿਰਾਗਾਗਾ ਦੀ ਹੋਈ ਚੋਣ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ ਤੋਂ ਚੋਣ ਹਾਰ ਚੁੱਕੇ ਹਨ।
ਉਧਰ ਜੇਕਰ ਲੋਕ ਸਭਾ ਹਲਕਾ ਸੰਗਰੂਰ ਦੇ ਮੋਹਰੀ ਉਮੀਦਵਾਰਾਂ ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਚਰਚਿਤ ਸਾਂਸਦ ਭਗਵੰਤ ਮਾਨ, ਅਕਾਲੀ ਦਲ ਵੱਲੋਂ ਪਾਰਟੀ ਦੇ ਸਕੱਤਰ ਜਨਰਲ ਅਤੇ ਦਿੱਗਜ਼ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਤਕਰੀਬਨ ਪਾਰਟੀਆਂ ਦਾ ਉਮੀਦਵਾਰ ਹੀ ਸਮਝਿਆ ਜਾ ਰਿਹਾ ਹੈ, ਕਿਉਂਕਿ ਇੰਨਾਂ ਪਾਰਟੀਆਂ ਕੋਲ ਇੰਨਾਂ ਉਮੀਦਵਾਰਾਂ ਤੋਂ ਇਲਾਵਾ ਹੋਰ ਹਾਲ ਦੀ ਘੜੀ ਕੋਈ ਤੋੜ ਨਜਰ ਨਹੀਂ ਆ ਰਿਹਾ। ਲੰਘੀਆਂ 2014 ਲੋਕ ਸਭਾ ਚੋਣਾਂ ਵਿੱਚ ਆਪ ਉਮੀਦਵਾਰ ਭਗਵੰਤ ਮਾਨ 533237 ਵੋਟਾਂ, ਸੁਖਦੇਵ ਸਿੰਘ ਢੀਂਡਸਾ 321516, ਵਿਜੈਇੰਦਰ ਸਿੰਗਲਾ 181410 ਵੋਟਾਂ ਪਾ੍ਰਪਤ ਕਰ ਸਕਦੇ ਹਨ, ਜਦਕਿ 2009 ਵਿੱਚ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ 358670, ਸੁਖਦੇਵ ਸਿੰਘ ਢੀਂਡਸਾ 317798 ਅਤੇ ਬਲਵੰਤ ਸਿੰਘ ਰਾਮੂਵਾਲੀਆ 115012 ਵੋਟਾਂ ਪ੍ਰਾਪਤ ਕਰ ਸਕੇ ਸਨ, ਪਰ ਇਸ ਵਾਰ ਕਾਂਗਰਸ ਸੱਤਾਂ ਵਿੱਚ ਹੋਣ ਕਾਰਨ ਲੋਕਾਂ ਦੇ ਦਿਲਾਂ ਦੀ ਰਮਜ਼ ਨੂੰ ਹਾਲ ਦੀ ਘੜੀ ਪਛਾਣਿਆ ਨਹੀਂ ਜਾ ਸਕਦਾ, ਕਿਉਂਕਿ ਹਾਲ ਹੀ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋਈ ਜਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਦੋ ਲੱਖ ਤੋਂ ਵਧੇਰੇ ਵੋਟਾਂ ਨਾਲ ਹੋਈ ਜਿੱਤ ਨੇ ਕਾਂਗਰਸੀਆਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਲਗਾਤਾਰ ਦੋ ਵਾਰ ਚੋਣ ਵਿੱਚ ਮਾਤ ਖਾਣ ਵਾਲੇ ਸz: ਸੁਖਦੇਵ ਸਿੰਘ ਢੀਂਡਸਾ ਜਿੱਥੇ ਰਾਜ ਸਭਾ ਮੈਂਬਰ ਵੱਜੋਂ ਲਗਾਤਾਰ ਲੋਕਾਂ ਵਿੱਚ ਵਿਚਰਦੇ ਆ ਰਹੇ ਹਨ, ਉਥੇ ਲੋਕ ਨੁਮਾਇੰਦੇ ਵੱਜੋਂ ਲੋਕ ਸਭਾ ਮੈਂਬਰ ਦੀ ਚੋਣ ਜਿੱਤਣ ਲਈ ਸਾਲ 2019 ਵਿੱਚ ਢੀਂਡਸਾ ਪਰਿਵਾਰ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਏ ਜਾਣ ਦੀ ਸੰਭਾਵਨਾ ਤੋਂ ਉੱਕਾ ਹੀ ਇੰਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ 2016 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪਰਮਿੰਦਰ ਸਿੰਘ ਢੀਂਡਸਾ ਆਪਣਾ ਹਲਕਾ ਬਦਲ ਕੇ ਆਪਣੀ ਸਿਆਸੀ ਪਹੁੰਚ ਅਤੇ ਪਕੜ ਦਾ ਅਹਿਸਾਸ ਕਰਵਾ ਚੁੱਕੇ ਹਨ। ਇਹ ਵੀ ਚੇਤੇ ਰਹੇ ਕਿ ਸz: ਸੁਖਦੇਵ ਸਿੰਘ ਢੀਂਡਸਾ ਆਪਣੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਚੋਣ ਨਾ ਲੜਣ ਬਾਰੇ ਬਿਆਨ ਦੇ ਚੁੱਕੇ ਹਨ ਅਤੇ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਚੋਣ ਲੜਣ ਬਾਰੇ ਪੁੱਛੇ ਜਾਣ ‘ਤੇ ੨ਅਜੇ ਕਾਫੀ ਸਮਾਂ ਪਿਆ ਹੈ” ਕਹਿ ਕੇ ਗੱਲ ਗੋਲਮੋਲ ਕਰ ਚੁੱਕੇ ਹਨ।
ਅਕਾਲੀ ਦਲ ਦੇ ਦਿੱਗਜ਼ ਨੇਤਾ ਸੁਖਦੇਵ ਸਿੰਘ ਢੀਂਡਸਾ ਜਿੱਥੇ ਪੰਜਾਬ ਅਤੇ ਪਾਰਟੀ ਵਿੱਚ ਆਪਣਾ ਅਹਿਮ ਸਥਾਨ ਰੱਖਦੇ ਹਨ, ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ ਢੀਂਡਸਾ ਪਰਿਵਾਰ ਦੀ ਸੁੱਘੜ ਤੇ ਸਾਊ ਸੁਭਾਅ ਅਤੇ ਦਰਵੇਸ਼ ਸਿਆਸਤਾਨ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀਂ ਸ੍ਰੀਮਤੀ ਗਗਨਦੀਪ ਕੌਰ ਢੀਂਡਸਾ ਨੂੰ ਵੀ ਆਪਣਾ ਪਾਰਟੀ ਉਮੀਦਵਾਰ ਬਣਾਉਣ ਦੀਆਂ ਸਿਆਸੀ ਪੰਡਤਾਂ ਵੱਲੋਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਪਾਰਟੀ ਨੌਜਵਾਨ ਚਿਹਰੇ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਆਪਣਾ ਅਹਿਮ ਪੱਤਾ ਖੇਡ ਸਕਦੀ ਹੈ,ਪਰ ਇਸ ਬਾਰੇ ਹਾਲ ਦੀ ਘੜੀ ਢੀਂਡਸਾ ਪਰਿਵਾਰ ਨੇ ਆਪਣੇ ਸਿਆਸੀ ਪੱਤੇ ਨਹੀਂ ਖੋਲੇ।
ਜ਼ਿਲਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਸੰਗਰੂਰ, ਮਾਲੇਰਕੋਟਲਾ, ਦਿੜਬਾ, ਸੁਨਾਮ, ਧੂਰੀ, ਲਹਿਰਾਗਾਗਾ ਅਤੇ ਜ਼ਿਲਾ ਬਰਨਾਲਾ ਦੇ ਬਰਨਾਲਾ, ਮਹਿਲ ਕਲਾਂ, ਭਦੌੜ ਤੇ ਅਧਾਰਿਤ ਇਸ ਲੋਕ ਸਭਾ ਹਲਕਿਆਂ ਵਿੱਚ ਸੰਗਰੂਰ ਤੋਂ ਕਾਂਗਰਸੀ ਵਿਧਾਇਕ ਵਿਜੇਇੰਦਰ ਸਿੰਗਲਾ, ਮਾਲੇਰਕੋਟਲਾ ਤੋਂ ਕਾਂਗਰਸੀ ਮੰਤਰੀ ਬੀਬੀ ਰਜੀਆ ਸੁਲਤਾਨਾ, ਦਿੜਬਾ ਤੋਂ ਆਪ ਵਿਧਾਇਕ ਹਰਪਾਲ ਚੀਮਾਂ, ਸੁਨਾਮ ਤੋਂ ਆਪ ਵਿਧਾਇਕ ਅਮਨ ਅਰੋੜਾ, ਧੂਰੀ ਤੋਂ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ, ਲਹਿਰਾਗਾਗਾ ਤੋਂ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਬਰਨਾਲਾ ਤੋਂ ਆਪ ਉਮੀਦਵਾਰ ਮੀਤ ਹੇਅਰ, ਮਹਿਲ ਕਲਾਂ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਭਦੌੜ ਤੋਂ ਆਪ ਵਿਧਾਇਕ ਪਿਰਮਲ ਸਿੰਘ ਖਾਲਸਾ ਲਈ ਇਹ ਵੀ ਇਹ ਚੋਣਾਂ ਉਨਾਂ ਦੀ ਕਾਰਜਗੁਜਾਰੀ ਅਤੇ ਕਾਬਲੀਅਤ ਅਤੇ ਮੁੜ ਟਿਕਟ ਦੇ ਉਮੀਦਵਾਰ ਬਣਨ ਲਈ ਅਹਿਮ ਸਿਆਸੀ ਪ੍ਰੀਖਿਆ ਹੋਵੇਗੀ, ਉਧਰ ਵਿਧਾਨ ਸਭਾ ਹਲਕਾ ਦਿੜਬਾ ਨਾਲ ਸਬੰਧਤ ਅਤੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਅਮਰਗੜ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਅਹਿਮ ਦੀ ਵੀ ਇੰਨਾਂ ਦੋਵਾਂ ਹਲਕਿਆਂ ਵਿੱਚ ਅਹਿਮ ਪਕੜ ਹੈ।
ਪਰ ਹੋਵੇ ਕੁਝ ਵੀ ! ਪਰ ਬੀਬੀ ਭੱਠਲ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਣ ਦੀ ਪ੍ਰਗਟਾਈ ਇੱਛਾ ਅਤੇ ਪਹਿਲਾਂ ਦੋ ਵਾਰ ਸੰਗਰੂਰ ਤੋਂ ਪਾਰਟੀ ਵੱਲੋਂ ਚੋਣ ਲੜਣ ਦੀ ਹੋਈ ਆਫ਼ਰ ਦੇ ਦਿੱਤੇ ਬਿਆਨ ਨੇ ਜਿੱਥੇ ਪਾਰਟੀ ਦੇ ਇਛੁੱਕ ਉਮੀਦਵਾਰਾਂ ਦੀ ਰਣਨੀਤੀ ਤੇਜ ਕਰ ਦਿੱਤੀ ਹੈ, ਉਧਰ ਪਾਰਟੀ ਨੂੰ ਆਪਣੇ ਤਿੰਨ ਦਿੱਗਜ਼ ਨੇਤਾਵਾਂ ਦੀ ਅਗਨੀ ਪ੍ਰੀਖਿਆ ਕਰਨ ਦੀ ਸੰਭਾਵਨਾ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪੰਜਾਬ ਵਿੱਚ ਲਗਾਤਾਰ 10 ਸਾਲ ਸਿਆਸੀ ਬਨਵਾਸ ਕੱਟਣ ਵਾਲੀ ਕਾਂਗਰਸ ਪਾਰਟੀ ਹੁਣ ਹਰ ਕਦਮ ਤੇ ਫੂਕ-ਫੂਕ ਤੇ ਪੈਰ ਰੱਖਦੀ ਨਜ਼ਰ ਆ ਰਹੀ ਹੈ, ਪਰ ਇਹ ਤਾਂ ਹਾਲੇ ਸਮਾਂ ਹੀ ਦੱਸੇਗਾ ਕਿ 2019 ਵਿੱਚ ਸੰਗਰੂਰ ਦੇ ਲੋਕ ਸਭਾ ਮੈਂਬਰ ਵੱਜੋਂ ਪਾਰਲੀਮੈਂਟ ਜਾਣ ਦਾ ਬੂਹਾ ਕਿਸ ਲਈ ਖੁੱਲਦਾ ਹੈ।

Share Button

Leave a Reply

Your email address will not be published. Required fields are marked *

%d bloggers like this: