ਦਾਤਾ ਹਿੰਦ ਦਾ

ਦਾਤਾ ਹਿੰਦ ਦਾ

ਔਰੰਗੇ     ਦੇਆਂ    ਜਬਰਾਂ   ਦੇ  ਹੇਠ ਮਿੱਧੇ ਫੁੱਲ,
ਬਾਗਾਂ   ਦੇ ਓਹ  ਮਾਲੀ ਤੋਂ  ਖੂਸ਼ਬੋ ਲੈਣ ਆਏ ਨੇ।
ਮੱਥੇਆਂ  ਦੇ   ਟਿੱਕੇ      ਜੰਝੂ ਨੂੰ   ਲੁਕਾਉਂਦੇ  ਹੋਏ,
ਵਖਤ    ਦੇ    ਝੰਬੇ   ਅੱਜ   ਢੋਅ  ਲੈਣ ਆਏ ਨੇ।
ਲੱਗਦੇ ਨੇ  ਚਿੱਟੇ  ਦਿਨ  ਮੱਸਿਆ  ਦੀ ਰਾਤ ਹੁਣ,
ਬੁਝੇ  ਹੋਏ ਦੀਵੇ    ਕੋਈ    ਲੋਅ    ਲੈਣ ਆਏ ਨੇ।
ਕਸ਼ਮੀਰ   ਤੋਂ   ਆਏ   ਪੰਡਤ    ਬਣ ਫਰਿਆਦੀ,
ਨੋਵੇਂ ਪਾਤਸ਼ਾਹ ਦੇ ਚਰਨਾਂ ਦੀ ਛੋਹ ਲੈਣ ਆਏ ਨੇ।

ਝੁਕੇ   ਹੋਏ    ਸਿਰਾਂ   ਉੱਤੇ ਫਿਕਰਾਂ ਦੀ ਪੰਡ ਧਰੀ,
ਬੇਵਸੀ    ਚਹਿਰੇਆਂ   ਤੋਂ  ਮਾਰਦੀ   ਸੀ   ਝਲਕੇ।
ਨੇਤਰਾਂ   ‘ਚ   ਆਸ   ਇੱਕੋ  ਸਭ ਦੇ ਪਰੋਈ ਹੋਈ,
ਹੰਝੂ     ਬਣ   ਪਾਤਸ਼ਾਹ   ਦੇ ਪੈਰਾਂ   ਉੱਤੇ ਛਲਕੇ।
ਕਿਰਪਾ  ਦੱਤ   ਹੱਥ   ਜੋੜੀ   ਜੋਦੜੀ  ਗੁਜਾਰਦਾ,
ਮਰਾਠੇ    ਰਾਜਪੂਤ   ਭੱਜ    ਗਏ   ਨੇ    ਟਲ ਕੇ।
ਤੈਥੋਂ   ਵੱਡਾ   ਦਾਤਾ   ਹੈ  ਨੀ ਹਿੰਦ ਵਿੱਚ ਦਾਤੇਆ,
ਹਿੰਦ   ਦੇਆਂ   ਹਿੰਦੂਆਂ   ਨੂੰ  ਕੱਜ ਦਿੱਲੀ ਚੱਲਕੇ।

ਵਿਥਿਆ   ਇਹ  ਸੁਣ  ਬਾਲ ਗੋਬਿੰਦ ਵੀ ਕਹਿੰਦੇ,
ਗੁਰੂ   ਦਰੋਂ  ਗਿਆ ਨੀ ਨਾ ਖਾਲੀ ਕੋਈ ਜਾਵੇਗਾ।
ਦੇਣਾ   ਬਲੀਦਾਨ   ਕਿਸੇ  ਵਿਅਕਤੀ  ਮਹਾਨ ਨੇ,
ਤੁਹਾਡੇ    ਤੋਂ   ਮਹਾਨ   ਕੌਣ     ਕੋਈ  ਕਹਾਵੇਗਾ।
ਗੱਦੀ   ਉੱਤੇ   ਬੈਠੇ   ਗੁਰੂ  ਗੱਦ – ਗੱਦ ਹੋਏ ਸੁਣ,
ਆਖਦੇ    ਨੇ   ਲਹੂ   ਮਰੇ  ਪੰਥ   ਨੂੰ ਜੀਵਾਏਗਾ।
ਪੰਡਤਾਂ   ਨੂੰ    ਕਹਿੰਦੇ  ਕਹਿ ਦੋ ਜਾ ਕੇ ਹਾਕਮਾ ਨੂੰ,
ਹਿੰਦੂਆਂ  ਨੂੰ  ਸਿੱਖਾਂ   ਦਾ   ਗੁਰੂ  ਹੀ  ਬਚਾਵੇਗਾ।

ਗੁਰੂ   ਦੇਆਂ  ਬਚਨਾਂ ਨੇ  ਮਰਿਆਂ ‘ਚ ਜਾਨ ਪਾਤੀ,
ਪਾਤੀ  ਕਾਲਜੇ   ‘ਚ ਚੀਸ    ਦਿੱਲੀ   ਸਰਕਾਰ ਦੇ।
ਦੀਨ   ਮੈਂ   ਕਬੂਲ   ਹਰ   ਹਾਲ   ‘ਚ   ਕਰਾਉਣਾ,
ਨਹੀਂ    ਸਿਰ    ਹੇਠਾਂ   ਧਰੇ ਆ  ਕੇ  ਤਲਵਾਰ ਦੇ।
ਡਰ  ਜਾਂਦੇ,  ਕੰਬ  ਜਾਂਦੇ,   ਭੱਜ ਜਾਂਦੇ,   ਬੀਰ ਯੋਧੇ,
ਪੈਣ   ਚਮਕਾਰੇ     ਜਦੋਂ   ਤਿੱਖੀ    ਤੇਜ   ਧਾਰ ਦੇ।
ਇੰਨਾ ਵੀ ਦਲੇਰ ਤੇ ਤਿਆਗੀ ਕਿਹੜਾ ਆ ਗਿਆ,
ਗੈਰ  ਕੌਮੀ   ਬੰਦਿਆਂ  ਲਈ  ਜਾਨ ਕੌਣ  ਵਾਰ ਦੇ।

ਸਿੱਖਾਂ   ਕੋਲੋਂ  ਵਿਦਾ  ਲਈ ਪੰਜ  ਸਿੱਖ ਨਾਲ ਲਏ,
ਅਨੰਦਪੁਰ  ਦੇ ਅਨੰਦ ਵੀ ਨਾਲ  ਲੈ ਕੇ  ਚੱਲਿਆ।
ਮਾਂ   ਨਾਨਕੀ  ਦਾ  ਪੁੱਤ   ਮਾਤਾ ਗੁਜਰੀ  ਦਾ ਰੱਬ,
ਪਿਤਾ   ਬਾਜ  ਗੋਬਿੰਦ ਵੀ ਰਹਿਗੇ ਅੱਜ ਕੱਲੇ ਆ।
ਅਨੰਦਪੁਰੋਂ    ਪਾਤਸ਼ਾਹ    ਆਗਰੇ   ਜਾ ਪਹੁੰਚੇ ਨੇ,
ਓਥੋਂ    ਕਰ   ਕੈਦ   ਦਿੱਲੀ   ਕੋਤਵਾਲੀ ਘੱਲਿਆ।
ਤੇਜ   ਲੱਖਾਂ   ਸੂਰਜਾਂ   ਦਾ  ਮੁੱਖ  ਉੱਤੇ  ਰਹਿੰਦਾ ਏ,
ਹਨੇਰੀ   ਜਿਹੀ ਕੋਠੜੀ  ਦਾ ਕੋਨਾ ਜਿਨ੍ਹੇ ਮੱਲਿਆ।

ਭੱਖਦੀਆਂ    ਅੱਖਾਂ   ਲਾਲ   ਹੈਂਕੜ  ਤੇ ਕ੍ਰੋਧ ਭਰੀ,
ਕਾਜ਼ੀ    ਵੋਹਰਾ   ਕੋਤਵਾਲੀ  ਵਿੱਚ  ਆਇਆ ਏ।
ਆਉਂਦਿਆਂ   ਹੀ   ਬੁੜਕਿਆ   ਗੁਰੂ  ਜੀ ਨੂੰ ਵੇਖ,
ਤੰਗ    ਜਿਹੇ  ਪਿੰਜਰੇ ‘ਚ ਗੁਰੂ ਨੂੰ ਬਿਠਾਇਆ ਏ।
ਪੜ   ਕਲਮਾਂ   ਜਾਂ   ਕਰਾਮਾਤ   ਕਰ ਕੇ ਵਿਖਾ ਦੇ,
ਜਾਂ   ਸਿਰ ਜੁਦਾ  ਕਰਨੇ ਦਾ ਹੁਕਮ ਸੁਣਾਇਆ ਏ।
ਗੁਰੂ   ਕਹਿੰਦੇ  ਝੱਖੜਾਂ  ਤੋਂ ਦੀਵਾ ਨੀ ਇਹ ਬੁੱਝਣਾ,
ਨਾਨਕ   ਨੇ  ਹੱਥੀਂ   ਇਹ  ਆਪ ਰੁਸ਼ਨਾਇਆ ਏ।

ਪਾਤਸ਼ਾਹ   ਦੇ   ਮਨੀਂ   ਖੌਫ   ਗਹਿਰਾ ਘੱਤਣੇ ਨੂੰ,
ਲਕੜਾਂ    ਦੇ   ਤਖਤੇ ‘ਚ  ‘ਮਤੀ ਦਾਸ’   ਨੂੜਿਆ।
ਇੱਕ ਪਾਸੇ ਸਿੱਖ ਖੜਾ  ਸੱਚੀ – ਸੁੱਚੀ ਸਿੱਖੀ ਖੜੀ,
ਮੁਲਾਣਿਆਂ ਦੇ ਮਨਾਂ ਵਿੱਚ ਨਿਰਾ ਹੀ ਕੂੜ ਏ ਆ।
ਅਰਦਾਸ ਕਰੀ ਮਾਲਕਾ  ਸਿੱਖੀ ਮੇਰੀ ਨਿਭ ਜਾਵੇ,
ਮਤੀ  ਦਾਸ ਮੰਗੀ  ਬਸ   ਚਰਨਾਂ ਦੀ ਧੂੜ ਏ ਆ।
ਆਰੇ   ਨਾਲ   ਚੀਰ  ਪਿੰਡਾ   ਦੋ ਫਾੜ ਕਰ ਦਿੱਤਾ,
ਲਹੂ  ਜਾਂਦਾ   ਪਾਤਸ਼ਾਹ   ਦੇ ਚਰਨਾਂ ‘ਚ ਰੁੜਿਆ।

ਤਮਾਸ਼ਬੀਨ    ਬਣੇ    ਖੜੇ    ਹਿੰਦੂ   ਮੁੱਲੇ   ਸਾਰੇ,
ਜਾਲਮ   ਵੀ   ਖੜਾ   ਦਿਲ   ਦਹਿਲਾਉਣ ਲਈ।
ਕਹਿਰਾਂ  ਦੀ  ਅੱਤ  ਹੋਈ ‘ਭਾਈ ਸਤੀ ਦਾਸ’ ਉੱਤੇ,
ਰੂੰ ‘ਚ  ਲਪੇਟ ਦਿੱਤਾ  ਜਿਓਂਦੇਆਂ ਜਲਾਉਣ ਲਈ।
ਸ਼ੁਕਰ   ਸ਼ੁਕਰ  ਸ਼ੁਕਰ   ਕਰ   ਰਿਹਾ   ਦਾਤੇ  ਦਾ,
ਸਿੱਖੀ  ਸਿਦਕ  ਸਵਾਸਾਂ ਸਣੇ   ਨਿਭਾਉਣ  ਲਈ।
ਅੱਗ ਦੀਆਂ  ਲਪਟਾਂ ‘ਚ ਸਿੱਖੀ ਠੰਢੀ ਠਾਰ ਖੜੀ,
ਅੱਗਾਂ ਵਿੱਚ ਸੇਕ ਕਿੱਥੇ ਸਿੱਖੀ ਨੂੰ ਤਪਾਉਣ ਲਈ।

ਸ਼ਹਾਦਤਾਂ   ਨੇ   ਹਿਰਦੇ   ਵਲੂੰਧਰੇ   ਨੇ  ਸਭ  ਦੇ,
ਦਿਸਦੀ   ਨਾ   ਕਿਰਨ  ਕੋਈ  ਤਿਰਸਕਾਰ  ਦੀ।
ਗੁਰੂ   ਵੱਲ  ਮੁੱਖ ਕਰ  ਬੈਠੇ ਸ਼ਾਂਤ  ਦਿਆਲਾ ਜੀ,
ਮੱਚ ਦੀਆਂ  ਲਾਟਾਂ  ਉੱਤੇ  ਉਬਾਲੇ ਦੇਗ ਮਾਰਦੀ।
ਦੇਗ  ਵਿੱਚ  ਬੈਠਦਿਆਂ ਕਹਿੰਦੇ ਭਾਈ ਦਿਆਲਾ,
ਘੜੀ   ਕੋਈ   ਖੁੰਝੇ   ਨਾ   ਗੁਰਾਂ ਦੇ ਦੀਦਾਰ ਦੀ।
ਸ੍ਵਾਸ ਸ੍ਵਾਸ ਜਪਦਿਆਂ  ਸਵਾਸਾਂ  ਦੀ  ਗੰਢ ਖੁੱਲੀ,
ਹਾਰ  ਗਿਆ ਜਾਲਮ  ਪਰ ਸਿੱਖੀ ਨਹੀ ਹਾਰਦੀ।

ਪੁੱਤਾਂ  ਜਿਹੇ  ਸਿੱਖ  ਸੀ   ਸ਼ਹੀਦ  ਤਿੰਨੇ  ਹੋ  ਗਏ,
ਗੁਰਾਂ  ਦੀ  ਸ਼ਹੀਦੀ ਵਾਲਾ ਵਕਤ ਆਣ ਰੋਇਆ।
ਸੀਸ   ਜਿਹਨੇ  ਕੱਟਿਆ  ਤੇਗ  ਭੁਬਾਂ  ਮਾਰ ਰੋਈ,
ਲਹੂ ਭਿੱਜੀ ਰੋਈ ਭੂਮੀ ਸਿਰ ਆਸਮਾਨ ਰੋਇਆ।
ਅੱਖਾਂ  ਵਿੱਚੋਂ  ਕੇਰ  ਲਹੂ ਸਿੱਖ  ਸਾਰੇ  ਰੋਈ  ਜਾਂਦੇ,
ਰੋਇਆ  ਹਰ  ਹਿੰਦੂ  ਹਰ  ਮੁਸਲਮਾਨ ਰੋਇਆ।
ਜੁਲਮਾਂ  ਦੀ  ਹੱਦ ਕਰੀ  ਦਿੱਲੀ ਦੇਆਂ ਜਾਲਮਾਂ ਨੇ,
ਸ਼ਮਾਂ  ਨੂੰ  ਬੁੱਝਾ ਕੇ ਅੱਜ ਹਰ ਸ਼ਮਾਦਾਨ ਰੋਇਆ।

ਔਰੰਗੇ  ਤੇਰੀ ਕਬਰਾਂ ਤੇ ਦੀਵਾ ਨੀ ਕੋਈ ਬਾਲਦਾ,
ਨੌਵੇਂ    ਗੁਰੂ    ਦੇ   ਸਥਾਨ   ਅੱਜ  ਵੇਖ ਰੁਸ਼ਨਾਏ।
ਤੇਰੀ  ਰੂਹ  ਵੀ   ਹੋਣੀ ਦੁੱਖਾਂ  ਵਿੱਚ  ਕਿਤੇ ਜਕੜੀ,
ਏਸ   ਦਰ   ਉੱਤੇ   ਆਣ   ਜਗ  ਭੁੱਲਾਂ  ਬਖਸ਼ਾਏ।
ਤੇਰੇ   ਤਖਤ ਨਾ   ਤਾਜ   ਦੀ   ਸ਼ਾਨ ਰਹੀ   ਕੋਈ,
ਓਦੇ   ਤਖਤਾਂ   ਤੇ   ਆਣ  ਜਗ  ਸਿਰ ਨੂੰ ਝੁਕਾਏ।
ਅੱਜ  ਹੁੰਦੇ   ਹਿੰਦੂ  ਮੁੱਲੇ    ਮੰਦਰ  ਬਣਦੇ  ਮਸੀਤ,
‘ਦੀਪ ਸਿੰਘਾ’    ਓਨੇ  ਜੰਝੂ ਸਦਾ  ਵਾਸਤੇ ਬਚਾਏ।

ਦੀਪ ਸਿੰਘ ਲੁਧਿਆਣਵੀ
ਮੋਬਾ. 9888023488

Share Button

1 thought on “ਦਾਤਾ ਹਿੰਦ ਦਾ

Leave a Reply

Your email address will not be published. Required fields are marked *

%d bloggers like this: