ਕੈਨੇਡਾ ‘ਚ ਹਵਾਈ ਸਫ਼ਰ ‘ਤੇ ਛੋਟੀ ਕਿਰਪਾਨ ਪਾ ਸਕਣਾ ਅਤੇ ਅਮਰੀਕੀ ਸ਼ਹਿਰ ਦਾ ਸਿੱਖ ਮੇਅਰ ਬਣਨਾ ਸਿੱਖਾਂ ਲਈ ਮਾਣ ਵਾਲੀ ਗਲ : ਦਮਦਮੀ ਟਕਸਾਲ

ਕੈਨੇਡਾ ‘ਚ ਹਵਾਈ ਸਫ਼ਰ ‘ਤੇ ਛੋਟੀ ਕਿਰਪਾਨ ਪਾ ਸਕਣਾ ਅਤੇ ਅਮਰੀਕੀ ਸ਼ਹਿਰ ਦਾ ਸਿੱਖ ਮੇਅਰ ਬਣਨਾ ਸਿੱਖਾਂ ਲਈ ਮਾਣ ਵਾਲੀ ਗਲ : ਦਮਦਮੀ ਟਕਸਾਲ
ਵਿਦੇਸ਼ਾਂ ‘ਚ ਸਿੱਖ ਭਾਈਚਾਰੇ ਦੀ ਇਮਾਨਦਾਰੀ, ਲਗਨ ਅਤੇ ਮਿਹਨਤ ਨੂੰ ਮਿਲ ਰਿਹਾ ਵੱਡਾ ਮਹੱਤਵ

ਅੰਮ੍ਰਿਤਸਰ 10 ਨਵੰਬਰ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੈਨੇਡਾ ਸਰਕਾਰ ਵੱਲੋਂ ਘਰੇਲੂ ਹਵਾਈ ਉਡਾਣਾਂ ਵਿੱਚ ਸਫ਼ਰ ਦੌਰਾਨ ਛੋਟੀ ਕਿਰਪਾਨ ਪਾਉਣ ਦੀ ਇਜਾਜ਼ਤ ਦੇਣ ਅਤੇ ਅਮਰੀਕੀ ਸ਼ਹਿਰ ‘ਚ ਪਹਿਲੀ ਵਾਰ ਸਿੱਖ ਮੇਅਰ ਬਣਾਏ ਜਾਣ ‘ਤੇ ਤਸੱਲੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਹਨਾਂ ਕੈਨੇਡਾ ਸਰਕਾਰ ਵੱਲੋਂ ਘਰੇਲੂ ਹਵਾਈ ਉਡਾਣਾਂ ਵਿੱਚ ਸਫ਼ਰ ਦੌਰਾਨ ਛੋਟੀ ਕਿਰਪਾਨ ਪਾਉਣ ਦੀ ਇਜਾਜ਼ਤ ਦੇਣ ਪ੍ਰਤੀ ਸਿੱਖ ਭਾਈਚਾਰੇ ਦੀ ਧਾਰਮਿਕ ਮੰਗ ਪੂਰੀ ਕਰਨ ਦਾ ਭਰਪੂਰ ਸਵਾਗਤ ਕਰਦਿਆਂ ਉਕਤ ਮਸਲੇ ਵਿੱਚ ਯੋਗਦਾਨ ਪਾਉਣ ਵਾਲੇ ਕੈਨੇਡਾ ਵਾਸੀਆਂ ਦਾ ਵੀ ਧੰਨਵਾਦ ਕੀਤਾ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸਿੱਖ ਵੀਰ ਸ: ਰਵਿੰਦਰ ਸਿੰਘ ਭਲਾ ਦਾ ਅਮਰੀਕਾ ਦੇ ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦਾ ਮੇਅਰ ਚੋਣੇ ਜਾਣ ਸਿੱਖ ਭਾਈਚਾਰੇ ਲਈ ਮਾਣ ਵਾਲੀ ਗਲ ਹੈ। ਉਹਨਾਂ ਅਮਰੀਕੀ ਸ਼ਹਿਰ ਹੋਬੋਕੇਨ ਦੇ ਵਾਸੀ ਇੱਕ ਸਿੱਖ ‘ਤੇ ਵਿਸ਼ਵਾਸ ਜਿਤਾਉਣ ਅਤੇ ਉਹਨਾਂ ਨੂੰ ਜਿਤ ਦਿਵਾਉਣ ਲਈ ਵਿਸ਼ੇਸ਼ ਪ੍ਰਸੰਸਾ ਦੇ ਹੱਕਦਾਰ ਹਨ।ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਵਿਦੇਸ਼ਾਂ ਦੀਆਂ ਸਰਕਾਰਾਂ ਅਤੇ ਉੱਥੋਂ ਦੇ ਲੋਕ ਸਿੱਖ ਭਾਈਚਾਰੇ ਦੀ ਇਮਾਨਦਾਰੀ, ਲਗਨ ਅਤੇ ਮਿਹਨਤ ਨੂੰ ਵੱਡਾ ਮਹੱਤਵ ਦੇ ਰਹੇ ਹਨ। ਪਰ ਅਫ਼ਸੋਸ ਦੀ ਗਲ ਹੈ ਕਿ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵਧ ਯੋਗਦਾਨ ਪਾਉਣ ‘ਤੇ ਵੀ ਇੱਥੋਂ ਦੀਆਂ ਸਰਕਾਰਾਂ ਸਿੱਖਾਂ ਨੂੰ ਜਬਰ ਜ਼ੁਲਮ ਦਾ ਨਿਸ਼ਾਨਾ ਬਣਾਉਣ ‘ਤੇ ਤੁਲੀਆਂ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਿੱਖ ਜਿਸ ਵੀ ਦੇਸ਼ ਵਿੱਚ ਗਏ ਉੱਥੇ ਆਪਣੀ ਕਾਬਲੀਅਤ ਨਾਲ ਉੱਚ ਅਹੁਦਿਆਂ ਤਕ ਪਹੁੰਚੇ ਹਨ। ਸੇਵਾ, ਪ੍ਰਸ਼ਾਸਨਿਕ ਅਤੇ ਵਪਾਰਕ ਖੇਤਰਾਂ ‘ਚ ਉਹਨਾਂ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹਨਾਂ ਸ: ਭਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦੀ ਕਾਮਯਾਬੀ ਦੀ ਬਦੌਲਤ ਅੱਜ ਦੁਨੀਆ ਭਰ ‘ਚ ਸਿੱਖ ਇੱਕ ਤਾਕਤ ਵਜੋਂ ਉੱਭਰੇ ਹਨ। ਕੈਨੇਡਾ ਦੇ ਲੋਕਾਂ ਵੱਲੋਂ ਇੱਕ ਸਿੱਖ ‘ਤੇ ਵੱਡਾ ਤੇ ਭਾਰੀ ਵਿਸ਼ਵਾਸ ਪ੍ਰਗਟ ਕਰਨਾ ਸਿੱਖ ਭਾਈਚਾਰੇ ਲਈ ਮਾਣ ਵਾਲੀ ਗਲ ਹੈ।ਉਹਨਾਂ ਆਸ ਪ੍ਰਗਟ ਕੀਤੀ ਕਿ ਸ: ਭਲਾ ਦੇਸ਼, ਸ਼ਹਿਰ ਅਤੇ ਸਮਾਜ ਨੂੰ ਹੋਰ ਬੁਲੰਦੀਆਂ ਤਕ ਲੈ ਕੇ ਜਾਣਗੇ।

Share Button

Leave a Reply

Your email address will not be published. Required fields are marked *

%d bloggers like this: