ਬੇਹਤਰੀਨ ਸਕਰਿਪਟ ਵਾਲੀ ਪੇਸ਼ਕਾਰੀ : ਫ਼ਿਲਮ ਬਾਇਲਾਰਸ

ਬੇਹਤਰੀਨ ਸਕਰਿਪਟ ਵਾਲੀ ਪੇਸ਼ਕਾਰੀ : ਫ਼ਿਲਮ ਬਾਇਲਾਰਸ

ਮਿਤੀ 06 ਅਕਤੂਬਰ 2017 ਨੂੰ ਰਿਲੀਜ਼ ਹੋਈ ਨਿਰਦੇਸ਼ਕ ਕਿਸ਼ਿਤਿਜ ਚੌਧਰੀ ਦੀ ਫ਼ਿਲਮ ਬਾਈਲਾਰਸ ਪੇਂਡੂ ਲੋਕ ਮਨ-ਪਰਚਾਵੇ ਦੀ ਖੇਡ ਟੋਚਨ ਖਿੱਚਣਾ ਦੀ ਥੀਮ ਉੱਤੇ ਅਧਾਰਿਤ ਪਰਿਵਾਰਕ ਡਰਾਮਾ ਹੈ। ਬਾਈਲਾਰਸ ਲਗਭਗ 1950-60 ਦੇ ਜ਼ਮਾਨੇ ਦਾ ਟ੍ਰੈਕਟਰ ਹੈ ਜਿਸ ਨਾਲ ਫ਼ਿਲਮ ਦੇ ਲੀਡ ਅਦਾਕਾਰ ਬੀਨੂੰ ਢਿੱਲੋਂ (ਜੱਗਾ) ਦਾ ਆਪਣੇ ਪਿਓ ਵਰਗਾ ਪਿਆਰ ਅਤੇ ਆਸਰਾ ਹੈ। ਮਾਂ-ਬਾਪ ਦੇ ਜਾਣ ਮਗਰੋਂ ਜੱਗੇ ਨੇ ਏਸ ਟ੍ਰੈਕਟਰ ਨੂੰ ਆਪਣੇ ਪਿਓ ਦੀ ਆਖ਼ਰੀ ਨਿਸ਼ਾਨੀ ਵਾਂਗੂੰ ਸੰਭਾਲਿਆ ਹੈ।ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਬਹੁਤ ਹੀ ਢੁਕਵੇਂ ਸ਼ਬਦਾਂ ਵਿੱਚ ਲਿਖੀ ਹੈ। ਸਕਰਿਪਟ ਕਾਫ਼ੀ ਮਿਹਨਤ ਨਾਲ ਲਿਖੀ ਗਈ ਹੈ।ਇਹ ਏਨੀ ਪਲੈਨਡ ਹੈ ਕਿ ਕਿਤੇ ਵੀ ਡਾਇਲਾਗ ਰੈਪੀਟਿਸ਼ਨ ਜਾਂ ਜਾਅਲੀ ਕਾਮੇਡੀ ਨਹੀਂ ਲੱਭਦੀ।

ਫ਼ਿਲਮ ਬਿਲਕੁਲ ਸਮੂਦਲੀ ਚੱਲਦੀ ਹੋਈ ਦਰਸ਼ਕ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਉਹ ਕਿਤੇ ਵੀ ਬੋਰੀਅਤ ਨਹੀਂ ਮਹਿਸੂਸਦਾ। ਫ਼ਿਲਮ ਦੀ ਕਹਾਣੀ ਪਿੰਡਾਂ ਵਿੱਚ ਆਮ ਤੌਰ ਤੇ ਮਸ਼ਹੂਰ ਖੇਡ ਟ੍ਰੈਕਟਰਾਂ ਨਾਲ ਟੋਚਨ ਖਿੱਚਣ ਦੇ ਮੁਕਾਬਲੇ ਤੋਂ ਸ਼ੁਰੂ ਹੁੰਦੀ ਹੈ। ਕਿਸੇ ਵੀ ਚੁਣੌਤੀ ਨੂੰ ਵੰਗਾਰਨਾ ਪੰਜਾਬੀਆਂ ਲਈ ਮੁੱਢੋਂ ਹੀ ਸੁਆਦਲਾ ਕਾਰਜ ਰਿਹਾ ਹੈ। ਏਥੇ ਵੀ ਕਹਾਣੀ ਦਾ ਵਿਸਥਾਰ ਜੱਗੇ (ਬੀਨੂੰ ਢਿੱਲੋਂ) ਅਤੇ ਕਰਮੇ (ਦੇਵ ਖਰੋੜ) ਦੀ ਟ੍ਰੈਕਟਰ ਟੋਚਨ ਮੁਕਾਬਲੇ ਤੋਂ ਉਪਜੀ ਦੁਸ਼ਮਣੀ ਹੈ। ਭਾਵੇਂ ਮੁਕਾਬਲੇ ‘ਚ ਭਾਗ ਲੈਣ ਪਿੱਛੇ ਜੱਗੇ ਦਾ ਕੋਈ ਈਰਖਾਲੂ ਮੰਤਵ ਨਹੀਂ ਹੁੰਦਾ ਪਰ ਟ੍ਰੈਕਟਰ ਟੋਚਨ ਮੁਕਾਬਲੇ ਵਿੱਚ ਹਾਰਨ ਤੋਂ ਬਾਅਦ ਕਰਮੇ ਦਾ ਜੱਗੇ ਤੋਂ ਬਦਲਾ ਲੈਣ ਦੀਆਂ ਰੰਗ ਬਿਰੰਗੀਆਂ ਤਰਕੀਬਾਂ ਫ਼ਿਲਮ ਵਿੱਚ ਦਰਸ਼ਕ ਦੀ ਦਿਲਚਸਪੀ ਬਰਕਰਾਰ ਰੱਖਦੀਆਂ ਨੇ।

ਫ਼ਿਲਮ ਵਿੱਚ ਸਟਾਰ ਕਾਸਟ ਕਾਫ਼ੀ ਵਧੀਆ ਤਰੀਕੇ ਨਾਲ ਚੁਣੀ ਗਈ ਹੈ।ਲੀਡ ਅਦਾਕਾਰ ਵਜੋਂ ਬੀਨੂੰ ਢਿੱਲੋਂ,ਪ੍ਰਾਚੀ ਟਹਿਲਨ (ਸੋਨਾਲੀ), ਦੇਵ ਖਰੌੜ, ਨਿਰਮਲ ਰਿਸ਼ੀ (ਦਾਦੀ) ਅਤੇ ਚਰਿੱਤਰ ਅਦਾਕਾਰ ਵਜੋਂ ਹੌਬੀ ਧਾਲੀਵਾਲ (ਕਰਨੈਲ ਸਿੰਘ), ਰੁਪਿੰਦਰ ਬਰਨਾਲਾ (ਚਾਚੀ), ਕੇਵਲ (ਕਰਮਜੀਤ ਅਨਮੋਲ), ਨੇ ਵਧੀਆ ਕਿਰਦਾਰ ਨਿਭਾਏ ਨੇ।ਰਵਨੀਤ (ਕਨਟੀਨੀ ਮੰਡੀਰ ਸ਼ੋਅ ਤੋਂ ਫ਼ੇਮ) ਨੇ ਪਹਿਲੀ ਵਾਰ ਬਤੌਰ ਅਦਾਕਾਰ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਉਸਦੀ ਏਹ ਕੋਸ਼ਿਸ਼ ਕਾਫ਼ੀ ਸਫ਼ਲ ਵੀ ਸਾਬਿਤ ਹੋਈ ਹੈ। ਫ਼ਿਲਮ ਵਿਚਲੇ ਦੋ ਗੀਤ ਅਦਾਕਾਰ ਐਮੀ ਵਿਰਕ ਅਤੇ ਰਣਜੀਤ ਬਾਵਾ ਤੇ ਫ਼ਿਲਮਾਏ ਗਏ ਹਨ। ਇਹ ਗੀਤ ਜਿੱਥੇ ਦਰਸ਼ਕਾਂ ਨੂੰ ਖਿੱਚਣ ਦਾ ਉਪਰਾਲਾ ਸੀ ਓਥੇ ਕਹਾਣੀ ਦੀ ਡਿਮਾਂਡ ਵੀ ਜਾਪੇ। ਏਸ ਸਾਲ ਕੁਝ ਨਿਰਦੇਸ਼ਕਾਂ ਨੇ ਪੁਰਾਣੇ ਗੀਤ ਨਵੀਆਂ ਪੰਜਾਬੀ ਫ਼ਿਲਮਾਂ ਵਿੱਚ ਪਾਉਣ ਦਾ ਟਰੈਂਡ ਜਿਹਾ ਸੈੱਟ ਕੀਤਾ ਹੈ।ਏਸੇ ਮੁਤੱਲਕ ਬਾਇਲਾਰਸ ਵਿੱਚ ਵੀ ਕੁਲਦੀਪ ਮਾਣਕ ਦਾ ਗਾਇਆ ਗੀਤ “ਨੀਂ ਪੁੱਤ ਜੱਟਾਂ ਦਾ ਹਲ ਵਾਹੁੰਦਾ ਵੱਡੇ ਤੜਕੇ ਦਾ, ਹੋ ਤੇਰੀ ਅੱਖਾਂ ਮੂਹਰੇ ਨੱਚਦੀ ਸੂਰਤ ਪਿਆਰੀ” ਵੀ ਸ਼ਾਮਿਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਫ਼ਿਲਮ ਬਾਇਲਾਰਸ ਵਿੱਚ ਸ਼ਿਮਲੇ ਦਾ ਲੋਕ ਗੀਤ “ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇ ਚੰਬਾ ਕਿਤਨੀ ਕੁ ਦੂਰ ਵੀ” ਸੁਣਨ ਨੂੰ ਮਿਲੇਗਾ।ਗੀਤ-ਸੰਗੀਤ ਅਤੇ ਬੈਕਗ੍ਰਾਊਂਡ ਸਕੋਰ ਸੋਹਣਾ ਅਤੇ ਦਿਲ ਟੁੰਭਵਾ ਹੈ। ਕਹਾਣੀ ਦਾ ਅੰਤ ਸੁਖਾਂਤਕ ਢੰਗ ਨਾਲ ਕੀਤਾ ਗਿਆ ਹੈ।ਕੁੱਲ ਮਿਲਾ ਕੇ ਬੀਨੂੰ ਢਿੱਲੋਂ ਦੀ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਬਾਇਲਾਰਸ ਤਕਨੀਕੀ ਪੱਖੋਂ ਵੀ ਬਿਹਤਰੀਨ ਹੈ। ਫ਼ਿਲਮ ਵਿੱਚ ਇੰਟਰਵਲ ਤੋਂ ਬਾਅਦ ਫ਼ਿਲਮਾਇਆ ਗਿਆ ਇੱਕ ਦ੍ਰਿਸ਼ ਜਦੋਂ ਬੀਨੂੰ ਢਿੱਲੋਂ ਘਰਦਿਆਂ ਨੂੰ ਸਭ ਸੱਚ ਦੱਸਦਾ ਹੈ ਤਾਂ ਉਸ ਸਮੇਂ ਦੀ ਦ੍ਰਿਸ਼ਕਾਰੀ ਬਹੁਤ ਹੀ ਸੁਹਣੇ ਢੰਗ ਨਾਲ ਸੈੱਟ ਕੀਤੀ ਗਈ ਹੈ। ਵੱਖਰੀ ਗੱਲ ਹੈ ਕਿ ਬਹੁ-ਗਿਣਤੀ ਦਰਸ਼ਕ ਵਰਗ ਬੀਨੂੰ ਢਿੱਲੋਂ ਨੂੰ ਅਜੇ ਉਹ ਥਾਂ ਨਹੀਂ ਦਿੰਦਾ ਜੋ ਮਾਰਕੀਟ ਵਿੱਚ ਸਥਾਪਿਤ ਨਵੇਂ ਕਲਾਕਾਰਾਂ ਨੂੰ ਮਿਲੀ ਹੈ। ਪਰ ਹਰ ਵਾਰ ਉਸਦੀ ਅਦਾਕਾਰੀ ਨੂੰ ਅੰਡਰ-ਐਸਟੀਮੈਟ ਕਰਨਾ ਵੀ ਵੱਡੀ ਬੇਵਕੂਫ਼ੀ ਹੀ ਹੋਵੇਗੀ। ਫ਼ਿਲਮ ਬਾਇਲਾਰਸ ਸੰਯੁਕਤ ਰੂਪ ਵਿੱਚ ਬੇਹਤਰ ਪੇਸ਼ਕਾਰੀ ਹੈ।ਦਰਸ਼ਕਾਂ ਨੂੰ ਅਜਿਹੀਆਂ ਫ਼ਿਲਮਾਂ ਨੂੰ ਵੀ ਭਰਪੂਰ ਤਵੁੱਜੋ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬੀ ਇੰਡਸਟਰੀ ਵਿੱਚ ਚੰਗਾ ਕੰਮ ਕਰਨ ਵਾਲਿਆਂ ਨੂੰ ਸਹਿਯੋਗ ਅਤੇ ਹੱਲਾਸ਼ੇਰੀ ਮਿਲ ਸਕੇ।

Share Button

Leave a Reply

Your email address will not be published. Required fields are marked *

%d bloggers like this: