ਸੁਖਬੀਰ ਨੇ ਕਸਿਆ ਤੰਜ਼, ਝੂਠੇ ਰੁਜ਼ਗਾਰ ਮੇਲਿਆਂ ਦੀ ਡਰਾਮੇਬੰਦੀ ਬੰਦ ਕਰੇ ਕਾਂਗਰਸ

ਸੁਖਬੀਰ ਨੇ ਕਸਿਆ ਤੰਜ਼, ਝੂਠੇ ਰੁਜ਼ਗਾਰ ਮੇਲਿਆਂ ਦੀ ਡਰਾਮੇਬੰਦੀ ਬੰਦ ਕਰੇ ਕਾਂਗਰਸ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਤੇ ਤੰਜ਼ ਕਸਦਿਆਂ ਕਿਹਾ ਕਿ ਉਹ ਝੂਠੇ ਰੁਜ਼ਗਾਰ ਮੇਲੇ ਲਾਉਣ ਦੇ ਡਰਾਮੇ ਬੰਦ ਕਰੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਾਏ ਗਏ ਅਖੌਤੀ ਰੁਜ਼ਗਾਰ ਮੇਲੇ ਵਿਚ ਚਾਰ ਲੱਖ ਨੌਜਵਾਨਾਂ ਨੇ ਨੌਕਰੀ ਲਈ ਅਪਲਾਈ ਕੀਤਾ ਸੀ, ਜਿਹਨਾਂ ਵਿਚੋਂ ਸਿਰਫ 300 ਨੌਜਵਾਨਾਂ ਨੂੰ ਨਿਯੁਕਤੀ-ਪੱਤਰ ਦੇ ਕੇ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੀ ਬੇਰੁਜ਼ਗਾਰੀ ਦੂਰ ਕਰਨ ਦਾ ਢਿੰਡੋਰਾ ਪਿੱਟਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਕਨੀਕੀ ਕਾਲਜਾਂ ਵੱਲੋਂ ਇੱਕ ਦਹਾਕੇ ਤੋਂ ਵੱਧ ਸਮੇਂ ਕੀਤੀ ਜਾ ਰਹੀ ਨੌਕਰੀਆਂ ਦੀ ਭਰਤੀ ਨੂੰ ਆਪਣੀ ਰੁਜ਼ਗਾਰ ਸਕੀਮ ਵਾਸਤੇ ਢਾਲ ਬਣਾਇਆ ਹੈ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਰਕਾਰ ਇਸ ਫਰੰਟ ਉੱਤੇ ਵੀ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਸਰਕਾਰ ਵੱਲੋਂ ਆਯੋਜਿਤ ਰੁਜ਼ਗਾਰ ਮੇਲੇ ਪੂਰੀ ਤਰ੍ਹਾਂ ਫਲਾਪ ਹੋ ਗਏ ਹਨ, ਕਿਉਂਕਿ ਤਕਨੀਕੀ ਯੋਗਤਾ ਪ੍ਰਾਪਤ ਵਿਦਿਆਰਥੀਆਂ ਦੀ ਭਰਤੀ ਸੰਬੰਧੀ ਕੋਈ ਮਾਪਦੰਡ ਤੈਅ ਨਹੀਂ ਕੀਤੇ ਗਏ।

ਜਿਹਨਾਂ ਵਿਦਿਆਰਥੀਆਂ ਨੂੰ ਇਹਨਾਂ ਮੇਲਿਆਂ ਦੇ ਜ਼ਰੀਏ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉੁਹ ਖੁਦ ਨੂੰ ਠੱਗੇ ਗਏ ਮਹਿਸੂਸ ਕਰ ਰਹੇ ਹਨ। ਇਹ ਆਖਦਿਆਂ ਕਿ ਸੂਬਾ ਸਰਕਾਰ ਸਾਰੇ ਫਰੰਟਾਂ ਉੱਤੇ ਫੇਲ੍ਹ ਹੋ ਚੁੱਕੀ ਹੈ, ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਗੱਲ ਪਹਿਲੀ ਵਾਰ ਵਾਪਰੀ ਹੈ ਕਿ ਸਰਕਾਰ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਵਿਚ ਵੀ ਨਾਕਾਮ ਹੋ ਗਈ ਹੈ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਨਾਕਾਮੀ ਦਾ ਖਮਿਆਜ਼ਾ ਸਮਾਜ ਦੇ ਹਰ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਚਾਹੇ ਇਹ ਬੁਢਾਪਾ ਪੈਨਸ਼ਨ ਹੋਵੇ, ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ, ਕੁੜੀਆਂ ਲਈ ਸਾਇਕਲ ਜਾਂ ਕਿਸਾਨਾਂ ਲਈ ਬੀਮੇ ਹੋਣ, ਬੰਦ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਵਿਕਾਸ ਕਾਰਜਾਂ ਨੂੰ ਰੋਕ ਦਿੱਤਾ ਗਿਆ ਹੈ। ਸਰਕਾਰ ਨੇ ਪਿੰਡਾਂ ਨੂੰ ਦਿੱਤੀਆਂ ਗਰਾਂਟਾਂ ਵੀ ਵਾਪਸ ਲੈ ਲਈਆਂ ਹਨ। ਬਹੁਤ ਸਾਰੇ ਸ਼ਹਿਰਾਂ ਵਿਚ ਸੀਵਰੇਜ ਦਾ ਕੰਮ ਰੋਕ ਦਿੱਤਾ ਗਿਆ ਹੈ। ਇੱਥੋਂ ਤਕ ਸੜਕਾਂ ਦੀ ਉਸਾਰੀ ਵਾਲੇ ਕੰਮਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਸੂਬੇ ਅੰਦਰ ਪ੍ਰਸਾਸ਼ਿਨਕ ਕੰਮਾਂ ਵਿਚ ਇੰਨੀ ਵੱਡੀ ਖੜੋਤ ਇਸ ਤੋਂ ਪਹਿਲਾਂ ਕਦੇ ਨਹੀਂ ਵੇਖੀ ਗਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਖੰਨਾ ਦੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਖਿਲਾਫ ਮੁੜ ਜਾਂਚ ਖੋਲ੍ਹੇ ਜਾਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਪਾਰਟੀ ਦੀ ਸਿਆਸੀ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਅਤੇ ਕੋਰ ਕਮੇਟੀ ਮੈਂਬਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਸ ਬਾਰੇ ਇੱਕ ਮਤਾ ਪੇਸ਼ ਕੀਤਾ, ਜਿਸਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ। ਗਰੇਵਾਲ ਨੇ ਦੱਸਿਆ ਕਿ ਗੁਰਕੀਰਤ ਕੋਟਲੀ ਖਿਲਾਫ ਛੇੜਖਾਨੀ ਦਾ ਦੋਸ਼ ਲਾਉਣ ਨਾਲੀ ਫਰਾਂਸ ਦੀ ਨਾਗਰਿਕ ਕੇਤੀਆ ਡਾਰਨਡ ਬਹੁਤ ਸਾਰੇ ਦਬਾਵਾਂ ਕਰਕੇ ਅਦਾਲਤ ਵਿਚ ਆਪਣਾ ਬਿਆਨ ਨਹੀਂ ਸੀ ਦਰਜ ਕਰਵਾ ਪਾਈ। ਉਹਨਾਂ ਕਿਹਾ ਕਿ ਇਸ ਬਾਰੇ ਕਾਨੂੰਨ ਵਿਚ ਪ੍ਰਬੰਧ ਹੈ ਕਿ ਇਹ ਬਿਆਨ ਹੁਣ ਦੀ ਦਰਜ ਕਰਵਾਇਆ ਜਾ ਸਕਦਾ ਹੈ ਅਤੇ ਉਸ ਵਿਦੇਸ਼ੀ ਨਾਗਰਿਕ ਨੂੰ ਇਨਸਾਫ ਦਿਵਾਉਣ ਲਈ ਇਹ ਕੇਸ ਦੁਬਾਰਾ ਤੋਂ ਖੋਲ੍ਹਿਆ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ ਉਪਰ ਬੋਲਦਿਆਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਦੋਵੇਂ ਹੀ ਪੰਜਾਬੀਆਂ ਨੂੰ ਮੂਰਖ ਬਣਾ ਰਹੇ ਹਨ। ਉਹਨਾਂ ਨੇ ਮਨਪ੍ਰੀਤ ਬਾਦਲ ਨੂੰ ਪੁੱਛਿਆ ਕਿ ਉਹ ਦੱਸੇ ਕਿ ਕੀ ਉਹ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਵਾਅਦਾ ਕਰਕੇ ਜਾਣ ਬੁੱਝ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਸੀ, ਜਦੋਂ ਕਿ ਉਸ ਦਾ ਅਜਿਹਾ ਵਾਅਦਾ ਪੂਰਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਨਵਜੋਤ ਸਿੱਧੂ ਹਰ ਰੋਜ਼ ਕੋਈ ਨਵਾਂ ਡਰਾਮਾ ਕਰਨਾ ਸ਼ੁਰੂ ਕਰ ਦਿੰਦਾ ਹੈ, ਜਦਕਿ ਉਸ ਨੇ ਸੂਬੇ ਦੀ ਭਲਾਈ ਲਈ ਅਜੇ ਤੀਕ ਇੱਕ ਕੰਮ ਨਹੀਂ ਕੀਤਾ ਹੈ।

ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿਲਾ ਰਾਏਪੁਰ ਦੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਅੱਯਾਲੀ ਨੂੰ ਉਹਨਾਂ ਵੱਲੋ ਕੀਤੀਆਂ ਲੋਕ ਭਲਾਈ ਗਤੀਵਿਧੀਆਂ ਹਲਕੇ ਵਿਚ ਖੇਡਾ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਡੀਐਸਜੀਐਮਸੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਅਕਾਲੀ ਆਗੂ ਰਣਜੀਤ ਸਿੰਘ ਤਲਵੰਡੀ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *

%d bloggers like this: