1947 ਦਾ ਇੱਕ ਦਰਦਨਾਕ ਮੰਜ਼ਰ

1947 ਦਾ ਇੱਕ ਦਰਦਨਾਕ ਮੰਜ਼ਰ

ਕਿਉਂ ਖੁਸ਼ੀ ‘ਚ ਚਾਗੜਾਂ ਮਾਰੇ ਵੇ ਸੰਨਤਾਲੜੀਆ।
ਮੈਂਡੇ ਚਾਚੇ ਜਿੱਤੇ , ਬਾਬੇ ਹਾਰੇ ਵੇ ਸੰਨਤਾਲੜੀਆ।

ਇੱਥੇ ਰੱਤ ਬੱਚੜਿਆਂ ਡੁੱਲਿਆ, ਝਾਈ ਭੁੱਬਾਂ ਮਾਰੇ,
ਕਿੰਝ ਵੰਡੇ ਮਸੀਤ ਗੁਰੂਦੁਆਰੇ ਵੇ ਸੰਨਤਾਲੜੀਆ।

ਅੰਮੜੀ ਦੇ ਲਿੱਪੇ ਚੌਂਤਰੇ, ਲਿਓੜ ਡਿੱਗਦੇ ਜਾਵਣ,
ਭੁੱਬਲ ਬਾਝੋਂ ਸੁੰਨੇ ਹੋਏ ਹਾਰੇ ਵੇ ਸੰਨਤਾਲੜੀਆ।

ਨਾ ਪਾਣੀ ਭਰੇਸਣ ਖੂਹੀ ਤੇ, ਨਣਦਾਂ ਭਰਜਾਈਆਂ,
ਸਭਦੇ ਨੈਨੀਂ ਚੋਵਣ ਹੰਝੂ ਖਾਰੇ ਵੇ ਸੰਨਤਾਲੜੀਆ।

ਗੋਣੀਆਂ ਸੀ ਸੁਹਾਗ ਦੀਆਂ ਵੀਰਾਂ ਦੀਆਂ ਘੋੜੀਆਂ,
ਰੁਲਗੇ ਵਿੱਚ ਘਰਾ ਦੇ ਸੰਧਾਰੇ, ਵੇ ਸੰਨਤਾਲੜੀਆ।

ਚੌਧਰੀਆਂ ਦੀ ਹਵੇਲੀ ਨੂੰ, ਲੱਗ ਗਏ ਨੇ ਜਿੰਦਰੇ,
ਹੁਣ ਖਾਲੀ ਦਿਖਣ ਚੁਬਾਰੇ , ਵੇ ਸੰਨਤਾਲੜੀਆ।

ਭੋਲਾ ਛਿੰਦਾ ਭੱਟੀ ਤੇ ਗਾਮਾ ਨਾ ਹੁਣ ਕੋਡੀ ਖੇਡਣ,
ਵਾਂਗ ਬੰਟਿਆਂ ਖਿੰਡ ਗਏ ਸਾਰੇ ਵੇ ਸੰਨਤਾਲੜੀਆ।

ਮਹਿਲੀਂ ਖੁੱਸੀਆਂ ਹੁਣ ਰੋਣਕਾਂ ਨਾਹੀ ਭਰਦੇ ਮੇਲੇ,
ਡੁਸਕਣ ਪਏ ਮਹਿਲ ਮੁਨਾਰੇ, ਵੇ ਸੰਨਤਾਲੜੀਆ।

ਕੁਰਸੀ ਨੇ ਹੀ ਪਰਮ ਵੀਰਾਂ ਨੂੰ ਅੱਡੜੋਂ ਵੱਡ ਕੀਤਾ,
ਹੱਥੀਂ ਹਥਿਆਰ ਫੜਾਤੇ ਭਾਰੇ, ਵੇ ਸੰਨਤਾਲੜੀਆ।


ਪਰਮ ਜੀਤ ਰਾਮਗੜ੍ਹੀਆ


Share Button

Leave a Reply

Your email address will not be published. Required fields are marked *

%d bloggers like this: