ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਪਾਠੀ ਸਿੰਘਾਂ ਦਾ ਵਤੀਰਾ ਮਰਿਆਦਾ ਦੀ ਘੋਰ ਉਲੰਘਣਾ : ਟਕਸਾਲ ਮੁਖੀ

ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਪਾਠੀ ਸਿੰਘਾਂ ਦਾ ਵਤੀਰਾ ਮਰਿਆਦਾ ਦੀ ਘੋਰ ਉਲੰਘਣਾ : ਟਕਸਾਲ ਮੁਖੀ

21 copyਅੰਮ੍ਰਿਤਸਰ –ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਬੀਤੇ ਦਿਨੀਂ ਕੁੱਝ ਪਾਠੀ ਸਿੰਘਾਂ ਵੱਲੋਂ ਅਪਣਾਏ ਗਏ ਧਰਨਾ ਪ੍ਰਦਰਸ਼ਨ ਪ੍ਰਤੀ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਕਾਫ਼ੀ ਖਫ਼ਾ ਹਨ।ਉਹਨਾਂ ਨੇ ਉਕਤ ਵਰਤਾਰੇ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਅਤੇ ਮਰਿਆਦਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਪਾਠੀ ਸਿੰਘਾਂ ਦੀਆਂ ਮੰਗਾਂ ਬੇਸ਼ਕ ਵਾਜਬ ਸਨ ਪਰ ਜੋ ਤਰੀਕਾ ਉਹਨਾਂ ਅਖਤਿਆਰ ਕੀਤਾ ਉਹ ਉਹਨਾਂ ਨੂੰ ਭੁੱਲ ਕੇ ਵੀ ਨਹੀਂ ਸੀ ਅਪਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਦਾ ਖਿਆਲ ਰਖਣਾ ਹਰ ਗੁਰਸਿੱਖ ਦਾ ਫਰਜ਼ ਹੋਣਾ ਚਾਹੀਦਾ ਹੈ। ਪਾਠੀ ਸਿੰਘਾਂ ਨੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਬਾਰੇ ਦੱਸਣਾ ਅਤੇ ਪ੍ਰਚਾਰ ਕਰਨਾ ਹੁੰਦਾ ਹੈ, ਇਸ ਦੇ ਉਲਟ ਉਹਨਾਂ ਦੇ ਉਕਤ ਵਤੀਰੇ ਨਾਲ ਸ੍ਰੋਮਣੀ ਕਮੇਟੀ ਦੇ ਇਤਿਹਾਸ ‘ਚ ਪਹਿਲੀਵਾਰ ਵਾਪਰੀ ਉਕਤ ਮੰਦਭਾਗੀ ਘਟਨਾ ਨੇ ਸ਼ਰਧਾਲੂਆਂ ਅਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ।ਉਹਨਾਂ ਦੱਸਿਆ ਕਿ ਪਾਠੀ ਸਿੰਘਾਂ ਦਾ ਮਾਮਲਾ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਧਿਆਨ ਅਤੇ ਵਿਚਾਰ ਅਧੀਨ ਸਨ। ਉਹਨਾਂ ਕਿਹਾ ਕਿ ਜੇ ਕਿਸੇ ਨੂੰ ਕੋਈ ਔਖ ਸੀ ਤਾਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਜਾ ਕੇ ਪ੍ਰਧਾਨ ਜਾਂ ਅਧਿਕਾਰੀਆਂ ਨਾਲ ਵਿਚਾਰ ਕਰਨੀ ਚਾਹੀਦੀ ਸੀ। ਟਕਸਾਲ ਮੁਖੀ ਨੇ ਦੱਸਿਆ ਕਿ ਦਮਦਮੀ ਟਕਸਾਲ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨਾਲ ਡੂੰਘੀ ਸਾਂਝ ਰਹੀ ਹੈ ਅਤੇ ਟਕਸਾਲ ਨੇ ਇਹਨਾਂ ਦੇ ਪ੍ਰਬੰਧਕਾਂ ਨੂੰ ਹਮੇਸ਼ਾਂ ਸਹਿਯੋਗ ਅਤੇ ਸਾਥ ਦਿੱਤਾ ਹੈ, ਜੋ ਭਵਿਖ ਦੌਰਾਨ ਵੀ ਜਾਰੀ ਰਹੇਗਾ।  ਉਹਨਾਂ ਕਿਹਾ ਕਿ ਟਕਸਾਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅੰਦਰੂਨੀ ਮਾਮਲੇ ਵਿੱਚ ਬੇਲੋੜੀ ਦਖਲ ਅੰਦਾਜ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਬਡੂੰਗਰ ਸੁਲਝੇ ਹੋਏ ਆਗੂ ਹਨ ਅਤੇ ਉਹਨਾਂ ਵੱਲੋਂ ਨਿਭਾਏ ਜਾ ਰਹੇ ਕਾਰਜ ਅਤੇ ਅਗਵਾਈ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ‘ਤੇ ਦਬਾਅ ਬਣਾਉਣ ਜਾਂ ਮੈਂਬਰੀਆਂ ਹਾਸਲ ਕਰਨ ਦੀ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੀ ਕਦੀ ਮਨਸ਼ਾ ਨਹੀਂ ਰਹੀ, ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹੀ ਸਵੈ-ਇੱਛਾ ਨਾਲ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਪਾਰਟੀ ਟਿਕਟਾਂ ਦਿੱਤੀਆਂ ਸਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਚੀਫ਼ ਸਕੱਤਰ ਦੇ ਅਸਤੀਫ਼ੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਸਗੋਂ ਚੀਫ਼ ਸਕੱਤਰ ਆਪ ਕਹਿ ਚੁੱਕੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਕੰਮਾਂ ਅਤੇ ਰੁਝੇਵਿਆਂ ਕਾਰਨ ਉਹਨਾਂ ਦਾ ਨਿੱਜੀ ਅਤੇ ਘਰੇਲੂ ਕਾਰਜ ਪ੍ਰਭਾਵਿਤ ਹੋ ਰਹੇ ਸਨ ਜਿਸ ਕਾਰਨ ਉਹਨਾਂ ਸੇਵਾ ਮੁਕਤੀ ਲਈ ਹੈ। ਇਸੇ ਦੌਰਾਨ ਟਕਸਾਲ ਮੁਖੀ ਦੇ ਨੇੜਲੇ ਸੂਤਰਾਂ ਤੋਂ ਪਤਾ ਲਗਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਨੇ ਟਕਸਾਲ ਦੇ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਦੇ ਕੰਮਾਂ ‘ਚ ਬੇਲੋੜੀ ਦਖਲ ਅੰਦਾਜ਼ੀ ਕਰਨ ਤੋਂ ਸਖ਼ਤੀ ਨਾਲ ਵਰਜਿਆ ਹੋਇਆ ਹੈ।

Share Button

Leave a Reply

Your email address will not be published. Required fields are marked *

%d bloggers like this: