ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗ੍ਰੰਥੀਆ ਨੇ ਦਿੱਤਾ ਧਰਨਾ

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗ੍ਰੰਥੀਆ ਨੇ ਦਿੱਤਾ ਧਰਨਾ
ਧਰਨੇ ਮੁਜਾਹਰੇ ਕਿਸੇ ਮਸਲੇ ਦਾ ਹੱਲ ਨਹੀ – ਮੈਨੇਜਰ ਸੁਲੱਖਣ ਸਿੰਘ

ਜੰਡਿਆਲਾ ਗੁਰੂ/ਅੰਮ੍ਰਿਤਸਰ 31 ਜੁਲਾਈ (ਵਰਿੰਦਰ ਸਿੰਘ) ਗੁਰੂ ਘਰ ਦੇ ਵਜ਼ੀਰ ਮੰਨੇ ਜਾਂਦੇ ਪਾਠੀ ਸਿੰਘਾਂ ਨੇ ਅੱਜ ਰੋਸ ਪ੍ਰਗਟ ਕਰਦਿਆ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਧਰਨਾ ਦਿੱਤਾ ਤੇ ਪ੍ਰਬੰਧਕਾਂ ਨੂੰ ਮੰਗਾਂ ਪ੍ਰਵਾਨ ਲਈ ਮਜਬੂਰ ਕਰ ਦਿੱਤਾ । ਗ੍ਰੰਥੀਆ ਦੀਆ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਧਰਮ ਪਤਨੀ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਗ੍ਰੰਥੀਆ ਵੱਲੋ ਧਰਨਾ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸ਼ਾਤੀ ਦਾ ਕੇਂਦਰ ਹੈ ਜਿਥੇ ਗ੍ਰੰਥੀਆ ਨੇ ਧਰਨਾ ਦੇ ਕੇ ਬੱਜਰ ਗਲਤੀ ਕਰਕੇ ਮਰਿਆਦਾ ਦੀ ਉਲੰਘਣਾ ਕੀਤੀ ਹੈ।
ਪਾਠੀ ਭਾਈ ਸ਼ਿਵਦੇਵ ਸਿੰਘ ਤੇ ਭਾਈ ਹਰਪਾਲ ਸਿੰਘ ਦੀਆ ਅਗਵਾਈ ਹੇਠ ਪਾਠੀਆ ਨੇ ਧਰਨਾ ਦਿੱਤਾ । ਉਹਨਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਪ੍ਰਬੰਧਕਾਂ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੁਲਾਕਾਤਾਂ ਕਰਦੇ ਰਹੇ ਅਤੇ ਮੰਗ ਪੱਤਰ ਦਿੰਦੇ ਰਹੇ ਪਰ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀਆ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ। ਪਹਿਲਾਂ ਹੀ ਐਲਾਨੇ ਪ੍ਰੋਗਰਾਮ ਅਨੁਸਾਰ ਅਖੰਡ ਪਾਠੀ ਅੱਜ ਸਵੇਰੇ ਅੱਠ ਵਜੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਦੇ ਸਾਹਮਣੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ 250 ਦੇ ਕਰੀਬ ਗਿਣਤੀ ਵਿੱਚ ਇਕੱਠੇ ਹੋਏ ਜਿਥੇ ਉਹਨਾਂ ਨੇ ਆਪਣੀਆ ਮੰਗਾਂ ਦੇ ਹੱਕ ਵਿੱਚ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਉਹਨਾਂ ਦੀਆ ਮੰਗਾਂ ਪ੍ਰਵਾਨ ਕੀਤੀਆ ਜਾਣ ਜਿਹਨਾਂ ਵਿੱਚ ਪਾਠੀਆ ਨੂੰ ਅਖੰਡ ਪਾਠ ਦੀ ਭੇਟਾ 600 ਤੋ 800 ਕਰਨ, ਪਾਠੀਆ ਨੂੰ ਵੀ ਬੀਮਾ ਸਕੀਮ ਦੇ ਅਧੀਨ ਲਿਆਉਣ, ਤਨਖਾਹ ਏ.ਟੀ.ਐਮ ਰਾਹੀ ਦੇਣ ਅਤੇ 7500 ਰੁਪਏ ਰੱਖੀ ਗਈ ਸਕਿਊਰਟੀ ਤੇ ਬੈਂਕ ਵਿਆਜ ਦੇਣਾ ਸ਼ਾਮਲ ਹੈ।
ਇਸ ਮੌਕੇ ਪਾਠੀ ਭਾਈ ਅੰਗਰੇਜ਼ ਸਿੰਘ ਨੇ ਕਿਹਾ ਕਿ ਪਾਠੀ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਨਹੀ ਬਣ ਸਕੇ ਹਨ ਅਤੇ ਉਹਨਾਂ ਨਾਲ ਹਮੇਸ਼ਾਂ ਹੀ ਦਫਤਰ ਵੱਲੋ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਕਰੀਬ ਸਾਢੇ ਤਿੰਨ ਸਾਲਾ ਤੋ ਪਾਠੀਆ ਦੀ ਭੇਟਾ ਵਿੱਚ ਕੋਈ ਵਾਧਾ ਨਹੀ ਕੀਤਾ ਗਿਆ ਸਗੋ ਭੇਟਾ 600 ਰੁਪਏ ਹੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇੱਕ ਅਖੰਡ ਪਾਠ ਨੂੰ ਅੱਠ ਪਾਠੀ ਕਰਦੇ ਹਨ ਤੇ ਤੀਸਰੇ ਦਿਨ ਜਾ ਕੇ ਪਾਠੀ ਨੂੰ 600 ਰੁਪਏ ਮਿਲਣ ਦਾ ਆਸ ਬੱਝਦੀ ਹੈ। ਉਹਨਾਂ ਕਿਹਾ ਕਿ ਦਫਤਰ ਵਾਲੇ ਬਾਬੂ ਪਾਠੀਆ ਨਾਲ ਸਲੂਕ ਕੋਈ ਅੱਛਾ ਨਹੀ ਕਰਦੇ ਸਗੋ ਉਹਨਾਂ ਨੂੰ ਬੋਝ ਸਮਝਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜਦੋ ਵੀ ਤਰਾਸਦੀ ਵਾਪਰਦੀ ਹੈ ਤਾਂ ਪਾਠੀ ਦੀ ਕੋਈ ਵੀ ਬਾਂਹ ਫੜਣ ਲਈ ਤਿਆਰ ਨਹੀ ਹੁੰਦਾ। ਉਹਨਾਂ ਦੱਸਿਆ ਕਿ ਇੱਕ ਅਖੰਡ ਪਾਠੀ ਦੀਆ ਦੋਵੇ ਲੱਤਾਂ ਟੁੱਟ ਗਈਆ ਸਨ ਤੇ ਉਸ ਦਾ ਇਲਾਜ ਵੀ ਅਮਨਦੀਪ ਹਸਪਤਾਲ ਵਿਖੇ ਹੋ ਰਿਹਾ ਸੀ ਪਰ ਸ਼੍ਰੋਮਣੀ ਕਮੇਟੀ ਵੱਲੋ ਕੋਈ ਮਦਦ ਨਾ ਕਰਨ ਕਰਕੇ ਉਸ ਦੀਆ ਦੋਵੇ ਲੱਤਾਂ ਵੱਢਣੀਆ ਪਈਆ ਜਦ ਕਿ ਸ਼੍ਰੋਮਣੀ ਕਮੇਟੀ ਉਸ ਦੀ ਆਰਥਿਕ ਮਦਦ ਕਰਦੀ ਤਾਂ ਇੱਕ ਲੱਤ ਬਚਾਈ ਜਾ ਸਕਦੀ ਸੀ। ਉਹਨਾਂ ਕਿਹਾ ਕਿ ਅੱਜ ਕਰੀਬ 2000 ਦੇ ਕਰੀਬ ਪਾਠੀ ਰੋਸ ਵਜੋ ਹੜਤਾਲ ਤੇ ਹਨ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਚਾਟੀਵਿੰਡ, ਬਾਬਾ ਬੁੱਢਾ ਸਾਹਿਬ ਝਬਾਲ ਅਤੇ ਬਾਬਾ ਬਕਾਲਾ ਵਿਖੇ ਵੀ ਪਾਠੀਆ ਨੇ ਮੁਕੰਮਲ ਹੜਤਾਲ ਰੱਖੀ। ਸ਼੍ਰੋਮਣੀ ਕਮੇਟੀ ਨੇ ਆਪਣੇ ਪੱਕੇ ਗ੍ਰੰਥੀਆ ਰਾਹੀ ਸਿਰਫ ਚਾਰ ਅਖੰਡ ਪਾਠ ਦੁੱਖ ਭੰਜਨੀ ਬੇਰੀ, ਤਿੰਨ ਝੰਡੇ ਬੁੰਗੇ , ਇੱਕ ਸੁਖਬੀਰ ਸਿੰਘ ਬਾਦਲ ਦਾ ਕਮਰਾ ਨੰਬਰ ਅੱਠ ਤੇ ਇੱਕ ਸ੍ਰੀ ਦਰਬਾਰ ਸਾਹਿਬ ਦੇ ਗੁੰਬਦ ਵਿੱਚ ਅਖੰਡ ਪਾਠ ਰੱਖਿਆ।
ਕਰੀਬ ਸਾਢੇ ਪੰਜ ਘੰਟੇ ਚੱਲੇ ਧਰਨੇ ਤੋ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਰਾਜਿੰਦਰ ਸਿੰਘ ਮਹਿਤਾ , ਧਰਮ ਪ੍ਰਚਾਰ ਕਮੇਟੀ ਮੈਂਬਰ ਅਜੈਬ ਸਿੰਘ ਅਭਿਆਸੀ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ , ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਸੁਲੱਖਣ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਅਵਤਾਰ ਸਿੰਘ ਸੈਪਲਾ ਨੇ ਪਾਠੀਆ ਨਾਲ ਗੱਲਬਾਤ ਕਰਕੇ ਉਹਨਾਂ ਦੀਆ ਕੁਝ ਮੰਗਾਂ ਪ੍ਰਵਾਨ ਕਰ ਲਈਆ ਤੇ ਬਾਕੀ ਮੰਗਾਂ ਸਬੰਧੀ ਪਾਠੀਆ ਦੀ ਇੱਕ 15 ਮੈਂਬਰੀ ਕਮੇਟੀ ਬਣਾ ਕੇ ਗੱਲਬਾਤ ਕਰਨ ਦਾ ਨਿਉਤਾ ਦਿੱਤਾ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਸੁਲੱਖਣ ਸਿੰਘ ਨੇ ਕਿਹਾ ਕਿ ਮਾਮਲਾ ਸਦਭਾਵਨਾ ਵਾਲੇ ਮਾਹੌਲ ਵਿੱਚ ਨਿਬੜ ਗਿਆ ਅਤੇ ਪਾਠੀਆ ਦੀਆ ਮੰਗਾਂ ਤੇ ਹਮਰਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਗੱਲਬਾਤ ਰਾਹੀ ਮਸਲੇ ਹੱਲ ਹੋ ਸਕਦੇ ਧਰਨੇ ਮੁਜਾਹਰੇ ਕਿਸੇ ਮਸਲੇ ਦਾ ਹੱਲ ਨਹੀ ਹਨ।

Share Button

Leave a Reply

Your email address will not be published. Required fields are marked *

%d bloggers like this: