ਅਣਦੇਖਿਆ ਭਾਰਤ: (ਸੁਪਰ ਫਾਸਟ ਤੜਥੱਲੀ ਟੂਰ ਭਾਗ ਪਹਿਲਾ)

ਅਣਦੇਖਿਆ ਭਾਰਤ
(ਸੁਪਰ ਫਾਸਟ ਤੜਥੱਲੀ ਟੂਰ ਭਾਗ ਪਹਿਲਾ)

ਕੰਮ ਧੰਧਿਆਂ ਨੇ ਜਦੋਂ ਮਾਰੀ ਹੋਵੇ ਮੱਤ
ਟੂਰ ਦੀ ਬਨਾਉਣੀ ਪੈਂਦੀ ਮਿੱਤਰੋ ਫਿਰ ਗੱਤ

ਜਦੋਂ ਦਾ ਮੈਂ ਅਮਰੀਕਾ ਦਾ ਦੌਰਾ ਕਰ ਕੇ ਆਇਆ ਸਾਂ ਉਸ ਤੋਂ ਕੁਝ ਮਹੀਨੇ ਬਾਦ ਮੈਂਨੂੰ ਇੰਝ ਲੱਗਿਆ ਕਰੇ ਕਿ ਮਿੱਤਰਾ ਕਿਉਂ ਪਲਾਂ ਦੀ ਜ਼ਿੰਦਗੀ ਨੂੰ ਕੰਮਾਂ ਵਿਚ ਖਾਕ ਕਰਣ ਡਿਹਾ, ਐਡੀ ਸੋਹਣੀ ਦੁਨੀਆ ਵੇਖੇ ਬਿਨਾਂ ਜੇ ਮਰ ਗਿਆ ਤਾਂ ਰੱਬ ਨੂੰ ਕੀ ਮੂੰਹ ਦਿਖਾਏਂਗਾ? ਪਰ ਘਰ ਪਰਿਵਾਰ ਦੀਆਂ ਮਜ਼ਬੂਰੀਆਂ ਨੇ ਮੈਨੰ ਫਿਰ ਕੰਮ ਦੇ ਸੰਗਲਾਂ ਨਾਲ ਨੂੜ ਦਿੱਤਾ, ਕੰਮ ਤੇ ਜਖਮੀ ਹੋਣ ਕਾਰਣ ਡੇਢ ਦੋ ਸਾਲ ਮੇਰੀ ਘਰਵਾਲੀ ਜਿਆਦਾ ਕੰਮ ਨਹੀ ਕਰ ਸਕਦੀ ਸੀ ਸੋ ਪੈਸੇ ਦੀ ਤੰਗੀ ਕਾਰਣ ਮੈਂਨੂੰ ਜਿਆਦਾ ਕੰਮ ਕਰਣਾ ਪੈ ਰਿਹਾ ਸੀ ਤੇ ਮੇਰੀ ਮਾਨਸਿਕ ਹਾਲਤ ਖਰਾਬ ਹੋ ਰਹੀ ਸੀ ਤੇ ਮੈਨੂੰ ਤਿੰਨ ਚਾਰ ਹਫਤੇ ਦੀ ਛੁੱਟੀ ਦੀ ਬੇਹੱਦ ਜ਼ਰੂਰਤ ਸੀ ਇਕ ਵਾਰ ਫੈਸਲਾ ਕੀਤਾ ਕਿ ਯੂਰਪ ਦੇ ਸਪੇਨ, ਇਟਲੀ, ਨਾਰਵੇ, ਜਰਮਨੀ ਤੇ ਆਸਟਰੀਆ ਦੀ ਸੈਰ ਕੀਤੀ ਜਾਵੇ | ਇਸ ਬਾਬਤ ਮੈਂ ਉੱਥੇ ਰਹਿੰਦੇ ਆਪਣੇ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਉੁਹਨਾਂ ਨੇ ਬਹੁਤ ਖੁਸ਼ੀ ਪ੍ਰਗਟਾਈ ਫਿਰ ਮੇਰੇ ਮਨ ਚ ਆਈ ਕਿ ਮਿੱਤਰਾ ਜੰਮੇ ਆਪਾਂ ਭਾਰਤ ਹਾਂ ਤੇ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਬਿਨਾਂ ਜਿਆਦਾ ਕੁਝ ਦੇਖਿਆ ਨਹੀ ਕਿਉਂ ਨਾ ਇਸ ਵਾਰ ਭਾਰਤ ਯਾਤਰਾ ਕੀਤੀ ਜਾਵੇ | ਜੋ ਕਿ ਜਨਵਰੀ ਵਿਚ ਮੈਂ ਲੈਣ ਦਾ ਇਰਾਦਾ ਕੀਤਾ ਸੀ ਕਿਉਂ ਕਿ ਮੇਰੇ ਚਾਚਾ ਜੀ ਦੇ ਬੇਟੇ ਦਾ ਵਿਆਹ ਜਨਵਰੀ ਵਿਚ ਸੀ ਤੇ ਖਾਸ ਦੋਸਤ ਵਿੱਕੀ ਸ਼ਰਮਾ ਨੇ ਵੀ ਮੇਰੇ ਕਾਰਣ ਜਨਵਰੀ ਵਿਚ ਆਵਦੇ ਵਿਆਹ ਦੀ ਰਿਸ਼ੈਪਸਨ ਕਰਣ ਦਾ ਫੈਸਲਾ ਕੀਤਾ ਸੀ | ਪਰ ਦਸੰਬਰ ਦੇ ਅੰਤ ਵਿਚ ਮੇਰੀ ਘਰਵਾਲੀ ਦੀ ਆਵਦੀ ਕੰਪਨੀ ਨਾਲ ਕੇਸ ਦੀ ਤਰੀਕ ਛੇ ਜਨਵਰੀ ਪੈ ਗਈ ਜਿਸ ਕਾਰਣ ਇਕ ਵਾਰ ਮੇਰਾ ਭਾਰਤ ਟੂਰ ਕੈਂਸਲ ਹੋ ਗਿਆ |
ਇਸ ਤੋਂ ਬਾਦ ਇਕ ਹੋਰ ਸਿਆਪਾ ਪੈ ਗਿਆ ਮੇਰੀ ਸੱਜੀ ਜਾੜ ਵਿਚ ਦਰਦ ਜਿਆਦਾ ਰਹਿਣ ਲੱਗ ਗਿਆ, ਜਦੋਂ ਮੈਲਬੌਰਨ ਵਿਚ ਚੈਕ ਕਰਵਾਈ ਤਾਂ ਪਤਾ ਲੱਗਿਆ ਕਿ ਚਾਰੇ ਜਾੜਾਂ ਵਿਚ ਕੀੜੇ ਆਸਣ ਜਮਾਂ ਚੁੱਕੇ ਹਨ ਤੇ ਕਰੀਬ ਪੰਜ ਹਜ਼ਾਰ ਡਾਲਰ ਲੱਗ ਜਾਣਾ ਇਸ ਨੂੰ ਸੈਟ ਕਰਣ ਵਿਚ, ਇਕ ਵਾਰ ਤਾਂ ਭਾਰਤ ਤੋਂ ਆ ਰਹੇ ਆਪਣੇ ਦੋਸਤ ਲੱਕੀ ਤੇ ਨਵੀਂ ਰਾਹੀ ਨੁਸ਼ਾਦਰ ਮੰਗਵਾ ਕੇ ਨੱਕ ਰਾਹੀ ਪਾ ਲਿਆ ਜਿਸ ਨੇ ਕਾਫੀ ਦੇਰ ਮੈਨੂੰ ਸਕੂਨ ਦੇਈ ਰੱਖਿਆ ਪਰ ਅਪ੍ਰੈਲ ਦੇ ਵਿਚ ਫਿਰ ਜਾੜ ਜਿਆਦਾ ਤਕਲੀਫ ਹੋਣ ਲੱਗ ਗਈ ਫਿਰ ਮੈਂ ਨਿਸ਼ਚਾ ਕੀਤਾ ਕਿ ਹੁਣ ਭਾਰਤ ਨੂੰ ਨਿਕਲਣਾ ਹੀ ਪੈਣਾ ਹੈ ਵੈਸੇ ਤਾਂ ਕੈਨਬਰਾ ਵਿਚ ਰਹਿ ਰਹੇ ਮੇਰੇ ਖਾਸ ਦੋਸਤ ਪ੍ਰੀਤਇੰਦਰ ਸੰਧੂ ਨੇ ਬਹੁਤ ਜ਼ੋਰ ਲਾਇਆ ਸੀ ਕਿ ਮੈਂ ਇਕ ਵਾਰ ਉਹਨਾਂ ਦੇ ਕਲੀਨਿਕ ਤੇ ਜ਼ਰੂਰ ਆਵਾਂ ਕਿਉਂ ਕਿ ਭਾਬੀ ਜੀ ਖੁਦ ਡੈਂਟਿਸਟ ਹਨ ਤੇ ਹੁਣ ਸੁੱਖ ਨਾਲ ਕਲੀਨਿਕ ਦੇ ਮਾਲਕ ਹਨ | ਪਰ ਐਡਾ ਵੱਡਾ ਅਹਿਸਾਨ ਲੈਣ ਨੂੰ ਮੇਰਾ ਮਨ ਰਾਜੀ ਨਾ ਹੋਇਆ | ਮਨ ਪੱਕਾ ਹੋ ਗਿਆ ਕਿ ਭਾਰਤ ਹੀ ਚੱਲਣਾ ਤਾਂ ਕਿਉਂ ਨਾ ਥੋੜਾ ਬਹੁਤ ਭਾਰਤ ਵਿਚ ਟੂਰ ਵੀ ਕੱਢਿਆ ਜਾਵੇ | ਇਸ ਸਬੰਧੀ ਮੈਂ ਸ਼੍ਰੀ ਮੁਕਤਸਰ ਸਾਹਿਬ ਵਿਚ ਰਹਿੰਦੇ ਮੇਰੇ ਦੋਸਤ ਰਸ਼ਪਾਲ ਸਿੰਘ ਨੂੰ ਫੋਨ ਮਾਰਿਆ, ਰਸ਼ਪਾਲ ਇਸ ਸਮੇਂ ਐਲ ਆਈ ਸੀ ਵਿਚ ਡੀ.ਉ. ਦੀਆਂ ਸੇਵਾਵਾਂ ਨਿਭਾ ਰਿਹਾ ਹੈ | ਉਹਨੇ ਪੈਂਦੀ ਸੱਟੇ ਹਾਂ ਕਰ ਦਿੱਤੀ ਫਿਰ ਮੈਂ ਇਕ ਹੋਰ ਖਾਸ ਦੋਸਤ ਗੱਗੀ ਨੂੰ ਫੋਨ ਕੀਤਾ ਉਹਨੇ ਵੀ ਹਾਂ ਕਰ ਦਿੱਤੀ ਤੇ ਕਿਹਾ ਕਿ ਪ੍ਰੋਗਰਾਮ ਬਣਾ ਲਉ ਜਿੱਥੇ ਜਾਣਾ ਚੱਲ ਪੈਂਦੇ ਹਾਂ | ਰਸ਼ਪਾਲ ਨੇ ਸੁਝਾ ਦਿੱਤਾ ਕਿ ਇਸ ਵਾਰ ਕਾਰ ਤੇ ਲੇਹ ਲੱਦਾਖ ਵੱਲ ਟੂਰ ਕੱਢਿਆ ਜਾਵੇ ਮੈਂ ਇਕ ਵਾਰ ਤਾਂ ਹਾਂ ਕਰ ਦਿੱਤੀ ਫਿਰ ਜਦੋਂ ਅਖਬਾਰਾਂ ਵਿਚ ਸ੍ਰੀਨਗਰ ਦੇ ਹਾਲਾਤ ਦੇਖੇ ਤਾਂ ਜਾਣ ਦਾ ਦਿਲ ਨਾ ਕੀਤਾ ਕਿਉਂ ਕਿ ਸਫਰ ਜਿਆਦਾ ਖਤਰਨਾਕ ਸੀ ਤੇ ਰੋਜ ਅੱਤਵਾਦੀ ਗਤੀਵਿਧੀਆਂ ਉੱਥੇ ਹੋ ਰਹੀਆਂ ਸਨ | ਫਿਰ ਇਕ ਦਿਨ ਬੈਠੇ ਬੈਠੇ ਦਿਮਾਗ ਵਿਚ ਪੁਰੀ ਸ਼ਬਦ ਅੜ ਗਿਆ, ਬਾਬੇ ਗੂਗਲ ਦੀ ਸਹਾਇਤਾ ਲਈ ਤਾਂ ਪੁਰੀ ਸ਼ਹਿਰ ਬਾਰੇ ਵਿਸਥਾਰ ਵਿਚ ਜਾਣਕਾਰੀ ਮਿਲ ਗਈ, ਮੁਕਤਸਰ ਤੋਂ ਪੁਰੀ ਥੋੜਾ ਨਹੀ ਬਹੁਤ ਜਿਆਦਾ ਦੂਰ ਸੀ | ਜਗਨਨਾਥ ਪੁਰੀ ਉੜੀਸਾ ਰਾਜ ਵਿੱਚ ਸਮੁੰਦਰ ਦੇ ਕੰਢੇ ਤੇ ਵਸਿਆ ਸ਼ਹਿਰ ਹੈ | ਪਹਿਲਾਂ ਇਸ ਬਾਰੇ ਰਸ਼ਪਾਲ ਨਾਲ ਗੱਲ ਕੀਤੀ ਉਹ ਕਾਫੀ ਦੇਰ ਤਾਂ ਲੇਹ ਲਦਾਖ ਤੇ ਸੁਈ ਅੜਾ ਕੇ ਬੈਠਾ ਰਿਹਾ ਫਿਰ ਉੁਸ ਨੂੰ ਮੰਨਣਾ ਹੀ ਪਿਆ | ਫਿਰ ਪਤਾ ਲੱਗਾ ਕਿ ਤੀਸਰੇ ਦੋਸਤ ਗੱਗੀ ਦੀ ਘਰਵਾਲੀ ਦੀ ਜੂਨ ਵਿਚ ਡਲਿਵਰੀ ਸੀ ਪਰ ਇਸ ਦੇ ਬਾਵਜੂਦ ਗੱਗੀ ਸਾਡੇ ਨਾਲ ਪੁਰੀ ਜਾਣ ਲਈ ਬਜਿੱਦ ਸੀ | ਉਹਨੂੰ ਸਮਝਾਇਆ ਕਿ ਬਾਈ ਐਂਵੇਂ ਪਿੱਛੇ ਕੋਈ ਗੜਬੜ ਹੋ ਗਈ ਤਾਂ ਤਿੰਨਾਂ ਦਾ ਟੂਰ ਖਰਾਬ ਹੋ ਜਾਣਾ ਤੂੰ ਪਿੱਛੇ ਘਰਵਾਲੀ ਦਾ ਧਿਆਨ ਹੀ ਰੱਖ, ਸੋ ਟੂਰ ਤੇ ਜਾਣ ਵਾਲੇ ਰਹਿ ਗਐ ਅਸੀਂ ਦੋ ਜਾਣੇ ਮੈਂ ਤੇ ਰਸ਼ਪਾਲ, ਲਉ ਜੀ ਅੱਗੇ ਸੋਚਿਆ ਕਿ ਚੱਲੇ ਤਾਂ ਐਡੀ ਦੂਰ ਹਾਂ ਫਿਰ ਨਾਲ ਹਜੂ਼ਰ ਸਾਹਿਬ ਵੀ ਦੇਖ ਆਈਏ, ਨਾਲੇ ਮੇਰੇ ਮਨ ਵਿਚ ਖਿਆਲ ਆਇਆ ਕਿ ਜਿਹੜੀਆਂ ਥਾਂਵਾ ਦੇ ਨਾਮ ਮੇਰੀ ਪੜਾਈ ਦੇ ਦੌਰਾਨ ਵਾਰ ਵਾਰ ਆਉਂਦੇ ਸੀ ਉਹਨਾਂ ਨੂੰ ਜਾ ਕੇ ਦੇਖਿਆ ਜਾਵੇ ਜਿਵੇਂ ਕਿ ਜਗਨਨਾਥ ਪੁਰੀ ਦਾ ਮੰਦਰ, ਹੈਦਰਾਬਾਦ ਦਾ ਚਾਰਮਿਨਾਰ, ਹਜ਼ੂਰ ਸਾਹਿਬ, ਬਾਬਾ ਨਾਮਦੇਵ ਜੀ ਦੁਆਰਾ ਘੁਮਾਇਆ ਮੰਦਰ, ਅਜੰਤਾ ਅਲੋਰਾ ਗੁਫਾਵਾਂ, ਸ਼ਾਂਚੀ ਸਤੂਪ ਤੇ ਖਜ਼ੁਰਾਹੋ ਦੇ ਪੁਰਾਤਣ ਮੰਦਰ ਆਦਿ
ਰਸ਼ਪਾਲ ਦਾ ਕੋਈ ਜਿਆਦਾ ਤਜ਼ਰਬਾ ਨਹੀ ਸੀ ਟੂਰ ਪਲੈਨਿੰਗ ਵਿਚ, ਇਹ ਜਿੰਮੇਵਾਰੀ ਮੈਂ ਚੁੱਕ ਲਈ, ਬਾਬੇ ਗੂਗਲ ਦੀ ਸਹਾਇਤਾ ਨਾਲ ਭਾਰਤ ਦੇ ਮੈਪਸ, ਰੇਲ ਗੱਡੀ ਤੇ ਹਵਾਈ ਸੇਵਾਂਵਾਂ ਬਾਰੇ ਪਲ ਪਲ ਦੀ ਮੈਂ ਜਾਣਕਾਰੀ ਇਕੱਠੀ ਕੀਤੀ ਤੇ ਉੁਹਨਾਂ ਦੇ ਟਾਇਮ ਮੈਚ ਕਰ ਲਏ, ਇਹਨਾਂ ਸਭ ਨੂੰ ਤਰਤੀਬ ਵਿਚ ਇਕੱਠਾ ਕਰ ਕੇ ਮੈਂ ਸਾਰੀ ਜਾਣਕਾਰੀ ਤਰੀਕ, ਸਮਾਂ ਤੇ ਕਿਹੜੇ ਸ਼ਹਿਰ ਵਿਚ ਰਿਹਾਇਸ਼ ਕਰਣੀ ਹੈ ਆਦਿ ਰਸ਼ਪਾਲ ਨੂੰ ਵਟਸਅਪ ਕਰ ਦਿੱਤੀ | ਰਸ਼ਪਾਲ ਦੀ ਛੁੱਟੀ ਦਾ ਚੱਕਰ ਪੈ ਰਿਹਾ ਸੀ ਇਸ ਲਈ ਪਟਨਾ ਤੇ ਗਯਾ ਇਹ ਇਕ ਵਾਰ ਬਾਹਰ ਕੱਢ ਦਿੱਤੇ ਗਏ | ਸਤਾਰਾਂ ਤਰੀਕ ਨੂੰ ਰਸ਼ਪਾਲ ਨੇ ਕੰਮ ਤੇ ਪਹੁੰਚਣਾ ਸੀ ਇਸ ਲਈ ਅੱਸੀ ਪ੍ਰਤੀਸ਼ਤ ਟੂਰ ਸੌਲਾਂ ਜੂਨ ਨੂੰ ਖਤਮ ਕਰਣ ਦਾ ਫੈਸਲਾ ਕੀਤਾ | ਸੌਲਾਂ ਜੂਨ ਨੂੰ ਮੈਂ ਭੋਪਾਲ ਸਵੇਰੇ ਨੌਂ ਵਜੇ ਉੱਤਰ ਜਾਣਾ ਸੀ ਤੇ ਸਤਾਰਾ ਨੂੰ ਸਵੇਰੇ ਛੇ ਵਜੇ ਰਸ਼ਪਾਲ ਨੇ ਫਰੀਦਕੋਟ ਪਹੁੰਚ ਜਾਣਾ ਸੀ | ਭੋਪਾਲ ਵਿਚ ਮੇਰੀ ਛੋਟੀ ਭੈਣ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੈ | ਮੱਧ ਪ੍ਰਦੇਸ਼ ਦੇ ਭੀਮਵਾਟਿਕਾ, ਸਾਂਚੀ ਸਤੂਪ ਤੇ ਖਜੁਰਾਹੋ ਦੇ ਮੰਦਰ ਦੇਖਣ ਦਾ ਪ੍ਰੋਗਰਾਮ ਸੌਲਾਂ ਤੋਂ ਬਾਦ ਬਨਾਉਣਾ ਸੀ | ਹੁਣ ਟੂਰ ਅਸੀਂ ਇੱਦਾ ਬਣਾਇਆ ਸੀ | ਨੌਂ ਜੂਨ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਚੱਲ ਕੇ ਦਿੱਲੀ, ਭੁਬਨੇਸ਼ਵਰ, ਪੁਰੀ, ਹੈਦਰਾਬਾਦ, ਹਜ਼ੂਰ ਸਾਹਿਬ, ਔਂਧਾ ਨਾਗਨਾਥ, ਨਰਸੀ ਨਾਮਦੇਵ, ਅਲੋਰਾ ਕੇਵਸ, ਸ਼ਿਰਡੀ ਤੇ ਫਿਰ ਅੰਤ ਵਿਚ ਸੌਲਾਂ ਜੂਨ ਦੀ ਸਵੇਰ ਮਨਮਾੜ ਜੰਕਸ਼ਨ ਤੋਂ ਪੰਜਾਬ ਮੇਲ ਰਾਹੀ ਮੇਰੀ ਭੋਪਾਲ ਤੇ ਰਸ਼ਪਾਲ ਦੀ ਫਰੀਦਕੋਟ ਵਾਪਸੀ ਸੀ | ਟੂਰ ਪਲੈਨ ਕਰਣ ਲੱਗੇ ਮੇਰਾ ਇਕ ਮਕਸਦ ਇਹ ਸੀ ਘੱਟ ਤੋਂ ਘੱਟ ਸਮੇਂ ਵਿਚ ਜਿਆਦਾ ਤੋਂ ਜਿਆਦਾ ਉਹਨਾਂ ਥਾਵਾਂ ਤੇ ਜਾਇਆ ਜਾਵੇ ਜਿੱਥੇ ਪੰਜਾਬੀ ਲੋਕ ਘੱਟ ਜਾਂਦੇ ਹਨ ਨਹੀ ਤਾਂ ਸੱਤਰ ਅੱਸੀ ਪ੍ਰਤੀਸ਼ਤ ਲੋਕ ਮਨਾਲੀ, ਸ਼ਿਮਲਾ ਜਾਂ ਮੰਸੂਰੀ ਨੂੰ ਹੀ ਹਰ ਸਾਲ ਪੱਧਰਾ ਕਰ ਆਉਂਦੇ ਹਨ | ਰਸ਼ਪਾਲ ਨੂੰ ਮੈਂ ਹਰ ਬਰੀਕ ਤੋਂ ਬਰੀਕ ਜਾਣਕਾਰੀ ਦੇ ਦਿੱਤੀ ਸੀ ਕਿ ਕਿਹੜੀ ਟਰੇਨ ਦੇ ਸੈਕਿੰਡ ਏ.ਸੀ. ਡੱਬੇ ਵਿਚ ਕਿਹੜੀ ਸੀਟ ਤੇ ਕਿੰਨੇ ਵਜੇ ਉੱਡਣ ਵਾਲੀ ਫਲਾਈਟ ਚ ਬੁਕਿੰਗ ਕਰਾਉਣੀ ਹੈ | ਹੋਟਲ ਬੁੱਕ ਕਰਾਉਣ ਦੀ ਜਿੰਮੇਵਾਰੀ ਰਸ਼ਪਾਲ ਨੇ ਆਪ ਲੈ ਲਈ ਕਿ ਉਹ ਆਪੇ ਵਧੀਆ ਹੋਟਲ ਬੁੱਕ ਕਰਵਾ ਦਏਗਾ | ਟੈਕਸੀ ਵਗੈਰਾ ਤਾਂ ਮੌਕੇ ਤੇ ਹੀ ਬੁੱਕ ਕਰਾਉਣਾ ਠੀਕ ਸਮਝਿਆ | ਰਸ਼ਪਾਲ ਨੇ ਥੋੜਾ ਚਿਰ ਪਹਿਲਾਂ ਹੀ ਜਮੀਨ ਲਈ ਸੀ ਇਸ ਲਈ ਉੁਹਦੇ ਹੱਥ ਚ ਜਿਆਦਾ ਪੈਸੇ ਨਹੀ ਸੀ ਮੈਂ ਆਪਣੇ ਡੈਡੀ ਜੀ ਨੂੰ ਕਿਹਾ ਕਿ ਰਸ਼ਪਾਲ ਨੂੰ ਪੱਚੀ ਹਜ਼ਾਰ ਰੁਪਿਆ ਦੇ ਦੇਣ ਤਾਂ ਕਿ ਉਹ ਮਿਸ਼ਨ ਸ਼ੁਰੂ ਕਰ ਸਕੇ | ਰਸ਼ਪਾਲ ਭਾਰਤੀ ਟਰੇਨ ਦੇ ਸਿਸਟਮ ਨੂੰ ਜਿਆਦਾ ਸਮਝ ਨਹੀ ਸਕਿਆ ਤੇ ਮੇਰੀ ਸਿਕੰਦਰਾਬਾਦ ਤੋਂ ਹਜੂ਼ਰ ਸਾਹਿਬ ਤੇ ਮਨਮਾੜ ਤੋਂ ਭੋਪਾਲ ਤੇ ਫਰੀਦਕੋਟ ਵਾਲੀ ਟਿਕਟਾਂ ਵੇਟਿੰਗ ਲਿਸਟ ਵਿਚ ਜਾ ਪਈਆਂ ਤੇ ਸਿਕੰਦਰਾਬਾਦ ਵਾਲੀ ਤਾਂ ਸੀ ਵੀ ਰਿਮੋਟ ਲੋਕੇਸ਼ਨ ਵੇਟ ਲਿਸਟ ਮਤਲਬ ਕਿ ਇਹ ਟਿਕਟ ਦੇ ਕਨਫਰਮ ਹੋਣ ਦੇ ਚਾਂਸ ਪੰਜ ਪ੍ਰਤੀਸ਼ਤ ਹੁੰਦੇ ਹਨ ਤੇ ਟਿਕਟ ਵੀ ਗੱਡੀ ਚੱਲਣ ਤੋਂ ਕੁਝ ਘੰਟੇ ਪਹਿਲਾਂ ਹੀ ਕਨਫਰਮ ਹੋ ਵੀ ਸਕਦੀ ਤੇ ਨਹੀ ਵੀ | ਬਾਕੀ ਸਭ ਕੁਝ ਵਧੀਆ ਤਰੀਕੇ ਨਾਲ ਬੁੱਕ ਹੋ ਗਿਆ | ਮੈਂ ਆਪਣੇ ਕੰਮ ਤੋਂ ਦੋ ਜੂਨ ਤੋਂ ਤੀਹ ਜੂਨ ਤੱਕ ਛੁੱਟੀ ਲਈ ਤੇ ਆਪਣੇ ਅੰਤਰਾਸ਼ਟਰੀ ਫਲਾਇਟ ਲੱਭਣ ਲੱਗ ਗਿਆ | ਘਰੇ ਪਿੱਛੇ ਮੇਰੀ ਬੇਟੀ ਨੂੰ ਸੰਭਾਲਨ ਲਈ ਭਾਰਤ ਤੋਂ ਸਹੁਰਾ ਸਾਹਿਬ ਨੂੰ ਮੈਲਬੌਰਨ ਬੁਲਾ ਲਿਆ ਤਾਂ ਕਿ ਪਿੱਛੇ ਕੋਈ ਮੁਸ਼ਕਿਲ ਨਾ ਆ ਜਾਏ | ਫਿਰ ਕਰਦੇ ਕਰਾਉਂਦੇ ਜੁਗਾੜ ਲਾ ਕੇ ਇਤਿਹਾਦ ਏਅਰਵੇਜ ਦੀ ਫਲਾਇਟ ਮਿਲ ਗਈ ਬਹੁਤ ਵਧੀਆ ਰੇਟ ਵਿਚ ਉਸ ਦੇ ਨਾਲ ਦੋ ਤੇਈ ਕਿਲੋ ਚੈਕ ਇਨ ਬੈਗ ਤੇ ਇਕ ਸੱਤ ਕਿਲੋ ਹੈਂਡ ਬੈਗ ਲਿਜਾਣ ਦਾ ਕੰਮ ਬਣ ਗਿਆ | ਨਾਲੇ ਬਾਕੀ ਦੀਆਂ ਏਅਰਲਾਈਨਜ਼ ਦੇਖ ਚੁੱਕਿਆ ਸੀ ਇਸ ਵਾਰ ਸੁਣਿਆ ਸੀ ਕਿ ਇਸ ਵਿਚ ਪੈਸੇ ਦੇ ਕੇ ਇੰਟਰਨੈਟ ਵੀ ਵਰਤ ਸਕਦੇ ਹਾਂ ਆਪਾਂ ਇਤਿਹਾਦ ਦਾ ਤਜ਼ਰਬਾ ਕਰਣ ਦਾ ਫੈਸਲਾ ਕੀਤਾ |
ਦੋ ਜੂਨ ਨੂੰ ਸਵੇਰੇ ਦੱਸ ਵਜੇ ਆਪਣਾ ਕੰਮ ਖਤਮ ਕਰ ਕੇ ਮੈ ਘਰੇ ਕਰੇਨਬਰਨ ਪਹੁੰਚਿਆ, ਆਪਣਾ ਸਮਾਨ ਗੱਡੀ ਵਿਚ ਰੱਖ ਕੇ ਘਰਵਾਲੀ ਨਾਲ ਬੇਟੀ ਦੇ ਕਿੰਡਰ ਨੂੰ ਚਾਲੇ ਪਾ ਦਿੱਤੇ, ਰੂਹਵੀਨ ਦੇ ਕੋਲ ਜਾ ਕੇ ਇਕ ਵਾਰ ਮਨ ਭਰ ਆਇਆ ਪਰ ਉਹ ਬਾਦ ਵਿਚ ਫਿਰ ਖੇਡਣ ਵਿਚ ਬਿਜੀ ਹੋ ਗਈ | ਘਰੇ ਆ ਕੇ ਘਰਵਾਲੀ ਘਰੇ ਰਹਿ ਗਈ ਤੇ ਮੈਂ ਆਪਣੇ ਸਹੁਰਾ ਸਾਹਿਬ ਨੂੰ ਲੈ ਕੇ ਵਿੱਕੀ ਸ਼ਰਮੇ ਦੇ ਘਰ ਵੱਲ ਕਾਰ ਖਿੱਚ ਦਿੱਤੀ | ਕਿਉਂ ਕਿ ਵਿੱਕੀ ਨੇ ਮੈਨੂੰ ਏਘਰਪੋਰਟ ਛੱਡਣ ਜਾਣਾ ਸੀ | ਇਤਿਹਾਦ ਦੀ ਫਲਾਇਟ ਸ਼ਾਮ ਚਾਰ ਵਜੇ ਦੀ ਸੀ | ਇਕ ਵਜੇ ਦੇ ਕਰੀਬ ਮੈਨੂੰ ਏਅਰਪੋਰਟ ਤੇ ਉਤਾਰ ਕੇ ਵਿੱਕੀ ਤੇ ਸਹੁਰਾ ਸਾਹਿਬ ਵਾਪਿਸ ਚਲੇ ਗਏ ਤੇ ਮੈਂ ਆਪਣੇ ਸੂਟਕੇਸ ਪਲਾਸਟਿਕ ਰੈਪ ਕਰਵਾ ਕੇ ਇਤਿਹਾਦ ਦੇ ਆਨ ਲਾਇਨ ਚੈਕ ਇਨ ਤੇ ਜਮਾਂ ਕਰਵਾ ਦਿੱਤੇ | ਮਸਾਂ ਦੋ ਮਿੰਟ ਦਾ ਸਮਾਂ ਹੀ ਲੱਗਿਆ ਇਸ ਸਾਰੇ ਕਾਰਜ ਵਿਚ ਕਿਉਂ ਕਿ ਬੋਰਡਿੰਗ ਪਾਸ ਮੈਂ ਇਕ ਦਿਨ ਪਹਿਲਾਂ ਹੀ ਘਰੇ ਪ੍ਰਿੰਟ ਕਰ ਲਏ ਸੀ | ਜਦ ਕਿ ਦੂਜੇ ਲੋਕ ਲੰਮੀ ਕਤਾਰ ਵਿਚ ਇੰਤਜ਼ਾਰ ਰਹੇ ਸੀ |
ਇਤਿਹਾਦ ਰਾਹੀ ਆਬੂ ਧਾਬੀ ਦੇ ਰਸਤੇ ਸਫਰ ਕਰਣ ਵਾਲੇ ਦੋਸਤਾਂ ਨੂੰ ਮੈਂ ਇਕ ਗੱਲ ਖਾਸ ਤੌਰ ਤੇ ਦੱਸਣਾ ਚਾਹਾਂਗਾ ਕਿ ਇਸ ਰਸਤੇ ਰਾਹੀ ਤੁਸੀ ਡਿਉੂਟੀ ਫਰੀ ਸ਼ਰਾਬ ਨਹੀ ਲੈ ਕੇ ਜਾ ਸਕਦੇ, ਜੇਕਰ ਤੁਸੀ ਮੈਲਬੌਰਨ ਤੋਂ ਦਿੱਲੀ ਜਾ ਰਹੇ ਹੋ ਵਾਇਆ ਆਬੂ ਧਾਬੀ ਤਾਂ ਤੁਹਾਨੂੰ ਸ਼ਰਾਬ ਆਬੂ ਧਾਬੀ ਡਿਉੂਟੀ ਫਰੀ ਜਾਂ ਦਿੱਲੀ ਡਿਊਟੀ ਫਰੀ ਤੋਂ ਹੀ ਖਰੀਦਣੀ ਪੈਣੀ ਹੈ ਇਸ ਨੂੰ ਚਾਹੇ ਸ਼ਰੇਆਮ ਧੱਕਾ ਸਮਝ ਲਉੂ ਚਾਹੇ ਸਕਿਉਰਿਟੀ ਬਹਾਨਾ, ਪਰ ਭਾਰਤ ਵਿਚ ਡਿਉੂਟੀ ਫਰੀ ਦਾਰੂ ਜਿਆਦਾ ਸਸਤੀ ਹੈ |

ਸਕਿਉਰਟੀ ਤੇ ਕਸਟਮ ਤੋਂ ਵਿਹਲਾ ਹੋ ਕੇ ਮੈਂ ਜਾ ਖਲੋਤਾ ਇਤਿਹਾਦ ਦੇ ਟਰਮੀਨਲ ਤੇ, ਜਿਥੋਂ ਜਹਾਜ ਨੇ ਤਕਰੀਬਨ ਬਾਰਾਂ ਹਜ਼ਾਰ ਕਿਲੋਮੀਟਰ ਦਾ ਪੈਂਧਾ ਤਹਿ ਕਰ ਕੇ ਸਿੱਧਾ ਆਬੂ ਧਾਬੀ ਜਾ ਖੜੋਨਾ ਸੀ ਇਹ ਦੋ ਜੰਬੋ ਇੰਜਨਾਂ ਵਾਲਾ ਬੋਇੰਗ ਦਾ 777 ਜਹਾਜ ਸੀ ਜਿਸ ਵਿਚ ਆਧੁਨਿਕ ਸੁਵਿਧਾਵਾਂ ( ਵਾਈ ਫਾਈ ਇੰਟਰਨੈਟ, ਵ ਲੈਨ ਪੋਰਟ, ਫੋਨ ਤੇ ਲੈਪਟਾਪ ਚਾਰਜ ਕਰਣ ਵਾਲੀ ਯੂ ਐਸ ਬੀ ਪੋਰਟ )ਮੁਹੱਈਆ ਕਰਵਾਈਆਂ ਗਈਆਂ ਹਨ | ਜਹਾਜ ਵਿਚ ਸਵਾਰੀਆਂ ਬੈਠਣ ਲੱਗ ਗਈਆਂ, ਵਿਚੇ ਵਿਚ ਕੁਝ ਸੀਟਾਂ ਖਾਲੀ ਪਈਆਂ ਸਨ ਮੈਂ ਇਕ ਅੰਤ ਵਾਲੀ ਸੀਟ ਲਾਈਨ ਤੇ ਨਜ਼ਰ ਜਮਾ ਕੇ ਰੱਖ ਲਈ ਜਦੋਂ ਜਹਾਜ ਦਾ ਦਰਵਾਜਾ ਬੰਦ ਹੋਇਆ ਮੈਂ ਸਿੱਧਾ ਉਹਨਾਂ ਸੀਟਾਂ ਤੇ ਜਾ ਡਿੱਗਾ ਕਿ ਆਰਾਮ ਨਾਲ ਸੌਂ ਕੇ ਜਾਵਾਂਗੇ ਨਾਲ ਹੀ ਬਾਕੀ ਦੂਜੇ ਲੋਕਾਂ ਨੇ ਵੀ ਇੰਝ ਹੀ ਕੀਤਾ | ਜਹਾਜ ਦੀ ਹਰ ਸੀਟ ਤੇ ਅਮੈਨਟੀ ਕਿੱਟ ਪਹਿਲਾਂ ਹੀ ਮੋਜੂਦ ਸੀ ਜਿਸ ਵਿਚ ਟੂਥਬਰੁੱਸ਼, ਛੋਟੀ ਪੇਸਟ, ਜੁਰਾਬਾਂ, ਈਅਰ ਪਲੱਗ, ਆਈ ਮਾਸਕ ਮੋਜੂਦ ਸੀ |
ਜਹਾਜ ਨੇ ਆਪਣੇ ਵਿਸ਼ਾਲ ਪੰਖ ਖਿਲਾਰੇ ਤੇ ਜਾ ਗੋਤਾ ਲਾਇਆ ਅਸਮਾਨ ਚ, ਹੌਲੀ ਹੌਲੀ ਜਮੀਨ ਦਿਖਣੀ ਖਤਮ ਹੋ ਗਈ ਤੇ ਬੱਦਲਾਂ ਤੋਂ ਉੱਤੇ ਜਹਾਜ ਜਾ ਪਹੁੰਚਾ, ਡਰਿੰਕਸ ਦੀ ਸ਼ੁਰੂਆਤ ਹੋ ਗਈ ਸੀ | ਸਵੇਰੇ ਢਾਈ ਵਜੇ ਦਾ ਜਾਗਿਆ ਹੋਣ ਕਾਰਣ ਮੈਂ ਸੌਣਾ ਚਾਹੁੰਦਾ ਸੀ ਪਰ ਘਰੇ ਜਾਣ ਦੀ ਖਿੱਚ ਕਿੱਥੇ ਨੀਂਦ ਆਉਣ ਦਿੰਦੀ ਹੈ ਦੋ ਬੀਅਰ ਪੀ ਕੇ ਇਕ ਵਾਰ ਤਿੰਨ ਚਾਰ ਘੰਟੇ ਦੀ ਝੂਟੀ ਲੈ ਲਈ ਜਦੋਂ ਜਾਗਿਆ ਤਾਂ ਦੇਖਿਆ ਜਹਾਜ ਆਸਟਰੇਲੀਆ ਦੀ ਜਮੀਨ ਛੱਡ ਚੁੱਕਾ ਸੀ ਤੇ ਇੰਡੋਨੇਸ਼ੀਆ ਦੇ ਥੱਲੇ ਦੀ ਟੱਪ ਰਿਹਾ ਸੀ ਮੇਰੇ ਦਿਮਾਗ ਵਿਚ ਆਇਆ ਕਿ ਇਕ ਵਾਰ ਇੰਟਰਨੈਟ ਵਰਤ ਕੇ ਦੇਖਿਆ ਜਾਵੇ ਮਨਾ, ਕੋਈ ਪੰਦਰਾਂ-ਵੀਹ ਡਾਲਰ ਦਾ ਕਾਹਦਾ ਫਿਕਰ ਕਰਣਾ, ਫੋਨ ਕੁਨੈਕਟ ਕਰਦੇ ਹੀ ਆਪਸ਼ਨ ਆ ਗਈ ਕਿ ਬਾਰਾਂ ਅਮਰੀਕਨ ਡਾਲਰ ਦੇ ਦੋ ਘੰਟੇ, ਚੌਦਾਂ ਡਾਲਰ ਦੇ ਚਾਰ ਘੰਟੇ ਤੇ ਬਾਈ ਡਾਲਰ ਵਿਚ ਸਾਰੀ ਫਲਾਈਟ ਵਿਚ ਅਨਲਿਮਿਟਡ ਇੰਟਰਨੈਟ ਵਰਤਿਆ ਜਾ ਸਕਦਾ ਹੈ | ਸੋ ਮੈਂ ਬਾਰਾਂ ਡਾਲਰ ਵਾਲਾ ਪਾਸ ਖਰੀਦਿਆ ਜੋ ਕਿ ਔਜੀ ਡਾਲਰ ਵਿਚ ਸੌਲਾਂ ਡਾਲਰ ਬਣੇ, ਪੈਸੇ ਮੈਂ ਪੇਪਲ ਰਾਹੀ ਪੇ ਕਰ ਦਿੱਤੇ | ਤੇ ਨੈਟ ਚੱਲਣਾ ਸ਼ੁਰੂ ਹੋ ਗਿਆ | ਕੁਝ ਦੋਸਤਾਂ ਨੂੰ ਲੱਗਿਆ ਕਿ ਸ਼ਾਇਦ ਮੈਂ ਗੱਪ ਮਾਰ ਤਾ ਇੰਟਰਨੈਟ ਵਾਲਾ, ਫਿਰ ਤਸੱਲੀ ਕਰਵਾਉਣ ਲਈ ਫੇਸਬੁੱਕ ਤੋਂ ਲਾਈਵ ਵੀਡੀਉ ਪਾਇਆ | ਆਪਣੇ ਫੋਨ ਤੇ ਸਪੀਡ ਟੈਸਟ ਐਪ ਤੇ ਚੈਕ ਕੀਤਾ ਤਾਂ ਇਕ ਐਮਬੀ ਦੇ ਕਰੀਬ ਡਾਊੁਨਲੋਡ ਤੇ ਅੱਧੀ ਐਮਬੀ ਦੇ ਕਰੀਬ ਅਪਲੋਡ ਦੀ ਸਪੀਡ ਸੀ | ਐਨੀ ਸਪੀਡ ਤੇ ਤੁਸੀ ਇੰਟਰਨੈਟ ਤੇ ਈਮੇਲ, ਫੇਸਬੁੱਕ ਤੇ ਯੂ ਟਿਊਬ ਦੇਖ ਸਕਦੇ ਹੋ | ਕੁਝ ਦੇਰ ਆਪਣੀ ਬੇਟੀ ਨਾਲ ਗੱਲ ਕੀਤੀ ਤੇ ਫਿਰ ਖਾਣਾ ਖਾ ਕੇ ਨੀਂਦ ਦੀ ਗੋਦ ਵਿਚ ਜਾ ਬਿਰਾਜੇ | ਆਪਣੀ ਚਾਲੇ ਚੱਲਦਾ ਜਹਾਜ ਤੇਰਾਂ ਘੰਟੇ ਸਤਾਈ ਮਿੰਟ ਵਿਚ ਆਬੂ ਧਾਬੀ ਦੇ ਟਰਮੀਨਲ ਤਿੰਨ ਤੇ ਜਾ ਲੱਗਾ | ਰਾਤ ਦੇ ਤਕਰੀਬਨ ਗਿਆਰਾਂ ਵੱਜੇ ਹੋਏ ਸੀ, ਆਬੂ ਧਾਬੀ ਏਅਰਪੋਰਟ ਤੇ ਉਸਾਰੀ ਦਾ ਕੰਮ ਜੋਰਾਂ ਤੇ ਚੱਲ ਰਿਹਾ ਸੀ ਇਸ ਲਈ ਜਹਾਜ ਨੂੰ ਏਅਰ ਟਨਲ ਦੀ ਬਜਾਏ ਟਰਮੀਨਲ ਤੋਂ ਪਾਸੇ ਰੋਕ ਕੇ ਯਾਤਰੀਆਂ ਨੂੰ ਬੱਸਾਂ ਰਾਹੀ ਟਰਮੀਨਲ ਤਿੰਨ ਵਿਚ ਪਹੁੰਚਾਇਆ ਗਿਆ | ਆਬੂ ਧਾਬੀ ਤੌਂ ਅਗਲੀ ਫਲਾਇਟ ਸਵੇਰ ਤਿੰਨ ਵਜੇ ਸੀ ਜੋ ਕਿ ਟਰਮੀਨਲ ਇਕ ਤੋਂ ਚੱਲਣੀ ਸੀ | ਡਿਉੂਟੀ ਫਰੀ ਦੁਕਾਨਾਂ ਮੈਨੂੰ ਕੋਈ ਜਿਆਦਾ ਸਸਤੀਆਂ ਨਹੀ ਲੱਗੀਆਂ, ਹਾਂ ਤੰਬਾਕੂ ਦੀ ਬਦਬੋ ਨੇ ਟਰਮੀਨਲ ਵਿਚ ਸਾਹ ਲੈਣਾ ਔਖਾ ਕੀਤਾ ਪਿਆ ਸੀ ਕਿਉਂ ਕਿ ਜਿਆਦਾ ਹੁੱਕਾ ਕਲਚਰ ਚੱਲਦਾ ਹੈ ਤੇ ਤੰਬਾਕੂ ਦੇ ਖੁੱਲੇ ਭੰਡਾਰ ਹਨ ਨਾਲੇ ਸਮੋਕ ਲਈ ਕਮਰੇ ਵਿਸ਼ੇਸ ਤੌਰ ਤੇ ਬਣੇ ਹੋਏ ਹਨ ਏਅਰਪੋਰਟ ਵਿਚ | ਦਿੱਲੀ ਜਾਣ ਵਾਲੇ ਗੇਟ ਤੇ ਆਪਣੇ ਭਾਰਤੀ ਲੋਕਾਂ ਦਾ ਹੜ ਆਇਆ ਪਿਆ ਸੀ | ਇਸ ਗੇਟ ਤੋਂ ਬੱਸ ਨੇ ਸਭ ਯਾਤਰੀਆਂ ਨੂੰ ਜਹਾਜ ਤੱਕ ਪਹੁੰਚਾਣਾ ਸੀ | ਲੋਕਾਂ ਨੇ ਐਨੀ ਜਿਆਦਾ ਧੱਕਾ ਮੁੱਕੀ ਕੀਤੀ ਕਿ ਪਤਾ ਨਹੀ ਜਹਾਜ ਉਹਨਾਂ ਨੂੰ ਛੱਡ ਕੇ ਹੀ ਨਾ ਕਿਤੇ ਨਿਕਲ ਜਾਏ, ਐਨੀ ਹਾਏ ਤੌਬਾ ਪਹਿਲੀ ਵਾਰ ਆਬੂ ਧਾਬੀ ਤੋਂ ਦਿੱਲੀ ਹਵਾਈ ਰਸਤੇ ਵਿਚ ਦੇਖੀ, ਵਿਚਾਰੀਆਂ ਏਅਰਹੋਸਟਸ ਰੋਣ ਹਾਕੀਆਂ ਹੋਈਆਂ ਪਈਆਂ ਸੀ | ਕਈ ਵਾਰ ਬੰਦਾ ਜਿਆਦਾ ਸਸਤੀ ਟਿਕਟ ਲੈ ਲੈਂਦਾ ਹੈ ਤਾਂ ਉਸ ਵਿਚ ਸ਼ਰਾਬ ਤੇ ਖਾਣੇ ਦੀ ਲਿਮਟ ਵੀ ਹੁੰਦੀ ਹੈ ਸਾਡੀ ਜਨਤਾ ਸਵੇਰੇ ਤਿੰਨ ਵਜੇ ਸਕਾਚ ਦੀ ਮੰਗ ਤੇ ਮੰਗ ਠੋਕ ਰਹੀ ਸੀ | ਕੋਈ ਬੰਦਾ ਏਅਰਹੋਸਟਸ ਦੀ ਗੱਲ ਸੁਨਣ ਨੂੰ ਤਿਆਰ ਨਹੀ ਸੀ ਸਭ ਆਪਣੀ ਕਾਵਾਂ ਰੋਲੀ ਬੈਠੇ ਪਾ ਰਹੇ ਸੀ ਮੈਨੂੰ ਇਹ ਲੱਗਾ ਸ਼ਾਇਦ ਕਿਸੇ ਕੰਪਨੀ ਦੇ ਚੁੰਗਲ ਵਿਚੋਂ ਇਹ ਜਾਨਾਂ ਛੁੱਟ ਕੇ ਆਈਆਂ ਹੋਣ ਤਾਂ ਕਰਕੇ ਕਿਲਕਾਰੀਆਂ ਮਾਰਦੇ ਫਿਰ ਰਹੇ ਹਨ | ਰੱਬ ਹੀ ਜਾਣਦਾ ਇਹਨਾਂ ਦੀ ਕਹਾਣੀ ਕੀ ਸੀ ਮੈਂ ਤਾਂ ਆਵਦੇ ਈਅਰ ਪਲੱਗ ਕੰਨਾਂ ਵਿਚ ਸੁੱਟ ਕੇ ਪੈ ਗਿਆ | ਜੋ ਜਹਾਜ ਚ ਚੜਨ ਲੱਗੇ ਹਾਲ ਹੋਇਆ ਸੀ ਉਸ ਤੋਂ ਬੁਰਾ ਉੱਤਰਣ ਲੱਗੇ ਹੋਇਆ ਭਾਰਤੀ ਲੋਕਾਂ ਵਿਚ ਹਲੀਮੀ ਦੀ ਬਹੁਤ ਘਾਟ ਲੱਗੀ, ਹੈ ਮੇਰੇ ਵਿਚ ਵੀ ਉਹੀ ਭਾਰਤੀ ਖੂਨ ਪਰ ਆਸਟਰੇਲੀਆ ਵਰਗੇ ਮੁਲਕ ਨੇ ਜੀਵਣ ਸਹੀ ਤਰੀਕੇ ਨਾਲ ਜਿਉੂਣ ਦੀ ਕਲਾ ਸਿਖਾਈ ਹੋਣ ਕਾਰਣ ਨਿਮਰਤਾ ਤੇ ਹਲੀਮੀ ਆਪਣੇ ਅੰਦਰ ਕੁਝ ਕ ਘਰ ਕਰ ਗਈ ਹੈ | ਤਕਰੀਬਨ ਸਾਢੇ ਤਿੰਨ ਘੰਟੇ ਦੇ ਸਫਰ ਬਾਦ ਸਵੇਰੇ ਅੱਠ ਵਜੇ ਜਹਾਜ ਨਵੀਂ ਦਿੱਲੀ ਜਾ ਪਹੁੰਚਿਆ ਮੈਂ ਤਾਂ ਜਿੰਨੀ ਦੇਰ ਜਹਾਜ ਖਾਲੀ ਨਹੀ ਹੋਇਆ ਉਨੀ ਦੇਰ ਸੀਟ ਤੇ ਹੀ ਬੈਠਾ ਰਿਹਾ | ਜਿਆਦਾ ਰਸ਼ ਨਹੀ ਸੀ ਏਅਰਪੋਰਟ ਤੇ, ਇਕ ਘੰਟੇ ਵਿਚ ਵਿਹਲਾ ਹੋ ਕੇ ਟਰਮੀਨਲ ਦੇ ਬਾਹਰ ਆ ਪਹੁੰਚਿਆ ਜਿੱਥੇ ਮੇਰਾ ਸਾਲਾ ਲਾਲੀ ਆਪਣੇ ਦੋਸਤ ਰਮਨ ਨਾਲ ਮੈਨੂੰ ਲੈਣ ਪਹੁੰਚਿਆ ਹੋਇਆ ਸੀ ਦਿੱਲੀ ਤੋਂ ਮੁਕਤਸਰ ਸਿਰਫ ਮੈਂ ਤੇ ਲਾਲੀ ਨੇ ਹੀ ਜਾਣਾ ਸੀ | ਮੈਂ ਦਿੱਲੀ ਤੋਂ ਬਠਿੰਡਾ ਜਾਣ ਵਾਲੀ ਏਅਰ ਇੰਡੀਆਂ ਰਾਹੀ ਮੁਕਤਸਰ ਜਾਣ ਦਾ ਫੈਸਲਾ ਕੀਤਾ ਸੀ ਪਰ ਐਡੀ ਨਿਕੰਮੀ ਸਰਵਿਸ ਹੈ ਏਅਰ ਇੰਡਿਆ ਕੰਪਨੀ ਦੀ, ਉਹਨਾਂ ਦੇ ਮੁਲਾਜਿਮਾਂ ਨੂੰ ਹੀ ਨਹੀ ਪਤਾ ਸੀ ਕਿ ਕਿੰਨਾ ਸਮਾਨ ਇਸ ਫਲਾਇਟ ਵਿਚ ਲੈ ਕੇ ਜਾਇਆ ਜਾ ਸਕਦਾ ਹੈ | ਜਦੋਂ ਮੈਲਬੋਰਨ ਤੋਂ ਏਅਰ ਇੰਡੀਆ ਦੇ ਕਸਟਮਰ ਸਰਵਿਸ ਸੈਂਟਰ ਤੇ ਫੋਨ ਕਰਣਾ ਤਾਂ ਕੋਈ ਕਹੇ ਪੰਦਰਾਂ + ਸੱਤ ਕੋਈ ਕਹੇ ਪੈਸੇ ਦੇ ਕੇ ਜਿੰਨਾ ਮਰਜੀ ਲੈ ਲਉ | ਅੰਤ ਪਤਾ ਲੱਗਾ ਕਿ ਇਸ ਰੂਟ ਤੇ ਚੁੱਹਤਰ ਸੀਟਾਂ ਵਾਲੇ ਛੋਟੇ ਜਹਾਜ ਚੱਲਦੇ ਹਨ ਤੇ ਇਸ ਵਿਚ ਪੰਦਰਾਂ + ਸੱਤ ਤੋਂ ਜਿਆਦਾ ਭਾਰ ਕਿਸੇ ਹਾਲਾਤ ਵਿਚ ਨਹੀ ਲਿਜਾਇਆ ਜਾ ਸਕਦਾ | ਇਸ ਗੱਲ ਦੀ ਦੀ ਪੁਸ਼ਟੀ ਮੈਂ ਦਿੱਲੀ ਏਅਰਪੋਰਟ ਤੇ ਉੱਤਰ ਕੇ ਏਅਰ ਇੰਡਿਆ ਦੇ ਮੁਲਾਜਿਮਾਂ ਨਾਲ ਗੱਲ ਕਰ ਕੇ ਕੀਤੀ | ਲਾਲੀ ਨੂੰ ਦਿੱਲੀ ਬਾਰੇ ਜਿਆਦਾ ਜਾਣਕਾਰੀ ਨਹੀ ਸੀ ਸੋ ਮੈਨੂੰ ਦਿੱਲੀ ਵਿਚੋਂ ਬਾਹਰ ਕੱਢਣ ਦੀ ਸੇਵਾ ਬਾਬਾ ਗੂਗਲ ਸ਼ਾਹ ਨੇ ਲੈ ਲਈ , ਪਤਾ ਨਹੀ ਕਿਹੜੀਂ ਗਲੀਆਂ ਵਿਚੋਂ ਦੀ ਰਸਤਾ ਦਿਖਾਇਆ ਬਿਨਾਂ ਟਰੈਫਿਕ ਵਿਚ ਫਸੇ ਤੀਹ ਮਿੰਟਾਂ ਵਿਚ ਕਾਰ ਬਹਾਦਰਗੜ ਦੇ ਕੋਲ ਬਣੇ ਟੋਲਵੇ ਦੇ ਕੋਲ ਜਾ ਪਹੁੰਚੀ | ਸਰਸੇ ਹਿਸਾਰ ਦੇ ਵਿਚ ਲੱਗੇ ਨਾਕੇ ਵਿਚ ਹਰਿਆਣਾ ਪੁਲਿਸ ਨੇ ਕਾਰ ਰੋਕੀ ਤੇ ਦੱਸਿਆ ਕਿ ਤੁਹਾਡੀ ਕਾਰ ਦੀ ਸਪੀਡ ਜਿਆਦਾ ਹੈ ਚੌਦਾਂ ਸੌ ਰੁਪਏ ਰੁਪਿਆ ਜੁਰਮਾਨਾ ਦੇਣਾ ਪੈਣਾ, ਮੈਂ ਪੁਲਿਸ ਵਾਲੇ ਦੀ ਛਾਤੀ ਤੇ ਲੱਗੇ ਕੈਮਰੇ ਦੇਖੇ ਸੋਚਿਆ ਕਿ ਇਹ ਤਾਂ ਨਹੀ ਟਲਦਾ ਚੌਦਾਂ ਸੌ ਭਰਵਾਏ ਬਿਨਾਂ, ਪਰ ਪੰਜ ਮਿੰਟ ਵਿਚ ਹੀ ਚਾਰ ਸੌ ਰੁਪਏ ਲੈ ਕੇ ਸਾਡਾ ਰਾਜੀਨਾਮਾ ਹੋ ਗਿਆ | ਚਾਰ ਵਜੇ ਮੈਂ ਜਾ ਬੂਹਾ ਖੜਕਾਇਆ ਆਵਦੇ ਘਰ ਦਾ ਸ਼੍ਰੀ ਮੁਕਤਸਰ ਸਾਹਿਬ ਵਿਖੇ, ਮੰਮੀ ਘਰੇ ਹੀ ਸੀ ਤੇ ਡੈਡੀ ਆਪਣੇ ਕੰਮ ਤੇ ਰੈਡ ਕਰਾਸ ਭਵਨ ਵਿਖੇ | ਕੁਝ ਹੀ ਪਲਾਂ ਵਿਚ ਪਰਿਵਾਰ ਇਕੱਠਾ ਹੋ ਗਿਆ ਤੇ ਗੱਲਾਂ ਬਾਤ ਮਾਰ ਕੇ ਆਪਣੀ ਥਕਾਵਟ ਲਾਹੁਣ ਲਈ ਮੈਂ ਆਪਣੇ ਬੈਡ ਤੇ ਜਾ ਡਿੱਗਾ |

..(ਚੱਲਦਾ)

ਗਿੰਨੀ ਸਾਗੂ
ਮੈਲਬੌਰਨ
ਆਸਟਰੇਲੀਆ
+61-403-147-322
ginni.sagoo@gmail.com

Share Button

Leave a Reply

Your email address will not be published. Required fields are marked *

%d bloggers like this: