ਮੇਰੀ ਐੱਨ.ਜੀ.ਓ. ਦੇ ਸਕੱਤਰ ਨਾਲ ਮੁਲਾਕਾਤ

ਮੇਰੀ ਐੱਨ.ਜੀ.ਓ. ਦੇ ਸਕੱਤਰ ਨਾਲ ਮੁਲਾਕਾਤ

ਮੈਂ ਇੱਕ ਵਾਰ ਕਿਸੇ ਕੰਮ ਜਾ ਰਿਹਾ ਸੀ ਕਿ ਰਸਤੇ ਵਿੱਚ ਮੈਂ ਇੱਕ ਲਾਈਬਰੇਰੀ ਦੇਖੀ। ਜਦ ਮੈਂ ਲਾਈਬਰੇਰੀ ਦੇ ਵਿੱਚ ਅੰਦਰ ਜਾ ਕੇ ਦੇਖਿਆ ਤਾਂ, ਲਾਈਬਰੇਰੀ ਦੇ ਵਿੱਚ ਕਿਤਾਬਾਂ ਵੀ ਚੰਗੀਆਂ ਪਈਆਂ ਸਨ। ਮੈਂ ਲਾਈਬਰੇਰੀਅਨ ਨਾਲ ਗਲਾਂ ਕਰਨ ਲਗ ਗਿਆ ਅਤੇ ਲਾਈਬਰੇਰੀ ਬਾਰੇ ਪੁੱਛਣ ਲਗ ਗਿਆ। ਪੁੱਛਣ ਤੋਂ ਪਤਾ ਲਗਿਆ ਕਿ ਲਾਈਬਰੇਰੀ ਇੱਕ ਐੱਨ.ਜੀ.ਓ. ਦੀ ਹੈ। ਮੈਨੂੰ ਇਹ ਸੁਣਕੇ ਬਹੁਤ ਚੰਗਾ ਲਗਿਆ। ਫਿਰ ਮੈਨੂੰ ਲਾਈਬਰੇਰੀਅਨ ਤੋਂ ਉਸ ਐੱਨ.ਜੀ.ਓ. ਦੇ ਪ੍ਰੋਜੈਕਟ ਅਫਸਰ ਬਾਰੇ ਵੀ ਪਤਾ ਲਗਾ। ਉਹਨਾਂ ਨੇ ਪ੍ਰੋਜੈਕਟ ਅਫਸਰ ਦੀ ਕਾਫੀ ਤਾਰੀਫ ਵੀ ਕੀਤੀ। ਮੈਨੂੰ ਪਤਾ ਲਗਾ ਕਿ ਉਸ ਪ੍ਰੋਜੈਕਟ ਅਫਸਰ ਨੇ ਉਸ ਸੰਸਥਾ ਵਿੱਚ ਕੰਮ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਚੰਗੇ ਸਮਾਜ ਸੇਵੀ ਕੰਮ ਕੀਤੇ ਹਨ। ਮੈਨੂੰ ਉਸ ਨਾਲ ਮਿਲਣ ਦੀ ਦਿਲੋਂ ਇੱਛਾ ਹੋਈ। ਮੈਂ ਝੱਟ ਹੀ ਉਹਨਾਂ ਦਾ ਫੋਨ ਨੰਬਰ ਪਤਾ ਕੀਤਾ ਅਤੇ ਉਹਨਾਂ ਨੂੰ ਜਾ ਕੇ ਮਿਲਿਆ। ਉਹਨਾਂ ਨੇ ਵੀ ਮੇਰੇ ਨਾਲ ਬਹੁਤ ਵਧੀਆ ਢੰਗ ਨਾਲ ਗਲ ਕੀਤੀ। ਇਸ ਮੁਲਾਕਾਤ ਬਾਰੇ ਵਿਸਥਾਰ ਵਿੱਚ ਮੈਂ ਫਿਰ ਕਦੇ ਦੱਸਾਂਗਾ। ਉਹਨਾਂ ਨੇ ਮੈਨੂੰ ਇੱਕ ਵਾਰ ਫਿਰ ਮਿਲਣ ਲਈ ਕਿਹਾ ਅਤੇ ਮੈਨੂੰ ਆਪਣੇ ਸੁਝਾਅ ਦੇਣ ਲਈ ਵੀ ਕਿਹਾ। ਮੈਂ ਕੁੱਝ ਦਿਨਾਂ ਬਾਅਦ ਫਿਰ ਉਹਨਾਂ ਦੇ ਦਫਤਰ ਉਸੇ ਅਫਸਰ ਨੂੰ ਮਿਲਣ ਗਿਆ। ਪਰ ਇਸ ਵਾਰ ਉਹ ਅਫਸਰ ਤਾਂ ਨਹੀਂ ਸਨ, ਪਰ ਉਸ ਸੰਸਥਾ ਦੇ ਸਕੱਤਰ ਮੌਜੂਦ ਸਨ। ਮੈਂ ਸੋਚਿਆ ਮੈਂ ਉਸ ਸਕੱਤਰ ਨਾਲ ਹੀ ਮਿਲ ਲੈਂਦਾ ਹਾਂ। ਪਰ ਇਹ ਮੁਲਾਕਾਤ ਕੁੱਝ ਅਜਿਹੀ ਹੋਣੀ ਸੀ, ਇਹ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਨੂੰ ਇਹ ਪਤਾ ਚਲ ਚੁੱਕਾ ਸੀ ਕਿ ਜੋ ਇਸ ਸੰਸਥਾ ਦੇ ਸਕੱਤਰ ਹਨ, ਉਹ ਮੇਰੇ ਕਦੇ ਪ੍ਰਿੰਸੀਪਲ ਵੀ ਰਹੇ ਸਨ। ਪਰ ਮੈਨੂੰ ਇਸ ਗਲ ਦੀ ਕੋਈ ਖੁਸ਼ੀ ਨਹੀਂ ਸੀ। ਮੈਨੂੰ ਯਾਦ ਆਇਆ ਇੱਕ ਵਾਰ ਮੈਂ ਦੱਸਵੀਂ ਪਾਸ ਕਰਨ ਤੋਂ ਬਾਅਦ ਉਹਨਾਂ ਦੇ ਘਰ ਗਿਆ ਸੀ ਇੱਕ ਸਲਾਹ ਲੈਣ ਵਾਸਤੇ। ਮੈਂ ਉਹਨਾਂ ਤੋਂ ਪੁੱਛਿਆ ਸੀ ਸਰ ਮੈਂ ਪੀ.ਸੀ.ਐੱਸ ਕਰਨਾ ਚਾਹੁੰਦਾ ਹਾਂ। ਕ੍ਰਿਪਾ ਕਰਕੇ ਮੈਨੂੰ ਪੀ.ਸੀ.ਐੱਸ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਪੀ.ਸੀ.ਐੱਸ ਕਰਨ ਲਈ ਮੈਂ ਗਿਆਰਵੀਂ ਬਾਰਵੀਂ ਵਿੱਚ ਕਿਹੜੇ ਵਿਸ਼ੇ ਰੱਖਾਂ? ਪਰ ਮੇਰੀ ਇੱਕ ਸਮੱਸਿਆ ਹੈ ਮੈਂ ਘਰੋਂ ਜ਼ਿਆਦਾ ਤੱਕੜਾ ਨਹੀਂ ਹਾਂ। ਉਹਨਾਂ ਨੇ ਕਿਹਾ ਇਨਸਾਨ ਜਿੰਨ੍ਹਾਂ ਥੱਲ੍ਹੇ ਹੁੰਦਾ, ਉਹ ਉਨਾਂ ਹੀ ਉੱਚਾ ਉੱਡਣ ਦੀ ਕੋਸ਼ਸ਼ ਕਰਦਾ। ਉਹਨਾਂ ਦਾ ਇਹ ਉੱਤਰ ਹੀ ਮੇਰੇ ਲਈ ਕਾਫੀ ਸੀ ਇਹ ਸਮਝਣ ਲਈ ਕਿ ਮੇਰਾ ਇਸ ਕੋਲ ਆਉਣ ਦਾ ਕੋਈ ਫਾਇਦਾ ਨਹੀਂ, ਉਲਟਾ ਨੁਕਸਾਨ ਹੈ। ਪਰ ਫਿਰ ਮੈਂ ਸੋਚਿਆ ਇਸ ਗਲ ਨੂੰ ੧੩ ਸਾਲ ਹੋ ਚੁੱਕੇ ਹਨ, ਇਹ ਇਨਸਾਨ ਅੱਜ ਉਹੋ ਹੀ ਇਨਸਾਨ ਥੋੜ੍ਹੀ ਹੋਵੇਗਾ। ਕਿੰਨ੍ਹੇ ਸਾਲ ਬੀਤ ਗਏ। ਇਨਸਾਨ ਦੀ ਸੋਚ ਇੱਕ ਸਾਲ ਵਿੱਚ ਬਦਲ ਜਾਂਦੀ ਹੈ, ਪਰ ਇਹਨਾਂ ਨੂੰ ਤਾਂ ਤੇਰਾਂ ਸਾਲ ਹੋ ਚੁੱਕੇ ਹਨ। ਕੋਈ ਗਲ ਨਹੀਂ ਯਾਰ, ਤੂੰ ਇਹਨਾਂ ਨਾਲ ਬੇਝਿਜਕ ਹੋਕੇ ਮਿਲ। ਮੈਂ ਇਹ ਸੋਚਕੇ ਉਹਨਾਂ ਦਾ ਕਮਰੇ ਵਿੱਚ ਦਾਖਲ ਹੋ ਗਿਆ। ਮੈਂ ਕਿਹਾ ਸਰ ਮੇਰੀ ਮੁਲਾਕਾਤ ਪ੍ਰੋਜੈਕਟ ਅਫਸਰ ਨਾਲ ਕੁੱਝ ਦਿਨ ਪਹਿਲਾਂ ਹੋਈ ਸੀ। ਉਹ ਇਨਸਾਨ ਮੈਨੂੰ ਬਹੁਤ ਚੰਗੇ ਲੱਗੇ। ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਇੱਥੇ ਆਉਣ ਲਈ ਅਤੇ ਆਪਣੇ ਸੁਝਾਅ ਪੇਸ਼ ਕਰਨ ਲਈ। ਮੈਂ ਅੱਜ ਇਹ ਹੀ ਸੁਝਾਅ ਦੇਣ ਆਇਆਂ ਹਾਂ ਕਿ ਤੁਹਾਡਾ ਲਾਈਬਰੇਰੀ ਵਾਲਾ ਪ੍ਰੋਜੈਕਟ ਬਹੁਤ ਵਧੀਆ ਹੈ। ਪਰ ਦੁੱਖ ਦੀ ਗਲ ਇਹ ਹੈ ਕਿ ਇਸ ਵਿੱਚ ਲੋਕ ਬਹੁਤ ਘੱਟ ਆਉਂਦੇ ਹਨ। ਮੈਂ ਜਦ ਇਸ ਲਾਈਬਰੇਰੀ ਬਾਰੇ ਬਾਹਰ ਗਲ ਕੀਤੀ ਤਾਂ ਮੈਂ ਹੈਰਾਨ ਹੀ ਰਹਿ ਗਿਆ ਕਿ ਇਸ ਲਾਈਬਰੇਰੀ ਬਾਰੇ ਕਿਸੇ ਨੂੰ ਕੁੱਝ ਪਤਾ ਹੀ ਨਹੀਂ ਸੀ। ਮੇਰੇ ਹਿਸਾਬ ਨਾਲ ਇਸ ਲਾਈਬਰੇਰੀ ਦੀ ਅੇਡ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਚਲ ਸਕੇ। ਦਿੱਕਤ ਸਿਰਫ ਇੱਥੇ ਹੈ ਕਿ ਆਪਣੇ ਕੋਲ ਸੋਨਾ ਤਾਂ ਪਿਆ ਹੈ, ਪਰ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਸਕੱਤਰ ਨੇ ਪੁੱਛਿਆ ਵੈਸੇ ਤੁਸੀਂ ਕਰਦੇ ਕੀ ਹੋਂ? ਮੈਂ ਜਵਾਬ ਦਿੱਤਾ ਅਧਿਆਪਕ ਹਾਂ ਜੀ। ਸਕੱਤਰ ਨੇ ਕਿਹਾ ਵੈਸੇ ਤੇਰੀ ਤੌਰ ਤਾਂ ਅਧਿਆਪਕ ਵਾਲੀ ਲਗਦੀ ਨਹੀਂ, ਤੂੰ ਤਾਂ ਇੰਝ ਕਮਰੇ ਵਿੱਚ ਦਾਖਲ ਹੋਇਆਂ ਜਿਵੇਂ ਜੇਮਜ਼ ਬੋਂਡ ਆਇਆ ਹੋਵੇ। ਤੁੰ ਤਾਂ ਇੰਝ ਸਵਾਲ ਕਰ ਰਿਹਾਂ ਜਿਵੇਂ ਕੋਈ ਡਿਟੈਕਟਿਵ ਹੋਵੇਂ। ਵੈਸੇ ਤੁਸੀਂ ਕਿਹੜੇ ਸਕੂਲ਼ ਪੱੜ੍ਹੇ ਓਂ? ਮੈਂ ਸਕੁਲ਼ ਦਾ ਨਾਮ ਦੱਸ ਦਿੱਤਾ। ਉਹਨਾਂ ਨੇ ਕਿਹਾ ਉਸ ਸਕੂਲ਼ ਵਿੱਚ ਮੈਂ ਰੱਤੀ ਭਰ ਵੀ ਬਦਮਾਸ਼ੀ ਨਹੀਂ ਚੱਲਣ ਦਿੱਤੀ। ਭਾਵੇ ਉੱਥੇ ਕਿੰਨ੍ਹੇ ਹੀ ਬਦਮਾਸ਼ ਸਨ। ਕੀ ਤੁਸੀਂ ਮੇਰੇ ਵਿਦਿਆਰਥੀ ਰਹੇ ਓਂ? ਮੈਂ ਕਿਹਾ ਨਹੀਂ। ਉਹਨਾਂ ਨੇ ਕਿਹਾ ਮੇਰੇ ਵਿਦਿਆਰਥੀ ਇੰਝ ਗਲ ਕਰਦੇ ਵੀ ਨਹੀਂ ਜਿਸ ਤਰ੍ਹਾਂ ਤੁਸੀਂ ਕਰ ਰਹੇ ਓਂ। ਤੁਸੀਂ ਆਪਣੀ ਜਾਣ ਪਛਾਣ ਉਸ ਪ੍ਰੋਜੈਕਟ ਅਫਸਰ ਦੇ ਨਾਮ ਤੋਂ ਕਰਵਾਈ ਹੈ, ਤੁਸੀਂ ਇੰਝ ਨਹੀਂ ਕਿਹਾ ਕਿ ਤੁਸੀਂ ਮੇਰੇ ਕਦੇ ਵਿਦਿਆਰਥੀ ਰਹੇ ਓਂ। ਤੇਰਾ ਇਹ ਵਤੀਰਾ ਮੈਨੂੰ ਬਿਲਕੁਲ ਵੀ ਠੀਕ ਨਹੀਂ ਲਗਿਆ। ਇੱਥੇ ਲੋਕ ਸਲਾਹਾਂ ਦੇਣ ਵਾਲੇ ਤਾਂ ਬਹੁਤ ਆਉਂਦੇ ਐ, ਪਰ ਕੰਮ ਕਰਨ ਵਾਲਾ ਕੋਈ ਨਹੀਂ ਆਉਂਦਾ। ਰਹੀ ਲਾਈਬਰੇਰੀ ਦੀ ਮਸ਼ਹੂਰੀ ਦੀ ਗਲ। ਮੈਂ ਫਲੈਕਸ ਲਵਾਏ, ਅਖਬਾਰਾਂ ਵਿੱਚ ਕੱਢਵਾਇਆ। ਮੈਂ ਕਿਹਾ ਵੈਰੀ ਗੁੱਡ। ਉਹਨਾਂ ਨੇ ਮੈਨੂੰ ਟੋਕਦੇ ਹੋਏ ਕਿਹਾ ਹੁਣ ਤੂੰ ਮੈਨੂੰ ਆਪਣੀ ਵੈਰੀ ਗੁੱਡ ਦਾ ਸਰਟੀਫਿਕੇਟ ਨਾਂ ਦੇ। ਮੈਂ ਚੁੱਪ ਕਰ ਗਿਆ। ਉਹ ਫਿਰ ਸ਼ੁਰੂ ਹੋ ਗਏ ਇੰਨ੍ਹੀ ਮਸ਼ਹੂਰੀ ਕਰਨ ਤੋਂ ਬਾਅਦ ਵੀ ਇੱਥੇ ਕੋਈ ਨਹੀਂ ਆਇਆ। ਅਸਲ ਵਿੱਚ ਲੋਕਾਂ ਵਿੱਚ ਪਿਆਸ ਹੀ ਨਹੀਂ ਹੈ ਕਿਤਾਬਾਂ ਪੱੜ੍ਹਨ ਦੀ। ਉਹ ਇਹੋ ਸਾਰਾ ਕੁੱਝ ਨੈਗੇਟਿਵ ਗਲਾਂ ਲੱਗਭੱਗ ਅੱਧਾ ਘੰਟਾ ਕਰਦੇ ਰਹੇ। ਇਸ ਅੱਧੇ ਘੰਟੇ ਦੌਰਾਨ ਜੋ ਮੇਰੇ ਦਿਮਾਗ ਵਿੱਚ ਲਾਈਬਰੇਰੀ ਦੀ ਮਸ਼ਹੂਰੀ ਕਰਨ ਦਾ ਆਈਡਿਆ ਸੀ ਮੈਂ ਕਈ ਵਾਰ ਦੱਸਣ ਦੀ ਕੋਸ਼ਸ਼ ਕੀਤੀ, ਪਰ ਉਹਨਾਂ ਨੇ ਹਰ ਵਾਰ ਮੇਰੀ ਗਲ ਨੂੰ ਮੇਰੀ ਬੇਇਜ਼ਤੀ ਕਰਦੇ ਕਰਦੇ ਕੱਟ ਦਿੱਤਾ। ਪਰ ਮੈਂ ਵੀ ਹੱਟਿਆ ਨਹੀਂ ਮੌਕੇ ਦੀ ਤਲਾਸ਼ ਕਰਦਾ ਰਿਹਾ। ਆਖਿਰ ਮੌਕਾ ਮਿਲ ਹੀ ਗਿਆ। ਮੈਂ ਕਿਹਾ ਜੇਕਰ ਆਪਾਂ ਇੱਕ ਫਲੈਕਸ ਫਲਾਣੀ ਥਾਂ ਲਗਾ ਦੇਈਏ, ਜਿੱਥੇ ਇੱਕ ਹੋਰ ਫਲੈਕਸ ਕਿਸੇ ਹੋਰ ਦਾ ਲਗਿਆ ਪਿਆ ਹੈ, ਤਾਂ ਹੋ ਸਕਦਾ ਲੋਕ ਆਪਣਾ ਫਲੈਕਸ ਵੀ ਪੱੜ੍ਹ ਲੈਣ ਕਿਉਂਕਿ ਦੂਜਾ ਫਲੈਕਸ ਬਹੁਤ ਪੱੜ੍ਹਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਇੰਨ੍ਹੀ ਘਟੀਆ ਸਲਾਹ। ਇੰਨ੍ਹੀ ਭੱਦੀ ਸਲਾਹ। ਹੁਣ ਮੈਨੂੰ ਆਪਣੀ ਲਾਈਬਰੇਰੀ ਚਲਾਉਣ ਲਈ, ਕਿਸੇ ਹੋਰ ਦੇ ਮੋਢੇ ਦੀ ਮੱਦਦ ਲੈਣੀ ਪਵੇਗੀ। ਮੈਨੂੰ ਤਾਂ ਹੈਰਾਨੀ ਹੋ ਰਹੀ ਹੈ ਕਿ ਤੁੰ ਇੱਕ ਅਧਿਆਪਕ ਹੋ ਕੇ ਮੈਨੂੰ ਇਹੋ ਜਿਹੀ ਸਲਾਹ ਦੇਣ ਆਇਆਂ ਹੈਂ।

ਮੈਂ ਅੱਕ ਕੇ ਕਿਹਾ ਫਿਰ ਤੁਸੀਂ ਹੀ ਦੱਸ ਦਿਓ, ਤੁਹਾਡੇ ਕੋਲ ਕੀ ਪਲੈਨ ਹੈ? ਉਹਨਾਂ ਨੇ ਕਿਹਾ ਹੁਣ ਤੁੰ ਮੇਰਾ ਇੰਟਰਵਿਊ ਤਾਂ ਨਾ ਲੈ। ਅਸਲ ਵਿੱਚ ਲੋਕ ਇੱਥੇ ਸਲਾਹਾਂ ਜ਼ਿਆਦਾ ਦਿੰਦੇ ਹਨ, ਪਰ ਕੰਮ ਕਰਕੇ ਕੋਈ ਰਾਜ਼ੀ ਨਹੀਂ। ਵੈਸੇ ਤੂੰ ਫਲਾਣੀਆਂ ਕਿਤਾਬਾਂ ਪੱੜ੍ਹੀਆਂ? ਮੈਂ ਕਿਹਾ ਹਾਂ। ਉਹਨਾਂ ਨੇ ਕਿਹਾ ਇਹ ਕਿਤਾਬਾਂ ਤਾਂ ਬਿਲਕੁਲ ਵੀ ਪੱੜ੍ਹਨੀਆਂ ਨਹੀਂ ਚਾਹੀਦੀਆਂ। ਇਹ ਤਾਂ ਇਨਸਾਨ ਦੀਆਂ ਜੜ੍ਹਾਂ ਹਿਲਾ ਦਿੰਦੀਆਂ ਹਨ। ਬਾਕੀ ਗਲ ਰਹੀ ਲਾਈਬਰੇਰੀ ਦੀ, ਉਸ ਲਈ ਮੈਂ ਤੈਨੂੰ ਤਾਰੀਕ ਦਿੰਦਾਂ ਹਾਂ। ਉਸ ਤਰੀਕ ਤੱਕ ਤੁੰ ਮੈਨੂੰ ਦੱਸ ਮੈਂਬਰ ਬਣਾ ਕੇ ਦਿਖਾ ਲਾਈਬਰੇਰੀ ਦੇ। ਮੈਂ ਕਿਹਾ ਜ਼ਰੂਰ। ਮੈਨੂੰ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ। ਹੁਣ ਮੈਂ ਇੱਥੋਂ ਚਲਦਾ ਹਾਂ। ਇਹ ਕਹਿ ਕੇ ਹੀ ਮੈਂ ਕਮਰੇ ਵਿੱਚੋ ਨਿਕਲ ਗਿਆ ਅਤੇ ਆਪਣੀ ਜਾਨ ਛੁਡਾਈ। ਮੈਂ ਸੋਚ ਰਿਹਾ ਸੀ ਕਿ ਜੇ ਅਜਿਹੇ ਲੋਕਾਂ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਸਕੱਤਰ ਕੌਣ ਰੱਖ ਲੈਂਦਾ ਹੈ। ਮੈਨੂੰ ਇਹ ਵੀ ਅਫਸੋਸ ਹੈ ਕਿ ਨਾਂ ਮੈਂ ਆਪਣੇ ਪ੍ਰਿੰਸੀਪਲ ਦੀ ਤੇਰ੍ਹਾਂ ਸਾਲ ਪਹਿਲਾਂ ਕਦਰ ਕਰ ਪਾਇਆ, ਅਤੇ ਨਾਂ ਹੀ ਤੇਰ੍ਹਾਂ ਸਾਲਾਂ ਬਾਅਦ। ਸਮਾਜ ਸੇਵੀ ਸੰਸਥਾਵਾਂ ਪਿਆਰ ਅਤੇ ਨਿਮਰਤਾ ਨਾਲ ਚਲਦੀਆਂ ਹਨ, ਪਰ ਉਹ ਤਾਂ ਆਪਣੇ ਆਪ ਨੂੰ ਡੀ.ਸੀ. ਮਹਿਸੂਸ ਕਰ ਰਹੇ ਸਨ। ਮੈਂ ਉਹਨਾਂ ਨਾਲ ਜੁੜਕੇ ਉਹਨਾਂ ਵਾਸਤੇ ਫਰੀ ਵਿੱਚ ਕੰਮ ਕਰਨਾ ਚਾਹੁੰਦਾ ਸੀ, ਪਰ ਉਸ ਸੰਸਥਾ ਦੇ ਸਕੱਤਰ ਨਾਲ ਮਿਲਣ ਤੋਂ ਬਾਅਦ ਮੇਰਾ ਇਰਾਦਾ ਬਦਲ ਗਿਆ।

ਸਕਰਿਪਟ ਰਾਈਟਰ ਅਮਨਪ੍ਰੀਤ ਸਿੰਘ
09465554088

Share Button

Leave a Reply

Your email address will not be published. Required fields are marked *

%d bloggers like this: