ਜੀ ਐਸ ਟੀ ਧਾਰਮਿਕ ਅਸਥਾਨਾਂ ‘ਤੇ ਲਾਗੂ ਨਾ ਕਰੇ ਕੇਂਦਰ : ਬਾਬਾ ਹਰਨਾਮ ਸਿੰਘ ਖ਼ਾਲਸਾ

ਜੀ ਐਸ ਟੀ ਧਾਰਮਿਕ ਅਸਥਾਨਾਂ ‘ਤੇ ਲਾਗੂ ਨਾ ਕਰੇ ਕੇਂਦਰ :  ਬਾਬਾ ਹਰਨਾਮ ਸਿੰਘ ਖ਼ਾਲਸਾ

ਸ਼ਹੀਦੀ ਗੈਲਰੀ ਦੀ ਕਾਰ ਸੇਵਾ ਮੌਕੇ ਸਹਿਯੋਗ ਦੇਣ ਵਾਲਿਆਂ ਦਾ ਟਕਸਾਲ ਨੇ ਕੀਤਾ ਧੰਨਵਾਦ

ਅੰਮ੍ਰਿਤਸਰ, 7 ਜੁਲਾਈ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਨੂੰ ਧਾਰਮਿਕ ਅਸਥਾਨਾਂ ਦੇ ਲੰਗਰ ਅਤੇ ਹੋਰ ਜ਼ਰੂਰੀ ਵਸਤਾਂ ‘ਤੇ ਲਾਗੂ ਕੀਤੀ ਗਈ ਜੀ ਐਸ ਟੀ ਪ੍ਰਤੀ ਮੁੜ ਨਜ਼ਰਸਾਨੀ ਕਰਦਿਆਂ ਸ਼੍ਰੋਮਣੀ ਕਮੇਟੀ ਸਮੇਤ ਤਮਾਮ ਧਾਰਮਿਕ ਅਸਥਾਨਾਂ ਨੂੰ ਜੀ ਐਸ ਟੀ ਤੋਂ ਬਾਹਰ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜੀ ਐਸ ਟੀ ਨਾਲ ਧਾਰਮਿਕ ਸਥਾਨਾਂ ‘ਤੇ ਵਾਧੂ ਵਿੱਤੀ ਬੋਝ ਪਵੇਗਾ ਅਤੇ ਉੱਥੇ ਧਾਰਮਿਕ ਅਤੇ ਲੋਕ ਭਲਾਈ ਦੇ ਹੋ ਰਹੇ ਕਾਰਜ ਪ੍ਰਭਾਵਿਤ ਹੋਣਗੇ।

ਇਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਕਲ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਜੂਨ ’84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਉੱਸਾਰੇ ਗਏ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੀ ਬੇਸਮੈਂਟ ਵਿੱਚ ਸ਼ਹੀਦੀ ਗੈਲਰੀ ਦੀ ਕਾਰਸੇਵਾ ਦੀ ਆਰੰਭਤਾ ਮੌਕੇ ਅਤੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠਾਂ ਦੀ ਲੜੀ ਸ਼ੁਰੂ ਕਰਨ ਸਮੇਂ ਤੋਂ ਇਲਾਵਾ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਤਸਵੀਰ ਸੁਸ਼ੋਭਿਤ ਕਰਨ ਦੌਰਾਨੇ ਦਮਦਮੀ ਟਕਸਾਲ ਨੂੰ ਭਰਪੂਰ ਅਤੇ ਮਾਣਮੱਤਾ ਸਹਿਯੋਗ ਦੇਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਸਮੇਤ ਤਮਾਮ ਸਤਿਕਾਰਯੋਗ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਮੈਬਰਾਂ, ਸੰਤ ਮਹਾਂਪੁਰਸ਼ਾਂ, ਨਿਹੰਗ ਸਿੰਘ ਆਗੂਆਂ, ਉਦਾਸੀਨ ਤੇ ਨਿਰਮਲੇ ਸੰਪਰਦਾਵਾਂ ਦੇ ਮੁਖੀਆਂ, ਸਿਖ ਜਥੇਬੰਦੀਆਂ, ਫੈਡਰੇਸ਼ਨਾਂ, ਸਮੁੱਚੀਆਂ ਸੰਗਤਾਂ ਤੋਂ ਇਲਾਵਾ ਮੀਡੀਆ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਪੰਥਕ ਸ਼ਖ਼ਸੀਅਤਾਂ ਦੇ ਸਹਿਯੋਗ ਅਤੇ ਸਲਾਹ ਮਸ਼ਵਰੇ ਨਾਲ ਸ਼ਹੀਦੀ ਗੈਲਰੀ ਨੂੰ ਜਲਦ ਤੋਂ ਜਲਦ ਮੁਕੰਮਲ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸ਼ਹੀਦੀ ਗੈਲਰੀ ਵਿੱਚ ਘੱਲੂਘਾਰੇ ਦੇ ਸ਼ਹੀਦਾਂ ਦੀਆਂ ਸਮੇਤ ਜੀਵਨੀ ਤਸਵੀਰਾਂ ਲਾਈਆਂ ਜਾਣਗੀਆਂ ਅਤੇ ਕੌਮ ਦੇ ਇਤਿਹਾਸ ਤੇ ਵਿਰਾਸਤ ਬਾਰੇ ਆਉਣ ਵਾਲੀਆਂ ਪੀੜੀਆਂ ਨੂੰ ਰਵਾਇਤੀ ਅਤੇ ਆਧੁਨਿਕਤਾ ਦੇ ਸੁਮੇਰ ਦੁਆਰਾ ਜਾਣਕਾਰੀ ਮੁਹੱਈਆ ਕਰਾਈ ਜਾਵੇਗੀ। ਉਹਨਾਂ ਕਿਹਾ ਕਿ ਸ਼ਹੀਦੀ ਗੈਲਰੀ ਸਿੱਖ ਕੌਮ ਦੇ ਸੁਚੇਤ ਅਤੇ ਅਚੇਤ ਵਰਗ ਲਈ ਪ੍ਰੇਰਨਾ ਸਰੋਤ ਹੋਵੇਗੀ ਜਿੱਥੋਂ ਆਉਣ ਵਾਲੀਆਂ ਪੀੜੀਆਂ ਕੌਮੀ ਜਜ਼ਬਾ ਹਾਸਲ ਕਰਨਗੀਆਂ।ਨੌਜਵਾਨ ਪੀੜੀ  ਇੱਥੋਂ ਸ਼ਹੀਦਾਂ ਦੀਆਂ ਕੌਮ ਨੂੰ ਸਮਰਪਿਤ ਜੀਵਨੀਆਂ ਤੋਂ ਪ੍ਰੇਰਨਾ ਲੈਂਦਿਆਂ ਸਿੱਖੀ ਸਿਧਾਂਤਾਂ ਅਤੇ ਪਰੰਪਰਾਵਾਂ ਦਾ ਘਾਣ ਕਰਨ ਲਈ ਕੌਮ ਦੇ ਅੰਦਰ ਅਤੇ ਬਾਹਰ ਘਾਤ ਲਗਾ ਕੇ ਬੈਠੇ ਪੰਥ ਵਿਰੋਧੀਆਂ ਦੀ ਪਛਾਣ ਕਰਦਿਆਂ ਉਹਨਾਂ ਨੂੰ ਪਛਾੜਨ ‘ਚ ਅਹਿਮ ਰੋਲ ਅਦਾ ਕਰਨਗੀਆਂ।
ਇਸ ਮੌਕੇ ਭਾਈ ਜਸਪਾਲ ਸਿੰਘ ਮੁੰਬਈ,ਜਸਪਾਲ ਸਿੰਘ ਸਿੱਧੂ, ਮਲਕੀਤ ਸਿੰਘ ਬਲ, ਇੰਦਰਜੀਤ ਸਿੰਘ ਬਲ, ਦਲਜੀਤ ਸਿੰਘ ਬਲ, ਭਾਈ ਹਰਭਜਨ ਸਿੰਘ ਪੱਪੂ, ਭਾਈ ਹੀਰਾ ਸਿੰਘ ਕੈਨੇਡਾ, ਭਾਈ ਅਮਨਦੀਪ ਸਿੰਘ ਯੂ.ਐਸ.ਏ., ਭਾਈ ਹਰਵਿੰਦਰ ਸਿੰਘ ਮੁੰਬਈ, ਜਥੇਦਾਰ ਸੁਖਦੇਵ ਸਿੰਘ ਅਨੰਦਪੁਰ, ਬਾਬਾ ਅਜੀਤ ਸਿੰਘ, ਜਥੇਦਾਰ ਜਰਨੈਲ ਸਿੰਘ, ਭਾਈ ਗੁਰਪ੍ਰੀਤ ਸਿੰਘ ਪੀ.ਏ., ਭਾਈ ਪਰਣਾਮ ਸਿੰਘ, ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਪ੍ਰਕਾਸ਼ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ  ਸਨ।

Share Button

Leave a Reply

Your email address will not be published. Required fields are marked *

%d bloggers like this: