ਮੋਦੀ-ਟਰੰਪ ਦੀਆਂ ਗਲਵਕੜੀਆਂ ਦੌਰਾਨ ਭਾਰਤ ਦੇ ਪੁਰਾਣੇ ਦੋਸਤ ਇਰਾਨ ਵੱਲੋਂ ਵੱਡਾ ਝਟਕਾ ਭਾਰਤੀ ਹੁਕਮਰਾਨ ਅੱਤਿਆਚਾਰੀ ਤਾਨਾਸ਼ਾਹ

ਮੋਦੀ-ਟਰੰਪ ਦੀਆਂ ਗਲਵਕੜੀਆਂ ਦੌਰਾਨ ਭਾਰਤ ਦੇ ਪੁਰਾਣੇ ਦੋਸਤ ਇਰਾਨ ਵੱਲੋਂ ਵੱਡਾ ਝਟਕਾ ਭਾਰਤੀ ਹੁਕਮਰਾਨ ਅੱਤਿਆਚਾਰੀ ਤਾਨਾਸ਼ਾਹ

ਭਾਰਤ ਦੇ ਪੁਰਾਣੇ ਵਫਾਦਾਰ ਦੋਸਤ ਮੰਨੇ ਜਾਂਦੇ ਇਰਾਨ ਨੇ ਉਸ ਸਮੇਂ ਭਾਰਤ ਨੂੰ ਵੱਡਾ ਝਟਕਾ ਦਿੱਤਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਹਿੰਸਾ, ਸਰਹੱਦੀ ਘੁਸਪੈਠ ਦੇ ਮਾਮਲੇ ਵਿੱਚ ਅਮਰੀਕਾ ਤੋਂ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕਰਵਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਿਆਰ ਜਤਾਉਂਦਿਆਂ ਉਸ ਨੂੰ ਵਾਰ-ਵਾਰ ਗਲਵਕੜੀ ਵਿੱਚ ਲੈ ਰਹੇ ਸਨ। ਮੋਦੀ ਨੂੰ ਇਸ ਮਾਮਲੇ ਵਿੱਚ ਖੁਸ਼ ਕਰਨ ਲਈ ਟਰੰਪ ਪ੍ਰਸ਼ਾਸਨ ਨੂੰ  ਪਾਕਿਸਤਾਨ ਵਿੱਚ ਰਹਿ ਰਹੇ ਖਤਰਨਾਕ ਅੱਤਵਾਦੀ ਸਲਾਹੂਉਦਦੀਨ ਨੂੰ ਅੱਤਵਾਦੀ ਵੀ ਕਰਾਰ ਦਿੱਤਾ। ਭਾਰਤ ਅਮਰੀਕਾ ਦੇ ਇਸ ਐਲਾਨ ਨੂੰ ਆਪਣੇ ਲਈ ਵੱਡੀ ਪ੍ਰਾਪਤੀ ਮੰਨ ਰਿਹਾ ਹੈ। ਟਰੰਪ-ਮੋਦੀ ਦੀ ਮੁਲਾਕਾਤ ਵਿੱਚ ਪਾਕਿਸਤਾਨ  ਵੱਲੋਂ ਅੱਤਵਾਦ ਨੂੰ ਉਤਸ਼ਾਹਤ ਕੀਤੇ ਜਾਣ ਦੇ ਜ਼ਿਕਰ ਦੌਰਾਨ ਮੁੰਬਈ, ਪਠਾਨਕੋਟ ਦੇ ਅੱਤਵਾਦੀ ਹਮਲੇ ਅਤੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ,  ਡੀ-ਕੰਪਨੀ ਦਾ ਜ਼ਿਕਰ ਕਰਦਿਆਂ ਪਾਕਿਸਤਾਨ ਖਿਲਾਫ ਅੱਤਵਾਦ ਨੂੰ ਉਤਸ਼ਾਹ ਦੇਣ ਦੇ ਮਾਮਲੇ ਵਿੱਚ ਕਾਰਵਾਈ ਦਾ ਵੀ ਜ਼ਿਕਰ ਹੋਇਆ। ਰਾਸ਼ਟਰਪਤੀ ਟਰੰਪ ਨੇ ਮੋਦੀ ਨਾਲ ਮੁਲਾਕਾਤ ਦੌਰਾਨ ਭਾਰਤ ਨੂੰ ਪਾਕਿਸਤਾਨ ਵਿਰੁੱਧ ਕਾਰਵਾਈ ਦਾ ਕੋਈ ਵਾਅਦਾ ਨਹੀਂ ਦਿੱਤਾ। ਇਸੇ ਦੌਰਾਨ ਭਾਰਤ ਨੂੰ ਕਸ਼ਮੀਰ ਮਾਮਲੇ ਵਿੱਚ ਈਰਾਨ ਨੇ ਜ਼ਬਰਦਸਤ ਝਟਕਾ ਦਿੰਦਿਆਂ ਵਿਸ਼ਵ ਦੇ ਸਮੁੱਚੇ ਮੁਸਲਮ ਦੇਸ਼ਾਂ ਨੂੰ ਕਸ਼ਮੀਰ ਵਿੱਚ ਹੱਕਾਂ ਲਈ ਲੜ ਰਹੇ ਮੁਸਲਮ ਭਾਈਚਾਰੇ ਦੀ ਮੱਦਦ ਕਰਨ ਦੀ ਅਪੀਲ ਕੀਤੀ ਹੈ।
ਇਰਾਨ ਦੇ ਸੁਪਰੀਮ ਲੀਡਰ ਅਤੇ ਧਾਰਮਿਕ ਆਗੂ ਅਯਾਤ -ਉਲਾ-ਅਲੀ ਖੁਮੈਨੀ ਨੇ  ਵਿਸ਼ੇਸ਼ ਭਾਸ਼ਣ ਵਿੱਚ ਕਸ਼ਮੀਰ ਦਾ ਜ਼ਿਕਰ ਕੀਤਾ। ਈਦ ਸਬੰਧੀ ਆਯੋਜਤ ਸਮਾਗਮ ਵਿੱਚ ਨਮਾਜ ਅਦਾ ਕਰਨ ਤੋਂ ਬਾਅਦ ਖੁਮੈਨੀ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਫੈਲੇ ਮੁਸਲਮ ਯਮਨ, ਬਹਿਰੀਨ ਅਤੇ ਕਸ਼ਮੀਰ ਵਿੱਚ ਅੱਤਿਆਚਾਰੀ ਹਕੂਮਤਾਂ ਦੇ ਜ਼ੁਲਮ-ਜ਼ਬਰ ਦੇ ਸ਼ਿਕਾਰ ਮੁਸਲਮ ਭਾਈਚਾਰੇ ਦੀ ਹਰ ਪੱਖੋਂ ਮੱਦਦ ਲਈ ਅੱਗੇ ਆਉਣ। ਖੁਮੈਨੀ ਨੇ ਕਿਹਾ ਕਿ ਨਿਰਦੋਸ਼ ਲੋਕਾਂ ਉੱਪਰ ਹਮਲੇ ਕਰਨ ਵਾਲੇ ਜ਼ਾਬਰ ਲੋਕਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ। ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਖੁਮੈਨੀ ਨੇ ਕਿਹਾ ਕਿ ਭਾਰਤੀ ਹੁਕਮਰਾਨ ਜਾਬਰ ਤਾਨਾਸ਼ਾਹ ਹਨ। ਉਨ੍ਹਾਂ ਨੇ ਸਾਊਦੀ ਅਰਬ, ਸੁੰਨੀ ਅਰਬ ਅਤੇ ਭਾਰਤ ਨੂੰ  ਇੱਕ ਹੀ ਲਾਈਨ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਆਪਣੇ ਭਾਈਚਾਰੇ ਉੱਪਰ ਜ਼ੁਲਮ ਕਰ ਰਹੇ ਦੁਸ਼ਮਣ ਲੋਕਾਂ ਨੂੰ ਪਛਾਨਣਾ ਚਾਹੀਦਾ ਹੈ। ਉਨ੍ਹਾਂ ਫਿਲਸਤੀਨ ਦਾ ਜ਼ਿਕਰ ਕਰਦਿਆਂ ਇਜ਼ਰਾਈਲ ਖਿਲਾਫ ਇਸਲਾਮਕ ਜਹਾਦ ਛੇੜਨ ਉੱਪਰ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸਲਾਮਿਕ ਨਿਆਂ ਕਹਿੰਦਾ ਹੈ ਕਿ ਜਦੋਂ ਇੱਕ ਦੁਸ਼ਮਣ ਮੁਸਲਮਾਨਾਂ ਦੀ ਜਮੀਨ ਉੱਤੇ ਆਪਣਾ ਕਬਜਾ ਕਰ ਲਵੇ ਤਾਂ ਉਸ ਜਮੀਨ ਨੂੰ ਛੁਡਾਉਣ ਲਈ ਜੰਗ ਅਤੇ ਜਹਾਦ ਸ਼ੁਰੂ ਕਰਨਾ ਸਾਡਾ ਸਾਰਿਆਂ ਦਾ ਧਰਮ ਹੈ। ਉਨ੍ਹਾਂ ਕਿਹਾ ਕਿ ਯਹੂਦੀ ਇਜ਼ਰਾਈਲ ਖਿਲਾਫ ਲੜਨਾ ਹਰ ਮੁਸਲਮਾਨ ਦਾ ਫਰਜ਼ ਹੈ। ਇਸ ਤੋਂ ਕਿਸੇ ਨੂੰ ਵੀ ਮੂੰਹ ਨਹੀਂ ਮੋੜਨਾ ਚਾਹੀਦਾ।
ਖੁਮੈਨੀ ਵੱਲੋਂ ਮੁਸਲਮਾਨਾਂ ਦੇ ਹੱਕ ਵਿੱਚ ਦਿੱਤਾ ਗਿਆ ਇਹ ਭਾਸ਼ਣ ਉਸ ਮੌਕੇ ਮਹੱਤਵਪੂਰਨ ਹੈ, ਜਦੋਂ ਮੱਧ ਪੂਰਬੀ ਏਸ਼ੀਆ ਦੇ ਮੌਜੂਦਾ ਹਾਲਾਤ ਵਿੱਚ ਅਰਬ ਬਨਾਮ ਇਜ਼ਰਾਈਲ ਦੀ ਲੜਾਈ ਬਹੁਤ ਪਿੱਛੇ ਰਹਿ ਗਈ ਹੈ। ਇਰਾਕ, ਸੀਰੀਆ, ਲੀਬੀਆ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਵਿੱਚ ਇਸਲਾਮਕ ਅੱਤਵਾਦੀਆਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਹਿੰਸਕ ਲਹਿਰਾਂ ਕਾਰਨ ਦੁਨੀਆਂ ਭਰ ਦੇ ਮੁਸਲਮਾਨ ਅਲੱਗ-ਥਲੱਗ ਪੈ ਗਏ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਪੱਛਮੀ ਏਸ਼ੀਆ ਵਿੱਚ ਜੋ ਫਿਰਕੂ ਯੁੱਧ ਛਿੜਿਆ ਹੋਇਆ ਹੈ, ਇਰਾਨ ਵੀ ਉਸ ਵਿੱਚ ਸ਼ਾਮਲ ਹੈ। ਸ਼ਾਇਦ ਇਸੇ ਲਈ ਖੁਮੈਨੀ ਨੇ ਬਹਿਰੀਨ ਅਤੇ ਯਮਨ ਦਾ ਜ਼ਿਕਰ ਕੀਤਾ ਹੈ। ਖੁਮੈਨੀ ਨੇ ਕਿਹਾ ਹੈ ਕਿ ਉਮੀਦ ਹੈ ਕਿ ਕਸ਼ਮੀਰ ਮਸਲੇ ਦਾ ਚੰਗਾ ਹੱਲ ਨਿਕਲੇਗਾ, ਜੋ ਉੱਥੋਂ ਦੇ ਲੋਕਾਂ ਅਤੇ ਹਿੱਤਾਂ ਦੀ ਗਰੰਟੀ ਦੇਣ ਦੇ ਨਾਲ-ਨਾਲ ਸ਼ਾਂਤੀ ਲਈ ਵਧੀਆ ਕੋਸ਼ਿਸ਼ ਹੋਵੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਇਰਾਨ ਦੀ ਸਮੇਂ ਸਮੇਂ ਅਲੋਚਨਾ ਕਰਦੇ ਰਹੇ ਹਨ ਅਤੇ ਉਹ ਇਸ ਸ਼ੀਆ ਦੇਸ਼ ਨਾਲ ਕੀਤੇ ਕਈ ਸਮਝੌਤੇ ਤੋੜ ਚੁੱਕੇ ਹਨ। ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਇਰਾਨ ਵਿਚਾਲੇ ਦੁਵੱਲੇ ਕਾਰੋਬਾਰੀ ਸਮਝੌਤੇ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਭਾਰਤ-ਈਰਾਨ ਵਿਚਾਲੇ ਲੰਬੇ ਸਮੇਂ ਤੋਂ ਲਟਕਿਆ ਗੈਸ-ਪਾਈਪ ਲਾਈਨ ਪ੍ਰਾਜੈਕਟ ਪੂਰਾ ਕਰਨ ਲਈ ਤਿਆਰੀਆਂ ਹਨ ਤਾਂ ਖੁਮੈਨੀ ਦਾ ਇਹ ਬਿਆਨ ਭਾਰਤ ਅਤੇ ਅਮਰੀਕਾ ਦੋਵਾਂ ਨੂੰ ਹੀ ਇਰਾਨ ਦੇ ਮਾਮਲੇ ਵਿੱਚ ਮੁੜ ਸੋਚਣ ਲਈ ਮਜਬੂਰ ਕਰ ਸਕਦਾ ਹੈ।  ਖੁਮੈਨੀ ਅਮਰੀਕਾ ਅਤੇ ਹੋਰ ਯੂਰਪੀ ਦੇਸ਼ਾਂ ਬਾਰੇ ਵੀ ਸਖਤ ਵਿਚਾਰ ਰੱਖਦੇ ਹਨ ਕਿ ਇਹ ਦੇਸ਼ ਅਮੀਰੀ ਅਤੇ ਪੈਸੇ ਦੇ ਜ਼ੋਰ ਧਰਮ ਪ੍ਰਤੀ ਕੱਟੜ ਰਹਿਣ ਵਾਲੇ ਲੋਕਾਂ ਦੀ ਸੋਚ ਅਤੇ ਰਹਿਣ-ਸਹਿਣ ਬਦਲਣ ਲਈ ਸਾਜਿਸ਼ਾਂ ਕਰਦੇ ਰਹਿੰਦੇ ਹਨ। ਖੁਮੈਨੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੱਛਮੀ ਦੇਸ਼ ਖਾਓ ਪੀਓ ਐਸ਼ ਕਰੋ ਦੇ ਸੱਭਿਆਚਾਰ ਵਿੱਚ ਜੀਅ ਰਹੇ ਹਨ, ਮੁਸਲਮਾਨਾਂ ਅਤੇ ਹੋਰ ਧਰਮ ਦੇ ਸਿਧਾਤਾਂ ਉੱਤੇ ਪ੍ਰਪੱਕ ਰਹਿਣ ਵਾਲੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਹੀ ਸੋਚਣ ਅਤੇ ਇਸੇ ਤਰ੍ਹਾਂ ਦੇ ਕੰਮਾਂ ਵਿੱਚ ਡੁੱਬ ਜਾਣ ਲਈ ਤਿਆਰ ਕਰਨ ਵਾਸਤੇ ਪੈਸਾ ਪਾਣੀ ਵਾਂਗ ਵਹਾ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: