ਰੇਤ ਬਜਰੀ ਦੀਆਂ ਖੱਡਾਂ ਦੀ ਬੋਲੀ ਲਈ 12 ਤੱਕ ਕੀਤਾ ਜਾ ਸਕਦੈ ਆਨਲਾਈਨ ਅਪਲਾਈ

ਰੇਤ ਬਜਰੀ ਦੀਆਂ ਖੱਡਾਂ ਦੀ ਬੋਲੀ ਲਈ 12 ਤੱਕ ਕੀਤਾ ਜਾ ਸਕਦੈ ਆਨਲਾਈਨ ਅਪਲਾਈ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਸਰਕਾਰ ਨੇ ਰਾਜ ਦੀਆਂ ਰੇਤ ਬੱਜਰੀ ਦੀਆਂ 102 ਖੱਡਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਈ-ਆਕਸ਼ਨ ਰਾਹੀਂ ਨਿਲਾਮ ਕਰਨ ਦਾ ਫੈਸਲਾ ਕੀਤਾ ਹੈ, ਜਿਸ ਲਈ ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਕ 12 ਮਈ, 2017 ਸ਼ਾਮ 5 ਵਜੇ ਤੱਕ ਹੈ। ਨਿਲਾਮ ਕੀਤੀਆਂ ਜਾਣ ਵਾਲੀਆਂ ਖੱਡਾਂ ਵਿੱਚ ਸਭ ਤੋਂ ਵਧੇਰੇ ਜਲੰਧਰ ਦੀਆਂ 18 ਅਤੇ ਲੁਧਿਆਣਾ ਦੀਆਂ 17 ਖੱਡਾਂ ਸ਼ਾਮਿਲ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਮਹੇਸ਼ ਖੰਨਾ ਨੇ ਦੱਸਿਆ ਕਿ ਵਿਭਾਗ ਵੱਲੋਂ ਪਛਾਣ ਕੀਤੀਆਂ ਖੱਡਾਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀਆਂ 4, ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ 7, ਤਰਨਤਾਰਨ ਦੀ 1, ਜਲੰਧਰ ਦੀਆਂ 18, ਫਰੀਦਕੋਟ ਦੀਆਂ 6, ਪਠਾਨਕੋਟ ਦੀਆਂ 5, ਗੁਰਦਾਸਪੁਰ ਦੀਆਂ 7, ਹੁਸ਼ਿਆਰਪੁਰ ਦੀਆਂ 3, ਫ਼ਾਜਿਲਕਾ ਦੀਆਂ 5, ਰੂਪਨਗਰ ਦੀਆਂ 3, ਲੁਧਿਆਣਾ ਦੀਆਂ 17, ਸ਼ਹੀਦ ਭਗਤ ਸਿੰਘ ਨਗਰ ਦੀਆਂ 12, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀਆਂ 9 ਖੱਡਾਂ ਅਤੇ ਮੋਗਾ ਦੀਆਂ 5 ਖੱਡਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪਹਿਲਾਂ ਸਿਰਫ਼ 2 ਖੱਡਾਂ ਵਿੱਚੋਂ ਕਾਨੂੰਨ ਰੇਤ ਨਿਕਲਦੀ ਸੀ ਪਰ ਇਸ ਵਾਰ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 17 ਖੱਡਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਦੁਪਾਣਾ, ਸਿਕੰਦਰਪੁਰ, ਰਜਾਪੁਰ, ਕੰਨਿਆ ਹੁਸੈਨੀ, ਬਕੌਰ ਗੁੱਜਰਾਂ, ਰਤਨਗੜ੍ਹ, ਬੱਗਿਆਂ, ਹਿਤੋਵਾਲ, ਹੁਜਰਾ, ਬਾਲਿਆਂਵਾਲਾ, ਬੁਖ਼ਾਰੀ ਖੁਰਦ, ਬੂੰਟ, ਲੁਭਾਣਗੜ੍ਹ, ਕੁਤਬੇਵਾਲ ਅਰਾਈਆਂ, ਅਕੂਵਾਲ, ਗੋਰਸੀਆ ਖਾਨ ਮੁਹੰਮਦ, ਚੱਕਲੀ ਕਸਾਬ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਖੱਡਾਂ ਦੀ ਨਿਲਾਮੀ ਲਈ ਇਛੁੱਕ ਬਿਨੈਕਾਰਾਂ ਨੂੰ e-procurement ਵੈੰੱਬਸਾਈਟ www.e-tender.punjabgovt.gov.in ’ਤੇ ਆਨਲਾਈਨ ਰਜਿਸਟਰ ਕਰਵਾਉਣਾ ਪਵੇਗਾ। ਅਪਲਾਈ ਕਰਨ ਵੇਲੇ ਬਿਨੈਕਾਰ ਕੋਲ ਤਸਦੀਕਸ਼ੁਦਾ ਸ਼ਨਾਖ਼ਤੀ ਸਬੂਤ, ਰਿਹਾਇਸ਼ ਸਬੂਤ, ਪੈਨ ਕਾਰਡ, ਲੈਟਰਹੈੱਡ ’ਤੇ ਬੇਨਤੀ ਪੱਤਰ ਅਤੇ ਸਰਟੀਫਿਕੇਟ ਆਫ਼ ਅਪਰੂਵਲ ਹੋਣਾ ਜ਼ਰੂਰੀ ਹੈ। ਸਰਟੀਫਿਕੇਟ ਆਫ਼ ਅਪਰੂਵਲ ਤੋਂ ਬਿਨਾ ਬੋਲੀ ਵਿੱਚ ਹਿੱਸਾ ਨਹੀਂ ਲਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਸਮੇਤ ਫ਼ਾਜ਼ਿਲਕਾ ਅਤੇ ਰੂਪਨਗਰ ਦੀਆਂ ਖੱਡਾਂ ਦੀ ਨਿਲਾਮੀ 20 ਮਈ, 2017 ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਸਬਮਿਟ ਕੀਤੀ ਜਾ ਸਕੇਗੀ। ਇਸੇ ਤਰ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਮੋਗਾ ਲਈ 20 ਮਈ ਨੂੰ ਹੀ ਦੁਪਹਿਰ 2 ਵਜੇ ਤੋਂ 4 ਵਜੇ ਤੱਕ। ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲਈ 19 ਮਈ, 2017 ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ। ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਅਤੇ ਜਲੰਧਰ ਦੀਆਂ ਖੱਡਾਂ ਲਈ 19 ਮਈ ਨੂੰ ਹੀ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਬੋਲੀ ਸਬਮਿਟ ਕੀਤੀ ਜਾ ਸਕੇਗੀ। ਬਾਕੀ ਸ਼ਰਤਾਂ ਅਤੇ ਨਿਯਮ ਵੈੱਬਸਾਈਟ ’ਤੇ ਦਰਸਾਏ ਗਏ ਹਨ।

Share Button

Leave a Reply

Your email address will not be published. Required fields are marked *

%d bloggers like this: