ਪਰਾਈ ਆਸ ਕਰੇ ਨਿਰਾਸ – ਵਿਜੈ ਗੁਪਤਾ

ਪਰਾਈ ਆਸ ਕਰੇ ਨਿਰਾਸ – ਵਿਜੈ ਗੁਪਤਾ

ਕਦੀ ਪਰਾਈ ਆਸ ਨਾ ਰੱਖੋ। ਆਪਣੇ ਪੈਰਾਂ ਤੇ ਆਪ ਖੜ੍ਹੇ ਹੋਣਾ ਸਿੱਖੋ। ਪਰਾਈਆਂ ਵੈਸਾਖੀਆਂ ਦੇ ਸਹਾਰੇ ਕਦੀ ਲੰਬਾ ਸਫਰ ਤਹਿ ਨਹੀਂ ਕੀਤਾ ਜਾ ਸਕਦਾ। ਨਕਲ ਮਾਰ ਕੇ ਬੱਚਾ ਪਾਸ ਤਾਂ ਹੋ ਸਕਦਾ ਹੈ ਪਰ ਹੁਸ਼ਿਆਰ ਨਹੀਂ ਹੋ ਸਕਦਾ। ਜ਼ਿੰਦਗੀ ਦੇ ਵਿਸ਼ਾਲ ਇਮਤਿਹਾਨ ਵਿਚ ਉਹ ਮਾਰ ਖਾ ਜਾਵੇਗਾ ਕਿਉਂਕਿ ਖੌਟੇ ਸਿੱਕਿਆਂ ਨਾਲ ਜਿਆਦਾ ਦੇਰ ਜ਼ਿੰਦਗੀ ਬਸਰ ਨਹੀਂ ਕੀਤੀ ਜਾ ਸਕਦੀ। ਜੇ ਕੰਮ ਕਰਨ ਦੀ ਇੱਛਾ ਅਤੇ ਦਲੇਰੀ ਹੋਵੇ ਤਾਂ ਰਸਤੇ ਆਪੇ ਹੀ ਬਣ ਜਾਂਦੇ ਹਨ। ਪਰਬਤ ਸਿਰ ਝੁਕਾਉਂਦੇ ਹਨ ਅਤੇ ਸਾਗਰ ਰਸਤਾ ਦਿੰਦੇ ਹਨ। ਸਫਲਤਾ ਲਈ ਤੁਹਾਨੂੰ ਆਪ ਹਿੰਮਤ ਅਤੇ ਮੇਹਨਤ ਕਰਨੀ ਪਵੇਗੀ। ਕੋਈ ਦੂਸਰਾ ਤੁਹਾਨੂੰ ਚੁੱਕ ਕੇ ਸਫਲਤਾ ਦੀ ਟੀਸੀ ਤੇ ਨਹੀਂ ਬਿਠਾ ਦੇਵੇਗਾ। ਤੁਹਾਡਾ ਕੰਮ ਹੀ ਤੁਹਾਡੇ ਭਵਿੱਖ ਨੂੰ ਨਿਸਚੱਤ ਕਰਦਾ ਹੈ। ਪਰਾਈ ਆਸ ਛੱਡੋ ਅਤੇ ਆਪਣਾ ਸਫਰ ਆਪ ਸ਼ੁਰੂ ਕਰੋ। ਜਿਉਂ ਜਿਉਂ ਤੁਸੀਂ ਹਿੰਮਤ ਕਰਕੇ ਕਦਮ ਅੱਗੇ ਵਧਾਉਂਦੇ ਜਾਵੋਗੇ ਤੁਹਾਡੀ ਮੰਜਿਲ ਤੁਹਾਡੇ ਨਜਦੀਕ ਆਉਂਦੀ ਜਾਵੇਗੀ। ਇਕ ਦਿਨ ਤੁਸੀਂ ਸਫਲਤਾ ਦੀ ਟੀਸੀ ਤੇ ਪਹੁੰਚ ਜਾਵੋਗੇ।
ਕਈ ਲੋਕਾਂ ਕੋਲ ਥੋੜ੍ਹਾ ਜਿਹਾ ਪੈਸਾ ਆ ਜਾਵੇ ਜਾਂ ਰਾਜ ਦਰਬਾਰੇ ਕੋਈ ਛੋਟਾ ਜਿਹਾ ਔਹਦਾ ਮਿਲ ਜਾਵੇ ਤਾਂ ਉਹ ਉਹ ਆਪਣੇ ਛੋਟੇ ਛੋਟੇ ਨਿੱਜੀ ਕੰਮ ਕਰਨ ਵਿਚ ਆਪਣੀ ਹੱਤਕ ਸਮਝਦੇ ਹਨ। ਦੂਸਰਿਆਂ ਤੇ ਰੌਅਬ ਪਾਉਣ ਲਈ ਇਹ ਛੋਟੀਆਂ ਛੋਟੀਆਂ ਵਗਾਰਾਂ ਹੋਰ ਲੋਕਾਂ ਨੂੰ ਪਾਈ ਰੱਖਦੇ ਹਨ। ਚਾਹੇ ਜਿਤਨਾ ਮਰਜੀ ਵੱਡਾ ਰੁਤਬਾ ਮਿਲ ਜਾਏ ਜਿੱਥੋਂ ਤੱਕ ਹੋ ਸੱਕੇ ਆਪਣੇ ਨਿੱਜੀ ਕੰਮ ਖੁਦ ਹੀ ਕਰਨੇ ਚਾਹੀਦੇ ਹਨ। ਇਸੇ ਲਈ ਕਹਿੰਦੇ ਹਨ—- ਰਾਣੀ ਆਪਣੇ ਪੈਰ ਆਪ ਧੌਂਦੀ ਕਦੀ ਜਮਾਦਾਰਨੀ ਨਹੀਂ ਬਣ ਜਾਂਦੀ। ਅਬਰਾਹਿਮ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਤਾਂ ਵੀ ਉਸ ਵਿਚ ਹਉਮੇ ਨਹੀਂ ਆਈ। ਉਹ ਬੇਅੰਤ ਰੁਝੇਵਿਆਂ ਦੇ ਹੁੰਦਿਆਂ ਅਤੇ ਅਨੇਕਾਂ ਨੌਕਰਾਂ ਚਾਕਰਾਂ ਅਤੇ ਹੋਰ ਸੁੱਖ ਸਹੂਲਤਾਂ ਦੇ ਹੁੰਦਿਆਂ ਹੋਇਆਂ ਵੀ ਆਪਣੇ ਨਿੱਜੀ ਕੰਮ ਆਪ ਹੀ ਕਰਦਾ ਸੀ। ਇਕ ਵਾਰੀ ਉਹ ਆਪਣੇ ਬੂਟ ਪਾਲਿਸ਼ ਕਰ ਰਿਹਾ ਸੀ। ਉਸੇ ਸਮੇਂ ਉਸਦਾ ਇਕ ਮਿੱਤਰ ਉਸਨੂੰ ਮਿਲਨ ਆਇਆ। ਲਿੰਕਨ ਨੂੰ ਬੂਟ ਪਾਲਿਸ਼ ਕਰਦੇ ਹੋਏ ਦੇਖ ਕੇ ਹੈਰਾਨ ਰਹਿ ਗਿਆ ਅਤੇ ਪੁੱਛਿਆ—ਕੀ ਤੁਸੀਂ ਆਪਣੇ ਬੂਟ ਆਪ ਪਾਲਿਸ਼ ਕਰਦੇ ਹੋ? ਇਸ ਤੇ ਲਿੰਕਨ ਨੇ ਹੱਸ ਕੇ ਉੱਤਰ ਦਿੱਤਾ—ਤੁਸੀਂ ਕਿਸ ਦੇ ਬੂਟ ਪਾਲਿਸ਼ ਕਰਦੇ ਹੋ? ਇਸੇ ਤਰ੍ਹਾਂ ਮੇਰਾ ਇਕ ਦੋਸਤ ਰਜਿੰਦਰ ਸਿੰਘ ਬਹੁਤ ਹੁਸ਼ਿਆਰ ਅਤੇ ਮੇਹਨਤੀ ਸੀ। ਆਪਣੀ ਮੇਹਨਤ ਸਦਕਾ ਉਹ ਵੱਡਾ ਅਫਸਰ ਬਣ ਗਿਆ। ਨੌਕਰ ਚਾਕਰ ਅਤੇ ਕਈ ਸਰਕਾਰੀ ਸਹੂਲਤਾਂ ਮਿਲ ਗਈਆਂ। ਇਕ ਦਿਨ ਉਸ ਦੀ ਵੱਡੀ ਭੈਣ ਉਸਦੇ ਘਰ ਆਈ ਤਾਂ ਸਵੇਰੇ ਸਵੇਰੇ ਦੇਖਿਆ ਕਿ ਰਜਿੰਦਰ ਸਿੰਘ ਸਾਰੇ ਪਰਿਵਾਰ ਦੇ ਬਿਸਤਰ ਆਪ ਤਹਿ ਕਰ ਕੇ ਰੱਖ ਰਿਹਾ ਸੀ। ਉਸਦੀ ਭੈਣ ਨੇ ਮਾਣ ਨਾਲ ਕਿਹਾ—ਰਜਿੰਦਰ ਹੁਣ ਤੂੰ ਐਡਾ ਵੱਡਾ ਅਫਸਰ ਬਣ ਗਿਆ ਹੈਂ, ਹੁਣ ਤੂੰ ਇਹ ਛੋਟੇ ਛੋਟੇ ਕੰਮ ਆਪ ਨਾ ਕਰਿਆ ਕਰ। ਇਸ ਤੇ ਰਜਿੰਦਰ ਨੇ ਹੱਸ ਕੇ ਕਿਹਾ—ਅਫਸਰ ਤਾਂ ਮੈਂ ਦਫਤਰ ਵਿਚ ਬਣਿਆਂ ਹਾਂ। ਘਰ ਵਿਚ ਤਾਂ ਮੈਂ ਤੁਹਾਡਾ ਛੋਟਾ ਭਰਾ ਰਜਿੰਦਰ ਹੀ ਹਾਂ। ਇਸ ਲਈ ਮੈਨੂੰ ਘਰ ਦੇ ਛੋਟੇ ਛੋਟੇ ਕੰਮ ਆਪ ਕਰਨ ਤੋਂ ਨਾ ਰੋਕੋ।ਸਾਨੂੰ ਸਾਰਿਆਂ ਨੂੰ ਇਸ ਤੋਂ ਸਬਕ ਲੈ ਕੇ ਆਪਣੇ ਕੰਮ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਬੇਸ਼ੱਕ ਅਸੀਂ ਕਿੱਡੇ ਵੱਡੇ ਔਹਦੇ ਤੇ ਕਿਉਂ ਨਾ ਪਹੁੰਚ ਜਾਈਏ ਫਿਰ ਵੀ ਆਪਣੇ ਨਿੱਜੀ ਕੰਮ ਆਪ ਹੀ ਕਰਦੇ ਰਹਿਣਾ ਚਾਹੀਦਾ ਹੈ। ਇਸੇ ਲਈ ਕਹਿੰਦੇ ਹਨ —ਆਪਣੇ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ। ਜਿਹੜੇ ਲੋਕ ਆਪਣੇ ਛੋਟੇ ਛੋਟੇ ਨਿੱਜੀ ਕੰਮਾ ਲਈ ਦੂਸਰੇ ਦਾ ਆਸਰਾ ਤੱਕਦੇ ਹਨ ਉਹ ਆਲਸੀ ਬਣ ਜਾਂਦੇ ਹਨ। ਉਹ ਸਰੀਰਕ ਤੋਰ ਤੇ ਵੀ ਤੰਦਰੁਸਤ ਨਹੀਂ ਰਹਿੰਦੇ। ਉਨ੍ਹਾਂ ਵਿਚ ਆਤਮ ਵਿਸ਼ਵਾਸ ਦੀ ਘਾਟ ਆ ਜਾਂਦੀ ਹੈ। ਉਹ ਜ਼ਿੰਦਗੀ ਵਿਚ ਕੋਈ ਮਾਅਰਕਾ ਨਹੀਂ ਮਾਰ ਸਕਦੇ। ਯਾਦ ਰੱਖੋ ਕਿ ਮਹਾਨ ਪ੍ਰਾਪਤੀਆਂ ਦੇ ਰਸਤੇ ਕਠਿਨ ਜਰੂਰ ਹੁੰਦੇ ਹਨ ਪਰ ਅਸੰਭਵ ਨਹੀਂ। ਜੈ ਹਿੰਦ !!!

ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Share Button

Leave a Reply

Your email address will not be published. Required fields are marked *

%d bloggers like this: