ਦੇਸ਼ ਦੇ ਪਹਿਲੇ ਸਭ ਤੋਂ ਵੱਡੇ ਵਿਦਵਾਨ ਅਤੇ ਸੰਵਿਧਾਨ ਨਿਰਮਾਤਾ – ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ: (14 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼)

ਦੇਸ਼ ਦੇ ਪਹਿਲੇ ਸਭ ਤੋਂ ਵੱਡੇ ਵਿਦਵਾਨ ਅਤੇ ਸੰਵਿਧਾਨ ਨਿਰਮਾਤਾ – ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ:  (14 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼)

ਔਖੇ ਸਮੇਂ ਤੋਂ ਨਿਕਲ ਕੇ ਆਪਣਾ ਜੀਵਨ ਸੰਵਾਰਨਾ ਤਾਂ ਹਰ ਕੋਈ ਚਾਹੁੰਦਾ ਹੈ, ਆਪਣੀ ਖੁਸ਼ੀਆਂ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਵੀ ਹਰ ਕੋਈ ਲੜ ਲੈਂਦਾ ਹੈ ਪਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਜੋ ਸੰਘਰਸ਼ ਕੀਤਾ ਉਹ ਸਿਰਫ ਉਨ੍ਹਾਂ ਦੇ ਲਈ ਨਹੀਂ ਸੀ। ਉਨ੍ਹਾਂ ਨੇ ਉਨ੍ਹਾਂ ਲੱਖਾਂ ਲੋਕਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਇਆ, ਜਿਨ੍ਹਾਂ ਨੂੰ ਧਰਮ ਦੇ ਆਧਾਰ ‘ਤੇ ਸਮਾਜ ਤੋਂ ਵੱਖ ਕੀਤਾ ਗਿਆ ਸੀ। ਧਰਮ ਦੇ ਨਾਂ ‘ਤੇ ਹੋ ਰਹੇ ਭੇਦਭਾਵ ਰੂਪੀ ਜੰਗਲਾਂ ਵਿਚ ਸ਼ੇਰ ਬਣ ਕੇ ਦਹਾੜੇ ਸਨ ਬਾਬਾ ਸਾਹਿਬ। ਅੰਬੇਡਕਰ ਦੇਸ਼ ਦੇ ਪਹਿਲੇ ਸਭ ਤੋਂ ਵੱਡੇ ਵਿਦਵਾਨ ਹੋਏ ਹਨ।
14 ਅਪ੍ਰੈਲ , 1891 ਨੂੰ ਮਹੂ ਸ਼ਾਉਣੀ ਵਿਖੇ, ਮੱਧ ਪ੍ਰਦੇਸ਼ ਦੇ ਇਕ ਗਰੀਬ ਅਤੇ ਦਲਿਤ ਪਰਿਵਾਰ ਵਿਚ ਜਨਮੇ ਭੇਦਭਾਵ ਰੂਪੀ ਜੰਗਲਾਂ ਵਿਚ ਸ਼ੇਰ ਬਣ ਕੇ ਦਹਾੜੇ ਅਤੇ ਆਪਣੇ ਗਿਆਨ ਅਤੇ ਕਲਮ ਦੀ ਤਾਕਤ ਨਾਲ ਉਨ੍ਹਾਂ ਨੇ ਭੇਦਭਾਵ ਦੀਆਂ ਸਾਰੀਆਂ ਜੰਜ਼ੀਰਾਂ ਨੂੰ ਕੱਟ ਦਿੱਤਾ। ਉਨ੍ਹਾਂ ਦੇ ਪਿਤਾ ਜੀ ਦੀ ਨਾਂ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਜੀ ਦਾ ਨਾਂ ਭੀਮਾਬਾਈ ਸੀ। ਅੰਬੇਡਕਰ ਆਪਣੇ ਮਾਤਾ-ਪਿਤਾ ਦੀ 14ਵੀਂ ਅਤੇ ਆਖਰੀ ਸੰਤਾਨ ਸਨ।
ਅੰਬੇਡਕਰ ਰਾਜਨੇਤਾ, ਦਾਰਸ਼ਨਿਕ, ਇਤਿਹਾਸਕਾਰ ਅਤੇ ਅਰਥ ਸ਼ਾਸ਼ਤਰੀ ਹੋਏ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸਨ ਅਤੇ ਸੰਵਿਧਾਨ ਦੀ ਰਚਨਾ ਕਰਨ ਕਰਕੇ ਉਨ੍ਹਾਂ ਸਮਾਜ ਦੇ ਪਿਛੜੇ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਜਿਊਣ ਦਾ ਅਧਿਕਾਰ ਦਿਵਾਇਆ। ਗਰੀਬੀ ਦੇ ਨਾਲ ਲੜ ਕੇ ਪੜ੍ਹਾਈ ਕਰਨਾ ਹੀ ਭੀਮਰਾਓ ਦੇ ਹਿੱਸੇ ਨਹੀਂ ਸੀ ਆਇਆ, ਸਕੂਲ ਤੋਂ ਲੈ ਕੇ ਕਾਲਜ ਅਤੇ ਫਿਰ ਨੌਕਰੀ ਤੱਕ ਉਨ੍ਹਾਂ ਨੂੰ ਹਰ ਥਾਂ ਹੇਠਲੀ ਜਾਤੀ ਵਿਚ ਪੈਦਾ ਹੋਣ ਕਾਰਨ ਅਪਮਾਨ ਅਤੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਪਰ ਭੀਮ ਰਾਓ ਨੇ ਕਦੇ ਵੀ ਹੌਂਸਲਾ ਨਹੀਂ ਛੱਡਿਆ ਅਤੇ ਗਿਆਨ ਪ੍ਰਾਪਤ ਕਰਕੇ ਇਸ ਦੀ ਰੌਸ਼ਨੀ ਨਾਲ ਸਾਰਾ ਜੱਗ ਰੁਸ਼ਨਾ ਦਿੱਤਾ। ਸਕੂਲ ਵਿਚ ਉਹ ਕੋਈ ਦੈਵੀ ਅਵਤਾਰ ਨਹੀਂ ਸੀ। ਉਹ ਸਾਧਾਰਨ ਮਨੁੱਖ ਸਨ, ਜਿਨ੍ਹਾਂ ਨੇ ਕਲਮ ਨੂੰ ਹਥਿਆਰ ਬਣਾਇਆ ਅਤੇ ਗਰੀਬਾਂ, ਪਛੜਿਆਂ, ਮਜ਼ਲੂਮ ਲੋਕਾਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਸੰਵਿਧਾਨ ਦਾ ਨਿਰਮਾਣ ਕੀਤਾ। ਜਿਸ ਭੀਮ ਰਾਓ ਨੂੰ ਬਚਪਨ ਵਿਚ ਧਾਰਮਿਕ ਅਤੇ ਸਮਾਜਕ ਭੇਦਭਾਵ ਦੇ ਕਾਰਨ ਕਲਾਸ ਵਿਚ ਵੱਖਰਾ ਬਿਠਾਇਆ ਜਾਂਦਾ ਸੀ, ਜਿਸ ਨੂੰ ਸਕੂਲ ਦੇ ਘੜੇ ਨੂੰ ਹੱਥ ਤੱਕ ਨਹੀਂ ਲਾਉਣ ਦਿੱਤਾ ਜਾਂਦਾ ਸੀ, ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਵੀ ਜਿਸ ਭੀਮ ਨੂੰ ਉਸ ਦੇ ਚਪੜਾਸੀ ਨੇ ਭੇਦਭਾਵ ਕਾਰਨ ਦੁਰਕਾਰਿਆ, ਉਹ ਭੀਮ ਪੂਰੇ ਦੇਸ਼ ਨੂੰ ਸਦਾ ਲਈ ਇਕ ਕਰ ਗਿਆ। ਸੰਵਿਧਾਨ ਦੇ ਰੂਪ ਵਿਚ ਭੀਮ ਨੇ ਭਾਰਤ ਲਈ ਜੋ ਕੀਤਾ ਉਸ ਕਾਰਨ ਉਹ ਜੁਝਾਰੂ ਜੋਧਾ ਹੋ ਨਿਬੜਿਆ। ਸੰਵਿਧਾਨ ਵਿਚ ਉਨ੍ਹਾਂ ਨੇ ਬਾਰੀਕੀ ਨਾਲ ਹਰ ਗੱਲ ਦੀ ਚਰਚਾ ਕੀਤੀ। ਹਰ ਇਕ ਵਿਅਕਤੀ ਦੇ ਜੀਵਨ ਦੀ, ਅਧਿਕਾਰਾਂ ਦੀ ਗੱਲ ਕੀਤੀ, ਹਰ ਜ਼ੁਰਮ ਦੀ ਸਜ਼ਾ ਦੀ ਵਿਵਸਥਾ ਕੀਤੀ। ਇਹ ਭੀਮ ਦਾ ਲਿਖਿਆ ਸੰਵਿਧਾਨ ਹੀ ਹੈ, ਜਿਸ ਕਾਰਨ ਸਾਡਾ ਦੇਸ਼ ਅੱਜ ਦੁਨੀਆ ਵਿਚ ਸਭ ਤੋਂ ਵੱਡੀ ਲੋਕਤੰਤਰੀ ਸ਼ਕਤੀ ਦੇ ਰੂਪ ਵਿਚ ਜਾਣਿਆ ਜਾਂਦਾ ਹੈ।
ਹਾਈ ਸਕੂਲ ਦੀ ਪੜ੍ਹਾਈ ਤੋਂ ਬਾਅਦ ਭੀਮ ਨੇ 1907 ਵਿਚ ਬੰਬਈ ਯੂਨੀਵਰਸਿਟੀ ਵਿਚ ਦਾਖਲਾ ਲਿਆ ਅਤੇ ਇਸ ਦੇ ਨਾਲ ਹੀ ਉਹ ਸ਼ੂਦਰਾਂ ‘ਚੋਂ ਭਾਰਤ ਵਿਚ ਕਾਲਜ ਵਿਚ ਦਾਖਲਾ ਲੈਣ ਵਾਲੇ ਪਹਿਲੇ ਸ਼ੂਦਰ ਵਿਅਕਤੀ ਬਣ ਗਏ। ਭੀਮ ਦੀ ਇਸ ਸਫਲਤਾ ਨੇ ਸਮਾਜ ਦੇ ਸਾਹਮਣੇ ਇਕ ਆਦਰਸ਼ ਪੇਸ਼ ਕੀਤਾ। 1922 ਵਿਚ ਉਨ੍ਹਾਂ ਨੇ ਪਾਲਿਟੀਕਲ ਸਾਇੰਸ ਅਤੇ ਅਰਥ ਸ਼ਾਸ਼ਤਰ ਵਿਚ ਡਿਗਰੀ ਪ੍ਰਾਪਤ ਕੀਤੀ ਅਤੇ ਬੜੋਦਾ ਸਰਕਾਰ ਦੀ ਨੌਕਰੀ ਲਈ ਤਿਆਰ ਹੋ ਗਏ। ਪਰ ਉਥੇ ਫੌਜ ਦੇ ਸਕੱਤਰ ਦੇ ਰੂਪ ਵਿਚ ਕੰਮ ਕਰਦੇ ਹੋਏ ਉਨ੍ਹਾਂ ਦੇ ਚਪੜਾਸੀ ਨੇ ਹੀ ਉਨ੍ਹਾਂ ਨਾਲ ਭੇਦਭਾਵ ਕੀਤਾ, ਜਿਸ ਤੋਂ ਉਹ ਉਦਾਸ ਹੋ ਗਏ। ਉਨ੍ਹਾਂ ਨੇ ਨਿਸ਼ਚਾ ਕਰ ਲਿਆ ਕਿ ਹੁਣ ਉਹ ਕੁਝ ਅਜਿਹਾ ਕਰਨਗੇ ਤਾਂ ਜੋ ਸਾਰੇ ਦਲਿਤ ਸਮਾਜ ਦੀ ਕਿਸਮਤ ਬਦਲ ਜਾਵੇ ਅਤੇ ਉਨ੍ਹਾਂ ਨੇ ਅਜਿਹਾ ਕੀਤਾ ਵੀ।
ਭੀਮ ਦੀ ਜੀਵਨ ਅੰਗਰੇਜ਼ਾਂ ਦੇ ਸਾਹਮਣੇ ਭਾਰਤ ਸਰਕਾਰ ਦੇ ਐਕਟ 1919 ਦੀ ਚਰਚਾ ਨੇ ਬਦਲ ਕੇ ਰੱਖ ਦਿੱਤਾ। ਉਸ ਸਮੇਂ ਇਸ ਐਕਟ ‘ਤੇ ਚਰਚਾ ਕਰਨ ਲਈ ਇਕ ਦਲਿਤ ਤੋਂ ਇਲਾਵਾ ਦੂਜਾ ਕੋਈ ਵਿਦਵਾਨ ਨਹੀਂ ਸੀ। ਇਸ ਚਰਚਾ ਨੇ ਉਨ੍ਹਾਂ ਨੂੰ ਸੁਰਖੀਆਂ ਵਿਚ ਲਿਆ ਕੇ ਰੱਖ ਦਿੱਤਾ।
ਆਪਣੇ ਸੁਤੰਤਰ ਵਿਚਾਰਾਂ, ਗਾਂਧੀ ਅਤੇ ਕਾਂਗਰਸ ਦੀ ਆਲੋਚਨਾ ਦੇ ਬਾਵਜੂਦ ਅੰਬੇਡਕਰ ਦਾ ਅਕਸ ਇਕ ਅਦੁੱਤੇ ਵਿਦਵਾਨ ਦਾ ਸੀ, ਜੋ ਸੁਤੰਤਰਤਾ ਨਾਲ ਆਪਣੇ ਸਮਾਜ ਦੇ ਲੋਕਾਂ ਲਈ, ਔਰਤਾਂ ਲਈ ਮਸੀਹਾਂ ਬਣ ਕੇ ਖੜ੍ਹਾ ਸੀ। ਇਹ ਹੀ ਕਾਰਨ ਸੀ ਕਿ 15 ਅਗਸਤ, 1947 ਵਿਚ ਭਾਰਤ ਦੇ ਸੁਤੰਤਰ ਹੋਣ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣੀ ਤਾਂ ਅੰਬੇਡਕਰ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ। 29 ਅਗਸਤ 1947 ਨੂੰ ਅੰਬੇਡਕਰ ਨੂੰ ਸੁਤੰਤਰ ਭਾਰਤ ਦੇ ਸੰਵਧਿਨ ਦੀ ਰਚਨਾ ਦਾ ਕੰਮ ਸੌਂਪਿਆ ਗਿਆ। ਸੰਵਿਧਾਨ ਵਿਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਭੇਦਭਾਵ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਅਤੇ ਹਰ ਨਾਗਰਿਕ ਦੇ ਅਧਿਕਾਰਾਂ ਦੀ ਸੁਰੱਖਿਆ ਕੀਤੀ।
ਜੂਨ 1954 ਵਿਚ ਉਹ ਗੰਭੀਰ ਰੂਪ ਨਾਲ ਸੂਗਰ ਦੀ ਬੀਮਾਰੀ ਕਾਰਨ ਬੀਮਾਰ ਰਹੇ ਅਤੇ 6 ਦਸੰਬਰ, 1956 ਨੂੰ ਉਹ ਦੇਹ ਤਿਆਗ ਗਏ ਅਤੇ ਦਲਿਤਾਂ ਦੇ ਲਤਾੜਿਆਂ ਲਈ ਸਦਾ ਲਈ ਅਮਰ ਹੋ ਗਏ ਸਨ। ਪਰ ਉਨ੍ਹਾਂ ਦੇ ਗਿਆਨ ਨਾਲ ਪ੍ਰਕਾਸ਼ਤ ਸੰਵਿਧਾਨ ਅੱਜ ਵੀ ਨਿਆਂ ਕਰ ਰਿਹਾ ਹੈ, ਭਟਕਿਆ ਨੂੰ ਰਸਤਾ ਦਿਖਾ ਰਿਹਾ ਹੈ ਅਤੇ ਜੁਗਾਂ ਤੱਕ ਮਾਰਗ ਦਰਸ਼ਨ ਕਰਦਾ ਰਹੇਗਾ। ਜੈ ਹਿੰਦ !!!

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ 977 990 3800
ਸ੍ਰੋਤ – ਇੰਟਰਨੈੱਟ

Share Button

Leave a Reply

Your email address will not be published. Required fields are marked *

%d bloggers like this: