ਕੀ ਘੋਰ ਕਾਲੀ ਬਦਮਾਸ਼ੀ ਤੋਂ ਬੱਚਣ ਦਾ ਕੋਈ ਹਲ ਹੈ?

ਕੀ ਘੋਰ ਕਾਲੀ ਬਦਮਾਸ਼ੀ ਤੋਂ ਬੱਚਣ ਦਾ ਕੋਈ ਹਲ ਹੈ?

ਸੱਭ ਤੋਂ ਪਹਿਲਾਂ ਇੱਕ ਸੱਚੀ ਗਲ ਸੁਣਾਉਂਦਾ ਹਾਂ। ਇੱਕ ਵਾਰ ਇੱਕ ਸ਼ਰੀਫ ਪਰਿਵਾਰ ਖੁਸ਼ੀ ਖੁਸ਼ੀ ਇੱਕ ਸ਼ਹਿਰ ਵਿੱਚ ਰਹਿ ਰਿਹਾ ਸੀ। ਪਰਿਵਾਰ ਵਿੱਚ ਕੇਵਲ ਚਾਰ ਹੀ ਜਾਣੇ ਸਨ, ਪਤੀ ਪਤਨੀ ਅਤੇ ਇੱਕ ਭੈਣ ਅਤੇ ਭਰਾ। ਭੈਣ ਭਰਾ ਦੋਨੋਂ ਬਹੁਤ ਸੋਹਣੇ ਸੁਣੱਖੇ ਅਤੇ ਪੜ੍ਹਾਈ ਵਿੱਚੋਂ ਹੁਸ਼ਿਆਰ ਸਨ। ਕੁੜੀ ਕਾਲਜ ਪੱੜ੍ਹਦੀ ਸੀ ਅਤੇ ਮੁੰਡਾ ਸਕੂਲ਼। ਕੁੜੀ ਨੂੰ ਰੋਜ਼ ਬੱਸ ‘ਤੇ ਕਾਲਜ ਜਾਂਦੀ ਸੀ। ਬਦਕਿਸਮਤੀ ਨਾਲ ਇੱਕ ਦਿਨ ਉਸ ਕੁੜੀ ‘ਤੇ ਇੱਕ ਬਦਮਾਸ਼ ਦੀ ਅੱਖ ਆ ਗਈ। ਬਦਮਾਸ਼ ਨੂੰ ਉਹ ਕੁੜੀ ਹਦੋਂ ਵੱਧ ਸੋਹਣੀ ਲੱਗੀ, ਅਤੇ ਉਹ ਉਸ ਪਿੱਛੇ ਪਾਗਲ ਹੋ ਗਿਆ। ਫਿਰ ਹੋ ਗਿਆ ਸ਼ੁਰੂ ਸਿਲਸਿਲਾ ਛੇੜਾ ਛੇੜਾਈ ਦਾ। ਉਹ ਬਦਮਾਸ਼ ਉਸ ਦੀ ਬੱਸ ਵਿੱਚ ਹੀ ਚੱੜ੍ਹ ਜਾਂਦਾ ਅਤੇ ਸ਼ਰਿਆਮ ਉਸਨੂੰ ਛੇੜਨ ਲੱਗ ਜਾਂਦਾ। ਕੁੜੀ ਵਿਚਾਰੀ ਮੂੰਹ ਥੱਲ੍ਹੇ ਕਰਕੇ ਬੈਠੀ ਰਹਿੰਦੀ। ਬੱਸ ਵਾਲੇ ਵੀ ਸਾਰੇ ਮੁਸਾਫਰ ਚੁੱਪ ਚਾਪ ਡਰ ਨਾਲ ਬੈਠੇ ਰਹਿੰਦੇ, ਕੋਈ ਵੀ ਕੁੱਝ ਨਹੀਂ ਕਹਿੰਦਾ। ਉਸ ਬਦਮਾਸ਼ ਦਾ ਨਾਮ ਹੀ ਇੰਨ੍ਹਾਂ ਚਲਦਾ ਸੀ ਕਿ ਸਾਰੇ ਉਸ ਤੋਂ ਡਰਦੇ ਸਨ। ਕੁੜੀ ਨੇ ਡਰ ਦੇ ਮਾਰੇ ਘਰ ਵੀ ਕੁੱਝ ਨਾ ਇਸ ਬਾਬਤ ਗਲ ਕੀਤੀ। ਕੁੜੀ ਨੇ ਸੋਚਿਆ ਸ਼ਾਇਦ ਇਹ ਇੱਕ ਦੋ ਦਿਨਾਂ ਦੀ ਗਲ ਹੋਵੇਗੀ, ਬਾਅਦ ਵਿੱਚ ਸੱਭ ਕੁੱਝ ਸਹੀ ਹੋ ਜਾਵੇਗਾ। ਦੋ ਕੁ ਮਹੀਨੇ ਇੰਝ ਹੀ ਚਲਦਾ ਗਿਆ। ਪਰ ਹੁਣ ਸੱਭ ਕੁੱਝ ਸਹੀ ਹੋਣ ਦੇ ਬਜਾਏ, ਸੱਭ ਕੁੱਝ ਗਲਤ ਹੀ ਹੁੰਦਾ ਗਿਆ। ਹੁਣ ਉਹ ਬਦਮਾਸ਼ ਬਿਨ੍ਹਾਂ ਨਾਗਾ ਬੱਸ ਵਿੱਚ ਉਸ ਨਾਲ ਛੇੜ ਛਾੜ ਕਰਨ ਲੱਗਾ। ਹੁਣ ਮਾਮਲਾ ਕੇਵਲ ਬੱਸ ਤੱਕ ਹੀ ਸੀਮਤ ਨਹੀਂ ਰਹਿ ਗਿਆ ਸੀ, ਹੁਣ ਉਹ ਕੁੜੀ ਦੇ ਪਿੱਛੇ ਪਿੱਛੇ ਉਸ ਦੇ ਘਰ ਤੱਕ ਜਾਣ ਲੱਗ ਗਿਆ ਸੀ। ਹੁਣ ਕੁੜੀ ਦੇ ਭਰਾ ਨੂੰ ਵੀ ਪਤਾ ਲਗ ਗਿਆ ਸੀ ਕਿ ਉਹ ਬਦਮਾਸ਼ ਹਰ ਰੋਜ਼ ਉਸ ਦੀ ਭੈਣ ਨੂੰ ਛੇੜਦਾ ਹੈ, ਪਰ ਉਹ ਵੀ ਵਿਚਾਰਾ ਕੀ ਕਰਦਾ। ਹੁਣ ਬਦਮਾਸ਼ ਦੀ ਹੱਦ ਟੱਪਦੀ ਜਾ ਰਹੀ ਸੀ। ਫਿਰ ਉਸ ਦੇ ਬਦਮਾਸ਼ ਨੇ ਉਸ ਦੇ ਭਰਾ ਨੂੰ ਵੀ ਸਾਲਾ ਕਹਿ ਕੇ ਛੇੜਨ ਲਗ ਗਿਆ। ਹੌਲੀ ਹੌਲੀ ਕੁੜੀ ਦੇ ਭਰਾ ਦੇ ਦੋਸਤਾਂ ਨੂੰ ਵੀ ਪਤਾ ਲਗ ਗਿਆ ਅਤੇ ਦੋਸਤ ਉਸ ਦੇ ਭਰਾ ਨੂੰ ਕਹਿਣ ਲੱਗੇ ਆਹ ਦੇਖਨੂੰ ਤੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ, ਤੇੇਰੇ ਭੈਣ ਦਾ ਆਸ਼ਿਕ ਪਹੁੰਚ ਗਿਆ ਹੈ। ਹੁਣ ਭੈਣ ਦੀ ਜ਼ਿੰਦਗੀ ਦੇ ਨਾਲ ਨਾਲ ਭਰਾ ਦੀ ਜ਼ਿੰਦਗੀ ਵੀ ਖਰਾਬ ਹੋਣ ਲੱਗੀ। ਭਰਾ ਨੇ ਅੱਕ ਕੇ ਭੈਣ ਨੂੰ ਕਿਹਾ ਕਿ ਹੁਣ ਗਲ ਹੱਦ ਤੋਂ ਵੱਧ ਵੱਧ ਚੁੱਕੀ ਹੈ। ਹੁਣ ਆਪਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਭੈਣ ਨੇ ਭਰਾ ਨੂੰ ਰੋਕਣ ਦੀ ਕੋਸ਼ਸ਼ ਕੀਤੀ ਕਿ ਘਰ ਦਿਆਂ ਨੂੰ ਦੱਸਣ ਨਾਲ, ਆਪਣੇ ਮਾਤਾ ਪਿਤਾ ਵੀ ਚਿੰਤਾ ਵਿੱਚ ਘੇਰੇ ਜਾਣਗੇ। ਪਰ ਭਰਾ ਨਾ ਮੰਨੀਆ ਅਤੇ ਉਸਨੇ ਆਪਣੀ ਮਾਤਾ ਜੀ ਨੂੰ ਸਾਰੀ ਗਲ ਦੱਸ ਦਿੱਤੀ ਅਤੇ ਮਾਤਾ ਜੀ ਨੇ ਅਗਾਂਹ ਪਿਤਾ ਜੀ ਨੂੰ ਸਾਰੀ ਗਲ ਬਿਆਨ ਕਰ ਦਿੱਤੀ। ਪਿਤਾ ਜੀ ਦੋ ਕੁ ਦਿਨ ਤਾਂ ਚੁੱਪ ਰਹੇ ਅਤੇ ਹਰ ਰੋਜ਼ ਘਰ ਦਾ ਗੇਟ ਖੋਲ੍ਹ ਕੇ ਦੇਖਦੇ ਰਹੇ। ਉਹ ਜਦ ਵੀ ਗੇਟ ਖੋਲ੍ਹਦੇ ਉਹ ਅਤੇ ਉਸਦੇ ਸਾਥੀ ਬਦਮਾਸ਼ ਉਹਨਾਂ ਦੇ ਘਰ ਦੇ ਬਾਹਰ ਹੀ ਖੱੜ੍ਹੇ ਹੁੰਦੇ। ਇੱਕ ਦਿਨ ਪਿਤਾ ਜੀ ਨੇ ਹਿੰਮਤ ਜੁਟਾਈ ਅਤੇ ਕਿਹਾ ਇਹ ਸ਼ਰੀਫਾਂ ਦਾ ਮਹੱਲਾ ਹੈ, ਤੂੰ ਹਰ ਰੋਜ਼ ਇੱਥੇ ਖੜ੍ਹਦਾ ਹੈ, ਤੈਨੂੰ ਸ਼ਰਮ ਨਹੀਂ ਆਉਂਦੀ। ਬਦਮਾਸ਼ ਨੇ ਬਿੰਨ੍ਹਾ ਡਰ ਤੋਂ ਕਿਹਾ ਸ਼ਰਮ ਕਾਅਦੀ ਸੋਹਰਾ ਸਾਹਬ, ਮੈਂ ਤਾਂ ਆਪਣੇ ਸੋਹਰੇ ਘਰ ਖੜ੍ਹਾਂ, ਨਾਲੇ ਤੁਸੀਂ ਵੀ ਥੋੜ੍ਹੀ ਤਮੀਜ ਸਿੱਖੋ ਕਿ ਹੋਣ ਵਾਲੇ ਜਵਾਈ ਨਾਲ ਕਿਵੇਂ ਗਲ ਕਰਨੀ ਚਾਹੀਦੀ ਹੈ। ਪਿਤਾ ਜੀ ਨੇ ਕਿਹਾ ਮੈਂ ਤੈਨੂੰ ਪੁਲਿਸ ਦੇ ਹਵਾਲੇ ਕਰ ਦਿਆਂਗਾ। ਬਦਮਾਸ਼ ਨੇ ਕਿਹਾ ਸੋਹਰਾ ਸਾਹਬ ਜਿੱਥੇ ਮਰਜੀ ਭੱਜ ਲਓ, ਤੇਰੀ ਧੀ ਤਾਂ ਮੈਂ ਵੀ ਵਿਆਹ ਕੇ ਲੈ ਕੇ ਜਾਊਂਗਾ। ਬਾਕੀ ਸਾਰੇ ਬਦਮਾਸ਼ ਇਸ ਗਲ ‘ਤੇ ਹੱਸਣ ਲੱਗ ਪਏ ਅਤੇ ਪਿਤਾ ਜੀ ਨੂੰ ਸ਼ਰਮਿੰਦਾ ਹੁੰਦੇ ਹੋਏ ਆਪਣੇ ਘਰ ਵਾਪਿਸ ਜਾਣਾ ਪਿਆ। ਹੁਣ ਮਾਮਲਾ ਹੱਦੋਂ ਵੱਧ ਗੰਭੀਰ ਹੁੰਦਾ ਜਾ ਰਿਹਾ ਸੀ। ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਵੀ ਕੁੱਝ ਨਾ ਕੀਤਾ, ਕਿਉਂਕਿ ਪੁਲਿਸ ਤਾਂ ਪਹਿਲਾਂ ਦੀ ਹੀ ਉਸੇ ਬਦਮਾਸ਼ ਨਾਲ ਮਿਲੀ ਹੋਈ ਸੀ। ਫਿਰ ਪਿਤਾ ਜੀ ਨੇ ਆਪਣੇ ਕੁੱਝ ਰਿਸ਼ਤੇਦਾਰਾਂ ਨੂੰ ਘਰ ਬੁਲਾਇਆ ਅਤੇ ਉਹਨਾਂ ਨੂੰ ਸਾਰੀ ਇਸ ਮੁਸੀਬਤ ਦੀ ਕਹਾਣੀ ਸੁਣਾਈ। ਕੁੜੀ ਦੇ ਤਾਇਆ ਜੀ ਨੇ ਕਿਹਾ ਹੁਣ ਤਾਂ ਸਿਰਫ ਇੱਕੋ ਹੀ ਹੱਲ ਹੈ, ਇਸ ਕੁੜੀ ਦਾ ਜਲਦ ਤੋਂ ਜਲਦ ਵਿਆਹ ਕਰ ਦਿਓ। ਇਸ ਕੁੜੀ ਦਾ ਕਾਲਜ ਬੰਦ ਕਰਵਾ ਦਿਓ। ਇਸਨੂੰ ਘਰ ਹੀ ਰੱਖੋ। ਸਾਰੀ ਪਰਿਵਾਰ ਨੇ ਇਸ ਹੱਲ ਨੂੰ ਸਹਿਮਤੀ ਦੇ ਦਿੱਤੀ। ਕੁੜੀ ਉੱਚੀ ਉੱਚੀ ਰੋਣ ਲੱਗ ਗਈ ਤੁਸੀਂ ਮੇਰਾ ਕਿਉਂ ਜਲਦੀ ਵਿਆਹ ਕਰਦੇ ਹੋਂ, ਮੇਰੀ ਕਿਉਂ ਪੱੜ੍ਹਾਈ ਛੱਡਾ ਰਹੇ ਹੋਂ, ਇਸ ਵਿੱਚ ਮੇਰੀ ਕੀ ਗਲਤੀ ਹੈ। ਜਿਸ ਦੀ ਗਲਤੀ ਹੈ ਉਸ ਨੂੰ ਤਾਂ ਆਪਾਂ ਕੁੱਝ ਕਹਿ ਨਹੀਂ ਰਹੇ। ਲੜਕੀ ਦੀ ਕਿਸੇ ਨੇ ਨਾਂ ਸੁਣੀ ਅਤੇ ਉਸ ਦਾ ਕਾਲਜ ਆਉਣਾ ਜਾਣਾ ਬੰਦ ਕਰ ਦਿੱਤਾ ਅਤੇ ਉਸ ਲਈ ਇੱਕ ਚੰਗਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਕੁੜੀ ਹਰ ਰੋਜ਼ ਬਹੁਤ ਰੋਣ ਕਰਲਾਉਣ ਲੱਗੀ, ਪਰ ਹੁਣ ਰੋਣ ਦਾ ਕੋਈ ਫਾਇਦਾ ਨਹੀਂ ਸੀ ਅਤੇ ਨਾਂ ਹੀ ਕੋਈ ਸੁਣਨ ਵਾਲਾ ਸੀ। ਵਿਹਲੀ ਕਮਰੇ ਵਿੱਚ ਕੈਦ ਕੁੜੀ ਨੂੰ ਸਾਰਿਆਂ ਗਲਾਂ ਬਹੁਤ ਯਾਦ ਆਉਣ ਲਗ ਪਈਆਂ, ਅਤੇ ਕਾਲਜ ਛੱਡਣ ਕਾਰਨ ਉਸ ਦੇ ਸਾਰੇ ਸੁਪਨੇ ਵੀ ਟੁੱਟ ਗਏ। ਜਿਵੇਂ ਜਿਵੇਂ ਦਿਨ ਬੀਤਦੇ ਜਾ ਰਹੇ ਸੀ, ਕੁੜੀ ਦੀ ਹਾਲਤ ਹੋਰ ਗੰਭੀਰ ਤੋਂ ਗੰਭੀਰ ਹੁੰਦੀ ਜਾ ਰਹੀ ਸੀ। ਇੱਕ ਦਿਨ ਕੁੜੀ ਇੱਕ ਚਾਕੂ ਚੁੱਕ ਕੇ ਬਾਥਰੂਮ ਵਿੱਚ ਗਈ ਅਤੇ ਉਸ ਨੇ ਉਹ ਕੀਤਾ, ਜਿਸਦੀ ਕਿਸੇ ਨੂੰ ਕੋਈ ਉਮੀਂਦ ਨਹੀਂ ਸੀ। ਉਸ ਨੇ ਚਾਕੂ ਨਾਲ ਆਪਣਾ ਸਾਰਾ ਮੂੰਹ ਛਿਲ ਲਿਆ। ਉਹ ਉੱਚੀ ਉੱਚੀ ਕਹਿਣ ਲੱਗੀ ਇਹ ਸੁੰਦਰਤਾ ਹੀ ਮੇਰੀ ਦੁਸ਼ਮਨ ਹੈ, ਲਓ ਮੈਂ ਆਪਣੇ ਦੁਸ਼ਮਨ ਨੂੰ ਹੀ ਮਾਰ ਦਿੱਤਾ। ਸਾਰਿਆਂ ਦੀਆਂ ਅੱਖਾਂ ਖੱੜ੍ਹੀਆਂ ਅਤੇ ਮੂੰਹ ਟੱਡੇ ਰਹਿ ਗਏ। ਕਿਸੇ ਕੋਲ ਰੋਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਰਹਿ ਗਿਆ ਸੀ। ਹੁਣ ਆਪਾਂ ਇਸ ਮਾਮਲੇ ਦੀ ਗਹਿਰਾਈ ਵਿੱਚ ਜਾਨੇ ਹਾਂ, ਇਹੋ ਜਿਹੀ ਦੁਰਘਟਨਾ ਕਿਸੇ ਵੀ ਸ਼ਰੀਫ ਖਾਨਦਾਨ ਨਾਲ ਹੋ ਸਕਦੀ ਹੈ। ਇਸ ਕਹਾਣੀ ਤੋਂ ਇੱਕ ਗਲ ਤਾਂ ਆਪਾਂ ਇਹ ਸਿਖਦੇ ਹਾਂ ਕਿ ਜ਼ਿਆਦਾ ਸ਼ਰੀਫ ਹੋਣਾ ਵੀ ਕਦੇ ਕਦੇ ਖਤਰਨਾਕ ਹੋ ਜਾਂਦਾ ਹੈ। ਜਦ ਵੀ ਕਦੇ ਆਪਾਂ ਨੂੰ ਇਹੋ ਜਿਹੀ ਮੁਸੀਬਤ ਦਾ ਸਾਹਮਣਾ ਕਰਨਾ ਪਵੇ, ਤਾਂ ਪਹਿਲ ਤਾਂ ਆਪਣੀ ਇਹੋ ਹੀ ਹੋਣੀ ਚਾਹੀਦੀ ਹੈ ਕਿ ਆਪਾਂ ਨੂੰ ਇਸ ਮੁਸੀਬਤ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਐਨ.ਜੀ.ਓ., ਸਰਕਾਰੀ ਏਜੰਸੀਆਂ, ਅਫਸਰਾਂ ਦੀ ਮੱਦਦ ਲੈਣੀ ਚਾਹੀਦੀ ਹੈ। ਪਰ ਜੇ ਫਿਰ ਵੀ ਕੋਈ ਮੱਦਦ ਨਹੀਂ ਕਰ ਰਿਹਾ, ਪਰ ਜੇ ਫਿਰ ਵੀ ਆਪਣਾ ਦੁਸ਼ਮਨ ਆਪਣੇ ਨਾਲੋਂ ਵਧੇਰੇ ਤਾਕਤਵਰ ਹੈ, ਤਾਂ ਉਸ ਤੋਂ ਡਰਕੇ ਕੋਈ ਗਲਤ ਕਦਮ ਉਠਾਉਣ ਦੀ ਬਜਾਏ, ਇਕ ਵਿਕਲਪ ਹੋਰ ਵੀ ਹੈ, ਜਿਸ ਨੂੰ ਆਪਾਂ ਹਿਜਰਤ ਕਹਿੰਦੇ ਹਾਂ। ਜੇ ਆਪਾਂ ਕਿਸੇ ਕਾਰਨ ਆਪਣੇ ਦੁਸ਼ਮਨ ਨਾਲ ਲੜ ਨਹੀਂ ਪਾ ਰਹੇ, ਤਾਂ ਉਸ ਦੁਸ਼ਮਨ ਦਾ ਜ਼ੁਲਮ ਕਦੇ ਨਾ ਸਹੋ, ਭਲਾਈ ਇਸੇ ਵਿੱਚ ਹੀ ਹੈ ਕਿ ਆਪਾਂ ਉਹ ਸ਼ਹਿਰ ਯਾ ਜਗ੍ਹਾ ਛੱਡ ਕੇ ਕਿਸੇ ਹੋਰ ਜਗ੍ਹਾ ਰਹਿਣ ਲਗ ਜਾਈਏ। ਕਿਉਂਕਿ ਜੇ ਜ਼ੁਲਮ ਸਹਿਣ ਵਾਲਾ ਹੀ ਨਹੀਂ ਰਿਹਾ, ਤਾਂ ਫਿਰ ਜ਼ੁਲਮੀ ਜ਼ੁਲਮ ਕਰੇਗਾ ਕਿਸ ਉੱਤੇ। ਜੇ ਆਪਾਂ ਸੋਚੀਏ ਆਪਾਂ ਸਾਰਾ ਘਰ ਬਾਰ ਵੇਚ ਕੇ ਕਿੱਥੇ ਜਾਵਾਂਗੇ, ਕਿੰਨ੍ਹਾਂ ਘਾਟਾ ਪੈ ਜਾਵੇਗਾ, ਹੁਣ ਕਿੱਥੇ ਜਾ ਕੇ ਆਪਾਂ ਕੀ ਕਰਾਂਗੇ, ਆਪਾਂ ਇੱਥੇ ਹੀ ਕੋਈ ਮਸਲਾ ਹੱਲ ਕਰ ਲੈਂਦੇ ਹਾਂ। ਜਿਵੇਂ ਕਿ ਉਪਰੋਕਤ ਕਹਾਣੀ ਵਿੱਚ ਉਹਨਾਂ ਨੇ ਕੁੜੀ ਦੀ ਪੱੜ੍ਹਾਈ ਛਡਾਉਣ ਦਾ ਹੀ ਫੈਸਲਾ ਕਰ ਲਿਆ, ਪਰ ਉਸ ਦਾ ਨਤੀਜਾ ਬਹੁਤ ਹੀ ਬੁਰਾ ਨਿਕਲਿਆ। ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਇਸ ਕੇਸ ਵਿੱਚ ਘਰ ਹੀ ਛੱਡ ਦੇਣਾ ਚਾਹੀਦਾ ਹੈ। ਇਸ ਲੇਖ ਲਿੱਖਣ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਜੇ ਕੋਈ ਕਿਸੇ ਗੰਭੀਰ ਸਮੱਸਿਆ ਵਿੱਚ ਫੱਸ ਜਾਵੇ, ਤਾਂ ਉਸ ਕੋਲ ਉਸ ਸਮੱਸਿਆ ਵਿੱਚੋਂ ਬੱਚ ਨਿਕਲਣ ਦਾ ਇੱਕ ਹੋਰ ਵਿਕਲਪ ਵੀ ਹੈ, ਉਹ ਹੈ ਹਿਜਰਤ।

ਸਾਹਿਤਕਾਰ ਅਮਨਪ੍ਰੀਤ ਸਿੰਘ
09465554088

Share Button

Leave a Reply

Your email address will not be published. Required fields are marked *

%d bloggers like this: