ਕੰਮ ਹਮੇਸ਼ਾਂ ਫਾਇਦੇ ਵਾਲਾ ਹੀ ਕਰੋ

ਕੰਮ ਹਮੇਸ਼ਾਂ ਫਾਇਦੇ ਵਾਲਾ ਹੀ ਕਰੋ

ਸੱਭ ਤੋਂ ਪਹਿਲਾਂ ਮੈਂ ਤੁਹਾਨੂੰ ਸੱਭ ਨੂੰ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਕੰਮ ਉਹ ਕਰਨਾ ਚਾਹੀਦਾ ਹੈ ਜਿਸ ਫਾਇਦਾ ਹੋਵੇ ਯਾ ਕੰਮ ਸਿਰਫ ਉਹ ਕਰਨਾ ਚਾਹੀਦਾ ਹੈ ਜਿਸ ਵਿੱਚ ਆਪਾਂ ਨੂੰ ਲਗਾਤਾਰ ਨੁਕਸਾਨ ਹੀ ਹੁੰਦਾ ਰਹੇ। ਜਵਾਬ ਬਿਲਕੁਲ ਹੀ ਸਾਫ ਹੈ ਕਿ ਸਾਨੂੰ ਕੰਮ ਸਿਰਫ ਉਹੋ ਹੀ ਕਰਨਾ ਚਾਹੀਦਾ ਹੈ ਜਿਸ ਵਿੱਚ ਫਾਇਦਾ ਹੋਵੇ। ਪਰ ਫਿਰ ਵੀ ਆਪਣੇ ਦੇਸ਼ ਵਿੱਚ ਕੁੱਝ ਉਲਟਾ ਹੋ ਰਿਹਾ ਹੈ। ਕਈ ਕੰਮ ਅਜਿਹੇ ਹਨ ਜੋ ਲੋਕ ਲਗਾਤਾਰ ਕਰੀ ਜਾ ਰਹੇ ਹਨ, ਘਾਟਾ ਵੀ ਖਾ ਰਹੇ ਹਨ, ਕਰਜੇ ਵੀ ਆਪਣੇ ਸਿਰ ਚੜ੍ਹਾ ਰਹੇ ਹਨ, ਪਰ ਨੁਕਸਾਨ ਵਾਲਾ ਕੰਮ ਕਰਨੋ ਨਹੀਂ ਹੱਟਦੇ। ਇੱਕ ਮੈਂ ਅਜਿਹਾ ਬਿਜ਼ਨਸਮੈਨ ਦੇਖਿਆ ਜਿਸਨੂੰ ਲਗਾਤਾਰ ਆਪਣੀ ਦੁਕਾਨ ਵਿੱਚ ਘਾਟਾ ਪੈ ਰਿਹਾ ਹੈ, ਪਰ ਉਹ ਹਜੇ ਵੀ ਉਹੋ ਹੀ ਦੁਕਾਨ ਚਲਾ ਰਿਹਾ ਹੈ ਅਤੇ ਜਦੋਂ ਉਸਨੂੰ ਜ਼ਿਆਦਾ ਘਾਟਾ ਪੈ ਜਾਂਦਾ ਹੇ, ਤਦ ਉਹ ਆਪਣੇ ਭਰਾ ਕੋਲੋਂ ਪੈਸੇ ਮੰਗ ਲੈਂਦਾ ਹੈ ਅਤੇ ਆਪਣਾ ਘਾਟਾ ਪੂਰਾ ਕਰਦਾ ਹੈ। ਜਦ ਮੈਂ ਇਸ ਗਲ ਦੀ ਛਾਣਬੀਣ ਕੀਤੀ ਕਿ ਉਹ ਆਪਣੀ ਦੁਕਾਨ ਛੱਡਕੇ ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦਾ ਤਾਂ ਮੈਨੂੰ ਸਿਰਫ ਇੱਕ ਹੀ ਕਾਰਨ ਦਾ ਪਤਾ ਲੱਗਾ। ਉਹ ਕਾਰਨ ਹੋਰ ਕੁੱਝ ਨਹੀਂ ਸੀ, ਬਸ ਸਿਰਫ ਉਸਨੂੰ ਲੋਕਾਂ ਦੇ ਮੂੰਹੋਂ ਆਪਣੇ ਆਪ ਨੂੰ ਸੇਠ ਅਖਵਾਉਣ ਦੀ ਆਦਤ ਪੈ ਗਈ ਸੀ। ਹੈ ਨਾਂ ਬਿਲਕੁਲ ਇਹ ਹੈਰਾਨੀ ਵਾਲੀ ਗਲ। ਦੂਜੀ ਗਲ ਮੈਂ ਹੁਣ ਕਰਨ ਜਾ ਰਿਹਾ ਹਾਂ, ਕਿਸਾਨਾਂ ਦੀ ਹੋ ਰਹੀ ਮਾੜੀ ਹਾਲਤ ਦੀ। ਕਿਸਾਨਾਂ ਦੀਆਂ ਖੁਦਕੁਸ਼ੀਆਂ ਵੱਧਦੀਆਂ ਜਾ ਰਹੀਆਂ ਹਨ। ਕਿਸਾਨ ਹਰ ਰੋਜ਼ ਹੋਰ ਤੋਂ ਹੋਰ ਕਰਜੇ ਵਿੱਚ ਡੁੱਬਦਾ ਜਾ ਰਿਹਾ ਹੈ। ਕਿਸਾਨਾਂ ਮੁਤਾਬਿਕ ਸਰਕਾਰ ਦੀਆਂ ਨੀਤੀਆਂ ਹੀ ਖੇਤੀਬਾੜੀ ਦਾ ਵਿਨਾਸ਼ ਕਰ ਰਹੀਆਂ ਹਨ। ਸਰਕਾਰ ਖੇਤੀਬਾੜੀ ਦੀ ਬਿਲਕੁਲ ਵੀ ਪਰਵਾਹ ਨਹੀਂ ਕਰ ਰਹੀ। ਸਰਕਾਰ ਸਿਰਫ ਕਾਰਪੋਰੇਟ ਸੈਕਟਰ ਲਈ ਹੀ ਨੀਤੀਆਂ ਬਣਾ ਰਹੀ ਹੈ। ਪਰ ਇੱਕ ਗਲ ਬੜੀ ਹੈਰਾਨੀ ਵਾਲੀ ਹੈ, ਜੋ ਮੈਨੂੰ ਅੱਜ ਤੱਕ ਸਮਝ ਨਹੀਂ ਆ ਰਹੀ। ਜੇ ਕਿਸਾਨਾਂ ਨੂੰ ਇੰਨ੍ਹੀ ਸਖਤ ਮਿਹਨਤ ਕਰਨ ਤੋਂ ਬਾਅਦ ਘਾਟਾ ਹੀ ਪੈ ਰਿਹਾ, ਜੇ ਧੁਪਾਂ ਵਿੱਚ ਸੜਨ ਤੋਂ ਬਾਅਦ ਆਪਣੇ ਸਿਰ ਕਰਜਾ ਹੀ ਹੱਧ ਲਗਦਾ ਹੈ, ਤਾਂ ਫਿਰ ਇਹ ਕਿਸਾਨ ਕਿਸਾਨੀ ਕਰ ਹੀ ਕਿਉਂ ਰਹੇ ਹਨ। ਆਪਣੇ ਸਿਰ ਕਰਜਾ ਚੜ੍ਹਾ ਚੜ੍ਹਾ ਕੇ ਅਨਾਜ ਕਿਉਂ ਪੈਦਾ ਕਰ ਰਹੇ ਹਨ। ਜੇ ਆਤਮੁਹੱਤਿਆਵਾਂ ਕਰਨ ਤੋਂ ਬਾਅਦ ਵੀ ਸਰਕਾਰ ਉਹਨਾਂ ਦੀ ਨਹੀਂ ਸੁਣ ਰਹੀ, ਤਾਂ ਫਿਰ ਉਹ ਕਿਸਾਨੀ ਕਿਉਂ ਨਹੀਂ ਛੱਡ ਦਿੰਦੇ। ਜਿਵੇਂ ਕਿ ਮੈਂ ਸੱਭ ਤੋਂ ਪਹਿਲਾਂ ਇੱਕ ਪ੍ਰਸ਼ਨ ਪੁੱਛਿਆ ਸੀ ਕਿ ਆਪਾਂ ਨੂੰ ਘਾਟੇ ਵਾਲਾ ਕੰਮ ਕਰਨਾ ਚਾਹੀਦਾ ਹੈ ਯਾ ਫਾਇਦਾ ਵਾਲਾ, ਤਾਂ ਫਿਰ ਕਿਸਾਨ ਆਪਣੀ ਲਈ ਕੋਈ ਫਾਇਦਾ ਵਾਲਾ ਕੰਮ ਕਿਉਂ ਨਹੀਂ ਭਾਲ ਲੈਂਦੇ। ਮੈਨੂੰ ਅੱਜ ਹੀ ਇੱਕ ਕੋਈ ੧੬ ਕੁ ਸਾਲਾਂ ਦਾ ਲੜਕਾ ਮਿਲਿਆ। ਉਹ ਸਿਰਫ ਸੱਤ ਜਮਾਤਾਂ ਪੱੜ੍ਹਿਆ ਸੀ। ਉਸਨੇ ਕਿਸੇ ਪਿੰਡ ਜਾਣਾ ਸੀ, ਮੈਂ ਉਸ ਰਸਤੇ ਤੋਂ ਗੁਜ਼ਰ ਰਿਹਾ ਸੀ, ਮੈਂ ਉਸਨੂੰ ਆਪਣੇ ਮੋਟਰ ਸਾਈਕਲ ‘ਤੇ ਬਿਠਾ ਲਿਆ। ਮੈਂ ਉਸ ਤੋਂ ਉਸ ਦੀ ਜ਼ਿੰਦਗੀ ਬਾਰੇ ਸਵਾਲ ਪੁੱਛਣ ਲੱਗ ਗਿਆ। ਜਦ ਮੈਂ ਉਸ ਤੋਂ ਪੁੱਛਿਆ ਕਿ ਉਹ ਕੀ ਕਰਦਾ ਹੈ, ਕਿੱਥੇ ਜਾ ਰਿਹਾ ਹੈ, ਤਾਂ ਉਸਨੇ ਮੈਨੂੰ ਦੱਸਿਆ ਕਿ ਉਹ ਡੀ.ਜੇ. ਦੀ ਦੁਕਾਨ ‘ਤੇ ਕੰਮ ਕਰਦਾ ਹੈ। ਉਸਨੂੰ ਤਿੰਨ ਸੋ ਰੁਪਏ ਇੱਕ ਦਿਨ ਦੀ ਦਿਹਾੜੀ ਮਿਲਦੀ ਹੈ। ਉਹ ਕਦੇ ਕਦੇ ਬਰਫ ਵੀ ਵੇਚ ਲੈਂਦਾ ਹੈ। ਕਦੇ ਬਿਜਲੀ ਦਅਿਾਂ ਲੜੀਆਂ ਵੀ ਠੀਕ ਕਰ ਲੈਂਦਾ ਹੈ। ਉਸ ਦੇ ਕਹਿਣ ਮੁਤਾਬਿਕ ਉਹ ਅੱਠ ਹਜ਼ਾਰ ਰੁਪਇਆ ਪ੍ਰਤੀ ਮਹੀਨਾ ਬਹੁਤ ਹੀ ਆਸਾਨੀ ਨਾਲ ਕਮਾ ਲੈਂਦਾ ਹੈ। ਮੈਂ ਉਸਦਾ ਜਵਾਬ ਸੁਣਕੇ ਉਸ ਦੀ ਬਹੁਤ ਤਾਰੀਫ ਕੀਤੀ। ਮੈਂ ਉਸਨੂੰ ਕੁੱਝ ਹੋਰ ਸੁਝਾਅ ਵੀ ਦਿੱਤੇ ਅਤੇ ਉਸਨੂੰ ਅੱਗੇ ਪੱੜ੍ਹਨ ਲਈ ਵੀ ਕਿਹਾ। ਉਸ ਲੜਕੇ ਬਾਰੇ ਸੋਚਕੇ ਮੇਰੇ ਦਿਮਾਗ ਵਿੱਚ ਇਹ ਵੀ ਗਲ ਆਉਂਦੀ ਹੈ ਕਿ ਜੇ ਉਹ ਲੜਕਾ ਇੰਨ੍ਹੀ ਛੋਟੀ ਉਮਰ ਵਿੱਚ ਸਿਰਫ ਸੱਤਵੀਂ ਪਾਸ ਹੋਣ ਦੇ ਬਾਵਜੂਦ ਵੀ, ਅੱਠ ਹਜ਼ਾਰ ਰੁਪਇਆ ਪ੍ਰਤੀ ਮਹੀਨਾ ਆਸਾਨੀ ਨਾਲ ਕਮਾ ਰਿਹਾ ਹੈ, ਤਾਂ ਫਿਰ ਕਿਸਾਨਾਂ ਨੂੰ ਕੀ ਹੋਇਆ ਹੈ। ਉਹਨਾਂ ਨੂੰ ਵੀ ਇਹੋ ਹੀ ਚਾਹੀਦਾ ਹੈ ਕਿ ਖੁਦਕੁਸ਼ੀਆਂ ਕਰਨ ਦੀ ਬਜਾਏ, ਉਹ ਕੋਈ ਹੋਰ ਛੋਟਾ ਮੋਟਾ ਕੰਮ ਆਪਣੇ ਲਈ ਲੱਭ ਲੈਣ, ਅਤੇ ਕਰਜੇ ਦੇ ਵਿੱਚ ਡੁੱਬਣ ਦੀ ਬਜਾਏ, ਚਾਰ ਪੈਸੇ ਜੋੜ ਲੈਣ। ਇਸ ਦੇ ਬਹੁਤ ਫਾਇਦੇ ਹੋਣਗੇ। ਇੱਕ ਤਾਂ ਕਿਸਾਨਾਂ ਨੂੰ ਆਪਣੇ ਜੀਵਨ ਤੋਂ ਹੱਥ ਨਹੀਂ ਧੋਣਾ ਪਵੇਗਾ। ਦੂਜਾ ਜੇ ਸਾਰੇ ਕਿਸਾਨ ਖੇਤੀਬਾੜੀ ਕਰਨਾ ਛੱਡ ਦੇਣਗੇ, ਤਾਂ ਸੁਭਾਵਿਕ ਹੀ ਸਾਰੀ ਵਿਵਸਥਾ ਖਰਾਬ ਹੋ ਜਾਵੇਗੀ, ਅਤੇ ਸੁਭਾਵਿਕ ਹੀ ਸਰਕਾਰ ‘ਤੇ ਦਬਾਅ ਬਣਨ ਲੱਗ ਜਾਵੇਗਾ, ਅਤੇ ਸੁਭਾਵਿਕ ਹੀ ਸਰਕਾਰ ਨੂੰ ਮਜਬੂਰਨ ਕਿਸਾਨਾਂ ਦੇ ਹਿੱਤ ਲਈ ਕੁੱਝ ਨਾ ਕੁੱਝ ਕਰਨਾ ਪਵੇਗਾ। ਜੇ ਆਪਾਂ ਖੁਦ ਹੀ ਕਰਜੇ ਚੱਕ ਚੱਕ ਕੇ, ਆਪਣਾ ਗਲਾ ਘੁੱਟ ਘੁੱਟ ਕੇ ਸਰਕਾਰ ਦੇ ਕੰਮ ਕਰੀ ਜਾਵਾਂਗੇ, ਤਾਂ ਫਿਰ ਸਰਕਾਰ ਨੂੰ ਕੀ ਪਰਵਾਹ ਹੈ। ਜੇ ਸਰਕਾਰ ਦਾ ਮੁਫਤ ਹੀ ਕੰਮ ਬਣੀ ਜਾਵੇਗਾ, ਤਾਂ ਫਿਰ ਉਹ ਕਿਸਾਨਾਂ ਬਾਰੇ ਕਿਉਂ ਸੋਚੇਗੀ। ਸੋ ਇਹ ਸਾਰੀ ਗਲ ਨੂੰ ਸਮਝਣ ਲਈ, ਬਹੁਤ ਹੀ ਡੂੰਘਾਈ ਨਾਲ ਸੋਚਣ ਦੀ ਲੋੜ ਹੈ। ਇਸ ਗਲ ਨੂੰ ਹੋਰ ਠੀਕ ਤਰ੍ਹਾਂ ਸਮਝਣ ਲਈ ਆਪਾਂ ਅਧਿਆਪਕ ਵਰਗ ਦੀ ਵੀ ਉਦਾਹਰਣ ਲੈ ਸਕਦੇ ਹਾਂ। ਜੇ ਮੰਨ ਲਵੋ ਸਾਰੇ ਅਧਿਆਪਕ ਇਹ ਸੋਚਣ ਕਿ ਅਸੀਂ ਪਲਿਓਂ ਫੰਡ ਪਾ ਕੇ, ਸਾਰੇ ਸਕੂਲ ਦਾ ਖਰਚ ਕਰਾਂਗੇ, ਤਾਂ ਫਿਰ ਸਰਕਾਰ ਗ੍ਰਾਂਟ ਕਿਉਂ ਦੇਵੇਗੀ ਸਕੂਲ ਨੂੰ। ਸਰਕਾਰਾਂ ਨੂੰ ਤਾਂ ਇਹ ਸੱਭ ਚਾਹੀਦਾ ਹੀ ਹੁੰਦਾ ਹੈ ਕਿ ਆਪਾਂ ਸਾਰਾ ਕੁੱਝ ਪਲਿਓਂ ਹੀ ਕਰਦੇ ਰਹੀਏ। ਸੋ ਆਪਾਂ ਨੂੰ ਬਹੁਤੇ ਦਾਨੀ ਯਾ ਕਿਰਤੀ ਬਣਨ ਦੀ ਲੋੜ ਨਹੀਂ ਹੈ, ਆਪਣੇ ਕੋਲ ਤਾਂ ਪਹਿਲਾਂ ਹੀ ਪੈਸਾ ਜ਼ਿਆਦਾ ਨਹੀਂ ਹਨ। ਸੋ ਆਪਾਂ ਨੂੰ ਸੋਚ ਸਮਝ ਕੇ ਠੀਕ ਉਹੋ ਹੀ ਕੰਮ ਕਰਨਾ ਚਾਹੀਦਾ ਹੈ ਜਿਸ ਵਿੱਚ ਆਪਣਾ ਫਾਇਦਾ ਹੋਵੇ ਅਤੇ ਇੰਝ ਕਰਨ ਨਾਲ ਇੱਕ ਚਮਤਕਾਰ ਵੀ ਹੋਵੇਗਾ ਕਿ ਸਾਰੀ ਵਿਵਸਥਾ ਆਪਣੇ ਆਪ ਹੀ ਠੀਕ ਹੋ ਜਾਵੇਗੀ।

ਅਮਨਪ੍ਰੀਤ ਸਿੰਘ
ਸਿਰਫ ਵਟਸ ਅਪ 09465554088

Share Button

Leave a Reply

Your email address will not be published. Required fields are marked *

%d bloggers like this: