ਤਲਾਕ ਤੋਂ ਗੁੱਸੇ ਵਿੱਚ ਆ ਸਾਲੇਹਾਰ ਵੱਢਤੀ

ਤਲਾਕ ਤੋਂ ਗੁੱਸੇ ਵਿੱਚ ਆ ਸਾਲੇਹਾਰ ਵੱਢਤੀ

ਸਥਾਨਕ ਥਾਣਾ ਲਾਡੋਵਾਲ ਹੇਠ ਆਉਂਦੇ ਪਿੰਡ ਭੱਟੀਆਂ ਦੇ ਹਜ਼ੂਰੀ ਬਾਗ ਮੁਹੱਲੇ ਵਿੱਚ ਉਸ ਮੌਕੇ ਦਹਿਸ਼ਤ ਫੈਲ ਗਈ ਜਦੋਂ ਇਸੇ ਇਲਾਕੇ ਵਿੱਚ ਰਹਿੰਦੇ ਸੁਖਦੇਵ ਸਿੰਘ ਨੇ ਛੁਰੇ ਨਾਲ ਕਈ ਵਾਰ ਕਰਕੇ ਆਪਣੀ ਸਾਲੇਹਾਰ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਕਥਿੱਤ ਦੋਸ਼ੀ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਉਸ ਸਮੇਂ ਮ੍ਰਿਤਕ ਔਰਤ ਸੁਖਵਿੰਦਰ ਕੌਰ ਆਪਣੀ 9 ਸਾਲਾ ਬੇਟੀ ਨਾਲ ਘਰ ਵਿੱਚ ਇਕੱਲੀ ਸੀ। ਸੁਖਵਿੰਦਰ ਕੌਰ ਦਾ ਪਤੀ ਮਹਿੰਦਰ ਸਿੰਘ ਆਪਣੇ ਕੰਮ ਤੇ ਗਿਆ ਹੋਇਆ ਸੀ। ਜਦੋਂ ਕਥਿੱਤ ਦੋਸ਼ੀ ਆਪਣੀ ਸਾਲੇਹਾਰ ਤੇ ਛੁਰੇ ਨਾਲ ਵਾਰ ਕਰ ਰਿਹਾ ਸੀ ਉਸ ਸਮੇਂ ਮ੍ਰਿਤਕਾ ਦੀ 9 ਸਾਲਾ ਬੇਟੀ ਆਪਣੀ ਮਾਂ ਨੂੰ ਨਾ ਮਾਰਨ ਲਈ ਮਿੰਨਤਾਂ ਕਰਦੀ ਰਹੀ ਪ੍ਰੰਤੂ ਸੁਖਦੇਵ ਸਿੰਘ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਿਆ। ਮੌਕੇ ਤੇ ਏਡੀਸੀਪੀ ਕਰਾਈਮ ਬਲਕਾਰ ਸਿੰਘ, ਏਸੀਪੀ ਗਿੱਲ ਗੁਰਜੀਤ ਸਿੰਘ ਅਤੇ ਥਾਣਾ ਲਾਡੋਵਾਲ ਦੇ ਮੁਖੀ ਵਰੁਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ। ਇਲਾਕਾ ਵਾਸੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਅਤੇ ਕਥਿੱਤ ਦੋਸ਼ੀ ਸੁਖਦੇਵ ਸਿੰਘ ਦਾ ਆਪਸ ਵਿੱਚ ਨਣਦੋਈਏ ਅਤੇ ਸਾਲੇਹਾਰ ਦਾ ਰਿਸ਼ਤਾ ਸੀ। ਦੋਵੇਂ ਪਰਿਵਾਰਾਂ ਦਾ ਆਪਸ ਵਿੱਚ ਚੰਗਾ ਪਿਆਰ ਸੀ ਅਤੇ ਇੱਕ ਦੂਜੇ ਦੇ ਘਰ ਆਉਂਣਾ ਜਾਣਾ ਸੀ। ਕਰੀਬ 5 ਸਾਲ ਪਹਿਲਾਂ ਸੁਖਦੇਵ ਸਿੰਘ ਦੀ ਪਤਨੀ ਦਾ ਦਿਹਾਂਤ ਹੋ ਗਿਆ। ਸੁਖਦੇਵ ਸਿੰਘ ਦੀ ਪਤਨੀ ਦੇ ਦਿਹਾਂਤ ਤੋਂ ਬਾਦ੍ਹ ਮ੍ਰਿਤਕਾ ਸੁਖਵਿੰਦਰ ਕੌਰ ਨੇ ਆਪਣੀ ਤਲਾਕਸ਼ੁਦਾ ਭੈਣ ਦਾ ਰਿਸ਼ਤਾ ਸੁਖਦੇਵ ਸਿੰਘ ਨਾਲ ਕਰਵਾ ਦਿੱਤਾ। ਸੁਖਦੇਵ ਸਿੰਘ ਨਸ਼ੇ ਕਰਦਾ ਸੀ ਅਤੇ ਵਿਆਹ ਤੋਂ ਬਾਦ੍ਹ ਸੁਖਦੇਵ ਸਿੰਘ ਆਪਣੀ ਦੂਜੀ ਪਤਨੀ ਨਾਲ ਮਾਰਕੁੱਟ ਕਰਨ ਲੱਗਾ ਅਤੇ ਕਈ ਵਾਰ ਉਸ ਨੂੰ ਅੱਗ ਨਾਲ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਇਸ ਕਾਰਨ ਦੋਵਾਂ ਦਾ ਤਲਾਕ ਹੋ ਗਿਆ। ਤਲਾਕ ਤੋਂ ਖਫਾ ਸੁਖਦੇਵ ਸਿੰਘ ਨੂੰ ਲੱਗਿਆ ਕਿ ਤਲਾਕ ਲਈ ਉਸ ਦੀ ਸਾਲੇਹਾਰ ਸੁਖਵਿੰਦਰ ਕੌਰ ਹੈ। ਇਸੇ ਗੱਲ ਨੂੰ ਲੈ ਕੇ ਉਹ ਸੁਖਵਿੰਦਰ ਕੌਰ ਨਾਲ ਰੰਜ਼ਿਸ਼ ਰੱਖਣ ਲੱਗਾ ਅਤੇ ਆਏ ਦਿਨ ਇਹਨਾਂ ਦਰਮਿਆਨ ਝਗੜੇ ਹੋਣ ਲੱਗੇ। ਕਈ ਵਾਰ ਇਹਨਾਂ ਦਾ ਪੰਚਾਇਤੀ ਰਾਜੀਨਾਮਾ ਵੀ ਹੋਇਆ।  ਮ੍ਰਿਤਕਾ ਦੇ ਪਤੀ ਮਹਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਨਾਲ ਹੋਣ ਵਾਲੇ ਝਗੜਿਆਂ ਦੀ ਸ਼ਿਕਾਇਤ ਉਸ ਨੇ ਕਈ ਵਾਰ ਪੁਲਿਸ ਨੂੰ ਵੀ ਕੀਤੀ ਸੀ ਪ੍ਰੰਤੂ ਪੁਲਿਸ ਨੇ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਸੁਖਦੇਵ ਸਿੰਘ ਦਾ ਹੌਂਸਲਾ ਵਧਦਾ ਗਿਆ ਅਤੇ ਉਸ ਨੇ ਅੱਜ ਇਸ ਘਟਨਾ ਨੂੰ ਅੰਜ਼ਾਮ ਦੇ ਦਿੱਤਾ।     ਏਡੀਸੀਪੀ ਕਰਾਈਮ ਬਲਕਾਰ ਸਿੰਘ ਅਤੇ ਏਸੀਪੀ ਗਿੱਲ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਦੋਵਾਂ ਪਰਿਵਾਰਾਂ ਦਰਮਿਆਨ ਚੱਲ ਰਹੀ ਰੰਜ਼ਿਸ਼ ਕਾਰਨ ਵਾਪਰੀ। ਇਸ ਸਬੰਧੀ ਥਾਣਾ ਮੁਖੀ ਵਰੁਣਜੀਤ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਨੇ ਆਪਣੀ ਸਾਲੇਹਾਰ ਸੁਖਵਿੰਦਰ ਕੌਰ ਦਾ ਕਤਲ ਆਪਸੀ ਰੰਜ਼ਿਸ ਕਾਰਨ ਕੀਤਾ ਹੈ। ਸੁਖਦੇਵ ਸਿੰਘ ਸਮਝਦਾ ਸੀ ਕਿ ਉਸ ਦੇ ਤਲਾਕ ਲਈ ਸੁਖਵਿੰਦਰ ਕੌਰ ਜ਼ਿੰਮੇਵਾਰ ਹੈ। ਪੁਲਿਸ ਉਸ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ਼ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਵਾਰਦਾਤ ਵਿੱਚ ਵਰਤਿਆ ਛੁਰਾ ਵੀ ਪੁਲਿਸ ਨੇ ਬ੍ਰਾਮਦ ਕਰ ਲਿਆ ਹੈ।

Share Button

Leave a Reply

Your email address will not be published. Required fields are marked *

%d bloggers like this: