ਜਦੋਂ ਮੈਨੂੰ ਵਿਆਹ ਦਾ ਬੁਲਾਵਾ ਨਹੀਂ ਆਇਆ

ਜਦੋਂ ਮੈਨੂੰ ਵਿਆਹ ਦਾ ਬੁਲਾਵਾ ਨਹੀਂ ਆਇਆ

ਸੱਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਸੱਚੀ ਕਹਾਣੀ ਸੁਣੋ। ਇੱਕ ਮੇਰਾ ਬਹੁਤ ਗੂੜ੍ਹਾ ਮਿੱਤਰ ਸੀ। ਗੂੜ੍ਹਾ ਕਹਿਣ ਤੋਂ ਭਾਵ ਹੈ ਕਿ ਉਹ ਮੇਰਾ ਪਹਿਲੀ ਜਮਾਤ ਤੋਂ ਮਿੱਤਰ ਸੀ ਅਤੇ ਅਸੀਂ ਆਪਣਾ ਹਰ ਕੰਮ ਇਕੱਠੇ ਹੀ ਕਰਦੇ ਸੀ। ਇਕੱਠੇ ਪੱੜ੍ਹਨਾ, ਇਕੱਠੇ ਖੇਡਣਾ, ਇਕੱਠੇ ਹੱਸਣਾ, ਇਕੱਠੇ ਰੋਣਾ। ਹੌਲੀੁਹੌਲੀ ਸਮਾਂ ਬੀਤਦਾ ਗਿਆ, ਸਮੇਂ ਦੇ ਨਾਲ ਨਾਲ ਸਾਰਾ ਕੁੱਝ ਬਦਲਦਾ ਗਿਆ। ਸਾਡੇ ਵਿੱਚ ਕੁੱਝ ਅਜਿਹਾ ਹੋ ਗਿਆ ਕਿ ਸਾਡਾ ਬੋਲਚਾਲ ਥੋੜ੍ਹਾ ਘੱਟ ਗਿਆ। ਕੋਈ ਲੜਾਈ ਝਗੜਾ ਨਹੀਂ ਹੋਇਆ ਸੀ, ਪਰ ਜਿਵੇਂ ਉਸਦਾ ਰਸਤਾ ਅਲੱਗ ਹੋ ਗਿਆ ਸੀ ਅਤੇ ਮੇਰਾ ਰਸਤਾ ਅਲੱਗ ਹੋ ਗਿਆ ਸੀ। ਰਸਤੇ ਅਲੱਗ ਅਲੱਗ ਹੋਣ ਕਾਰਨ ਉਸਨੂੰ ਹੋਰ ਤਰ੍ਹਾਂ ਦੇ ਲੋਕ ਮਿਲਦੇ ਰਹਿੰਦੇ ਸਨ ਅਤੇ ਮੈਨੂੰ ਹੋਰ ਤਰ੍ਹਾਂ ਦੇ ਲੋਕ। ਅਲੱਗ ਅਲੱਗ ਸੰਗਤ ਵਿੱਚ ਰਹਿਣ ਕਾਰਨ ਵਿਚਾਰ ਧਾਰਾ ਵੀ ਅਲੱਗ ਅਲੱਗ ਬਣ ਗਈ ਸੀ। ਬਸ ਸਾਡੇ ਵਿੱਚ ਹੋਰ ਕੋਈ ਗਲ ਨਹੀਂ ਸੀ , ਪਰ ਵਿਚਾਰ ਧਾਰਾ ਹੀ ਇੰਨ੍ਹੀ ਜ਼ਿਆਦਾ ਸਾਡੀ ਇੱਕ ਦੂਜੇ ਤੋਂ ਭਿੰਨ੍ਹ ਹੋ ਚੁੱਕੀ ਸੀ ਕਿ ਮੈਂ ਉਸ ਕੋਲ ਬੈਠਕੇ ਵਧੀਆ ਮਹਿਸੂਸ ਨਹੀਂ ਕਰਦਾ ਸੀ। ਬਸ ਕੁੱਝ ਅਜਿਹਾ ਹੋ ਗਿਆ ਸੀ ਕਿ ਮੈਂ ਉਸ ਦੀ ਸੰਗਤ ਵਿੱਚ ਬੈਠਕੇ ਆਪਣੇ ਦਿਲ ਦੀ ਗਲ ਕਹਿ ਹੀ ਨਹੀਂ ਸਕਦਾ ਸੀ। ਮੈਂ ਉਸਨੂੰ ਕੁੱਝ ਕਿਹਾ ਵੀ ਨਹੀਂ, ਬਸ ਉਸ ਕੋਲ ਜਾਣਾ ਬਹੁਤ ਘੱਟ ਕਰਤਾ ਸੀ। ਫਿਰ ਇੱਕ ਸਮਾਂ ਆ ਗਿਆ ਕਿ ਮੇਰੇ ਉਸੇ ਮਿੱਤਰ ਦੋ ਵਿਆਹ ਸਿਰ ‘ਤੇ ਸੀ। ਉਸਨੇ ਆਪਣੇ ਸਾਰੇ ਮਿਤਰਾਂ ਨੂੰ ਵਿਆਹ ‘ਤੇ ਬੁਲਾਇਆ, ਪਰ ਮੈਨੂੰ ਨਹੀਂ ਬੁਲਾਇਆ। ਮੈਨੂੰ ਤਾਂ ਇਸ ਗਲ ਦਾ ਪਤਾ ਲਗਣਾ ਹੀ ਸੀ, ਮੈਨੂੰ ਕਿਸੇ ਨੇ ਇਸ ਗਲ ਬਾਰੇ ਦੱਸ ਦਿੱਤਾ। ਉਸਨੇ ਕਿਹਾ ਯਾਰ ਤੇਰੇ ਮਿੱਤਰ ਨੇ ਤੈਨੂੰ ਤਾਂ ਸੱਦਿਆ ਹੀ ਨਹੀਂ, ਅਤੇ ਬਾਕੀ ਸਾਰਾ ਸ਼ਹਿਰ ਸੱਦ ਲਿਆ। ਬਹੁਤ ਮਾੜਾ ਕੀਤਾ ਯਾਰ ਉਸਨੇ ਤੇਰੇ ਨਾਲ। ਮੈਂ ਜਵਾਬ ਦਿੱਤਾ ਉਸਨੇ ਮੇਰੇ ਨਾਲ ਕੋਈ ਮਾੜਾ ਨਹੀਂ ਕੀਤਾ। ਹੋ ਸਕਦਾ ਹੈ ਕਿ ਉਸ ਦੀ ਕੋਈ ਮਜਬੂਰੀ ਹੋਵੇ। ਜੇ ਕੋਈ ਮਜਬੂਰੀ ਨਹੀਂ ਸੀ, ਫਿਰ ਇਹ ਤਾਂ ਪੱਕਾ ਹੀ ਹੈ ਕਿ ਉਸ ਦਾ ਮੈਨੂੰ ਬੁਲਾਉਣ ਦਾ ਮਨ ਨਾ ਕਿੱਤਾ ਹੋਵੇ ਯਾ ਮੈਂ ਉਸਨੂੰ ਭੁੱਲ ਹੀ ਗਿਆ ਹੋਵਾਂ। ਕਿਉਂਕਿ ਅਸੀਂ ਅੱਜਕੱਲ੍ਹ ਬਹੁਤ ਹੀ ਘੱਟ ਮਿਲਦੇ ਹਾਂ। ਜੋ ਵੀ ਕਾਰਨ ਹੋਵੇ, ਮੈਂ ਇਸ ਹਰ ਕਾਰਨ ਨਾਲ ਸੰਤੁਸ਼ਟ ਹਾਂ, ਅਤੇ ਮੈਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਆਪਣੇ ਮਿੱਤਰ ‘ਤੇ ਗੁੱਸਾ ਨਹੀਂ ਹੈ। ਇਹ ਸੁਭਾਵਿਕ ਹੀ ਹੈ ਕਿ ਹਰ ਕਿਸੇ ਨੂੰ ਵਿਆਹ ‘ਤੇ ਤਾਂ ਬੁਲਾਇਆ ਨਹੀਂ ਜਾ ਸਕਦਾ। ਉਸਨੇ ਉਹਨਾਂ ਨੂੰ ਹੀ ਬੁਲਾਇਆ ਜੋ ਉਸਨੂੰ ਮਿਲਦੇ ਰਹਿੰਦੇ ਹਨ, ਜੋ ਉਸਦੇ ਸਰਕਲ ਵਿੱਚ ਹਨ। ਜੇ ਮੈਂ ਉਸਦਾ ਮਿੱਤਰ ਹੋ ਕੇ ਵੀ ਇਹ ਗਲਾਂ ਨਾਂ ਸਮਝਾਂ, ਅਤੇ ਉਸ ਉਪਰ ਗੁੱਸਾ ਹੀ ਕਰੀ ਜਾਵਾਂ, ਤਾਂ ਇਹ ਮੇਰੇ ਲਈ ਇੱਕ ਮਾੜੀ ਗਲ ਹੋਵੇਗੀ। ਇਹ ਕਹਿ ਕੇ ਮੈਂ ਗਲ ਖਤਮ ਕੀਤੀ। ਮੈਂ ਕੁੱਝ ਦਿਨਾਂ ਬਾਅਦ ਆਪਣੇ ਉਸੇ ਮਿੱਤਰ ਨੂੰ ਮਿਲਣ ਗਿਆ। ਉਸਨੇ ਵੀ ਮੇਰੀ ਪਹਿਲਾਂ ਤਰ੍ਹਾਂ ਹੀ ਆਓ ਭਗਤ ਕੀਤੀ। ਉਸਨੇ ਵੀ ਏਦਾਂ ਦਾ ਕੁੱਝ ਨਹੀਂ ਕੀਤਾ ਕਿ ਜਿਸ ਨਾਲ ਮੈਨੂੰ ਇਹ ਅਹਿਸਾਸ ਦਵਾਇਆ ਗਿਆ ਹੋਵੇ ਕਿ ਉਸਨੇ ਮੈਨੂੰ ਆਪਣੇ ਵਿਆਹ ‘ਤੇ ਨਹੀਂ ਬੁਲਾਇਆ। ਨਾਂ ਹੀ ਮੈਂ ਕੁੱਝ ਵੀ ਇਸ ਤਰ੍ਹਾਂ ਕਿਹਾ ਯਾ ਕੀਤਾ ਜਿਸ ਨਾਲ ਮੈਂ ਉਸਨੂੰ ਇਹ ਅਹਿਸਾਸ ਦਵਾਇਆ ਹੋਇਆ ਕਿ ਉਸਨੇ ਆਪਣੇ ਵਿਆਹ ‘ਤੇ ਮੈਨੂੰ ਨਾ ਬੁਲਾ ਕੇ ਮੇਰੀ ਬੇਇਜ਼ਤੀ ਕੀਤੀ ਹੈ। ਜਿਸ ਤਰ੍ਹਾਂ ਸਾਡਾ ਸੰਬੰਧ ਪਹਿਲਾਂ ਸੀ, ਉਸੇ ਤਰ੍ਹਾਂ ਹੀ ਬਰਕਰਾਰ ਰਿਹਾ। ਅਸੀਂ ਅੱਜ ਵੀ ਇੱਕ ਦੂਜੇ ਨੂੰ ਕਦੇ ਕਦਾਈਂ ਮਿਲਦੇ ਰਹਿੰਦੇ ਹਾਂ। ਇਹ ਤਾਂ ਸੀ ਇੱਕ ਛੋਟੀ ਜਿਹੀ ਸੱਚੀ ਕਹਾਣੀ। ਇਸ ਕਹਾਣੀ ਦੁਆਰਾ ਮੈਂ ਇਹ ਕਹਿ ਦੇਣਾ ਚਾਹੂੰਦਾ ਹਾਂ ਕਿ ਕਈ ਵਾਰ ਅਸੀਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗਲਾਂ ‘ਤੇ ਹੀ ਆਪਣੇ ਦੋਸਤ ਖੋ ਬੈਠਦੇ ਹਾਂ। ਜੇ ਕੋਈ ਆਪਾਂ ਨੂੰ ਵਿਆਹ ‘ਤ ਨਾਂ ਬੁਲਾਵੇ ਆਪਾਂ ਗੁੱਸਾ ਕਰਕੇ ਬੈਠ ਜਾਂਦੇ ਹਾਂ। ਸਾਰੀ ਜ਼ਿੰਦਗੀ ਭਾਵਾਂ ਆਪਾਂ ਇਕੱਠੇ ਰਹਿ ਕੇ ਬਿਤਾਈ ਹੋਵੇ, ਪਰ ਜਿਸ ਦਿਨ ਉਸਨੇ ਵਿਆਹ ‘ਤੇ ਨਹੀਂ ਬੁਲਾਇਆ ਤਾਂ ਸਾਰੀ ਉਮਰ ਲਈ ਹੀ ਇੱਟ ਕੁੱਤੇ ਦਾ ਵੈਰ ਪਾ ਲਿਆ। ਇਹ ਗਲ ਮੈਨੂੰ ਬਿਲਕੁਲ ਸਮਝ ਨਹੀਂ ਆਉਂਦੀ ਕਿ ਜੋ ਸਾਰੀ ਉਮਰ ਨਾਲ ਬਿਤਾਈ ਸੀ, ਕੀ ਉਹ ਸਾਰੀ ਸਿਰਫ ਇੱਕੋ ਕਾਰਨ ਨਾਲ ਵਿਅਰਥ ਹੋ ਗਈ? ਜੇ ਇਹੋ ਜਿਹੀਆਂ ਸਾਡੀਆਂ ਦੋਸਤੀਆਂ ਹਨ, ਜੇ ਇਹੋ ਜਿਹੇ ਸਾਡੇ ਰਿਸ਼ਤੇ ਨਾਤੇ ਹਨ, ਤਾਂ ਸਾਨੂੰ ਅਜਿਹੇ ਸੰਬੰਧਾਂ ਦਾ ਕੋਈ ਫਾਇਦਾ ਨਹੀਂ। ਆਪਸੀ ਸੰਬੰਧਾਂ ਨੂੰ ਵਧੀਆ ਬਨਾਉਣ ਵਾਸਤੇ, ਸਾਨੂੰ ਸਿਰਫ ਇਹ ਨਹੀਂ ਦੇਖਣਾ ਚਾਹੀਦਾ ਕਿ ਉਸਨੇ ਸਾਡੇ ਨਾਲ ਕੀ ਮਾੜਾ ਕੀਤਾ। ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਪਿਛਲੇ ਸਮੈਂ ਦੌਰਾਨ ਉਸਨੇ ਮੇਰੇ ਨਾਲ ਕੀੁਕੀ ਚੰਗਾ ਕੀਤਾ। ਜੇ ਕੋਈ ਦੱਸ ਵਾਰ ਆਪਣੀ ਮੱਦਦ ਕਰੇ ਅਤੇ ਇੱਕ ਵਾਰ ਨਾ ਕਰੇ, ਤਾਂ ਕੀ ਉਹ ਬੁਰਾ ਇਨਸਾਨ ਹੋ ਗਿਆ। ਮੇਰੀ ਨਜ਼ਰ ਵਿੱਚ ਤਾਂ ਇਹ ਹੈ ਕਿ ਜੋ ਇਨਸਾਨ ਆਪਣੀ ਮੱਦਦ ਇੱਕ ਵਾਰ ਵੀ ਕਰਦਾ ਹੈ ਅਤੇ ਦੱਸ ਵਾਰ ਨਹੀਂ ਵੀ ਕਰਦਾ, ਉਹ ਵੀ ਠੀਕ ਇਨਸਾਨ ਹੈ। ਉਸ ਨਾਲ ਵੀ ਬਣਾ ਕੇ ਰੱਖੋ। ਕੋਸ਼ਸ਼ ਕਰੋ ਆਪਾਂ ਇਸ ਸੰਸਾਰ ਵਿੱਚ ਵੱਧ ਤੋਂ ਪਿਆਰ ਫੈਲਾਈਏ, ਆਪਸੀ ਭਾਇਚਾਰੇ ਨੂੰ ਮਜਬੂਤ ਕਰੀਏ।

ਸਾਹਿਤਕਾਰ ਅਮਨਪ੍ਰੀਤ ਸਿੰਘ
ਵਟਸ ਅਪ 09465554088

Share Button

Leave a Reply

Your email address will not be published. Required fields are marked *

%d bloggers like this: