ਕਾਲੇ ਦਿਲ, ਧਨ ਅਤੇ ਕਾਰੋਬਾਰ ਵਾਲਿਆਂ ਨੇ ਗਰੀਬਾਂ ਦੇ ਹੱਕ ਖੋਹੇ : ਮੋਦੀ

ਕਾਲੇ ਦਿਲ, ਧਨ ਅਤੇ ਕਾਰੋਬਾਰ ਵਾਲਿਆਂ ਨੇ ਗਰੀਬਾਂ ਦੇ ਹੱਕ ਖੋਹੇ : ਮੋਦੀ

ਕਾਨਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਭਾਜਪਾ ਦੇ ਹੱਕ ਵਿੱਚ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼ ਵਿੱਚੋਂ ਗਰੀਬੀ ਦੂਰ ਕਰਨ ਲਈ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੀਆਂ ਸਕੀਮਾਂ ਉੱਪਰ ਵਧੇਰੇ ਅਮਲ ਕਰਨ ਲਈ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੀ ਅਬਾਦੀ ਦਾ 50 ਫੀਸਦੀ ਹਿੱਸਾ ਨੌਜਵਾਨਾਂ ਦਾ ਹੈ। ਇਸ ਨੌਜਵਾਨ ਸ਼ਕਤੀ ਨਾਲ ਭਾਰਤ ਦੁਨੀਆਂ ਨੂੰ ਆਪਣੀ ਤਾਕਤ ਵਿਖਾ ਸਕਦਾ ਹੈ। ਉਨ੍ਹਾਂ ਕਿਹਾ ਕਿ ਊਰਜਾ ਨਾਲ ਭਰੇ ਪਏ ਨੌਜਵਾਨਾਂ ਦੇ ਹੱਥ ਵਿੱਚ ਹੁਨਰ ਆ ਜਾਵੇ ਤਾਂ ਇਹ ਪੂਰੇ ਦੇਸ਼ ਨੂੰ ਆਪਣੀ ਸ਼ਕਤੀ ਨਾਲ ਰੌਸ਼ਨ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਆਪਣੇ ਹੱਥ ਮਜ਼ਬੂਤ ਕਰਨ ਲਈ ਦੇਸ਼ ਦੀ ਨੌਜਵਾਨ ਸ਼ਕਤੀ ਦੇ ਹੱਥ ਵੱਢ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਕਾਲੇ ਧਨ, ਕਾਲੇ ਦਿਲ, ਅਤੇ ਕਾਲੇ ਕਾਰੋਬਾਰ ਨੂੰ ਉਤਸ਼ਾਹ ਦਿੰਦਿਆਂ ਕਾਂਗਰਸ ਨੇ ਕੇਂਦਰ ਅਤੇ ਸੂਬਿਆਂ ਵਿੱਚ ਆਪਣੀਆਂ ਸਰਕਾਰਾਂ ਰਾਹੀਂ, ਸਪਾ ਅਤੇ ਬਸਪਾ ਨੇ ਵੀ ਆਪਣੀਆਂ ਸਰਕਾਰਾਂ ਰਾਹੀਂ ਹਰ ਵਰਗ ਦਾ ਸੋਸ਼ਣ ਕੀਤਾ ਅਤੇ ਗਰੀਬਾਂ ਦੇ ਹੱਕ ਖੋਹ ਕੇ ਅਮੀਰਾਂ ਨੂੰ ਮਾਲਾਮਾਲ ਕੀਤਾ। ਮੋਦੀ ਨੇ ਕਿਹਾ ਕਿ ਮੇਰੀ ਸਰਕਾਰ ਗਰੀਬਾਂ ਨੂੰ ਸਮਰਪਿਤ ਹੈ। ਉਨ੍ਹਾਂ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਦੇਸ਼ ਵਿੱਚੋਂ ਭਰਿਸ਼ਟਾਚਾਰ ਅਤੇ ਕਾਲੇ ਧਨ ਦੀਆਂ ਸਾਰੀਆਂ ਚੋਰ ਮੋਰੀਆਂ ਬੰਦ ਕਰਨਾ ਚਾਹੁੰਦੇ ਹਾਂ, ਪਰ ਜੋ ਇਸ ਭਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਪਾਲਦੇ ਰਹੇ ਹਨ ਉਹ ਸੰਸਦ ਬੰਦ ਕਰਨ ‘ਤੇ ਉਤਾਰੂ ਹਨ। ਕਾਂਗਰਸ ਵੱਲੋਂ ਨੋਟਬੰਦੀ ਦੇ ਅਤੇ ਡਿਜੀਟਲ ਕਾਰੋਬਾਰ ਦਾ ਵਿਰੋਧ ਕੀਤੇ ਜਾਣ ਸਬੰਧੀ ਮੋਦੀ ਨੇ ਕਿਹਾ ਕਿ ਇਸੇ ਕਾਂਗਰਸ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦੇਸ਼ ਵਿੱਚ ਕੰਪਿਊਟਰਾਂ ਅਤੇ ਮੋਬਾਇਲਾਂ ਦੀ ਕਰਾਂਤੀ ਲਿਆਂਦੀ। ਇਸ ਨੂੰ ਕਾਂਗਰਸ ਆਪਣੀ ਸਰਕਾਰ ਦੀ ਵੱਡੀ ਪ੍ਰਾਪਤੀ ਕਹਿ ਕੇ ਛਾਤੀ ਫੈਲਾਉਂਦੀ ਹੈ, ਪਰ ਜਦੋਂ ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਮੋਬਾਇਲ ਨੂੰ ਬੈਂਕ ਬਣਾ ਲਵੋ ਤਾਂ ਕਾਂਗਰਸ ਲੜਨ ਨੂੰ ਪੈਂਦੀ ਹੈ ਕਿ ਲੋਕਾਂ ਕੋਲ ਤਾਂ ਮੋਬਾਇਲ ਹੈ ਹੀ ਨਹੀਂ। ਮੋਦੀ ਨੇ ਸਵਾਲ ਕੀਤਾ ਕਿ ਆਖਿਰ ਇਹ ਕਾਂਗਰਸੀ ਕਿਸ ਹੱਦ ਤੱਕ ਝੂਠ ਬੋਲਦੇ ਜਾਣਗੇ। ਮੋਦੀ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਕਾਂਗਰਸੀ ਸਾਡੇ ਉੱਪਰ ਦੋਸ਼ ਲਗਾਉਂਦੇ ਹਨ ਕਿ ਅਸੀਂ ਲੋਕਾਂ ਦੇ ਲੋੜ ਮੁਤਾਬਕ ਬੈਂਕ ਖਾਤੇ ਹੀ ਨਹੀਂ ਖੋਲ੍ਹੇ ਦੂਸਰੇ ਪਾਸੇ ਇਹੋ ਕਾਂਗਰਸੀ ਲਾਈਨ ਵਿੱਚ ਖੜ੍ਹੇ ਲੋਕਾਂ ਨਾਲ ਫੋਟੋਆਂ ਖਿਚਵਾ ਕੇ ਕਹਿ ਰਹੇ ਹਨ ਕਿ ਮੋਦੀ ਨੇ ਸਾਰਾ ਦੇਸ਼ ਬੈਂਕਾਂ ਅੱਗੇ ਲਾਈਨਾਂ ਵਿੱਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਹੀ ਦੱਸਣ ਕਿ ਕਾਂਗਰਸ ਕਿੰਨੀ ਸੱਚੀ ਹੈ ਅਤੇ ਕਿੰਨੀ ਝੂਠੀ। ਉਨ੍ਹਾਂ ਕਿਹਾ ਕਿ ਜੇ ਲੋਕਾਂ ਦੇ ਬੈਂਕ ਖਾਤੇ ਨਹੀਂ ਤਾਂ ਉਹ ਬੈਂਕਾਂ ਅੱਗੇ ਕਿਨ੍ਹਾਂ ਲੋਕਾਂ ਦੀ ਸੇਵਾ ਲਈ ਖੜ੍ਹੇ ਸਨ। ਦੇਸ਼ ਵਿੱਚ ਮਿਲਾਵਟ ਖੋਰੀ ਨੂੰ ਉਤਸ਼ਾਹ ਦੇਣ ਲਈ ਕਾਂਗਰਸ ਉੱਤੇ ਦੋਸ਼ ਲਗਾਉਂਦਿਆਂ ਮੋਦੀ ਨੇ ਕਿਹਾ ਕਿ ਇਸੇ ਕਾਂਗਰਸ ਦਾ ਇੱਕ ਖਜਾਨਚੀ ਸੀ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਨਾ ਖਾਤਾ ਨਾ ਵਹੀ ਜੋ ਕੇਸਰੀ ਕਹੇ ਉਹੀ ਸਹੀ। ਮੋਦੀ ਨੇ ਕਿਹਾ ਕਿ ਇਸੇ ਕਾਂਗਰਸ ਦੇ ਰਾਜ ਵਿੱਚ ਯੂਰੀਆ ਖਾਦ ਨਕਲੀ ਦੁੱਧ ਬਣਾਉਣ ਲਈ ਵਰਤੀ ਗਈ ਪਰ ਅਸੀਂ ਯੂਰੀਆ ਨੂੰ ਨਿੰਮ ਦੀ ਕੋਟਿੰਗ ਕਰਕੇ ਕਿਸਾਨਾਂ ਨੂੰ ਲਾਭ ਦਿੱਤਾ ਅਤੇ ਇਸ ਨਿੰਮ ਦੀ ਕੋਟਿੰਗ ਕਰਨ ਨਾਲ ਨਕਲੀ ਦੁੱਧ ਬਣਾਉਣ ਦਾ ਧੰਦਾ ਬੰਦ ਕੀਤਾ। ਇਸ ਨਾਲ ਕਰੋੜਾਂ ਬੱਚਿਆਂ ਦੀਆਂ ਜਾਨਾਂ ਬਚੀਆਂ। ਕਿਸਾਨਾਂ ਲਈ ਕਾਂਗਰਸ ਨੇ ਕੋਈ ਲਾਹੇਵੰਦ ਨੀਤੀ ਨਹੀਂ ਬਣਾਈ, ਪਰ ਅਸੀਂ ਫਸਲਾਂ ਦਾ ਬੀਮਾ ਕਰਕੇ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਤੋਂ ਮੁਕਤ ਕੀਤਾ।
ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਬੇਨਾਮੀ ਚੰਦਿਆਂ ਉੱਪਰ ਰੋਕ ਲਗਾਉਣ ਦੇ ਚੋਣ ਕਮਿਸ਼ਨ ਵੱਲੋਂ ਦਿੱਤੇ ਸੁਝਾਅ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਪ੍ਰਤੀ ਆਮ ਲੋਕਾਂ ਦੇ ਮਨਾਂ ਵਿੱਚ ਇਸ ਲਈ ਨਫਰਤ ਭਰ ਗਈ ਹੈ ਕਿ ਇਹ ਹਰ ਪਾਸਿਓਂ ਲੁੱਟ ਮਚਾ ਕੇ ਆਪਣੇ ਘਰ ਭਰ ਰਹੀਆਂ ਹਨ। ਮੋਦੀ ਨੇ ਕਿਹਾ ਕਿ ਇਹ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਘਰ ਭਰਨ ਦੀ ਥਾਂ ਲੋਕਾਂ ਦੇ ਘਰ ਭਰਨ ਦੀਆਂ ਯੋਜਨਾਵਾਂ ਬਣਾਉਣ ਅਤੇ ਇਨ੍ਹਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਕੇ ਲੋਕਾਂ ਦਾ ਟੁਟਿਆ ਹੋਇਆ ਭਰੋਸਾ ਬਹਾਲ ਕਰਨ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਇਹ ਸੁਝਾਅ ਮਹੱਤਵਪੂਰਨ ਹੈ ਅਤੇ ਸਰਕਾਰ ਕੋਸ਼ਿਸ਼ ਕਰੇਗੀ ਕਿ ਇਸ ਨੂੰ ਕਾਨੂੰਨ ਦੇ ਰੂਪ ਵਿੱਚ ਲਾਗੂ ਕੀਤਾ ਜਾਵੇ। ਮੋਦੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਦੇ ਢਾਂਚੇ ਵਿੱਚ ਵੀ ਉਸਾਰੂ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਇਸ ਨਾਲ ਵੀ ਕਾਲੇ ਧਨ ਉੱਪਰ ਰੋਕ ਲਗਾਉਣ ਵਿੱਚ ਵੱਡੀ ਮੱਦਦ ਮਿਲੇਗੀ। ਮੋਦੀ ਨੇ ਕਿਹਾ ਕਿ ਮੈਂ ਖੁਦ ਵੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਹਾ ਸੀ ਕਿ ਸਾਰਿਆਂ ਨੂੰ ਮਿਲ ਕੇ ਤੈਅ ਕਰਨਾ ਚਾਹੀਦਾ ਹੈ ਕਿ ਸਿਆਸੀ ਪਾਰਟੀਆਂ ਲੋਕਾਂ ਤੋਂ ਫੰਡ ਇਸ ਤਰੀਕੇ ਹਾਸਲ ਕਰਨ। ਮੋਦੀ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੇ ਨਾਲ-ਨਾਲ ਅਸੀਂ ਵੀ ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠਿਆਂ ਕਰਵਾਉਣ ਦੇ ਹੱਕ ਵਿੱਚ ਹਾਂ ਤਾਂ ਕਿ ਵਾਰ-ਵਾਰ ਹੋਣ ਵਾਲੀਆਂ ਚੋਣਾਂ ਦੇ ਖਰਚਿਆਂ ਤੋਂ ਬਚਿਆ ਜਾ ਸਕੇ।

Share Button

Leave a Reply

Your email address will not be published. Required fields are marked *

%d bloggers like this: