ਪੁਲਿਸ ਨੇ ਪਿੰਡ ਬਾਮ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਈ, ਦੋ ਗ੍ਰਿਫਤਾਰ

ਪੁਲਿਸ ਨੇ ਪਿੰਡ ਬਾਮ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਈ, ਦੋ ਗ੍ਰਿਫਤਾਰ

ਮਲੋਟ, 14 ਦਸੰਬਰ (ਆਰਤੀ ਕਮਲ) : ਪੁਲਿਸ ਨੇ ਬੀਤੇ ਦਿਨੀ ਲਾਗਲੇ ਪਿੰਡ ਬਾਮ ਵਿਖੇ ਹੋਏ ਸ਼ਿਵਰਾਜ ਕੁਮਾਰ ਉਰਫ ਕਾਕਾ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਪਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਮਲੋਟ ਦੇਸ ਰਾਜ ਨੇ ਦੱਸਿਆ ਕਿ 3 ਦਸੰਬਰ ਦੀ ਰਾਤ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਸ਼ਿਵਰਾਜ ਕੁਮਾਰ ਉਰਫ ਕਾਕਾ ਪੁੱਤਰ ਰਮੇਸ਼ ਕੁਮਾਰ ਕੌਮ ਐਸ.ਸੀ ਵਾਸੀ ਪਿੰਡ ਬਾਮ ਦੇ ਘਰ ਵਿਚ ਵੜ ਕੇ ਉਸ ਦਾ ਮੰਜੇ ਉਪਰ ਸੁੱਤੇ ਪਏ ਦੇ ਸਿਰ ਤੇ ਕਾਪਿਆਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ । ਇਸ ਤੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਮਾਤਾ ਅਮਰਜੀਤ ਕੌਰ ਪਤਨੀ ਰਮੇਸ਼ ਕੁਮਾਰ ਦੇ ਬਿਆਨਾ ਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕਦਮਾ ਨੰ 88 ਦਰਜ ਕੀਤਾ ਗਿਆ ਸੀ । ਇਸ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਪੀ ਦੇਸ ਰਾਜ ਦੀ ਨਿਗਰਾਨੀ ਹੇਠ ਥਾਣਾ ਸਦਰ ਦੇ ਮੁੱਖੀ ਇੰਸਪੈਕਟਰ ਹਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਬੜੇ ਤਕਨੀਕੀ ਢੰਗ ਨਾਲ ਕਤਲ ਕੇਸ ਦੀ ਤਫਤੀਸ਼ ਕੀਤੀ ਅਤੇ ਇਸ ਕਤਲ ਦੇ ਦੋਸ਼ੀਆਨ ਬਲਜੀਤ ਸਿੰਘ ਉਰਫ ਭੇਜਾ ਪੁੱਤਰ ਬਖਤੌਰ ਸਿੰਘ ਅਤੇ ਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਬਾਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਹਨਾਂ ਕਥਿਤ ਦੋਸ਼ੀਆਂ ਪਾਸੋਂ ਕਤਲ ਵਿਚ ਵਰਤੇ ਦੋ ਕਾਪੇ ਅਤੇ ਪਹਿਨੇ ਹੋਏ ਕਪੜੇ ਜਿਹਨਾਂ ਤੇ ਖੂਨ ਲੱਗਾ ਹੋਇਆ ਹੈ ਆਦਿ ਬਰਾਮਦ ਕਰ ਲਏ ਹਨ । ਐਸਪੀ ਨੇ ਦੱਸਿਆ ਕਿ ਬਲਜੀਤ ਸਿੰਘ ਦੇ ਆਪਣੇ ਪਿੰਡ ਦੇ ਗੁਲਜਾਰ ਸਿੰਘ ਦੀ ਪਤਨੀ ਨਾਲ ਨਜਾਇਜ ਸਬੰਧ ਸਨ । ਹੁਣ ਕੁਝ ਸਮੇਂ ਤੋਂ ਮ੍ਰਿਤਕ ਸ਼ਿਵਰਾਜ ਉਰਫ ਕਾਕਾ ਦਾ ਵੀ ਗੁਲਜਾਰ ਦੀ ਘਰਵਾਲੀ ਕੋਲ ਆਉਣਾ ਜਾਣਾ ਹੋ ਗਿਆ ਸੀ ਜਿਸਦਾ ਬਲਜੀਤ ਸਿੰਘ ਨੂੰ ਬੁਰਾ ਲੱਗਦਾ ਸੀ ਜਿਸ ਕਰਕੇ ਉਸਨੇ ਆਪਣੇ ਸਾਥੀ ਜਿੰਦਰ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ । ਇਸ ਮੌਕੇ ਏਐਸਆਈ ਹਰਵਿੰਦਰ ਸਿੰਘ, ਹੌਲਦਾਰ ਅਜਮੇਰ ਸਿੰਘ ਮੁਨਸ਼ੀ ਅਤੇ ਹੌਲਦਾਰ ਬੋਹੜ ਸਿੰਘ ਆਦਿ ਹਾਜਰ ਸਨ । ਉਕਤ ਦੋਸ਼ੀਆਂ ਨੂੰ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ।

Share Button

Leave a Reply

Your email address will not be published. Required fields are marked *

%d bloggers like this: