ਬਠਿੰਡਾ ਤੋਂ ਸਫਰ ਕਰਨ ਵਾਲੇ ਮੁਸਾਫ਼ਰਾਂ ਦੇ ਹੁਣ ਖੁਲੇ ਭਾਗ, 45 ਕਰੋੜ ਦੀ ਲਾਗਤ ਨਾਲ ਬਣੇਗਾ ਏ.ਸੀ. ਬੱਸ ਸਟੈਂਡ

ਬਠਿੰਡਾ ਤੋਂ ਸਫਰ ਕਰਨ ਵਾਲੇ ਮੁਸਾਫ਼ਰਾਂ ਦੇ ਹੁਣ ਖੁਲੇ ਭਾਗ, 45 ਕਰੋੜ ਦੀ ਲਾਗਤ ਨਾਲ ਬਣੇਗਾ ਏ.ਸੀ. ਬੱਸ ਸਟੈਂਡ

ਬਠਿੰਡਾ, 13 ਦਸੰਬਰ, 2016 : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ 45 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਬੀਬੀ ਵਾਲਾ ਚੌਕ ਨਜ਼ਦੀਕ ਬਣਨ ਵਾਲੇ ਏ.ਸੀ. ਬੱਸ ਸਟੈਂਡ ਦਾ ਨੀਂਹ ਪੱਥਰ ਰਖਦਿਆਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਬੱਸ ਸਟੈਂਡ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗਾ।
ਬਰਨਾਲਾ ਬਾਈਪਾਸ ਨੇੜੇ ਬਣਨ ਵਾਲੇ ਵਿਸ਼ਵ ਪਧਰੀ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਉਪਰੰਤ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ, ਚੇਅਰਮੈਨ ਨਗਰ ਸੁਧਾਰ ਟਰਸਟ ਸ਼੍ਰੀ ਦਿਆਲ ਦਾਸ ਸੋਢੀ ਦੀ ਹਾਜ਼ਰੀ ‘ਚ ਸ਼੍ਰੀਮਤੀ ਬਾਦਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬੱਸ ਸਟੈਂਡ ਬਠਿੰਡਾ ਨਗਰ ਸੁਧਾਰ ਟਰਸਟ ਦੁਆਰਾ 17 ਏਕੜ ‘ਚ ਬਣਾਇਆ ਜਾਵੇਗਾ। ਜਿਸ ਵਿਚ 2 ਏਕੜ ‘ਚ ਵਰਕਸ਼ਾਪ ਬਣਾਈ ਜਾਵੇਗੀ, 8 ਏਕੜ ‘ਚ ਬੱਸ ਸਟੈਂਡ ਬਣੇਗਾ ਅਤੇ 7 ਏਕੜ ਥਾਂ ਵਪਾਰਕ ਗਤੀਵਿਧੀਆਂ ਲਈ ਰਾਖਵੀਂ ਹੋਵੇਗੀ।


ਉਹਨਾਂ ਦੱਸਿਆ ਕਿ ਇਹ ਬੱਸ ਸਟੈਂਡ ਯਾਤਰੀਆਂ ਲਈ ਲੋੜੀਂਦੀਂਆਂ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਦੀ ਇਮਾਰਤ ਦੀ ਖਾਸੀਅਤ ਇਹ ਰਹੇਗੀ ਕਿ ਯਾਤਰੀਆਂ ਦੇ ਬੱਸਾਂ ‘ਤੇ ਚੜਨ ਅਤੇ ਉਤਰਨ ਦੀ ਥਾਂ ਬਾਕੀ ਦੇ ਟਰੈਫਿਕ ਨਾਲੋਂ ਵੱਖਰੀ ਹੋਵੇਗੀ।
ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪ੍ਰੋਜੈਕਟ ਵਪਾਰ ਲਈ ਰਾਖਵੀਂ ਰੱਖੀ ਗਈ 7 ਏਕੜ ਥਾਂ ਵੱਖ-ਵੱਖ ਕੰਪਨੀਆਂ ਨੂੰ ਦੁਕਾਨਾਂ ਖੋਲ੍ਹਣ ਲਈ ਦਿੱਤੀ ਜਾਵੇਗੀ। ਇਸ ਬਣਨ ਵਾਲੇ ਬੱਸ ਸਟੈਂਡ ਤੇ 40 ਬੱਸ ਕਾਊਂਟਰ ਅਤੇ 10 ਟਿਕਟ ਕਾਊਂਟਰ ਹੋਣਗੇ। ਇਸ ਤੋਂ ਇਲਾਵਾ 10 ਤੋਂ 15 ਕਾਊਂਟਰ ਲੋਕ ਅਤੇ ਮਿੰਨੀ ਬੱਸਾਂ ਲਈ ਹੋਣਗੇ। ਏ.ਸੀ. ਬੱਸਾਂ ਲਈ ਵੱਖਰੇ ਕਾਊਂਟਰ ਹੋਣਗੇ। ਬੱਸ ਅੱਡੇ ‘ਚ ਕਰੀਬ 1000 ਯਾਤਰੀਆਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ ਜਦਕਿ ਬੇਟਿੰਗ ਰੂਮ ਵੀ ਏ.ਸੀ. ਹੋਣਗੇ। ਯਾਤਰੀਆਂ ਲਈ ਪੀਣ ਵਾਲੇ ਪਾਣੀ, ਪਖਾਨਿਆਂ ਤੋਂ ਇਲਾਵਾ ਹੇਠਲੀ ਮੰਜ਼ਿਲ ‘ਤੇ ਕੰਟੀਨ ਹੋਵੇਗੀ।
ਇਸ ਤੋਂ ਇਲਾਵਾ 200 ਕਾਰਾਂ ਦੀ ਸਮਰੱਥਾ ਵਾਲੀ ਪਾਰਕਿੰਗ ਬਣਾਈ ਜਾਵੇਗੀ ਅਤੇ ਦੋ ਪਹੀਆਂ ਵਾਹਨਾਂ ਲਈ 200 ਦੀ ਸਮਰੱਥਾ ਵਾਲੀ ਪਾਰਕਿੰਗ ਵੱਖਰੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਹੋਣ ਨਾਲ ਸ਼ਹਿਰ ਦੇ ਅੰਦਰ ਦੀ ਟਰੈਫਿਕ ਸਮੱਸਿਆ ਤੋਂ ਲੋਕਾਂ ਨੂੰ ਨਿਜ਼ਾਤ ਮਿਲੇਗੀ।


ਇਸ ਤੋਂ ਇਲਾਵਾ ਸ਼੍ਰੀਮਤੀ ਬਾਦਲ ਨੇ ਸਰਹੰਦ ਨਹਿਰ ‘ਤੇ ਬਣਨ ਵਾਲੇ ਨਵੇਂ ਪੁਲ ਦਾ ਵੀ ਨੀਂਹ ਪੱਥਰ ਰੱਖਿਆ। ਇਹ ਪੁਲ ਪੁਡਾ ਅਰਬਨ ਅਸਟੇਟ ਫੇਸ-4 ਅਤੇ 5 ਨੂੰ ਕੋਠੇ ਅਮਰਪੁਰਾ ਨਾਲ ਜੋੜੇਗਾ ਜਿਸ ਨੂੰ ਗੋਨਿਆਣਾ ਰੋਡ ਤੋਂ ਆਉਣ ਵਾਲਾ ਟਰੈਫਿਕ ਸ਼ਹਿਰ ‘ਚ ਅਸਾਨੀ ਨਾਲ ਦਾਖਲ ਹੋ ਸਕੇਗਾ। 3.5 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪੁਲ 3 ਮੀਟਰ ਚੌੜਾ ਹੋਵੇਗਾ ਅਤੇ ਇਸ ਵਿਚ 4 ਲੇਨਾਂ ਹੋਣਗੀਆਂ ਇਸ ਨਾਲ ਸ਼ਹਿਰ ‘ਚ ਗੋਨਿਆਣਾ ਰੋਡ ‘ਤੇ ਟਰੈਫਿਕ ਸਬੰਧੀ ਸਮੱਸਿਆ ਹੱਲ ਹੋਵੇਗੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ, ਚੇਅਰਮੈਨ ਨਗਰ ਸੁਧਾਰ ਟਰਸਟ ਸ਼੍ਰੀ ਦਿਆਲ ਸਿੰਘ ਸੋਢੀ, ਮੇਅਰ ਨਗਰ ਨਿਗਮ ਸ਼੍ਰੀ ਬਲਵੰਤ ਰਾਏ ਨਾਥ, ਸੀਨੀਅਰ ਡਿਪਟੀ ਮੇਅਰ ਸ਼੍ਰੀ ਤਰਸੇਮ ਗੋਇਲ, ਡਿਪਟੀ ਮੇਅਰ ਸ਼੍ਰੀਮਤੀ ਗੁਰਵਿੰਦਰ ਕੌਰ ਮਾਂਗਟ, ਭਾਜਪਾ ਸ਼ਹਿਰੀ ਪ੍ਰਧਾਨ ਸ਼੍ਰੀ ਮੋਹਿਤ ਗੁਪਤਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: