ਪਾਕਿਸਤਾਨ ਦੇ ਕਰਮਾਂ ਦਾ ਫਲ, ਤਹਿਰੀਕੇ ਤਾਲਿਬਾਨ (ਪਾਕਿਸਤਾਨ)

ਪਾਕਿਸਤਾਨ ਦੇ ਕਰਮਾਂ ਦਾ ਫਲ, ਤਹਿਰੀਕੇ ਤਾਲਿਬਾਨ (ਪਾਕਿਸਤਾਨ)

24 ਅਕਤੂਬਰ 2016 ਦੀ ਰਾਤ ਨੂੰ ਤਹਿਰੀਕੇ ਤਾਲਿਬਾਨ ਦੇ ਅੱਤਵਾਦੀਆਂ ਨੇ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੋਇਟੇ ਵਿੱਚ ਇੱਕ ਪੁਲਿਸ ਟਰੇਨਿੰਗ ਸੈਂਟਰ ‘ਤੇ ਹਮਲਾ ਕਰ ਕੇ 20 ਵਿਅਕਤੀਆਂ ਨੂੰ ਕਤਲ ਅਤੇ ਦਰਜਨਾਂ ਨੂੰ ਜ਼ਖਮੀ ਕਰ ਦਿੱਤਾ। ਪਾਕਿਸਤਾਨ ਵੱਲੋਂ ਭਾਰਤ ਵਰਗੇ ਗੁਆਂਢੀ ਦੇਸ਼ਾਂ ਨੂੰ ਤਬਾਹ ਕਰਨ ਲਈ ਪਾਲੇ ਗਏ ਸੱਪ ਹੁਣ ਉਸੇ ਨੂੰ ਡੰਗ ਰਹੇ ਹਨ। 8 ਅਗਸਤ 2016 ਨੂੰ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਇੱਕ ਧੜੇ ਜਮਾਤੁਲ ਅਹਾਰਾ ਨੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿੱਚ ਇੱਕ ਫਿਦਾਈਨ ਹਮਲਾ ਕਰ ਕੇ 70 ਬੇਕਸੂਰ ਸ਼ਹਿਰੀਆਂ ਦੀ ਹੱਤਿਆ ਕਰ ਦਿੱਤੀ ਅਤੇ 120 ਦੇ ਕਰੀਬ ਜ਼ਖਮੀ ਕਰ ਦਿੱਤੇ। ਇਸ ਤੋਂ ਪਹਿਲਾਂ 20 ਜਨਵਰੀ 2016 ਨੂੰ ਇਸੇ ਜਥੇਬੰਦੀ ਦੇ ਚਾਰ ਆਤਮਘਾਤੀ ਅੱਤਵਾਦੀਆਂ ਨੇ ਪੇਸ਼ਾਵਰ ਦੇ ਨਜ਼ਦੀਕ ਬਾਚਾ ਖਾਨ ਯੂਨੀਵਰਸਿਟੀ ਦੇ ਕੈਂਪਸ ‘ਤੇ ਹਮਲਾ ਕਰਕੇ 21 ਦੇ ਕਰੀਬ ਮਸੂਮ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਮੁਲਾਜ਼ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ 50 ਤੋਂ ਵੱਧ ਨੂੰ ਜ਼ਖਮੀ ਕਰ ਦਿੱਤਾ ਸੀ। 18 ਸਤੰਬਰ 2015 ਨੂੰ ਪਿਸ਼ਾਵਰ ਦੇ ਬੜਾਬੇਰ ਏਅਰ ਬੇਸ ‘ਤੇ ਹਮਲਾ ਕਰਕੇ 42 ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਤਹਿਰੀਕ ਦੇ ਹੀ ਅੱਤਵਾਦੀਆਂ ਨੇ 16 ਦਸੰਬਰ 2014 ਨੂੰ ਪੇਸ਼ਾਵਰ ਦੇ ਮਿਲਟਰੀ ਸਕੂਲ ‘ਤੇ ਕਾਇਰਾਨਾ ਹਮਲਾ ਕਰਕੇ 132 ਬੱਚਿਆਂ ਸਮੇਤ 141 ਲੋਕਾਂ ਨੂੰ ਕਤਲ ਕਰ ਦਿੱਤਾ ਸੀ। ਤਹਿਰੀਕ ਦੇ ਬੁਲਾਰੇ ਮੁਹੰਮਦ ਉਮਰ ਖੁਰਾਸਾਨੀ ਨੇ ਉਸ ਵੇਲੇ ਬੜੀ ਬੇਸ਼ਰਮੀ ਨਾਲ ਬਿਆਨ ਦਿੱਤਾ ਸੀ ਕਿ ਅਸੀਂ ਆਪਣੇ ‘ਯੋਧਿਆਂ’ ਨੂੰ ਸਿਰਫ ਵੱਡੇ ਬੱਚੇ ਕਤਲ ਕਰਨ ਦਾ ਹੁਕਮ ਦਿੱਤਾ ਸੀ, ਛੋਟੇ ਬੱਚੇ ਤਾਂ ਐਵੇਂ ਗਲਤੀ ਨਾਲ ਵਿੱਚ ਆ ਕੇ ਮਾਰੇ ਗਏ। ਇਹ ਹਰਕਤ ਐਨੀ ਘਟੀਆ ਤੇ ਗਿਰੀ ਹੋਈ ਸੀ ਕਿ ਅਫਗਾਨ ਤਾਲਿਬਾਨ ਨੇ ਵੀ ਇਸ ਨੂੰ ਗੈਰ ਇਸਲਾਮੀ ਗਰਦਾਨ ਦਿੱਤਾ। ਵਰਨਣਯੋਗ ਹੈ ਕਿ ਬੇਨਜ਼ੀਰ ਭੁੱਟੋ ਦੀ ਹੱਤਿਆ ਅਤੇ ਮਲਾਲਾ ਯੂਸਫਜ਼ਈ ਉੱਪਰ ਹਮਲਾ ਵੀ ਇਸੇ ਜਥੇਬੰਦੀ ਦੀ ਕਰਤੂਤ ਸੀ।

ਪਾਕਿਸਤਾਨ ਦੀਆਂ ਕਰਤੂਤਾਂ ਕਾਰਨ ਭਾਰਤ ਵਿੱਚ ਹੁਣ ਤੱਕ ਹਜ਼ਾਰਾਂ ਸੁਰੱਖਿਆ ਦਸਤੇ ਅਤੇ ਆਮ ਸ਼ਹਿਰੀ ਮਾਰੇ ਜਾ ਚੱੁਕੇ ਹਨ। ਪਾਕਿਸਤਾਨ ਦੀ ਸਿਰਦਰਦੀ ਬਣ ਚੁੱਕੀ ਤਹਿਰੀਕੇ ਤਾਲਿਬਾਨ ਦੇ ਬੀਜ ਅਫਗਾਨਿਸਤਾਨ ‘ਤੇ ਅਕਤੂਬਰ 2001 ਦੇ ਅਮਰੀਕਨ ਹਮਲੇ ਦੌਰਾਨ ਹੀ ਬੀਜੇ ਗਏ ਸਨ। ਇਸ ਹਮਲੇ ਕਾਰਨ ਅਫਗਾਨ, ਪਾਕਿਸਤਾਨੀ, ਅਰਬ ਅਤੇ ਮੱਧ ਏਸ਼ੀਆਈ ਤਾਲਿਬਾਨ ਆਪਣੇ ਆਕਾ ਪਾਕਿਸਤਾਨ ਵੱਲ ਭੱਜ ਆਏ। ਇਥੇ ਉਹ ਦੁਬਾਰਾ ਸੰਗਠਤ ਹੋਏ ਤੇ ਨਾਟੋ ਫੌਜਾਂ ‘ਤੇ ਹਮਲੇ ਕਰਨੇ ਸੁਰੂ ਕਰ ਦਿੱਤੇ। 2002 ਵਿੱਚ ਪਾਕਿਸਤਾਨੀ ਫੌਜ ਨੇ ਅਮਰੀਕਾ ਦੇ ਸਖਤ ਦਬਾਅ ਹੇਠ ਅਫਗਾਨ ਸਰਹੱਦ ਨੇੜਲੇ ਕਬਾਇਲੀ ਇਲਾਕੇ ਵਿੱਚੋਂ ਅਰਬ ਅਤੇ ਮੱਧ ਏਸ਼ੀਆਈ ਅੱਤਵਾਦੀਆਂ ਨੂੰ ਕੱਢਣ ਲਈ ਉਪਰੇਸ਼ਨ ਸ਼ੁਰੂ ਕਰ ਦਿੱਤਾ। ਤੀਰਾਹ ਵਾਦੀ ਵਰਗੇ ਕਈ ਕਬਾਇਲੀ ਇਲਾਕਿਆਂ ਵਿੱਚ ਪਾਕਿਸਤਾਨੀ ਫੌਜ 1947 ਤੋਂ ਬਾਅਦ ਪਹਿਲੀ ਵਾਰ ਦਾਖਲ ਹੋਈ। ਪਾਕਿਸਤਾਨੀ ਫੌਜ ਦਾ ਮੁਕਾਬਲਾ ਕਰਨ ਲਈ 13 ਅੱਤਵਾਦੀ ਜਥੇਬੰਦੀਆਂ ਨੇ 2007 ਵਿੱਚ ਬੈਤੁਲਾਹ ਮਹਿਸੂਦ ਦੀ ਅਗਵਾਈ ਹੇਠ ਤਹਿਰੀਕੇ ਤਾਲਿਬਾਨ ਪਾਕਿਸਤਾਨ ਦਾ ਗਠਨ ਕਰ ਲਿਆ। ਇਸ ਨੇ ਕਬਾਇਲੀ ਇਲਾਕੇ ‘ਤੇ ਪਕੜ ਮਜਬੂਤ ਕਰਨ ਲਈ 200 ਦੇ ਕਰੀਬ ਪਾਕਿਸਤਾਨ ਸਮਰਥਕ ਕਬਾਇਲੀ ਨੇਤਾ ਕਤਲ ਕਰ ਦਿੱਤੇ। ਇਹ ਕੱਟੜ ਇਸਲਾਮੀ ਵਿਚਾਰਧਾਰਾ ਦਿਉਬੰਦੀ ਨਾਲ ਸੰਬੰਧ ਰੱਖਦੀ ਹੈ ਤੇ ਇਸ ਦਾ ਹੈੱਡਕਵਾਟਰ ਪਾਕਿਸਤਾਨ ਦੇ ਸੂਬੇ ਖੈਬਰ-ਪਖਤੂਨਵਾਹ ਦੇ ਇਲਾਕੇ ਉੱਤਰੀ ਵਜ਼ੀਰਸਤਾਨ ਵਿੱਚ ਹੈ। ਇਹ ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ ਅਤੇ ਮੱਧ ਪੂਰਬ ਏਸ਼ੀਆ (ਸੀਰੀਆ-ਇਰਾਕ) ਵਿੱਚ ਵੀ ਸਰਗਰਮ ਹੈ। ਇਸ ਦੀ ਕੁੱਲ ਨਫਰੀ 40000 ਦੇ ਕਰੀਬ ਹੈ। ਇਸ ਦੇ ਹੱਕਾਨੀ ਗੱਠਜੋੜ, ਸਿਪਾਹੇ ਸਿਹਾਬਾ, ਲਸ਼ਕਰ-ਏ-ਝਾਂਗਵੀ, ਹਰਕਤ-ਉਲ-ਜਿਹਾਦ-ਅਲ-ਇਸਲਾਮੀ, ਇਸਲਾਮਿਕ ਮੂਵਮੈਂਟ ਆਫ ਉਜ਼ਬੇਕਿਸਤਾਨ ਅਤੇ ਅਲ ਕਾਇਦਾ ਵਰਗੀਆਂ ਕਈ ਅੱਤਵਾਦੀ ਜਥੇਬੰਦੀਆਂ ਨਾਲ ਗੂੜ੍ਹੇ ਸੰਬੰਧ ਹਨ। ਇਸ ਦਾ ਮੱੁਖ ਉਦੇਸ਼ ਪਾਕਿਸਤਾਨ ਵਿੱਚ ਸ਼ਰੀਅਤ ਕਨੂੰਨ ਲਾਗੂ ਕਰਨਾ ਅਤੇ ਅਫਗਾਨਿਸਤਾਨ ਵਿੱਚ ਨਾਟੋ ਫੌਜ ਦਾ ਸਫਾਇਆ ਕਰਨਾ ਹੈ। ਅਫਗਾਨ ਤਾਲਿਬਾਨ ਨਾਲ ਇਸ ਦੇ ਰਿਸ਼ਤੇ ਵਿਗੜ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਅਫਗਾਨ ਤਾਲਿਬਾਨ ਦੇ ਪਾਕਿਸਤਾਨ ਨਾਲ ਬਹੁਤ ਵਧੀਆ ਸਬੰਧ ਹਨ, ਜਦਕਿ ਤਹਿਰੀਕੇ ਤਾਲਿਬਾਨ ਜਿਆਦਾਤਰ ਹਮਲੇ ਪਾਕਿਸਤਾਨ ਦੇ ਖਿਲਾਫ ਹੀ ਕਰਦੇ ਹਨ।

ਅਗਸਤ 2009 ਵਿੱਚ ਤਹਿਰੀਕ ਦਾ ਮੂੱਖੀਆ ਬੈਤੁਲਾਹ ਮਹਿਸੂਦ ਆਪਣੇ ਸਹੁਰੇ ਘਰ ਇੱਕ ਅਮਰੀਕਨ ਡਰੋਨ ਹਮਲੇ ਵਿੱਚ ਮਾਰਿਆ ਗਿਆ। ਉਸ ਦੀ ਮੌਤ ਤੋਂ ਬਾਅਦ ਹਕੀਮੁੱਲਾਹ ਮਹਿਸੂਦ ਤਹਿਰੀਕ ਦਾ ਅਮੀਰ ਚੁਣ ਲਿਆ ਗਿਆ। ਹਕੀਮੱੁਲਾਹ ਦੇ ਅਧੀਨ ਨਾਟੋ, ਪਾਕਿਸਤਾਨੀ ਫੌਜ, ਸ਼ੀਆ, ਅਹਿਮਦੀ ਅਤੇ ਸੂਫੀ ਮੁਸਲਮਾਨਾਂ ਦੇ ਖਿਲਾਫ ਆਤਮਘਾਤੀ ਹਮਲਿਆਂ ਵਿੱਚ ਭਿਆਨਕ ਤੇਜ਼ੀ ਆਈ। 1 ਸਤੰਬਰ 2010 ਨੂੰ ਅਮਰੀਕਾ ਨੇ ਤਹਿਰੀਕ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ। ਇਸ ‘ਤੇ ਆਰਥਿਕ ਤੇ ਰਾਜਨੀਤਕ ਪਾਬੰਦੀਆਂ ਲਗਾ ਕੇ ਹਕੀਮੁੱਲਾਹ ਅਤੇ ਵਲੀ ਉਲ ਰਹਿਮਾਨ ਦੇ ਸਿਰ ਤੇ 50 ਲੱਖ ਡਾਲਰ ਦਾ ਇਨਾਮ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਇੰਗਲੈਂਡ ਅਤੇ ਕੈਨੇਡਾ ਨੇ ਵੀ ਅਜਿਹੇ ਕਦਮ ਚੁੱਕੇ। ਖਬਰਾਂ ਮੁਤਾਬਕ ਹਕੀਮੁੱਲਾਹ ਮਹਿਸੂਦ ਵੀ ਅਮਰੀਕਨ ਮਿਜ਼ਾਈਲ ਹਮਲੇ ਵਿੱਚ ਨਵੰਬਰ 2013 ਵਿੱਚ ਮਾਰਿਆ ਜਾ ਚੁੱਕਾ ਹੈ। ਇਸ ਦਾ ਮੌਜੂਦਾ ਅਮੀਰ ਮੌਲਾਨਾ ਫਜਲਉਲਾਹ ਉਰਫ ਮੁੱਲਾ ਰੇਡੀਉ ਹੈ। ਇਸ ਦੇ ਅਧੀਨ ਤਹਿਰੀਕ ਨੇ ਹੋਰ ਵੀ ਜਿਆਦਾ ਖਤਰਨਾਕ ਰੂਪ ਅਖਤਿਆਰ ਕਰ ਲਿਆ ਹੈ।

ਪੇਸ਼ਾਵਰ ਸਕੂਲ ਤੋਂ ਇਲਾਵਾ ਪਾਕਿਸਤਾਨ ਅਤੇ ਨਾਟੋ ਫੌਜਾਂ ਦੇ ਖਿਲਾਫ ਇਸ ਗਰੱੁਪ ਨੇ ਸੈਂਕੜੇ ਹਮਲੇ ਕੀਤੇ ਹਨ। ਮੁੱਖ ਇਸ ਤਰਾਂ ਹਨ, 2007 ਵਿੱਚ ਬੇਨਜ਼ੀਰ ਭੁੱਟੋ ਦੀ ਹੱਤਿਆ, 2009 ਵਿੱਚ ਲਾਹੌਰ ਪੁਲਿਸ ਅਕੈਡਮੀ ‘ਤੇ ਹਮਲਾ, 2009 ਵਿੱਚ ਪਾਕਿਸਤਾਨ-ਅਫਗਾਨ ਬਾਰਡਰ ਚੈੱਕ ਪੁਆਇੰਟ ‘ਤੇ ਹਮਲਾ ਜਿਸ ਵਿੱਚ 22 ਸੈਨਿਕ ਮਾਰੇ ਗਏ, 2009 ਵਿੱਚ ਫੌਜ ਦੇ ਰਾਵਲਪਿੰਡੀ ਹੈੱਡਕਵਾਟਰ ‘ਤੇ ਹਮਲਾ, 2009 ਵਿੱਚ ਅਫਗਾਨਿਸਤਾਨ ਵਿੱਚ ਸੀ.ਆਈ.ਏ ਹੈੱਡਕਵਾਟਰ ਕੈਂਪ ਚੈਪਮੈਨ ‘ਤੇ ਹਮਲਾ, 2010 ਨੂੰ ਨਿਊਯਾਰਕ ਦੇ ਟਾਈਮ ਸੁਕੇਅਰ ਵਿੱਚ ਬੰਬ ਧਮਾਕਾ ਕਰਨ ਦੀ ਕੋਸ਼ਿਸ਼, 25 ਅਕਤੂਬਰ 2010 ਨੂੰ ਪਾਕਪਟਨ ਵਿੱਚ ਸ਼ੇਖ ਫਰੀਦ ਦਾ ਮਜ਼ਾਰ ਉਡਾਉਣ ਦੀ ਕੋਸ਼ਿਸ਼ ਵਿੱਚ ਚਾਰ ਲੋਕ ਮਾਰੇ ਗਏ ਤੇ 12 ਜ਼ਖਮੀ ਹੋਏ, ਸਤੰਬਰ 2011 ਵਿੱਚ ਇੱਕ ਸਕੂਲ ਬੱਸ ‘ਤੇ ਹਮਲਾ ਕਰਕੇ ਚਾਰ ਲੜਕੇ ਤੇ ਦੋ ਬੱਚੀਆਂ ਦੀ ਹੱਤਿਆ, 9 ਅਕਤੂਬਰ 2012 ਨੂੰ ਮਲਾਲਾ ਯੂਸਫਯਈ ਨੂੰ ਗੋਲੀ ਮਾਰੀ ਗਈ, ਆਦਿ। ਇਸ ਨੇ ਹੁਣ ਤੱਕ ਅਨੇਕਾਂ ਸ਼ੀਆ, ਸੂਫੀ ਅਤੇ ਅਹਿਮਦੀਆਂ ਦੇ ਮਜ਼ਾਰ, ਮਸਜਿਦਾਂ ਅਤੇ ਪੀਰਖਾਨੇ ਤਬਾਹ ਕੀਤੇ ਹਨ।

ਪਾਕਿਸਤਾਨ ਸਰਕਾਰ ਹਵਾ ਵਿੱਚ ਹੱਥ ਪੈਰ ਮਾਰ ਰਹੀ ਹੈ। ਪਾਕਿਸਤਾਨ ਕਈ ਅੱਤਵਾਦੀ ਜਥੇਬੰਦੀਆਂ ਦੀ ਖੁਦ ਪੁਸ਼ਤ ਪਨਾਹੀ ਕਰਦਾ ਹੈ। ਮੁੰਬਈ ਹਮਲਿਆਂ ਦਾ ਲੋੜੀਂਦਾ ਅੱਤਵਾਦੀ ਹਾਫਿਜ਼ ਸਈਅਦ ਖੁਲ੍ਹੇਆਮ ਪਾਕਿਸਤਾਨ ਵਿੱਚ ਘੁੰਮ ਰਿਹਾ ਹੈ। ਇਮਰਾਨ ਖਾਨ ਪਾਕਿਸਤਾਨ ਵਿੱਚ ਸਭ ਤੋਂ ਵੱਡਾ ਤਾਲਿਬਾਨ ਸਮਰਥਕ ਲੀਡਰ ਹੈ ਤੇ ਉਸ ਦੀ ਪਾਰਟੀ ਦੀ ਖੈਬਰ ਪਖਤੂਨਵਾਹ ਸੂਬੇ ਵਿੱਚ ਸਰਕਾਰ ਹੈ। ਉਹ ਮਾਸੂਮਾਂ ਦੇ ਕਤਲਾਂ ਦੀ ਨਿਖੇਧੀ ਕਰਨ ਲੱਗਿਆਂ ਤਹਿਰੀਕੇ ਤਾਲਿਬਾਨ ਦਾ ਨਾਮ ਲੈਣ ਦੀ ਵੀ ਜੁੱਰਅਤ ਨਹੀਂ ਕਰਦਾ। ਪਾਕਿਸਤਾਨੀ ਫੌਜ ਨੂੰ ਭਾਰਤ ਸਮੇਤ ਦੂਸਰੇ ਦੇਸ਼ਾਂ ਵਿੱਚ ਅੱਤਵਾਦੀ ਭੇਜ ਕੇ ਮਾਸੂਮਾਂ ਨੂੰ ਕਤਲ ਕਰਵਾਉਣ ਤੋਂ ਹੀ ਵਿਹਲ ਨਹੀਂ ਮਿਲਦੀ। ਪਾਕਿਸਤਾਨੀ ਫੌਜ ਕਬਾਇਲੀ ਇਲਾਕੇ ਵਿੱਚ ਤਾਲਿਬਾਨ ਨਾਲ ਲੜ ਰਹੀ ਹੈ ਪਰ ਬਲੋਚਿਸਤਾਨ ਅਤੇ ਕਰਾਚੀ ਵਿੱਚ ਖੁਦ ਫਿਰਕੂ ਹਿੰਸਾ ਭੜਕਾ ਰਹੀ ਹੈ। ਇਸ ਹਾਲਾਤ ਵਿੱਚ ਤਹਿਰੀਕੇ ਤਲਿਬਾਨ ਤੇ ਕਿਸ ਨੇ ਕਾਬੂ ਪਾਉਣਾ ਹੈ? ਤਹਿਰੀਕ ਅਜਿਹੇ ਨਰਮ ਨਿਸ਼ਾਨੇ ਚੁਣਦਾ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਬਾਚਾ ਖਾਨ ਯੂਨੀਵਰਸਿਟੀ, ਪੇਸ਼ਾਵਰ ਸਕੂਲ ਅਤੇ ਸ਼ੇਖ ਫਰੀਦ ਵਰਗੇ ਸੰਤ ਦੇ ਮਜ਼ਾਰ ‘ਤੇ ਹਮਲੇ ਬਾਰੇ ਕਿਸੇ ਨੂੰ ਸੁਪਨਾ ਵੀ ਨਹੀਂ ਆ ਸਕਦਾ। ਪਤਾ ਨਹੀਂ ਅਜਿਹੇ ਮਾਸੂਮਾਂ ਨੂੰ ਕਤਲ ਕਰ ਕੇ ਇਹਨਾਂ ਨੂੰ ਕੀ ਸੰਤੁਸ਼ਟੀ ਮਿਲਦੀ ਹੈ? ਅਮਰੀਕਾ, ਨਾਟੋ ਅਤੇ ਪਾਕਿਸਤਾਨ ਫੌਜ ਦਾ ਤਹਿਰੀਕ ਡਟ ਕੇ ਮੁਕਾਬਲਾ ਕਰ ਰਹੀ ਹੈ। ਲੱਗਦਾ ਹੈ ਕਿ ਇਸ ਜਥੇਬੰਦੀ ਦੇ ਖਿਲਾਫ ਜੰਗ ਬੁਤ ਲੰਬੀ ਚੱਲੇਗੀ। ਪਾਕਿਸਤਾਨੀ ਫੌਜ ਡਬਲ ਗੇਮ ਖੇਡ ਰਹੀ ਹੈ। ਇੱਕ ਪਾਸੇ ਤਾਂ ਉਹ ਤਹਿਰੀਕ ਦੇ ਖਿਲਾਫ ਲੜਾਈ ਦਾ ਢੋਂਗ ਕਰਕੇ ਅਮਰੀਕਾ ਕੋਲੋਂ ਕਰੋੜਾਂ ਡਾਲਰ ਭੋਟ ਰਹੀ ਹੈ ਤੇ ਦੂਸਰੇ ਪਾਸੇ ਉਹੋ ਰਕਮ ਭਾਰਤ ਦੇ ਖਿਲਾਫ ਕਸ਼ਮੀਰ ਵਿੱਚ ਹਿੰਸਾ ਭੜਕਾਉਣ ਲਈ ਵਰਤ ਰਹੀ ਹੈ। ਪਾਕਿਸਤਾਨ ਨੂੰ ਦੋਗਲੀ ਨੀਤੀ ਛੱਡਣੀ ਪਵੇਗੀ ਨਹੀਂ ਪਾਕਿਸਤਾਨ ਵਿੱਚ ਇਸੇ ਤਰਾਂ ਬੇਗੁਨਾਹਾਂ ਦਾ ਖੂਨ ਵਗਦਾ ਰਹੇਗਾ।

balraj-singh-sidhuਬਲਰਾਜ ਸਿੰਘ ਸਿੱਧੂ ਐਸ.ਪੀ.

ਪੰਡੋਰੀ ਸਿੱਧਵਾਂ 9815124449

Share Button

Leave a Reply

Your email address will not be published. Required fields are marked *

%d bloggers like this: