ਨੋਟਬੰਦੀ ਆਮ ਜਨਤਾ ਦੇ ਨਾਲ ਭਾਜਪਾ ਸਰਕਾਰ ਦਾ ਇੱਕ ਹੋਰ ਛਲਾਵਾ

ਨੋਟਬੰਦੀ ਆਮ ਜਨਤਾ ਦੇ ਨਾਲ ਭਾਜਪਾ ਸਰਕਾਰ ਦਾ ਇੱਕ ਹੋਰ ਛਲਾਵਾ

ਲੁਧਿਆਣਾ (ਪ੍ਰੀਤੀ ਸ਼ਰਮਾ) ਸੁਪਨੇ ਦਿਖਾਉਣ ਵਾਲੀ ਭਾਜਪਾ ਦੀ ਇਸ ਸਰਕਾਰ ਵਲੋਂ ਆਮ ਜਨਤਾ ਨੂੰ ਇੱਕ ਹੋਰ ਸੁਪਨਾ ਦਿਖਾਇਆ ਜਾ ਰਿਹਾ ਹੈ ਕਿ 1 ਜਨਵਰੀ ਤੋਂ ਇੱਕ ਨਵੇਂ ਕਿਸਮ ਦੇ ਭਾਰਤ ਦਾ ਜਨਮ ਹੋਏਗਾ ਜਿਸ ਵਿੱਚ ਖੁਸ਼ੀਆਂ ਭਰਪੂਰ ਜੀਵਨ ਹੋਏਗਾ ਪਰ ਅਸਲ ਵਿੱਚ ਤਾਂ ਦੇਸ਼ ਵਿੰਚ ਐਸੀ ਸਥਿਤੀ ਆ ਜਾਏਗੀ ਜਿਸ ਵਿੱਚ ਬੇਰੋਜ਼ਗਾਰੀ ਵੱਧ ਜਾਏਗੀ ਤੇ ਦੇਸ਼ ਆਰਥਿਕ ਮੰਦੀ ਵੱਲ ਧੱਕ ਦਿੱਤਾ ਜਾਏਗਾ। ਇਹ ਵਿਚਾਰ ਵੱਖ ਵੱਖ ਬੁਲਾਰਿਆਂ ਨੇ ਅੱਜ ਇੱਥੇ ਰੇਲਵੇ ਸਟੇਸ਼ਨ ਤੇ ਜੱਥੇਬੰਦ ਖੱਬੀਆਂ ਪਾਰਟੀਆਂ ਭਾਰਤੀ ਕਮਿਉਨਿਸਟ ਪਾਰਟੀ (ਸੀ ਪੀ ਆਈ), ਸੀ ਪੀ ਆਈ ਐਮ ਤੇ ਆਰ ਸੀ ਪੀ ਆਈ ਵਲੋਂ ਇੱਕ ਸਾਂਝੀ ਰੈਲੀ ਵਿੱਚ ਕਹੀ ਜਿਸ ਉਪਰੰਤ ਚੌੜਾ ਬਜ਼ਾਰ ਵਿੱਚ ਦੀ ਇੱਕ ਜਲੂਸ ਕੱਢਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਨੋਟਬੰਦੀ ਦੇ ਨਾਲ ਬੈਂਕਾਂ ਵਿੱਚ ਕੇਵਲ ਸਧਾਰਣ ਲੋਕਾਂ ਦੇ ਪੈਸੇ ਬੈਂਕਾਂ ਵਿੱਚ ਜਮਾਂ ਕਰਵਾ ਕੇ ਕਾਰਪੋਰੇਟ ਖੇਤਰ ਨੂੰ ਸਸਤੀਆਂ ਦਰਾਂ ਤੇ ਕਰਜ਼ੇ ਤੇ ਦੇਣ ਤੇ ਬਾਅਦ ਵਿੱਚ ਮਾਫ਼ ਕਰ ਦੇਣ ਦੀ ਸਰਕਾਰ ਵਲੋਂ ਇੱਕ ਸਾਜ਼ਿਸ਼ ਹੈ। ਕਿਸਾਨੀ ਦੀਆਂ ਬਿਜਾਈ ਸਮੇਂ ਸਿਰ ਨਾਂ ਹੋਣ ਤੇ ਸਮਸਿਆਵਾਂ ਵਧਣ ਦੇ ਕਾਰਨ ਖੇਤੀਬਾੜੀ ਦੀ ਪੈਦਾਵਾਰ ਘੱਟ ਜਾਏਗੀ ਜਿਸਦੇ ਸਿੱਟੇ ਵਜੋਂ ਅੰਨ ਸੁੱਰਖਿਆ ਖਤਰੇ ਵਿੱਚ ਪੈ ਜਾਏਗੀ। ਕਾਲਾਧਨ ਤੇ ਭ੍ਰਿਸਟਾਚਾਰ ਖਤਮ ਕਰਨ ਦੀ ਗੱਲ ਤਾਂ ਕੇਵਲ ਇੱਕ ਛਲਾਵਾ ਹੈ ਕਿੳੰਕਿ ਨਗਦ ਵਿੱਚ ਤਾਂ ਕੇਵਲ 5 ਪ੍ਰਤੀਸ਼ਤ ਕਾਲਾ ਧੰਨ ਹੈ ਜਦੋਂ ਕਿ ਬਾਕੀ ਸਾਰਾ ਸਟਾਕ ਮਾਰਕੀਟ, ਜਾਇਦਾਦ, ਵਿਦੇਸ਼ੀ ਬੈਂਕਾਂ ਅਤੇ ਸੋਨੇ ਵਿੱਚ ਲੱਗਿਆ ਹੋਇਆ ਹੈ। ਅਸਲ ਵਿੱਚ ਇਹ ਸਾਰੀ ਸਕੀਮ ਸਧਾਰਨ ਲੋਕਾਂ ਦਾ ਪੈਸਾ ਇੱਕਠਾ ਕਰਕੇ ਵੱਡੇ ਕਾਰਪੋਰੇਟਾਂ ਨੂੰ ਦੇਣ ਦੇ ਲਈ ਕੀਤਾ ਜਾ ਰਿਹਾ ਹੈ। ਸਰਕਾਰ ਦੀ ਸਾਖ ਲਗਾਤਾਰ ਡਿਗ ਰਹੀ ਸੀ ਕਿੳੰਕਿ ਉਹ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮਯਬ ਰਹੀ ਹੈ। ਉਹ ਵਿਦੇਸ਼ੀ ਬੈਂਕਾਂ ਤੋਂ ਲਿਆ ਕੇ 15 ਲੱਖ ਹਰ ਇੱਕ ਦੇ ਖਾਤੇ ਵਿੱਚ ਪਾਣ ਦਾ ਵਾਅਦਾ ਪੂਰਾ ਨਹੀਂ ਕਰ ਸਕੀ, ਨਾਂ ਹੀ ਉਹ ਬੈਂਕਾਂ ਦੇ 13 ਲੱਖ ਕਰੋੜ ਰੁਪਏ ਦੇ ਵੱਟੇ ਖਾਤੇ ਪਾਏ ਕਰਜ਼ੇ ਵਾਪਸ ਲੈਣ ਵਿੱਚ ਕਾਮਯਾਬ ਰਹੀ ਹੈ ਤੇ ਹੁਣ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਤੋਂ ਧਿਆਨ ਹਟਾਉਣ ਦੇ ਲਈ ਇੱਕ ਹੋਰ ਸੁਪਨਾ ਖੜਾ ਕਰ ਦਿੱਤਾ ਹੈ। ਪਿਛਲੇ ਹਫ਼ਤੇ ਹੀ ਸਟੇਟ ਬੈਂਕ ਨੇ ਕਾਰਪੋਰੇਟ ਖੇਤਰ ਦੇ 7000 ਕਰੋੜ ਰਪਏ ਮਾਫ਼ ਕਰ ਦਿੱਤੇ ਹਨ ਜਿਸ ਵਿੱਚ ਵਿਜੈ ਮਾਲਿਆ ਦੇ ਵੀ 1200 ਕਰੋੜ ਰੁਪਏ ਹਨ। ਅਮ੍ਰਿਤਯਾ ਸੇਨ ਨੇ ਵੀ ਕਹਿ ਦਿੱਤਾ ਹੈ ਕਿ ਇਸ ਕਦਮ ਦੇ ਨਾਲ ਭਾਰਤ ਦੇ ਹਰ ਨਾਗਰਿਕ ਨੂੰ ਚੋਰ ਕਰਾਰ ਦੇ ਦਿੱਤਾ ਗਿਆ ਹੈ ਤੇ ਹਰ ਇੱਕ ਤੇ ਜੁੰਮੇਵਾਰੀ ਪਾ ਦਿੱਤੀ ਗਈ ਹੈ ਕਿ ਉਹ ਆਪਣੇ ਆਪ ਨੂੰ ਬੇਕਸੂਰ ਸਾਬਤ ਕਰੇ। ਇਹ ਵੀ ਹੁਣ ਸਾਮਣੇ ਆ ਰਿਹਾ ਹੈ ਕਿ ਭਾਜਪਾ ਦੇ ਨੇੜਲੇ ਬੰਦਿਆਂ ਨੂੰ ਸਭ ਪਤਾ ਸੀ ਤੇ ਉਹਨਾਂ ਨੇ ਆਪਣੇ ਪੈਸੇ ਪਹਿਲਾਂ ਹੀ ਸਾਂਭ ਲਏ ਸਨ। ਪਰ ਇਸ ਸਭ ਨੂੰ ਛੁਪਾਉਣ ਤੇ ਆਪਣੀ ਗੱਲ ਨੂੰ ਸਹੀ ਸਾਬਿਤ ਕਰਨ ਦੇ ਲਈ ਮੀਡੀਆ ਵਿੱਚ ਹਿਟਲਰ ਦੇ ਪ੍ਰਾਪੇਗੰਡਾ ਸਕੱਤਰ ਗੋਬਲ ਦੀ ਤਰਜ਼ ਤੇ ਦਿਨ ਰਾਤ ਪ੍ਰਚਾਰ ਕਰਕੇ ਝੁਠ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਲਈ ਇੱਕ ਬਹੁਤ ਵੱਡੀ ਪੇਸ਼ੇਵਰ ਟੀਮ ਨੂੰ ਇਹ ਕੰਮ ਸੌੰਪਿਆ ਗਿਆ ਹੈ। ਇਥੋਂ ਤੱਕ ਕਿ ਲੋਕ ਮਰ ਰਹੇ ਹਨ ਪਰ ਇਸਤੇ ਵੀ ਪ੍ਰਧਾਨ ਮੰਤਰੀ ਨੂੰ ਕੋਈ ਦੁੱਖ ਨਹੀਂ ਹੈ। ਇਹ ਕਿ ਇਹ ਸਾਰਾ ਫੈਸਲਾ ਕੇਵਲ ਪ੍ਰਧਾਨ ਮੰਤਰੀ ਤੇੇ ਆਲੇ ਦੁਆਲੇ ਕੁਝ ਬੰਦਿਆਂ ਨੂੰ ਪਤਾ ਸੀ; ਇਸ ਬਾਰੇ ਮੰਤਰੀ ਮੰਡਲ ਤੱਕ ਨੂੰ ਵੀ ਪਤਾ ਨਹੀਂ ਸੀ ਅਤੇ ਸੰਸਦ ਨੂੰ ਤਾਂ ਪੂਰੀ ਤਰਾਂ ਦਰ ਕਿਨਾਰ ਕੀਤਾ ਗਿਆ, ਲੋਕਤੰਤਰ ਦੇ ਲਈ ਬੜੀ ਘਾਤਕ ਗੱਲ ਹੈ। ਇੱਕ ਵਿਅਕਤੀ ਨੂੰ ਸਾਰੇ ਮਸਲਿਆਂ ਦੇ ਹੱਲ ਕਰਨ ਵਾਲਾ ਮਸੀਹਾ ਬਣਾ ਕੇ ਪੇਸ਼ ਕਰਨਾ ਤੇ ਸਾਰੀ ਸੱਤਾ ਨੂੰ ਉਸਦੇ ਕੋਲ ਕੇਂਦਰਿਤ ਕਰਨਾ, ਹਿਟਲਰ ਨੂੰ ਕਿੰਝ ਕਾਰਪੋਰੇਟ ਜਗਤ ਨੇ ਉਭਾਰਿਆ ਸੀ ਦੀ ਯਾਦ ਕਰਵਾਉਂਦਾ ਹੈ। ਅੱਜ ਉਹਨਾਂ ਸਭ ਨੂੰ ਜੋ ਮੋਦੀ ਦੀ ਗੱਲ ਦੇ ਨਾਲ ਅਸਹਿਮਤੀ ਰਖਦੇ ਹਨ ਦੇਸ਼ਧ੍ਰੋਹੀ ਕਰਾਰ ਦੇ ਕੇ ਦੁਤਕਾਰਿਆ ਜਾ ਰਿਹਾ ਹੇ। ਅੱਤਵਾਦ ਦੇ ਨਾਮ ਤੇ ਨੋਟਬੰਦੀ ਦੀਆਂ ਥੋਥੀਆ ਗੱਲਾਂ ਕਹੀਆਂ ਜਾ ਰਹੀਆਂ ਹਨ। ਪਾਕਿਸਤਾਨ ਤੋਂ ਖਤਰੇ ਦੀ ਗੱਲ ਨੂੰ ਚੁੱਕਿਆ ਤੇ ਸੌੜੇ ਰਾਸਟਰਵਾਣ ਨੂੰ ਉਭਾਰਿਆ ਜਾ ਰਿਹਾ ਹੈ। ਇਸਦੇ ਸਿੱਟੇ ਬੜੇ ਖਤਰਨਾਕ ਹੋ ਸਕਦੇ ਹਨ ਕਿੳੰਕਿ ਭਾਰਤ ਤੇ ਪਾਕਿਸਤਾਨ ਦੋਨਾਂ ਕੋਲ ਪਰਮਾਣੂ ਹਥਿਆਰ ਹਨ ਜਿਹਨਾਂ ਦੇ ਪ੍ਰਯੋਗ ਦਾ ਖਤਰਾ ਵੱਧ ਜਾਏਗਾ ਤੇ ਇਹ ਅੱਤ ਦੀ ਤਬਾਹੀ ਕਾ ਕਾਰਨ ਬਣ ਸਕਦਾ ਹੈ। ਇਸ ਸਾਰੇ ਵਰਤਾਰੇ ਨੁੰ ਰੋਕਣ ਦੇ ਲਈ ਧਰਮ ਨਿਰਪੱਖ ਜਮਹੂਰੀ ਲੋਕਾਂ ਦੇ ਵਿਸ਼ਾਲ ਏਕੇ ਦੀ ਲੋੜ ਹੈ। ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੰਚ ਸ਼ਾਮਲ ਸਨ ਕਾ: ਕਰਤਾਰ ਸਿੰਘ ਬੁਆਣੀ-ਜ਼ਿਲਾ ਸਕੱਤਰ ਭਾ ਕ ਪਾ, ਕਾ: ਸੁਖਵਿੰਦਰ ਸਿੰਘ ਸੇਖੋਂ-ਮੈਂਬਰ ਸੂਬਾਈ ਸਕੱਤਰੇਤ ਸੀ ਪੀ ਐਮ, ਕਾ: ਅਮਰਜੀਤ ਮੱਟੂ- ਜ਼ਿਲਾ ਸਕੱਤਰ ਮਾ ਕ ਪਾ, ਕਾ: ਜਗਤਾਰ ਸਿੰਘ-ਆਰ ਸੀ ਪੀ ਆਈ, ਡਾ: ਅਰੁਣ ਮਿੱਤਰਾ- ਸਹਾਇਕ ਜ਼ਿਲਾ ਸਕੱਤਰ ਭਾ ਕ ਪਾ, ਕਾ: ਡੀ ਪੀ ਮੌੜ- ਸਹਾਇਕ ਜ਼ਿਲਾ ਸਕੱਤਰ ਭਾ ਕ ਪਾ, ਕਾ: ਦੇਵਰਾਜ- ਸ਼ਹਿਰੀ ਸਕੱਤਰ ਸੀ ਪੀ ਐਮ, ਕਾ: ਰਮੇਸ਼ ਰਤਨ – ਸ਼ਹਿਰੀ ਸਕੱਤਰ ਭਾ ਕ ਪਾ, ਕਾ: ਪਰਮਜੀਤ ਸਿੰਘ, ਕਾ: ਗੁਰਨਾਮ ਸਿੱਧੂ- ਸਹਾਇਕ ਸ਼ਹਿਰੀ ਸਕੱਤਰ ਭਾ ਕ ਪਾ, ਡਾ: ਗੁਲਜ਼ਾਰ ਪੰਧੇਰ, ਕਾ: ਕੁਲਦੀਪ ਬਿੰਦਰ, ਕਾ: ਫ਼ਿਰੋਜ਼, ਕਾ: ਜਸਦੇਵ ਲਲਤੋਂ ਆਦਿ। ਇਸ ਮੌਕੇ ਤੇ ਕਿਊਬਾ ਦੇ ਰਾਸ਼ਵਰਪਤੀ ਤੇ ਮਹਾਨ ਇਨਕਲਾਬੀ ਫ਼ਦੇਲ ਕਾਸਤ੍ਰੋ ਦੀ ਮਿਰਤੂ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ।

Share Button

Leave a Reply

Your email address will not be published. Required fields are marked *

%d bloggers like this: