ਅਤਲਾ ਕਲਾਂ ਵਿੱਚ ਕੇਂਦਰ ਸਰਕਾਰ ਦੀ ਅਰਥੀ ਫੂਕੀ

ਅਤਲਾ ਕਲਾਂ ਵਿੱਚ ਕੇਂਦਰ ਸਰਕਾਰ ਦੀ ਅਰਥੀ ਫੂਕੀ

img-20161119-wa0046-1ਮਾਨਸਾ 20 ਨਵੰਬਰ (ਰੀਤਵਾਲ) ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਤੋਂ ਪੁਰਾਣੇ ਨੋਟ ਜਮਾਂ ਕਰਵਾਉਣ ਤੇ ਲਾਈ ਪਾਬੰਦੀ, ਸਹਿਕਾਰੀ ਸਭਾਵਾਂ ਵਲੋਂ ਕਿਸਾਨਾਂ ਨੂੰ ਹਾੜੀ ਦੀ ਫਸਲ ਲਈ ਬੀਜ ਖਾਦ ਵੇਚਣ ਵਿੱਚ ਅਸਮਰਥਾ ਜ਼ਾਹਰ ਕਰਨ ਅਤੇ ਕਿਸਾਨਾਂ ਵੱਲੋਂ ਵੇਚੀ ਗਈ ਝੋਨੇ ਦੀ ਫਸਲ ਦੇ ਪੈਸੇ ਉਨਾਂ ਨੂੰ ਨਗਦੀ ਦੇ ਰੂਪ ਵਿੱਚ ਨਾਂ ਮਿਲਣ ਦੇ ਵਿਰੋਧ ਵਿੱਚ ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਅਤਲਾ ਕਲਾਂ ਵਿੱਚ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜਿਲਾ ਪ੍ਰੈਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਬੈਂਕਾਂ ਵੱਲੋਂ ਕਿਸਾਨਾਂ ਦੇ ਹੱਦ ਕਰਜ਼ਿਆਂ ਉੱਪਰ ਪੈਸੇ ਦੇ ਲੈਣ ਦੇਣ ਬੰਦ ਕਰਨ ਦੇ ਕਾਰਣ ਕਿਸਾਨਾਂ ਵਿੱਚ ਡਰ ਵਾਲਾ ਮਾਹੌਲ ਬਣ ਗਿਆ ਹੈ। ਕਿਸਾਨ ਆਪਣੀ ਫਸਲ ਪਾਲਣ ਲਈ ਖਾਦਾਂ ਦਾ ਪ੍ਰਬੰਧ ਕਰਨ ਅਤੇ ਆਪਣੀਆਂ ਘਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇੱਧਰ ਉੱਧਰ ਭੱਜ ਰਹੇ ਹਨ ਜਿਸ ਕਾਰਣ ਕਿਸਾਨਾਂ ਦੀ ਲੁੱਟ ਹੋਰ ਵਧ ਗਈ ਹੈ। ਉਨਾਂ ਕਿਹਾ ਕਿ ਕਿਸਾਨਾਂ ਕੋਲ ਨਵੀਂ ਕਰੰਸੀ ਨਾਂ ਹੋਣ ਕਾਰਣ ਬਾਜ਼ਾਰਾਂ ਵਿੱਚ ਕਿਸਾਨਾਂ ਵੱਲੋਂ ਪੁਰਾਣੇ ਨੋਟਾਂ ਨਾਲ ਖਾਦ ਸਮੇਤ ਹੋਰ ਲੋੜੀਂਦੀਆਂ ਵਸਤਾਂ ਖਰੀਦਣ ਸਮੇਂ ਦੁਕਾਨਦਾਰਾਂ ਵੱਲੋਂ ਕਿਸਾਨਾਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦਿਆਂ ਬੇਲੋੜੀਆਂ ਵਸਤਾਂ ਕਿਸਾਨਾਂ ਨੂੰ ਖਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਮਨਮਰਜ਼ੀ ਦੇ ਰੇਟ ਲਾਏ ਜਾ ਰਹੇ ਹਨ। ਇਹ ਲੁੱਟ ਸਿਰਫ ਛੋਟੀ ਅਤੇ ਦਰਮਿਆਨੀ ਕਿਸਾਨੀ ਦੀ ਹੀ ਹੋ ਰਹੀ ਹੈ ਜਦੋਂ ਕਿ ਵੱਡੇ ਧਨ ਕੁਬੇਰ ਇਸ ਹਫੜਾ ਦਫੜੀ ਦੀ ਦੌੜ ਵਿਚੋਂ ਬਾਹਰ ਹਨ। ਸਭਾ ਦੇ ਸੂਬਾਈ ਆਗੂ ਛੱਜੂ ਰਾਮ ਰਿਸ਼ੀ, ਜਿਲਾ ਪ੍ਰਧਾਨ ਸੁਖਦੇਵ ਸਿੰਘ ਅਤਲਾ ਕਲਾਂ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਝੋਨੇ ਦੀ ਫਸਲ ਵੇਚੇ ਨੂ੍ੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ਸਰਕਾਰ ਵੱਲੋਂ ਅਦਾਇਗੀ ਦੇ ਪੈਸਿਆਂ ਵਿਚੋਂ ਹਫਤੇ ਅੰਦਰ ਸਿਰਫ 25000 ਰੁਪਏ ਬੈਂਕਾਂ ਵੱਲੋਂ ਲਾਈ ਸ਼ਰਤ ਕਾਰਣ ਕਿਸਾਨ ਆਪਣੀ ਕਮਾਈ ਦੇ ਪੈਸੇ ਲੈਣ ਲਈ ਆਪਣਾ ਕੀਮਤੀ ਕੰਮ ਧੰਦਾ ਛੱਡਕੇ ਬੈਂਕਾਂ ਅੱਗੇ ਲਾਈਨਾਂ ਵਿੱਚ ਖੜਨ ਲਈ ਮਜ਼ਬੂਰ ਹੋ ਰਹੇ ਹਨ। ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੇ ਧੀਆਂ ਪੁੱਤਰਾਂ ਦੇ ਰੱਖੇ ਵਿਆਹ ਸਮਾਗਮਾਂ ਸਮੇਤ ਹੋਰ ਜਰੂਰੀ ਪ੍ਰੋਗਰਾਮਾਂ ਨੂੰ ਮੁਲਤਵੀ ਕਰਨ ਜਾਂ ਅੱਗੇ ਪਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਜਿਸ ਕਾਰਣ ਕਿਸਾਨਾਂ ਮਜ਼ਦੂਰਾਂ ਵਿੱਚ ਨਿਰਾਸਤਾ ਪੈਦਾ ਹੋਣ ਕਾਰਣ ਪਹਿਲਾਂ ਤੋਂ ਹੀ ਆਰਥਿਕ ਸੰਕਟ ਵਿਚੋਂ ਲੰਘ ਰਹੇ ਕਿਸਾਨ ਮਜ਼ਦੂਰਾਂ ਨੂੰ ਸਰਕਾਰ ਵਲੋਂ ਖੁਦਕਸ਼ੀਆਂ ਦੇ ਖੂਹ ਵੱਲ ਧੱਕਿਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ 30 ਦਸੰਬਰ ਤੱਕ ਕਿਸਾਨਾਂ ਨੂੰ ਪੁਰਾਣੇ 500 ਤੇ 1000 ਦੇ ਨੋਟਾਂ ਨਾਲ ਬੀਜ ਤੇ ਖਾਦ ਦੀ ਖਰੀਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸਹਿਕਾਰੀ ਬੈਂਕਾਂ ਨੂੰ ਪੁਰਾਣੇ ਨੋਟ ਜਮਾਂ ਕਰਨ ਤੇ ਬਦਲਣ ਦਾ ਅਧਿਕਾਰ ਦਿੱਤਾ ਜਾਵੇ। ਕਿਸਾਨਾਂ ਨੂੰ ਪਿਛਲੀਆਂ ਦੇਣਦਾਰੀਆਂ ਕਰਨ ਅਤੇ ਅਗਲੀ ਫਸਲ ਲਈ ਖੇਤੀ ਵਸਤਾਂ ਲਈ ਪ੍ਰਬੰਧ ਕਰਨ ਲਈ ਨਵੀਂ ਕਰੰਸੀ ਪਹਿਲ ਦੇ ਆਧਾਰ ਤੇ ਵੰਡੀ ਜਾਵੇ। ਕਿਸਾਨਾਂ ਦੀ ਰੁਕੀ ਹੋਈ ਝੋਨੇ ਦੀ ਅਦਾਇਗੀ ਨਵੀਂ ਕਰੰਸੀ ਦੇ ਰੂਪ ਵਿੱਚ ਤੁਰੰਤ ਜਾਰੀ ਕੀਤੀ ਜਾਵੇ ਅਤੇ ਕਿਸਾਨਾਂ ਨੂ੍ੰ ਆਪਣੀ ਫਸਲ ਦੇ ਪੈਸੇ ਇੱਕੋ ਸਮੇਂ ਬੈਂਕਾਂ ਵਿਚੋਂ ਲੈਣ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਤੇ ਜਥੇਬੰਦੀ ਵਲੋਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਹਰਚਰਨ ਸਿੰਘ ਮੌੜ, ਮੇਜਰ ਸਿੰਘ ਦੂਲੋਵਾਲ, ਹਾਕਮ ਸਿੰਘ, ਦੇਸੂ ਸਿੰਘ, ਦੀਪਾ ਸਿੰਘ ਸਾਬਕਾ ਸਰਪੰਚ, ਹਰੀ ਸਿੰਘ ਅਤਲਾ ਕਲਾਂ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *

%d bloggers like this: