ਪਟਿਆਲਾ- ਦੇਵੀਗੜ ਸੜਕ ਨੂੰ 40 ਕਰੋੜ ਰੁਪਏ ਦੀ ਲਾਗਤ ਨਾਲ ਕੰਕਰੀਟ ਨਾਲ ਬਣਾਇਆ ਜਾਵੇਗਾ-ਡਿਪਟੀ ਕਮਿਸ਼ਨਰ

ਪਟਿਆਲਾ- ਦੇਵੀਗੜ ਸੜਕ ਨੂੰ 40 ਕਰੋੜ ਰੁਪਏ ਦੀ ਲਾਗਤ ਨਾਲ ਕੰਕਰੀਟ ਨਾਲ ਬਣਾਇਆ ਜਾਵੇਗਾ-ਡਿਪਟੀ ਕਮਿਸ਼ਨਰ
ਹਲਕਾ ਸਨੌਰ ਦੇ ਕਿਸਾਨਾਂ ਨੂੰ 250 ਦੇ ਕਰੀਬ ਟਿਊਬਵੈਲ ਕੁਨੈਕਸ਼ਨਾਂ ਦੀ ਵੰਡ
ਨਦੀਆਂ ਤੇ ਨਾਲਿਆਂ ਦੀ ਸਫਾਈ ਅਤੇ ਹੋਰ ਵਿਕਾਸ ਕਾਰਜਾਂ ਦੀ ਕਿਸਾਨ ਖੁਦ ਵੀ ਨਿਗਰਾਨੀ ਕਰਨ
ਸਨੌਰ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਵੱਲੋਂ 25 ਕਰੋੜ ਰੁਪਏ ਦੀ ਰਾਸ਼ੀ ਜਾਰੀ- ਸੰਧੂ

15-29 (1)
ਪਟਿਆਲਾ, 14 ਮਈ: (ਧਰਮਵੀਰ ਨਾਗਪਾਲ) ਪੰਜਾਬ ਨੂੰ ਹਰਿਆਣਾ ਦੇ ਇਤਿਹਾਸਕ ਸ਼ਹਿਰ ਪਹੇਵਾ- ਕੁਰਕਸ਼ੇਤਰ ਨਾਲ ਜੋੜਨ ਵਾਲੀ ਪਟਿਆਲਾ- ਦੇਵੀਗੜ ਸੜਕ ਨੂੰ 40 ਕਰੋੜ ਰੁਪਏ ਦੀ ਲਾਗਤ ਨਾਲ ਕੰਕਰੀਟ ਨਾਲ ਬਣਾਇਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਪਟਿਆਲਾ ਦੇ ਬਹਾਵਲਪੁਰ ਪੈਲੇਸ ਵਿਖੇ ਵਿਧਾਨ ਸਭਾ ਹਲਕਾ ਸਨੌਰ ਦੇ ਕਿਸਾਨਾਂ ਨੂੰ 250 ਦੇ ਕਰੀਬ ਟਿਊਬਵੈਲ ਕੁਨੈਕਸ਼ਨਾਂ ਦੀ ਵੰਡ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਦੇਸ਼ ਤੇ ਸੂਬੇ ਦੀ ਤਰੱਕੀ ਵਿੱਚ ਕਿਸਾਨਾਂ ਦਾ ਵੱਡਾ ਯੋਗਦਾਨ ਹੈ। ਇਸ ਲਈ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਸ੍ਰੀ ਰਾਮਵੀਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਪੂਰੀ ਤਰਾਂ ਪਾਣੀ ’ਤੇ ਨਿਰਭਰ ਹੈ। ਇਸ ਲਈ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਨਾਲ- ਨਾਲ ਟਿਊਬਵੈਲਾਂ ਦੇ ਨਵੇਂ ਕੁਨੈਕਸ਼ਨ ਵੀ ਜਾਰੀ ਕੀਤੇ ਜਾ ਰਹੇ ਹਨ ਤਾਂ ਕਿ ਕਿਸਾਨ ਖੇਤੀਬਾੜੀ ਲਈ ਆਪਣੀਆਂ ਸਿੰਚਾਈ ਜਰੂਰਤਾਂ ਨੂੰ ਪੂਰੀਆਂ ਕਰ ਸਕਣ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਲਈ ਭਗਤ ਪੂਰਨ ਸਿੰਘ ਬੀਮਾ ਯੋਜਨਾ ਸਮੇਤ ਲਈ ਭਲਾਈ ਸਕੀਮਾਂ ਲਿਆਂਦੀਆਂ ਹਨ।
ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਪਟਿਆਲਾ ਜ਼ਿਲੇ ਦੇ ਸਾਰੀਆਂ ਬਰਸਾਤੀ ਨਦੀਆਂ ਤੇ ਨਾਲਿਆਂ ਦੀ ਸਫਾਈ ਕਰਵਾਈ ਜਾ ਰਹੀ ਹੈ ਤਾਂ ਕਿ ਬਰਸਾਤਾਂ ਦੇ ਮੌਸਮ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਇਲਾਕੇ ਵਿੱਚ ਨਦੀਆਂ ਤੇ ਨਾਲਿਆਂ ਦੀ ਸਫਾਈ ਅਤੇ ਹੋਰ ਚਲ ਰਹੇ ਵਿਕਾਸ ਕਾਰਜਾਂ ਦੀ ਖੁਦ ਵੀ ਨਿਗਰਾਨੀ ਕਰਨ, ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਛੇਤੀ ਹੀ ਇਕ ਹੈਲਪਲਾਈਨ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਇਕ ਵਟਸਐਪ ਗਰੁੱਪ ਵੀ ਬਣਾਇਆ ਜਾਵੇਗਾ ਜਿਥੇ ਕੋਈ ਵੀ ਕਿਸਾਨ ਨਦੀਆਂ ਦੀ ਸਫਾਈ ਅਤੇ ਪਿੰਡਾਂ ਵਿੱਚ ਸੜਕਾਂ ਅਤੇ ਚਲ ਰਹੇ ਹੋਰ ਵਿਕਾਸ ਕਾਰਜਾਂ ਸਬੰਧੀ ਸ਼ਿਕਾਇਤ, ਸੁਝਾਓ ਅਤੇ ਫੀਡ ਬੈਕ ਦੇ ਸਕਣਗੈ।
ਇਸ ਮੌਕੇ ਐਸ.ਐਸ.ਬੋੋਰਡ ਦੇ ਸਾਬਕਾ ਚੇਅਰਮੈਨ ਸ੍ਰ: ਤੇਜਿੰਦਰਪਾਲ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ- ਦੇਵੀਗੜ ਸੜਕ ਕੰਕਰੀਟ ਦੀ ਬਣਨ ਨਾਲ ਇਲਾਕੇ ਕੇ ਲੋਕਾਂ ਨੂੰ ਭਾਰੀ ਲਾਭ ਪੁਜੇਗਾ ਕਿਉਕਿ ਇਹ ਇਲਾਕਾ ਪਾਣੀ ਦੀ ਮਾਰ ਵਾਲਾ ਹੋਣ ਕਾਰਨ ਇਹ ਸੜਕ ਹਰ ਸਾਲ ਟੁੱਟ ਜਾਂਦੀ ਸੀ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਵੱਲੋਂ ਸਨੌਰ ਹਲਕੇ ਦੀਆਂ ਿਕ ਸੜਕਾਂ ਦੀ ਮੁਰੰਮਤ ਲਈ 24 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਇਲਾਕੇ ਦੇ ਸਾਰੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 25 ਕਰੋੜ ਰੁਪਏ ਦੀ ਰਾਸ਼ੀ ਵੱਖਰੇ ਤੌਰ ’ਤੇ ਜਾਰੀ ਕੀਤੀ ਗਈ ਹੈ। ਸ੍ਰ: ਸੰਧੂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਲਈ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਲਈ ਹਰੇਕ ਸਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 5000 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ। ਉਹਨਾਂ ਇਸ ਮੌਕੇ ਸਰਕਾਰ ਵੱਲੋਂ ਚਲਾਈਆਂ ਵਿਕਾਸ ਤੇ ਭਲਾਈ ਸਕੀਮਾਂ ਦਾ ਵਰਨਣ ਵੀ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਨੌਰ ਹਲਕੇ ਦੇ 250 ਦੇ ਕਰੀਬ ਕਿਸਾਨਾਂ ਨੂੰ ਟਿਊਬਵੈਲਾਂ ਦੇ ਕੁਨੈਕਸਨ ਵੀ ਜਾਰੀ ਕੀਤੇ।
ਇਸ ਸਮਾਗਮ ਦੌਰਾਨ ਡਾਇਰੈਕਟਰ ਫੂਡ ਗਰੇਨ ਅਤੇ ਮੈਂਬਰ ਬਲਾਕ ਸੰਮਤੀ ਸ੍ਰ: ਭੁਪਿੰਦਰ ਸਿੰਘ ਸੈਫਦੀਪੁਰ, ਡਾ: ਯਸ਼ਪਾਲ ਖੰਨਾ, ਸ੍ਰ: ਪਰਮਜੀਤ ਸਿੰਘ ਮਹਿਮਦਪੁਰ, ਸ੍ਰ: ਹਰਪ੍ਰੀਤ ਸਿੰਘ ਅਬਦਲਪੁਰ, ਡੀ. ਐਸ. ਪੀ. ਦਿਹਾਤੀ ਸ: ਸੁਖਮਿੰਦਰ ਸਿੰਘ ਚੌਹਾਨ, ਸ: ਗੁਰਦੀਪ ਸਿੰਘ ਸੇਖੁਪੁਰ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਤੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ ਤੇ ਕਿਸਾਨ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: