ਛੇਵਾਂ ਵਿਸ਼ਵ ਕੱਪ ਕਬੱਡੀ ਟੂਰਨਾਮੈਂਟ ਪਿੰਡ ਸਰਾਭਾ ਵਿਖੇ ਅੱਜ

ਛੇਵਾਂ ਵਿਸ਼ਵ ਕੱਪ ਕਬੱਡੀ ਟੂਰਨਾਮੈਂਟ ਪਿੰਡ ਸਰਾਭਾ ਵਿਖੇ ਅੱਜ
ਉਪ ਮੁੱਖ ਮੰਤਰੀ ਸਮੇਤ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਪਹੁੰਚਣ ਦੀ ਉਮੀਦ
ਡੀ ਸੀ ਅਤੇ ਜ਼ਿਲਾ ਪੁਲਿਸ ਮੁਖੀ ਵੱਲੋਂ ਤਿਆਰੀਆਂ ਅਤੇ ਸੁਰੱਖਿਆ ਦਾ ਜਾਇਜ਼ਾ

4mlp04ਮੁੱਲਾਂਪੁਰ ਦਾਖਾ 4 ਨਵੰਬਰ(ਮਲਕੀਤ ਸਿੰਘ) ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ ਅਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਨੂੰ ਵਧਾਉਣ ਲਈ ਕਰਵਾਏ ਜਾ ਰਹੇ ਛੇਵੇਂ ਵਿਸ਼ਵ ਕੱਪ ਕਬੱਡੀ ਟੂਰਨਾਮੈਂਟ ਦੇ ਅਹਿਮ ਪੰਜ ਮੁਕਾਬਲੇ ਮਿਤੀ 5 ਨਵੰਬਰ ਨੂੰ ਪਿੰਡ ਸਰਾਭਾ ਦੇ ਆਧੁਨਿਕ ਖੇਡ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ, ਖੇਤੀਬਾੜੀ ਮੰਤਰੀ ਸ੍ਰ. ਤੋਤਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਅਤੇ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਪਹੁੰਚ ਰਹੀਆਂ ਹਨ। ਇਸ ਮੌਕੇ ਲੜਕਿਆਂ ਅਤੇ ਲੜਕੀਆਂ ਦੇ ਅਲੱਗ-ਅਲੱਗ ਪੰਜ ਮੁਕਾਬਲੇ ਕਰਵਾਏ ਜਾਣਗੇ, ਜਿਨਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ।

         ਇਨਾਂ ਮੈਚਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵੱਲੋਂ ਖੇਡ ਸਟੇਡੀਅਮ ਦਾ ਦੌਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਉਨਾਂ ਦੀਆਂ ਡਿਊਟੀਆਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ। ਉਨਾਂ ਦੱਸਿਆ ਕਿ ਇਸ ਸਟੇਡੀਅਮ ਵਿਖੇ ਮਰਦਾਂ ਦੇ ਵਰਗ ਦੇ ਇੰਗਲੈਂਡ ਬਨਾਮ ਸਵੀਡਨ, ਭਾਰਤ ਬਨਾਮ ਸਾਈਰਾਲਿਓਨ, ਸ੍ਰੀਲੰਕਾ ਬਨਾਮ ਕੈਨੇਡਾ ਅਤੇ ਇਰਾਨ ਬਨਾਮ ਤਨਜ਼ਾਨੀਆ ਦੇ ਮੁਕਾਬਲੇ ਹੋਣਗੇ ਅਤੇ ਔਰਤਾਂ ਦੇ ਵਰਗ ਵਿੱਚ ਭਾਰਤ ਬਨਾਮ ਕੀਨੀਆ ਦਾ ਮੁਕਾਬਲਾ ਹੋਵੇਗਾ। ਇਹ ਮੁਕਾਬਲੇ ਸਵੇਰੇ 11 ਵਜੇ ਸ਼ੁਰੂ ਹੋ ਜਾਣਗੇ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹਿਣਗੇ। ਇਨਾਂ ਮੁਕਾਬਲਿਆਂ ਨੂੰ ਦੇਖਣ ਲਈ ਪੰਜਾਬ ਦੇ ਉੁਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਵੱਲੋਂ ਵੀ ਦਰਸ਼ਕਾਂ ਦਾ ਰੰਗਾਰੰਗ ਮਨੋਰੰਜਨ ਕੀਤਾ ਜਾਵੇਗਾ। ਇਸ ਟੂਰਨਾਮੈਂਟ ਦਾ ਪ੍ਰਸਿੱਧ ਚੈਨਲ ਤੋਂ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।
ਸੜਕੀ ਆਵਾਜਾਈ ਲਈ ਬਦਲਵੇਂ ਰੂਟ ਪ੍ਰਬੰਧ ਕੀਤੇ-ਜ਼ਿਲਾ ਪੁਲਿਸ ਮੁਖੀ
ਇਸ ਮੌਕੇ ਹਾਜ਼ਰ ਲੁਧਿਆਣਾ (ਦਿਹਾਤੀ) ਦੇ ਜ਼ਿਲਾ ਪੁਲਿਸ ਮੁਖੀ ਸ੍ਰ. ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਇਨਾਂ ਮੈਚਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਨਾਂ ਮੈਚਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਮਿਤੀ 5 ਨਵੰਬਰ ਨੂੰ ਸੜਕੀ ਆਵਾਜਾਈ ਨੂੰ ਹੋਰ ਰਾਹਾਂ ਰਾਹੀਂ ਤਬਦੀਲ ਕੀਤਾ ਜਾਵੇਗਾ। ਉਨਾਂ ਵੇਰਵਾ ਦਿੰਦਿਆਂ ਦੱਸਿਆ ਕਿ ਰਾਏਕੋਟ ਅਤੇ ਹਲਵਾਰਾ ਰਸਤੇ ਆਉਣ ਵਾਲੀ ਟਰੈਫਿਕ ਨੂੰ ਹੁਣ ਕੈਲੇ ਚੌਕ ਤੋਂ ਪੱਖੋਵਾਲ, ਪਿੰਡ ਡਾਂਗੋ ਅਤੇ ਭੱਠੇ ਵਾਲੇ ਟੀ-ਪੁਆਇੰਟ ਰਾਹੀਂ ਹੋ ਕੇ ਪਿੰਡ ਢੈਪਈ ਦੇ ਪੁੱਲ ‘ਤੇ ਨਿਕਲਣਾ ਪਵੇਗਾ। ਇਸੇ ਤਰਾਂ ਲੁਧਿਆਣਾ ਤੇ ਜੋਧਾਂ ਤੋਂ ਆਉਣ ਵਾਲੀ ਟਰੈਫਿਕ ਨੂੰ ਪਿੰਡ ਢੈਪਈ, ਭੱਠੇ ਵਾਲੇ ਟੀ-ਪੁਆਇੰਟ ਤੋਂ ਪਿੰਡ ਡਾਂਗੋ, ਪੱਖੋਵਾਲ, ਕੈਲੇ ਚੌਕ ਰਾਹੀਂ ਹਲਵਾਰਾ ਅਤੇ ਰਾਏਕੋਟ ਨੂੰ ਕੱਢਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: