ਵਿਦੇਸ਼ੀ ਸਿੱਖਾਂ ਦੀ ਮੰਗ ਤੇ ਨਨਕਾਣਾ ਸਾਹਿਬ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦੀ ਤਿਆਰੀ

ਵਿਦੇਸ਼ੀ ਸਿੱਖਾਂ ਦੀ ਮੰਗ ਤੇ ਨਨਕਾਣਾ ਸਾਹਿਬ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦੀ ਤਿਆਰੀ
ਨਵੰਬਰ ਵਿੱਚ ਰੱਖਣਗੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੀਂਹ ਪੱਥਰ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਪਿਛਲੇ ਦਿਨੀਂ ਪਾਕਿਸਤਾਨ ਦਾ ਇੱਕ ਵਫਦ ਵਾਸ਼ਿੰਗਟਨ ਡੀ. ਸੀ. ਇਸ ਆਸ਼ੇ ਨਾਲ ਆਇਆ ਸੀ ਕਿ ਉਹ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਬਿਹਤਰੀ ਅਤੇ ਉੱਥੇ ਆਉਣ ਵਾਲੀਆਂ ਸੰਗਤਾਂ ਲਈ ਸੁੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਸਕੇ। ਪਰ ਇਸ ਵਫਦ ਵਿੱਚ ਨਨਕਾਣਾ ਸਾਹਿਬ ਦੀ ਮੈਂਬਰ ਨੈਸ਼ਨਲ ਅਸੰਬਲੀ ਸਾਇਜਾ ਖਾਨ ਅਲੀ ਨੇ ਵਿਦੇਸ਼ੀ ਸਿੱਖਾਂ ਤੋਂ ਸੁਝਾਅ ਮੰਗਿਆ ਕਿ ਉਹ ਕੋਈ ਤਿੰਨ ਮੰਗਾਂ ਦੱਸਣ ਜਿਨ੍ਹਾਂ ਨੂੰ ਉਹ ਪੂਰਿਆਂ ਕਰ ਸਕਣ। ਡਾ. ਸੁਰਿੰਦਰ ਸਿੰਘ ਗਿੱਲ ਜੋ ਸਿੱਖਿਆ ਮਾਹਰ ਅਤੇ ਸਿੱਖਿਆ ਪ੍ਰਤੀ ਸੁਹਿਰਦ ਵੀ ਹਨ, ਉਨ੍ਹਾਂ ਨਨਕਾਣਾ ਸਾਹਿਬ ਯੂਨੀਵਰਸਿਟੀ ਬਣਾਉਣ ਦੀ ਤਜਵੀਜ਼ ਤੇ ਜੋਰ ਦਿੱਤਾ ਜਿਸ ਤੇ ਸਮੂਹ ਵਿਦੇਸ਼ੀ ਸਿੱਖ ਵਫਦ ਨੇ ਮੋਹਰ ਲਗਾਈ ਸੀ।
ਇਸ ਗੱਲ ਦੀ ਵਿਦੇਸ਼ੀ ਸਿੱਖਾਂ ਵਲੋਂ ਖੁਸ਼ੀ ਪ੍ਰਗਟਾਈ ਕਿ ਨਵੰਬਰ ਦੇ ਅਖੀਰਲੇ ਹਫਤੇ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਰੱਖ ਰਹੇ ਹਨ। ਇਸ ਦੀ ਜਾਣਕਾਰੀ ਡਾ. ਸਾਇਜਾ ਨੇ ਟੈਲੀਫੋਨ ਰਾਹੀਂ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਪਾਕਿਸਤਾਨ ਪਹੁੰਚ ਕੇ ਹੀ ਸਾਰੀ ਸਥਿਤੀ ਅਤੇ ਸਿੱਖਾਂ ਦੀਆਂ ਭਾਵਨਾ ਪ੍ਰਤੀ ਨਵਾਜ ਸ਼ਰੀਫ ਨੂੰ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਤੁਰੰਤ ਓਕਾਫ ਬੋਰਡ ਨੂੰ ਕਹਿਕੇ ਜ਼ਮੀਨ ਦੀ ਨੋਟੀਫਿਕੇਸ਼ਨ ਕਰਵਾ ਯੂਨੀਵਰਸਿਟੀ ਦਾ ਨੀਂਹ ਪੱਥਰ ਨਨਕਾਣਾ ਸਾਹਿਬ ਰੱਖਣ ਦੀ ਇੱਛਾ ਪ੍ਰਗਟਾਈ ਜੋ ਕਿ ਸਿੱਖਾਂ ਲਈ ਇੱਕ ਵਰਦਾਨ ਸਾਬਤ ਹੋਵੇਗੀ। ਜਿੱਥੇ ਇਹ ਮਿਆਰੀ ਯੂਨੀਵਰਸਿਟੀ ਦਾ ਨਾਮ ਨਨਕਾਣਾ ਗੁਰੂ ਨਾਨਕ ਯੂਨੀਵਰਸਿਟੀ ਹੋਵੇਗਾ, ਉੱਥੇ ਵਿਦੇਸ਼ਾਂ ਵਿੱਚੋਂ ਵੀ ਭਾਰੀ ਗਿਣਤੀ ਵਿੱਚ ਵਿਦਿਆਰਥੀ ਇਸ ਯੂਨੀਵਰਸਿਟੀ ਦਾ ਲਾਹਾ ਲੈਣਗੇ। ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਅਤੇ ਸਾਜਿਦ ਤਰਾਰ ਡਾਇਰੈਕਟਰ ਸੀ. ਐੱਸ. ਸੀ. ਨੇ ਪਾਕਿਸਤਾਨ ਪ੍ਰਧਾਨ ਮੰਤਰੀ ਨੂੰ ਸਿਫਾਰਸ਼ ਕੀਤੀ ਹੈ ਕਿ ਉਹ ਇਸ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਭਵਨ ਵੀ ਬਣਾਉਣ ਜਿੱਥੋਂ ਨਾਨਕ ਨਾਮ ਲੇਵਾ ਸਬੰਧੀ ਪ੍ਰਚਾਰ ਮਾਧਿਅਮ ਸ਼ੁਰੂ ਕੀਤਾ ਜਾ ਸਕੇ। ਬਾਬਾ ਨਾਨਕ ਸਾਂਝਾ ਗੁਰੂ ਹੈ ਅਤੇ ਮੁਸਲਮਾਨਾਂ ਦੇ ਪੀਰ ਵਜੋਂ ਜਾਣਿਆ ਜਾਂਦਾ ਹੈ।
ਆਸ ਹੈ ਕਿ ਇਸ ਯੂਨੀਵਰਸਿਟੀ ਸ਼ੁਰੂ ਹੋਣ ਨਾਲ ਜਿੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ, ਉੱਥੇ ਨਨਕਾਣੇ ਦੀ ਧਰਤੀ ਵਿੱਚ ਸ਼ਰਧਾਲੂਆਂ ਦਾ ਤਾਂਤਾ ਵੀ ਲੱਗਾ ਰਹੇਗਾ। ਕੁਝ ਉਨ੍ਹਾਂ ਸੌੜੀ ਸੋਚ ਵਾਲਿਆਂ ਦਾ ਵੀ ਮੂੰਹ ਬੰਦ ਹੋ ਗਿਆ ਹੈ ਜੋ ਸਿੱਖਾਂ ਦੇ ਵਫਦ ਵਲੋਂ ਨਨਕਾਣਾ ਸਾਹਿਬ ਤੋਂ ਆਏ ਮਹਿਮਾਨਾਂ ਦਾ ਵਿਰੋਧ ਜਤਾ ਰਹੇ ਸਨ। ਵਿਦੇਸ਼ੀ ਸਿੱਖਾਂ ਨੂੰ ਭਰੋਸਾ ਹੈ ਕਿ ਡਾ. ਬੀਬੀ ਦੂਸਰੀਆਂ ਦੋ ਮੰਗਾਂ ਨੂੰ ਵੀ ਪੂਰਿਆਂ ਕਰਕੇ ਸਿੱਖਾਂ ਪ੍ਰਤੀ ਆਪਣੀ ਸ਼ਰਧਾ ਦਾ ਅਹਿਸਾਸ ਕਰਨਗੇ, ਜਿਸ ਵਿੱਚ ਵੀਜ਼ਾ ਸ਼ਰਤਾਂ ਦੀ ਨਰਮੀ ਅਤੇ ਹੋਟਲ ਇੰਡਸਟਰੀ ਨੂੰ ਬੜਾਵਾ ਦੇਣ ਦੀ ਗੱਲ ਕੀਤੀ ਗਈ ਸੀ। ਸਮੁੱਚੇ ਤੌਰ ਤੇ ਵਿਦੇਸ਼ੀ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਹ ਨੀਂਹ ਪੱਥਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਨਿਮੰਤ੍ਰਣ ਦੀ ਉਡੀਕ ਵਿੱਚ ਹਨ ਤਾਂ ਜੋ ਉਹ ਆਪਣੀ ਸ਼ਰਧਾ ਦਾ ਇਜ਼ਹਾਰ ਕਰ ਸਕਣ।

Share Button

Leave a Reply

Your email address will not be published. Required fields are marked *

%d bloggers like this: