ਕਰਿਆਨੇ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ ਦੀ ਲਪੇਟ ‘ਚ ਆ ਕੇ ਨੌਜਵਾਨ ਦੀ ਮੌਤ ਅਤੇ ਲੱਖਾਂ ਦਾ ਸਮਾਨ ਹੋਇਆ ਰਾਖ

ਕਰਿਆਨੇ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ ਦੀ ਲਪੇਟ ‘ਚ ਆ ਕੇ ਨੌਜਵਾਨ ਦੀ ਮੌਤ ਅਤੇ ਲੱਖਾਂ ਦਾ ਸਮਾਨ ਹੋਇਆ ਰਾਖ
ਵਾਰ-ਵਾਰ ਕਹਿਣ ‘ਤੇ ਵੀ ਅੱਗ ‘ਚ ਫਸੇ ਵਿਅਕਤੀਆਂ ਨੂੰ ਬਚਾਉਣ ‘ਚ ਨਹੀਂ ਦਿਖਾਈ ਦਿਲਚਸਪੀ
ਲੋਕਾਂ ਦੀ ਹਿੰਮਤ ਨੇ ਬਚਾਈਆਂ ਤਿੰਨ ਜਾਨਾਂ
ਅੱਗ ਬੁਝਾਉਣ ਦੀ ਹਫੜਾ-ਦਫੜੀ ਮੌਕੇ ਚੋਰਾਂ ਵੱਲੋਂ ਮੋਬਾਇਲਾਂ ਦੀ ਦੁਕਾਨ ‘ਤੇ ਕੀਤਾ ਹੱਥ ਸਾਫ

picture1ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਇਸ ਵਾਰ ਸਥਾਨਕ ਲੋਕਾਂ ਦੀਆਂ ਦੀਵਾਲੀ ਸੰਬੰਧੀ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ ਜਦੋਂ ਦਿਵਾਲੀ ਤੋਂ ਪੁਹਲੀ ਰਾਤ ਦੇਰ ਸ਼ਾਮ ਸਥਾਨਕ ਸਿਵਲ ਹਸਪਤਾਲ ਦੇ ਨੇੜੇ ਇੱਕ ਦੁਕਾਨ ‘ਚ ਅਚਾਨਕ ਲੱਗੀ ਅੱਗ ਦੀ ਲਪੇਟ ਵਿੱਚ ਆ ਕੇ ਜਿੱਥੇ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਇੱਕ ਕੀਮਤੀ ਇਨਸਾਬੀ ਜਾਨ ਵੀ ਇਸ ਭਿਆਨਕ ਅੱਗ ਦਾ ਸ਼ਿਕਾਰ ਹੋ ਗਈ ਅਤੇ ਤਿੰਨ ਹੋਰ ਵਿਅਕਤੀਆਂ ਨੂੰ ਦੁਕਾਨ ‘ਚੋਂ ਮੌਕੇ ‘ਤੇ ਜਿਉਂਦਾ ਕੱਢ ਕੇ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਇਲਾਜ਼ ਲਈ ਭਰਤੀ ਕਰਵਾਇਆ ਗਿਆ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਪ੍ਰੇਮ ਕੁਮਾਰ ਨਾਮ ਦੀ ਉਕਤ ਕਰਿਆਨੇ ਦੀ ਦੁਕਾਨ ਵਿੱਚ ਦੇਰ ਸ਼ਾਮ ਕਰੀਬ ਸਵਾ ਸੱਤ ਵਜੇ ਅਚਾਨਕ ਬਾਹਰੋਂ ਆਈ ਆਤਿਸ਼ਬਾਜ਼ੀ ਨਾਲ ਅੱਗ ਲੱਗ ਗਈ ਅਤੇ ਉੱਥੇ ਪਏ ਸਰੋਂ ਦੇ ਤੇਲ, ਰਿਫਾਇੰਡ, ਮਾਚਿਸਾਂ ਅਤੇ ਕਾਗਜ਼ਾਂ ਆਦਿ ਵਿੱਚ ਪੈਕਿੰਗ ਕੀਤੇ ਸਮਾਨ ਕਾਰਨ ਸਕਿੰਟਾਂ ਵਿੱਚ ਹੀ ਅੱਗ ਨੇ ਐਨਾ ਵਿਕਰਾਲ ਰੂਪ ਧਾਰਨ ਲੈ ਲਿਆ ਕਿ ਦੁਕਾਨ ਦਾ ਮਾਲਕ ਪ੍ਰਦੀਪ ਕੁਮਾਰ ਉਰਫ ਵਿੱਕੀ ਅਤੇ ਉਸਦਾ ਇੱਕ ਮੁਲਾਜ਼ਮ ਮਸਾਂ ਦੁਕਾਨ ਵਿੱਚੋਂ ਬਾਹਰ ਆਏ ਜਦੋਂ ਕਿ ਚਾਰ ਹੋਰ ਵਿਅਕਤੀ ਜਿਹੜੇ ਦੁਕਾਨ ਦੀ ਦੂਸਰੀ ਮੰਜ਼ਿਲ ਤੇ ਸਾਮਾਨ ਕੱਢਣ ਚੜ੍ਹੇ ਹੋਏ ਸਨ ਇਸ ਭਿਆਨਕ ਅੱਗ ਵਿੱਚ ਘਿਰ ਗਏ। ਆਸ ਪਾਸ ਦੇ ਦੁਕਾਨਦਾਰਾਂ ਅਤੇ ਇਕੱਠੇ ਹੋਏ ਲੋਕਾਂ ਵੱਲੋਂ ਜਿੱਥੇ ਅੱਗ ‘ਤੇ ਕਾਬੂ ਪਾਉਣ ਲਈ ਪਾਣੀ ਦੀਆਂ ਬਾਲਟੀਆਂ ਅਤੇ ਕੈਂਪਰਾਂ ਆਦਿ ਨਾਲ ਅੱਗ ਬੁਝਾਉਣ ਦੇ ਯਤਨ ਆਰੰਭੇ ਗਏ ਉੱਥੇ ਸ਼ਹਿਰ ਵਿੱਚ ਸਿੰਗਲਾ ਵਾਟਰ ਫਿਲਟਰ ਅਤੇ ਸ਼ਿਵਾ ਆਰ ਓ ਵਾਟਰ ਵਾਲਿਆਂ ਦੀਆਂ ਗੱਡੀਆਂ ਨੇ ਵੀ ਅੱਗ ਬੁਝਾਉਣ ਲਈ ਪਾਣੀ ਮੁਹੱਈਆ ਕਰਵਾਇਆ। ਅੱਗ ਲਗਦਿਆਂ ਹੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਵੀ ਪ੍ਰਸ਼ਾਸ਼ਨ ਵੱਲੋਂ ਸੂਚਿਤ ਕੀਤਾ ਗਿਆ ਪ੍ਰੰਤੂ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਰਾਮਾਂ ਰਿਫਾਇਨਰੀ ਤੋਂ ਗੱਡੀ ਘਟਨਾ ਤੋਂ ਕਰੀਬ ਇੱਕ ਘੰਟਾ ਬਾਅਦ ਘਟਨਾ ਸਥਾਨ ‘ਤੇ ਪਹੁੰਚੀ ਜਿਸ ਕਾਰਨ ਲੋਕਾਂ ਵਿੱਚ ਰੋਸ ਦਾ ਮਾਹੌਲ ਬਣ ਗਿਆ।
ਵਰਣਨਯੋਗ ਪੱਖ ਇਹ ਵੀ ਹੈ ਕਿ ਉਕਤ ਦੁਕਾਨ ਵਿੱਚ ਅੱਗ ਲਗਦਿਆਂ ਹੀ ਆਪਣੀ ਦੁਕਾਨ ਦੀ ਪਰਵਾਹ ਨਾ ਕਰਦਿਆਂ ਨਾਲ ਲੱਗਦ ਿਦੁਕਾਨ ‘ਰੋਇਲ ਮੋਬਾਇਲ ਸਲਿਊਸ਼ਨ’ ਦਾ ਮਾਲਕ ਰਘੁਵੀਰ ਸਿੰਘ ਜਦੋਂ ਅੱਗ ਬੁਝਾਉਣ ਵਿੱਚ ਜੁਟ ਗਿਆ ਤਾਂ ਦੁਕਾਨ ਸੁੰਨੀ ਵੇਖ ਕੇ ਭੀੜ ਦਾ ਲਾਹਾ ਲੈਂਦਿਆਂ ਅਗਿਆਤ ਵਿਅਕਤੀ ਉਕਤ ਮੋਬਾਇਲਾਂ ਦੀ ਦੁਕਾਨ ‘ਚੋਂ ਸਵਾ ਲੱਖ ਰੁਪਏ ਦੀ ਕੀਮਤ ਦੇ ਮੋਬਾਇਲ ਚੋਰੀ ਕਰਕੇ ਰਫੂ ਚੱਕਰ ਹੋ ਗਏ ਜਿਸ ਦਾ ਪਤਾ ਅੱਗ ਬੁਝਾਉਣ ਤੋਂ ਬਾਅਦ ਲੱਗਿਆ।
ਦੁਕਾਨ ਦੇ ਮਾਲਕ ਪ੍ਰਦੀਪ ਕੁਮਾਰ ਵਿੱਕੀ ਵੱਲੋਂ ਭਾਵੇਂ ਵਾਰ-ਵਾਰ ਇਹ ਰੌਲ਼ਾ ਪਾਇਆ ਜਾ ਰਿਹਾ ਸੀ ਕਿ ਦੁਕਾਨ ਦੇ ਅੰਦਰ ਬੰਦੇ ਫਸੇ ਹੋਏ ਹਨ ਪ੍ਰੰਤੂ ਮੌਕੇ ‘ਤੇ ਹਾਜ਼ਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਜਿੰਨ੍ਹਾਂ ਵਿੱਚ ਸਥਾਨਕ ਡੀ ਐਸ ਪੀ ਸਾਹਿਬ ਅਤੇ ਹਹੋਰ ਅਧਿਕਾਰੀ ਵੀ ਹਾਜ਼ਰ ਸਨ ਵੱਲੋਂ ਅੱਗ ਅੰਦਰ ਘਿਰੇ ਵਿਅਕਤੀਆਂ ਨੂੰ ਬਚਾਉਣ ਲਈ ਕੋਈ ਸੰਜੀਦਗੀ ਨਹੀਂ ਦਿਖਾਈ ਗਈ ਅਤੇ ਇਕੱਠੇ ਹੋਏ ਲੋਕਾਂ ਨੇ ਆਪਣੇ ਤੌਰ ‘ਤੇ ਦੁਕਾਨ ਦੀਆਂ ਛੱਤਾਂ ਅਤੇ ਪਾਸੇ ਵਾਲੀਆਂ ਕੰਧਾਂ ਭੰਨ੍ਹ ਕੇ ਤਿੰਨ ਵਿਅਕਤੀਆਂ ਜਗਰੂਪ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਤਲਵੰਡੀ ਸਾਬੋ, ਬਿੱਕਰ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਜਗਾ ਰਾਮ ਤੀਰਥ ਅਤੇ ਮੁਨੀਸ਼ ਕੁਮਾਰ ਬਾਂਸਲ ਪੁੱਤਰ ਜਨਕ ਰਾਜ ਨੂੰ ਇਸ ਭਿਆਨਕ ਅੱਗ ਵਿੱਚੋਂ ਜਿਉਂਦੇ ਬਾਹਰ ਕੱਢ ਕੇ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਰਵਾਇਆ ਗਿਆ। ਜਿੱਥੇ ਇਹਨਾਂ ਵਿਅਕਤੀਆਂ ਨੇ ਦੱਸਿਆ ਇੱਕ ਹੋਰ ਨੌਜਵਾਨ ਮਨਪ੍ਰੀਤ ਕੁਮਾਰ ਬਾਂਸਲ ਵੀ ਉਹਨਾਂ ਦੇ ਨਾਲ ਅੱਗ ਵਿੱਚ ਘਿਰਿਆ ਹੋਇਆ ਸੀ।
ਪ੍ਰਤੂੰ ਦੂਜੇ ਪਾਸੇ ਅੱਗ ‘ਤੇ ਕਾਬੂ ਪੈਣ ਕਾਰਨ ਰਾਤ ਕਰੀਬ ਦਸ ਵਜੇ ਸਥਾਨਕ ਪ੍ਰਸ਼ਾਸ਼ਨ ਨੇ ਮੋਰਚਾ ਫਤਹਿ ਸਮਝ ਲਿਆ ਅਤੇ ਲੋਕਾਂ ਵੱਲੋਂ ਵਾਰ-ਵਾਰ ਅੰਦਰ ਇੱਕ ਹੋਰ ਵਿਅਕਤੀ ਫਸਿਆ ਹੋਣ ਦੀ ਗੱਲ ਸਿਰਫ ਅਣਦੇਖੀ ਅਤੇ ਅਣਸੁਣੀ ਹੀ ਨਹੀ ਕੀਤੀ ਸਗੋਂ ਲੋਕਾਂ ਨੂੰ ਵੀ ਦੁਕਾਨ ਅੰਦਰ ਜਾਣ ਤੋਂ ਰੋਕੀ ਰੱਖਿਆ। ਡੀ ਐੱਸ ਪੀ ਤਲਵੰਡੀ ਸਾਬੋ ਦੇ ਘਟਨਾ ਸਥਾਨ ਤੋਂ ਚਲੇ ਜਾਣ ਤੋਂ ਬਾਅਦ ਜਦੋ ਲੋਕਾਂ ਨੇ ਅੰਦਰ ਜਾ ਕੇ ਪੜਤਾਲ ਕੀਤੀ ਤਾਂ ਉਦੋਂ ਤੱਕ ਮਨਪ੍ਰੀਤ ਕੁਮਾਰ ਬਾਂਸਲ ਪੁੱਤਰ ਜਨਕ ਰਾਜ ਵਾਸੀ ਤਲਵੰੰਡੀ ਸਾਬੋ ਦੀ ਦਮ ਘੁੱਟਣ ਅਤੇ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਮੌਤ ਹੋ ਚੁੱਕੀ ਸੀ। ਜਿਸ ਨੂੰ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾ ਦਿੱਤਾ।
ਜਿਕਰਯੋਗ ਹੈ ਕਿ ਇਸੇ ਹੀ ਦਿਨ ਇਸ ਦਰਦਨਾਕ ਘਟਨਾ ਤੋਂ ਪਹਿਲਾਂ ਦੁਪਹਿਰ ਬਾਅਦ ਸਵਾ ਤਿੰਨ ਵਜੇ ਪਟਾਕਿਆਂ ਦੇ ਚਾਰ ਸਟਾਲਾਂ ਨੂੰ ਲੱਗੀ ਅੱਗ ਵਿੱਚ ਲੱਖਾਂ ਦਾ ਪਟਾਕਾ, ਇੱਕ ਮੋਟਰਸਾਈਕਲ ਅਤੇ ਇੱਕ ਆਟੋ ਰਿਕਸ਼ਾ ਰਾਖ ਹੋ ਜਾਣ ਤੋਂ ਬਾਅਦ ਵੀ ਪ੍ਰਸ਼ਾਸ਼ਨ ਵੱਲੋਂ ਦਿਵਾਲੀ ਮੌਕੇ ਕਿਸੇ ਅਣ-ਸੁਖਾਵੀਂ ਘਟਨਾ ਨਾਲ ਨਜਿੱਠਣ ਦੇ ਜਿੱਥੇ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਉੱਥੇ ਅਜਿਹੀਆਂ ਘਟਨਾਵਾਂ ਦੇ ਵਾਪਰਨ ਦਾ ਖਰਸ਼ਾ ਜਾਹਿਰ ਕਰਨ ਦੇ ਬਾਵਜੂਦ ਵੀ ਪਟਾਕਿਆਂ ਦੀ ਵਿਕਰੀ ਲਈ ਕੋਈ ਸਥਾਨ ਨਿਰਧਾਰਿਤ ਨਾ ਕੀਤੇ ਜਾਣ ਕਾਰਨ ਉਕਤ ਦਰਦਨਾਕ ਘਟਨਾ ਦੀ ਸਿੱਧੀ ਜਿੰਮੇਵਾਰੀ ਤੋਂ ਪ੍ਰਸ਼ਾਸ਼ਨ ਨੂੰ ਲੋਕਾਂ ਵੱਲੋਂ ਮੁਕਤ ਹੀਂ ਕੀਤਾ ਜਾ ਰਿਹਾ।
ਉਕਤ ਅਗਜਨੀ ਦੀਆਂ ਘਟਨਾਵਾਂ ਦਾ ਪਤਾ ਲਗਦਿਆਂ ਹੀ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਤੇ ਮਹਿਲਾ ਵਿੰਗ ਆਪ ਦੀ ਪੰਜਾਬ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਪੀੜਿਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਅਤੇ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਆਉਣ ‘ਤੇ ਜਿੱਥੇ ਤਲਵੰਡੀ ਸਾਬੋ ‘ਚ ਫਾਇਰ ਬ੍ਰਿਗੇਡ ਸਥਾਪਿਤ ਕੀਤੀ ਜਾਵੇਗੀ ਉੱਥੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ਾ ਵੀ ਜਾਰੀ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: