ਸਰਕਾਰੀ ਪ੍ਰਾਇਮਰੀ ਸਕੂਲ ਫਤਹਿਪੁਰ ਅਵਾਣਾ ਦੀ ਇਮਾਰਤ ਦਾ ਉਦਘਾਟਨ

ਸਰਕਾਰੀ ਪ੍ਰਾਇਮਰੀ ਸਕੂਲ ਫਤਹਿਪੁਰ ਅਵਾਣਾ ਦੀ ਇਮਾਰਤ ਦਾ ਉਦਘਾਟਨ

school-buildingਲੁਧਿਆਣਾ (ਪ੍ਰੀਤੀ ਸ਼ਰਮਾ) ਸਥਾਨਕ ਸਿੱਧਵਾਂ ਨਹਿਰ ਕਿਨਾਰੇ ਵਸੇ ਛੋਟੇ ਜਿਹੇ ਪਿੰਡ ਫਤਹਿਪੁਰ ਅਵਾਣਾ ਦੇ ਬੱਚਿਆਂ ਨੂੰ ਹੁਣ ਬੁਨਿਆਦੀ ਢਾਂਚੇ ਦੇ ਖੁਣੋਂ ਮੁੱਢਲੀ ਸਿੱਖਿਆ ਤੋਂ ਵਾਂਝੇ ਨਹੀਂ ਰਹਿਣਾ ਪਵੇਗਾ ਕਿਉਂਕਿ ਪ੍ਰਸਿੱਧ ਵਪਾਰਕ ਘਰਾਣੇ ਰਾਲਸਨ ਇੰਡੀਆ ਲਿਮਟਿਡ ਨੇ ਇਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਉਸਾਰਨ ਦੇ ਨਾਲ-ਨਾਲ ਕਿਸੇ ਵਧੀਆ ਸਕੂਲ ਲਈ ਲੋੜੀਂਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਹਨ। ਨਵੀਂ ਇਮਾਰਤ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕੀਤਾ। ਦੱਸਣਯੋਗ ਹੈ ਕਿ ਇਸ ਸਕੂਲ ਦੀ ਇਮਾਰਤ ਬਹੁਤ ਹੀ ਖਸਤਾ ਹਾਲਤ ਸੀ, ਜਿਸ ਕਾਰਨ ਪਿੰਡ ਵਾਸੀ ਇਥੇ ਆਪਣੇ ਬੱਚਿਆਂ ਨੂੰ ਪੜਾਉਣੋਂ ਹਟਾਉਣ ਲੱਗ ਗਏ ਸਨ। ਨਤੀਜਾ ਇਹ ਨਿਕਲਿਆ ਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਨਾਮਾਤਰ ਰਹਿ ਗਈ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲਾ ਪ੍ਰਸਾਸ਼ਨ ਨੇ ਇਸ ਸਕੂਲ ਦੀ ਕਾਇਆ ਕਲਪ ਕਰਨ ਲਈ ਰਾਲਸਨ ਇੰਡੀਆ ਲਿਮਟਿਡ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਨੇ ਆਪਣੀ ਵਪਾਰਕ ਸਮਾਜਿਕ ਜਿੰਮੇਵਾਰੀ ਗਤੀਵਿਧੀ ਅਧੀਨ ਇਸ ਸਕੂਲ ਦੀ ਇਮਾਰਤ ਨੂੰ ਨਵੇਂ ਸਿਰੇ ਤੋਂ ਉਸਾਰ ਦਿੱਤਾ ਹੈ ਅਤੇ ਇਸ ਸਕੂਲ ਲਈ ਲੋੜੀਂਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਹਨ। ਜਿਸ ‘ਤੇ ਕਰੀਬ 80 ਲੱਖ ਰੁਪਏ ਦਾ ਖਰਚ ਆਇਆ ਹੈ। ਇਸ ਮੌਕੇ ਰੱਖੇ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਿੱਥੇ ਰਾਲਸਨ ਇੰਡੀਆ ਕੰਪਨੀ ਦਾ ਧੰਨਵਾਦ ਕੀਤਾ ਉਥੇ ਪ੍ਰਸਿੱਧ ਵਪਾਰਕ ਸੰਸਥਾ ਕੰਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ.) ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਹਰ ਤਰਾਂ ਦੇ ਸੁਧਾਰ ਲਿਆਉਣ ਲਈ ਆਪਣਾ ਭਰਪੂਰ ਸਹਿਯੋਗ ਦੇਣ। ਇਥੇ ਇਹ ਵੀ ਦੱਸਣਯੋਗ ਹੈ ਕਿ ਰਾਲਸਨ ਕੰਪਨੀ ਨੇ ਸੀ.ਆਈ.ਆਈ. ਦੀ ਸੁਚੱਜੀ ਅਗਵਾਈ ਹੇਠ ਹੀ ਇਸ ਸਮਾਜਿਕ ਕਾਰਜ ਨੂੰ ਨੇਪਰੇ ਚਾੜਿਆ ਹੈ। ਉਨਾਂ ਕਿਹਾ ਕਿ ਹਾਲੇ ਵੀ ਜ਼ਿਲਾ ਲੁਧਿਆਣਾ ਦੇ ਕਈ ਸਕੂਲਾਂ ਵਿੱਚ ਕੁਝ ਕਮੀਆਂ ਪੇਸ਼ੀਆਂ ਹਨ, ਜਿਨਾਂ ਨੂੰ ਵਪਾਰਿਕ ਘਰਾਣਿਆਂ ਦੀਆਂ ਵਪਾਰਕ ਸਮਾਜਿਕ ਜਿੰਮੇਵਾਰੀ ਗਤੀਵਿਧੀਆਂ ਅਧੀਨ ਸੌਂਖਿਆਂ ਹੀ ਪੂਰਾ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨਾਂ ਬੱਚਿਆਂ ਨਾਲ ਮੁਖ਼ਾਤਿਬ ਹੁੰਦਿਆਂ ਬੱਚਿਆਂ ਨੂੰ ਸੁਨਹਿਰੇ ਭਵਿੱਖ ਸੰਬੰਧੀ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨਾਂ ਤੋਂ ਹੋਰ ਲੋੜਾਂ ਸੰਬੰਧੀ ਜਾਣਕਾਰੀ ਲਈ। ਉਨਾਂ ਬੱਚਿਆਂ ਤੋਂ ਉਨਾਂ ਦੀ ਪੜਾਈ ਬਾਰੇ ਪੁੱਛਿਆ ਅਤੇ ਉਨਾਂ ਨੂੰ ਜਾਣਕਾਰੀ ਭਰਪੂਰ ਗੱਲਾਂ ਦੱਸੀਆਂ। ਇਸ ਮੌਕੇ ਉਨਾਂ ਸਕੂਲ ਦੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਹੁਣ ਸਕੂਲ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ‘ਤੇ ਅਗਲੀ ਜਿੰਮੇਵਾਰੀ ਉਨਾਂ ਦੀ ਬਣ ਗਈ ਹੈ ਕਿ ਉਨਾਂ ਨੇ ਕਿਵੇਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜਾ ਕੇ ਸਮੇਂ ਦੇ ਹਾਣੀ ਬਣਾਉਣਾ ਹੈ। ਇਸ ਮੌਕੇ ਉਨਾਂ ਸਕੂਲ ਪ੍ਰਬੰਧਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਕੂਲ ਦੀ ਸਫਾਈ ਅਤੇ ਇਸ ਨੂੰ ਹਰਾ ਭਰਾ ਬਣਾਉਣ ਲਈ ਯਤਨ ਕਰਨ। ਸ੍ਰੀ ਭਗਤ ਨੇ ਉਮੀਦ ਜਤਾਈ ਕਿ ਜੇਕਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਧੀਆ ਸਕੂਲ, ਬੁਨਿਆਦੀ ਢਾਂਚਾ ਅਤੇ ਲਗਨ ਵਾਲੇ ਅਧਿਆਪਕ ਮਿਲ ਜਾਣ ਤਾਂ ਉਨਾਂ ਨੂੰ ਕਾਨਵੈਂਟ ਵਰਗੇ ਸਕੂਲ ਦੇ ਬੱਚਿਆਂ ਦਾ ਮੁਕਾਬਲਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਹੈ। ਇਸ ਸਮਾਗਮ ਨੂੰ ਜ਼ਿਲਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ੍ਰ. ਗੁਰਜੋਤ ਸਿੰਘ, ਰਾਲਸਨ ਕੰਪਨੀ ਦੇ ਪ੍ਰਮੁੱਖ ਸ੍ਰੀ ਸੰਜੀਵ ਪਾਹਵਾ, ਸ੍ਰੀ ਸੰਦੀਪ ਜੈਨ, ਸ੍ਰੀ ਨੀਰਜ ਸਤੀਜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼੍ਰੀਮਤੀ ਭੁਪਿੰਦਰਪਾਲ ਕੌਰ, ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਹਾਜ਼ਰ ਸਨ। ਸਨਅਤੀ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਜ਼ਿਲੇ ਦੇ ਹੋਰ ਸਕੂਲਾਂ ਨੂੰ ਵੀ ਅਪਨਾਉਣਗੇ ਅਤੇ ਉਥੋਂ ਦੀਆਂ ਲੋੜਾਂ ਪੂਰੀਆਂ ਯਕੀਨੀ ਬਣਾਉਣਗੇ।

Share Button

Leave a Reply

Your email address will not be published. Required fields are marked *

%d bloggers like this: