ਸੁਵਿਧਾ ਕਰਮਚਾਰੀ ਵੱਲੋਂ ਨੋਟਿਸ ਦਾ ਦਿੱਤਾ ਗਿਆ ਜਵਾਬ ਬਣਿਆ ਚਰਚਾ ਦਾ ਵਿਸ਼ਾ

ਸੁਵਿਧਾ ਕਰਮਚਾਰੀ ਵੱਲੋਂ ਨੋਟਿਸ ਦਾ ਦਿੱਤਾ ਗਿਆ ਜਵਾਬ ਬਣਿਆ ਚਰਚਾ ਦਾ ਵਿਸ਼ਾ
ਮਰਨ ਵਰਤ ਦੀ ਦਿੱਤੀ ਚਿਤਾਵਨੀ

photoਸਾਦਿਕ, 10 ਸਤੰਬਰ (ਗੁਲਜ਼ਾਰ ਮਦੀਨਾ)-ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ‘ਤੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਕ ਵਿੱਚ ਪਿਛਲੇ ਕਰੀਬ 1 ਮਹੀਨੇ ਤੋਂ ਹੜਤਾਲ ‘ਤੇ ਬੈਠੇ ਕਰਮਚਾਰੀਆਂ ‘ਤੇ ਸਰਕਾਰ ਵੱਲੋਂ ਦਿਨ-ਬ-ਦਿਨ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸੇਵਾ ਕੇਂਦਰ ਬੀ.ਐਲ.ਐਸ. ਪ੍ਰਾਈਵੇਟ ਲਿਮਿਟਿਡ ਨਾਂਅ ਦੀ ਨਿੱਜੀ ਕੰਪਨੀ ਦੇ ਹੱਥਾਂ ਵਿੱਚ ਸੌਂਪੇ ਗਏ ਹਨ ਅਤੇ ਸਰਕਾਰ ਵੱਲੋਂ ਸੁਵਿਧਾ ਕਰਮਚਾਰੀਆਂ ਨੂੰ ਕੰਪਨੀ ਵਿੱਚ ਕੰਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਸੁਵਿਧਾ ਕਾਮਿਆਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਹੜਤਾਲ ਕੀਤੀ ਗਈ ਅਤੇ ਪਿਛਲੇ ਦਿਨੀਂ ਸਰਕਾਰ ਨੇ ਆਪਣਾ ਤੁਗਲਕੀ ਫ਼ੁਰਮਾਨ ਜਾਰੀ ਕਰਦਿਆਂ ਸੁਵਿਧਾ ਕਾਮਿਆਂ ਨੂੰ ਉਨਾਂ ਦੀਆਂ ਸੇਵਾਵਾਂ ਖਤਮ ਕਰਨ ਸੰਬੰਧੀ ਨੋਟਿਸ ਜਾਰੀ ਕਰ ਦਿੱਤੇ ਗਏ ਅਤੇ 2 ਦਿਨ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਿਹਾ ਗਿਆ। ਜ਼ਿਲਾ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕਰਮਚਾਰੀਆਂ ਨੇ ਆਪਣਾ-ਆਪਣਾ ਜਵਾਬ ਪੇਸ਼ ਕੀਤਾ ਅਤੇ ਜ਼ਿਲਾ ਫ਼ਰੀਦੋਕਟ ਦੇ ਕਰਮਚਾਰੀ ਰਵਿੰਦਰ ਸਿੰਘ ਪੁੱਤਰ ਸ: ਬਲਦੇਵ ਸਿੰਘ ਵਾਸੀ ਪਿੰਡ ਸੰਗਰਾਹੂਰ ਨੇ ਵੀ ਆਪਣਾ ਜਵਾਬ ਪੇਸ਼ ਕੀਤਾ ਅਤੇ ਜਵਾਬ ਦੇਣ ਦੇ ਨਾਲ-ਨਾਲ ਸਰਕਾਰ ਤੋਂ ਵੀ ਕੁਝ ਸਵਾਲਾਂ ਦੇ ਜਵਾਬ ਮੰਗੇ ਜੋ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਜਥੇਬੰਦੀਆਂ ਅਤੇ ਆਮ ਪਬਲਿਕ ਨੇ ਕਾਫ਼ੀ ਪਸੰਦ ਕੀਤੇ ਅਤੇ ਸਰਕਾਰ ਨੂੰ ਲਾਹਨਤਾਂ ਵੀ ਪਾਈਆਂ। ਉਸ ਕਰਮਚਾਰੀ ਵੱਲੋਂ ਆਪਣੇ ਜਵਾਬ ਵਾਲੇ ਪੱਤਰ ਵਿੱਚ ਆਪਣੇ ਪਰਿਵਾਰ ਦੇ ਘਰੇਲੂ ਖਰਚਿਆਂ ਦੇ ਨਾਲ ਰੋਜ਼-ਮਰਾ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਖ਼ਰਚਿਆਂ ਦਾ ਹਵਾਲਾ ਦੇ ਕੇ ਸਪੱਸ਼ਟ ਕੀਤਾ ਗਿਆ ਕਿ ਉਸਦੇ ਪਰਿਵਾਰ ਦਾ ਖ਼ਰਚਾ ਸਿਰਫ਼ ਉਸ ਕੋਲੋਂ ਹੀ ਚਲਦਾ ਸੀ। ਕਰਮਚਾਰੀ ਨੇ ਲਿਖਿਆ ਕਿ ਮੈਂ ਵੀ ਸਰਕਾਰ ਪਾਸੋਂ ਜਵਾਬ ਚਾਹੁੰਦਾ ਹਾਂ ਕਿ ਉਸਨੂੰ ਬੇਰੁਜ਼ਗਾਰ ਕਰਕੇ ਸਰਕਾਰ ਇਹ ਰੁਜ਼ਗਾਰ ਕਿਸਨੂੰ ਦੇਣਾ ਚਾਹੁੰਦੀ ਹੈ ਅਤੇ ਉਸਦੇ ਪਰਿਵਾਰ ਦੇ ਪਾਲਣ-ਪੋਸਣ ਦੀ ਜ਼ਿੰਮੇਵਾਰੀ ਸਰਕਾਰ ਦਾ ਕਿਹੜਾ ਨੁਮਾਇੰਦਾ ਜਾਂ ਅਧਿਕਾਰੀ ਲੈ ਰਿਹਾ ਹੈ। ਇਸ ਸੰਬੰਧੀ ਜਦ ਰਵਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਸਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਈ ਲੱਖ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ 12 ਸਾਲਾਂ ਤੋਂ ਕੰਮ ਕਰ ਰਹੇ ਸੁਵਿਧਾ ਕਰਮਚਾਰੀਆਂ ਪਾਸੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਕਰਮਚਾਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਸਰਕਾਰ ਸੁਵਿਧਾ ਕਾਮਿਆਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਉਹ ਆਪਣੇ ਤੌਰ ‘ਤੇ ਮਰਨ ਵਰਤ ਸ਼ੁਰੂ ਕਰੇਗਾ ਅਤੇ ਉਸਦੀ ਜਾਨ ਅਤੇ ਮਾਲ ਦੇ ਨੁਕਸਾਨ ਦੀ ਪੂਰਨ ਤੌਰ ‘ਤੇ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

Share Button

Leave a Reply

Your email address will not be published. Required fields are marked *

%d bloggers like this: