ਮਿਤੀ 10-10-2016 ਭੋਗ ਤੇ ਵਿਸ਼ੇਸ਼: ਅਖਾੜਾ ਗਾਇਕੀ ਦੇ ਸ਼ਾਹ ਸਵਾਰ ਸਨ ਸ੍ਰੀ ਫ਼ਕੀਰ ਚੰਦ ਪਤੰਗਾ

ਮਿਤੀ 10-10-2016 ਭੋਗ ਤੇ ਵਿਸ਼ੇਸ਼: ਅਖਾੜਾ ਗਾਇਕੀ ਦੇ ਸ਼ਾਹ ਸਵਾਰ ਸਨ  ਸ੍ਰੀ ਫ਼ਕੀਰ ਚੰਦ ਪਤੰਗਾ

captureਸ੍ਰੀ ਫ਼ਕੀਰ ਚੰਦ ਪਤੰਗਾ ਦਾ ਜਨਮ 6 ਜੂਨ 1954 ਨੂੰ ਚਹੈੜੂ, ਜਿਲ੍ਹਾ ਜਲੰਧਰ ਵਿਖੇ ਪਿਤਾ ਸ੍ਰੀ ਸੋਨੀ ਰਾਮ ਮਾਤਾ ਸ੍ਰੀ ਮਤੀ ਗੁਰਦੇਵ ਕੌਰ ਦੇ ਘਰ ਬਾਜ਼ੀਗਰ ਕਬੀਲੇ ਦੇ ਇਕ ਮਿਹਨਤਕਸ਼ ਪਰਿਵਾਰ ਵਿਚ ਹੋਇਆ। ਕੁਝ ਸਮੇਂ ਬਾਅਦ ਉਨ੍ਹਾਂ ਦਾ ਪਰਿਵਾਰ ਜਿਲ੍ਹਾ ਪਟਿਆਲਾ ਦੀ ਨਾਭਾ ਤਹਿਸੀਲ ਦੇ ਪਿੰਡ ਚਹਿਲ ਆਣ ਵੱਸਿਆ। ਉਹ ਆਪਣੀ ਬਾਲ ਅਵਸਥਾ ਵਿਚ ਜਟਾਧਾਰੀ ਸਾਧੂ ਸਨ ਇਸ ਕਰਕੇ ਪਰਿਵਾਰ ਅਤੇ ਲੋਕਾਂ ਵੱਲੋਂ ਉਹਨਾਂ ਨੂੰ ‘ਫ਼ਕੀਰ’ ਆਖਕੇ ਸੱਦਿਆ ਜਾਣ ਲੱਗ ਪਿਆ ਪਰ ਉਨ੍ਹਾਂ ਨੂੰ ਸ਼ਾਇਦ ਫ਼ਕੀਰ ਦਾ ਇਹ ਰੁਤਬਾ ਮਨਜ਼ੂਰ ਨਹੀਂ ਸੀ। ਉਹ ਆਪਣੇ ਹੱਥੀਂ ਮਿਹਨਤ ਕਰਕੇ ਘਰ ਪਰਿਵਾਰ ਅਤੇ ਸਮਾਜ ਵਿਚ ਸਥਾਪਿਤ ਹੋਣਾ ਚਾਹੁੰਦੇ ਸਨ। ਗਰੀਬ ਪਰਿਵਾਰ ਵਿਚ ਜਨਮੇ ਹੋਣ ਕਰਕੇ ਉਹ ਕੇਵਲ ਪ੍ਰਾਇਮਰੀ ਪੱਧਰ ਤੱਕ ਹੀ ਸਿੱਖਿਆ ਹਾਸਲ ਕਰ ਸਕੇ। ਪੜ੍ਹਾਈ ਛੱਡਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਾਤਾ ਪਿਤਾ ਨਾਲ ਮਿਹਨਤ ਮਜ਼ਦੂਰੀ ਵਿਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਮਜ੍ਹਾਰਾਂ ਤੇ ਸੂਫ਼ੀ ਗੀਤ-ਸੰਗੀਤ ਅਤੇ ਕਵਾਲੀ ਸੁਣਦਿਆਂ ਉਨ੍ਹਾਂ ਦਾ ਝੁਕਾਅ ਰੁਹਾਨੀ ਗਾਇਕੀ ਵੱਲ ਹੋ ਗਿਆ। ਉਨ੍ਹਾਂ ਨੇ ਲੁਧਿਆਣਾ ਦੇ ਉੱਘੇ ਲੋਕ-ਗਾਇਕ ਉਸਤਾਦ ਸੰਤ ਰਾਮ ਖੀਵਾ ਨੂੰ ਆਪਣਾ ਉਸਤਾਦ ਧਾਰਿਆ ਅਤੇ ਲੋਕ-ਗਾਇਕੀ ਦੇ ਖੇਤਰ ਵਿਚ ਸਰਗਰਮ ਹੋ ਗਏ। ਇਹ ਉਹ ਦੌਰ ਹੈ ਜਦੋਂ ਪੰਜਾਬੀ ਦੋਗਾਣਾ ਗਾਇਕੀ ਵਿਚ ਅਸ਼ਲੀਲਤਾ ਅਤੇ ਵਪਾਰਿਕ ਰੁਚੀਆਂ ਭਾਰੂ ਹੋਣ ਲੱਗਦੀਆਂ ਹਨ। ਇਨ੍ਹਾਂ ਸਮਿਆਂ ਵਿਚ ਸ੍ਰੀ ਫ਼ਕੀਰ ਚੰਦ ਪਤੰਗਾ ਨੇ ਸਾਫ਼-ਸੁਥਰੇ ਸਮਾਜਿਕ-ਸੱਭਿਆਚਾਰਕ ਗੀਤਾਂ ਰਾਹੀਂ ਲੋਕਾਂ ਵਿਚ ਆਪਣੀ ਥਾਂ ਬਣਾਈ। ਆਪਣੀ ਹਰਮਨ ਪਿਆਰੀ ਸਖ਼ਸ਼ੀਅਤ ਅਤੇ ਬੁਲੰਦ ਆਵਾਜ਼ ਸਦਕਾ ਉਹ ਜਲਦੀ ਹੀ ਲੋਕਾਂ ਵਿਚ ਮਕਬੂਲ ਹੋ ਗਏ। ਉਹ ਸਟੇਜ ਦੇ ਧਨੀ ਕਲਾਕਾਰ ਸਨ। ਉਨ੍ਹਾਂ ਨੇ ਪੇਸ਼ੇਵਰ ਰਿਕਾਰਡਿੰਗ ਕੰਪਨੀਆਂ ਅਤੇ ਕੈਸੇਟ ਕਲਚਰ ਤੋਂ ਹੱਟ ਕੇ ਆਪਣੀ ਗਾਇਕੀ ਨੂੰ ਸਿੱਧਾ ਸਧਾਰਨ ਲੋਕਾਂ ਨਾਲ ਜੋੜਿਆ ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਲੋਕ-ਅਖਾੜਿਆਂ ਰਾਹੀਂ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਉਨ੍ਹਾਂ ਨੇ ਲਗਭਗ ਤਿੰਨ ਦਹਾਕਿਆਂ ਤੱਕ ਪੰਜਾਬ ਦੀ ਪ੍ਰਸਿੱਧ ਗਾਇਕਾ ‘ਸੁਚੇਤ ਬਾਲਾ’ ਅਤੇ ‘ਸਨੀਤਾ ਭੱਟੀ’ ਨਾਲ ਗਾ ਕੇ ਸਮਕਾਲੀ ਦੋਗਾਣਾ ਗਾਇਕੀ ਵਿਚ ਆਪਣਾ ਜ਼ਿਕਰਯੋਗ ਸਥਾਨ ਬਣਾਇਆ। ਉਨ੍ਹਾਂ ਦੇ ਗਾਏ ਹੋਏ ਬੇਹੱਦ ਮਕਬੂਲ ਗੀਤਾਂ ਵਿਚ ‘ਆਹ ਚੱਕ ਛੱਲਾ’, ‘ਮੈਂ ਪੁੱਤ ਤਾਂ ਜੱਟ ਦਾ ਸੀ’, ਅਤੇ ‘ਲੋੜ ਨਹੀਂ ਯਰਾਨੇ ਲਾਉਣ ਦੀ’ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਵਿਚ ਪਲੇਅ ਬੈਕ ਸਿੰਗਰ ਵੱਜੋਂ ਵੀ ਆਪਣੀ ਆਵਾਜ਼ ਦਿੱਤੀ ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਆਪਣੀ ਸੁਰੀਲੀ ਅਤੇ ਸੰਜ਼ੀਦਾ ਗਾਇਕੀ ਰਾਹੀਂ ਭਰਭੂਰ ਨਾਮਣਾ ਖੱਟਿਆ। ਉਹ ਆਪਣੀ ਨਿੱਘੀ ਸਖ਼ਸ਼ੀਅਤ ਅਤੇ ਮਿਲਣਸਾਰ ਸੁਭਾਅ ਕਰਕੇ ਇਲਾਕੇ ਦੇ ਲੋਕਾਂ ਵਿਚ ਜਾਣੇ ਜਾਂਦੇ ਸਨ। ਗਾਇਕੀ ਦੇ ਨਾਲ-ਨਾਲ ਉਨ੍ਹਾਂ ਵਿਚ ਲੋਕ ਸੇਵਾ ਦਾ ਜ਼ਜਬਾ ਬਹੁਤ ਭਾਰੂ ਸੀ। ਉਨ੍ਹਾਂ ਨੇ ਜਿਨ੍ਹਾਂ ਚਿਰ ਵੀ ਗਾਇਆ ਪੰਜਾਬੀ ਗਾਇਕੀ ਦੀ ਰੂਹ ਅਤੇ ਆਸਥਾ ਨੂੰ ਕਾਇਮ ਰੱਖਿਆ। ਪਿਛਲੇ ਕੁਝ ਸਮੇਂ ਤੋਂ ਉਹ ਦਿਲ ਦੀ ਬਿਮਾਰੀ ਕਾਰਨ ਬਿਮਾਰ ਚਲ ਰਹੇ ਸਨ। ਮਿਤੀ 27 ਸਤੰਬਰ 2016 ਨੂੰ ਉਹ ਅਚਨਚੇਤ ਆਪਣੇ ਪਰਿਵਾਰ, ਸੱਜਣਾਂ-ਮਿੱਤਰਾਂ ਅਤੇ ਸਰੋਤਿਆਂ ਨੂੰ ਸਦਾ-ਸਦਾ ਲਈ ਅਲਵਿਦਾ ਆਖ ਗਏ। ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸਰਧਾਂਜ਼ਲੀ ਸਮਾਗਮ ਪਿੰਡ ਚਹਿਲ ਦੇ ਗੁਰੂਦੁਆਰਾ ਰੋੜੀ ਸਾਹਿਬ ਵਿਖੇ ਮਿਤੀ 10 ਅਕਤੂਬਰ 2016 ਨੂੰ ਰੱਖਿਆ ਗਿਆ ਹੈ। ਪੰਜਾਬੀ ਲੋਕ-ਗਾਇਕੀ ਵਿਚ ਪਾਏ ਨਿੱਗਰ ਯੋਗਦਾਨ ਸਦਕਾ ਉਨ੍ਹਾਂ ਨੂੰ ਪੰਜਾਬੀ ਗੀਤ-ਸੰਗੀਤ ਦੇ ਖੇਤਰ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਡਾ. ਮੋਹਨ ਤਿਆਗੀ
9872135434
ਪੰਜਾਬੀ ਸਾਹਿਤ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

Share Button

Leave a Reply

Your email address will not be published. Required fields are marked *

%d bloggers like this: