ਚੀਨੀ ਕੰਪਨੀ ਵਲੋਂ ਪੰਜਾਬ ਚ 50 ਮਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ : ਸੁਖਬੀਰ

ਚੀਨੀ ਕੰਪਨੀ ਵਲੋਂ ਪੰਜਾਬ ਚ 50 ਮਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ : ਸੁਖਬੀਰ

5fcda4ac-471a-4e84-b556-2e8cd0924918

ਸ਼ੰਘਾਈ, 11 ਮਈ (ਬਿਉਰੋ) : ਚੀਨ ਦੇ ਨਿਵੇਸ਼ਕਾਰਾਂ ਵੱਲੋਂ ਅੱਜ ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਸੂਬੇ ਵਿਚ ਸਿਰਜੇ ਨਿਵੇਸ਼ ਪੱਖੀ ਮਾਹੌਲ ਦੀ ਸ਼ਲਾਘਾ ਕੀਤੀ ਗਈ। ਚੀਨ ਦੇ ਨਿਵੇਸ਼ਕਾਰਾਂ ਵੱਲੋਂ ਪੰਜਾਬ ਵਿਚ 50 ਮਿਲੀਅਨ ਡਾਲਰ ਦੇ ਨਿਵੇਸ਼ ਦਾ ਜਿੱਥੇ ਵਾਅਦਾ ਕੀਤਾ ਗਿਆ ਉੱਥੇ ਹੀ ਕਈ ਸੌ ਮਿਲੀਅਨ ਡਾਲਰ ਦੇ ਸੰਭਾਵੀ ਨਿਵੇਸ਼ ਦੀ ਵੀ ਤਜਵੀਜ਼ ਰੱਖੀ ਗਈ।
ਇੱਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟ੍ਰੀਜ਼ ਦੀ ਭਾਈਵਾਲੀ ਨਾਲ ਹੋਏ ਇਕ ਨਿਵੇਸ਼ਕ ਸੰਮੇਲਨ ਵਿਚ 114 ਚੀਨੀ ਨਿਵੇਸ਼ਕਾਰਾਂ ਨੇ ਹਿੱਸਾ ਲਿਆ ਅਤੇ ਇਸੇ ਦੌਰਾਨ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼ੰਘਾਈ ਵਿਚ ਪੰਜਾਬ ਇਨਵੈਸਟ ਦਾ ਇਕ ਦਫਤਰ ਖੋਲ੍ਹ ਜਾਣ ਬਾਬਤ ਐਲਾਨ ਵੀ ਕੀਤਾ। ਇਸ ਦਫਤਰ ਵੱਲੋਂ ਚੀਨ, ਤਾਇਵਾਨ, ਹਾਂਗਕਾਂਗ ਅਤੇ ਦੱਖਣੀ ਕੋਰੀਆ ਤੋਂ ਸੰਭਾਵੀ ਨਿਵੇਸ਼ ਉੱਪਰ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਇਸ ਨਿਵੇਸ਼ਕ ਸੰਮੇਲਨ ਮੌਕੇ ਪੰਜਾਬ ਅਤੇ ਚੇਂਗਦੂ ਚੋਂਗਜ਼ੂ ਇਨਵੈਸਟਮੈਂਟ ਪ੍ਰਮੋਸ਼ਨ ਸੈਂਟਰ, ਜਿਸ ਦੀ ਪ੍ਰਤੀਨਿਧਤਾ ਇਸ ਦੇ ਪਾਰਟੀ ਸਕੱਤਰ ਜ਼ੂ ਜਿਆਨ ਨੇ ਕੀਤੀ, ਦਰਮਿਆਨ ਸਹਿਯੋਗ ਸਬੰਧੀ ਇਕ ਇਕਰਾਰਨਾਮੇ ਉੱਤੇ ਸਹੀ ਪਾਈ ਗਈ। ਜ਼ੂ ਜਿਆਨ ਨੇ ਇਸ ਦੌਰਾਨ ਕਿਹਾ ਕਿ ਉਹ ਪੰਜਾਬ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਅਕਤੂਬਰ ਮਹੀਨੇ ਦੌਰਾਨ ਇਕ ਵਪਾਰਕ ਵਫਦ ਨਾਲ ਪੰਜਾਬ ਆਉਣਗੇ। ਸ. ਬਾਦਲ ਨੇ ਇਸ ਮੌਕੇ ਤਜਵੀਜ਼ ਰੱਖੀ ਕਿ ਚੇਂਗਦੂ ਅਤੇ ਚੀਨ ਦੇ ਹੋਰਨਾਂ ਨਿਵੇਸ਼ਕਾਂ ਵੱਲੋਂ ਪੰਜਾਬ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਇਸ ਸਬੰਧੀ ਉਨ੍ਹਾਂ ਦੀ ਮਦਦ ਕਰਨ ਹਿੱਤ ਅਕਤੂਬਰ-ਨਵੰਬਰ ਮਹੀਨੇ ਦੌਰਾਨ ਪੰਜਾਬ-ਚੀਨ ਸੰਮੇਲਨ ਕਰਵਾਇਆ ਜਾਵੇ। ਇਸ ਤਜਵੀਜ਼ ਦਾ ਖੁੱਲ੍ਹ ਦਿਲ ਨਾਲ ਸਵਾਗਤ ਕਰਦੇ ਹੋਏ ਚੀਨੀ ਨਿਵੇਸ਼ਕਾਰਾਂ ਨਾਲ ਆਸ ਪ੍ਰਗਟਾਈ ਕਿ ਇਸ ਸੰਭਾਵੀ ਸੰਮੇਲਨ ਦੌਰਾਨ ਹੋਣ ਵਾਲੀ ਵਪਾਰਕ ਗੱਲਬਾਤ ਨਾਲ ਪੰਜਾਬ ਵਿਚ ਤੇਜ਼ੀ ਨਾਲ ਨਿਵੇਸ਼ ਦੀ ਪ੍ਰਕਿਰਿਆ ਨੂੰ ਉਤਸ਼ਾਹ ਮਿਲੇਗਾ।
ਇਸੇ ਦੌਰਾਨ ਪੰਜਾਬ ਵਿਚ ਵੱਧ ਤੋਂ ਵੱਧ ਨਿਵੇਸ਼ ਲਿਆਉਣ ਦੀਆਂ ਸ. ਸੁਖਬੀਰ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਲੀਓ ਲੀ ਦੀ ਅਗਵਾਈ ਵਾਲੀ ਯੀਵੂ ਓਮ ਸਾਲ ਕੰਪਨੀ ਨੇ ਉੱਚ ਪਾਏ ਦੇ ਸਿੰਥੈਟਿਕ ਕੰਬਲਾਂ ਦੇ ਉਤਪਾਦਨ ਸਬੰਧੀ 50 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ। ਕੰਪਨੀ ਨੇ ਗੋਇੰਦਵਾਲ ਸਾਹਿਬ ਵਿਖੇ ਇਸ ਮਕਸਦ ਲਈ 33 ਏਕੜ ਜ਼ਮੀਨ ਲੈਣ ਦਾ ਫੈਸਲਾ ਕੀਤਾ ਹੈ ਅਤੇ ਇਸ ਨਾਲ 2000 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਸਬੰਧੀ ਜ਼ਮੀਨ ਦੇਣ ਦੀ ਪ੍ਰਕਿਰਿਆ 2 ਮਹੀਨੇ ਦੇ ਅੰਦਰ ਪੂਰੀ ਕਰ ਲਈ ਜਾਵੇਗੀ।
ਉੱਪ ਮੁੱਖ ਮੰਤਰੀ ਨਾਲ ਇਸ ਮੌਕੇ ਜ਼ੋਂਗੋਆਈ ਮਰਚੈਂਟਸ ਇਨਵੈਸਟਮੈਂਟ ਸਮੂਹ ਦੇ ਅਧਿਕਾਰੀ ਕੈਵਿਨ ਨੇ ਵੀ ਮੁਲਾਕਾਤ ਕੀਤੀ। ਇਹ ਕੰਪਨੀ ਚੀਨ ਵਿਚ ਪੀਵੀਸੀ ਸਬੰਧੀ ਚੋਟੀ ਦੀ ਕੰਪਨੀ ਹੈ। ਇਸ ਦੇ ਪ੍ਰਤੀਨਿਧੀਆ ਨੇ ਪੰਜਾਬ ਵਿਚ ਖੇਤੀਬਾੜੀ, ਸਿੰਚਾਈ ਅਤੇ ਜਲ ਸਪਲਾਈ ਦੇ ਖੇਤਰਾਂ ਵਿਚ ਨਿਵੇਸ਼ ਕਰਨ ਦੀ ਇੱਛਾ ਜ਼ਾਹਿਰ ਕੀਤੀ। ਇਕ ਹੋਰ ਵੱਡੀ ਕੰਪਨੀ ਐਨਹੋਈ ਤਿਆਨਕਾਂਗ ਸਪੈਸ਼ਲ ਵਹੀਕਲ ਐਕਿਊਪਮੈਂਟ ਗਰੁੱਪ, ਜੋ ਕਿ ਐਲਈਡੀ, ਬਿਜਲੀ ਨਾਲ ਚੱਲਣ ਵਾਲੀਆਂ ਬਾਈਕਸ ਅਤੇ ਈ-ਸਾਈਕਲ ਦਾ ਉਤਪਾਦਨ ਕਰਦੀ ਹੈ, ਦੇ ਐਮਡੀ ਕੂ ਵੂਈ ਨੇ ਵੀ ਪੰਜਾਬ ਵਿਚ ਵਪਾਰਕ ਉੱਦਮ ਸਥਾਪਿਤ ਕਰਨ ਦੀ ਇੱਛਾ ਪ੍ਰਗਟਾਈ ਜਿਸ ਸਬੰਧੀ ਉੱਪ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਹ ਕੰਪਨੀ ਲੁਧਿਆਣਾ ਵਿਖੇ ਸਥਾਪਿਤ ਹੋਣ ਵਾਲੀ ਈ-ਸਾਈਕਲ ਵੈਲੀ ਦਾ ਹਿੱਸਾ ਬਣ ਸਕਦੀ ਹੈ।
ਇਕ ਹੋਰ ਪੁਲਾਂਘ ਪੁੱਟਦੇ ਹੋਏ ਪੰਜਾਬ ਨੂੰ ਇਕ ਹੋਰ ਪ੍ਰਸਤਾਵ ਮਿਲਿਆ ਜਿਸ ਅਨੁਸਾਰ ਅੰਨ ਦਾ ਭੰਡਾਰਨ ਕਰਨ ਲਈ ਪਲਾਸਟਿਕ ਦੇ ਸਾਇਲੋ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਵਿਚ ਆਧੁਨਿਕ ਤਰੀਕੇ ਨਾਲ ਅੰਨ ਸਾਂਭ ਕੇ ਰੱਖਿਆ ਜਾ ਸਕੇਗਾ। ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਇਸ ਪ੍ਰੋਜੈਕਟ ਦੇ ਸਾਰੇ ਪੱਖਾਂ ਉੱਤੇ ਵਿਚਾਰ ਕਰਨ ਲਈ ਅਤੇ ਇਸ ਨਵੀਂ ਤਕਨੀਕ ਨੂੰ ਪਰਖਣ ਲਈ ਇਕ ਪਾਇਲੈਟ ਪ੍ਰੋਜੈਕਟ ਸਥਾਪਿਤ ਕਰਨ ਹਿੱਤ ਤਿਆਰ ਹੈ।
ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ ਚੀਨੀ ਨਿਵੇਸ਼ਕਾਰਾਂ ਨੂੰ ਇਕ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਪੰਜਾਬ ਵਿਚਲੀਆਂ ਨਿਵੇਸ਼ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੂੰਜੀ ਨਿਵੇਸ਼ ਕਰਨ ਵਾਲੇ ਨਿਵੇਸ਼ਕਾਰਾਂ ਦੀ ਪਹੁੰਚ ਸਿਰਫ ਉੱਤਰੀ ਭਾਰਤ ਤੱਕ ਹੀ ਨਹੀਂ ਸਗੋਂ ਪਾਕਿਸਤਾਨ ਅਤੇ ਕੇਂਦਰੀ ਏਸ਼ੀਆਂ ਤੱਕ ਵੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਨਵੇਂ ਉਦਯੋਗ ਸਥਾਪਿਤ ਕਰਨ ਹਿੱਤ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਸਭ ਤੋਂ ਸਸਤੀ ਦਰ ਉੱਤੇ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੋ ਕੌਮਾਂਤਰੀ ਅੱਡਿਆਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਇਸ ਮੌਕੇ ਚੀਨੀ ਉਦਯੋਗਪਤੀਆਂ ਨੂੰ ਪੰਜਾਬ ਵਿਚ ਇਕਾਈਆਂ ਸਥਾਪਿਤ ਕਰਨ ਲਈ ਪੂਰਵ ਪ੍ਰਵਾਨਿਤ ਸਥਾਨ ਅਤੇ ਵਾਤਾਵਰਣ ਸਬੰਧੀ ਮਨਜ਼ੂਰੀਆਂ ਲਏ ਜਾਣ ਦੀ ਵੀ ਪੇਸ਼ਕਸ਼ ਕੀਤੀ।
ਇਸ ਮੌਕੇ ਇਨਵੈਸਟਮੈਂਟ ਪ੍ਰਮੋਸ਼ਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਨਿਵੇਸ਼ਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੈਂਡਰੀਨ ਭਾਸ਼ਾ ਵਿਚ ਗੱਲਬਾਤ ਸਬੰਧੀ ਵੈੱਬਸਾਈਟ ਵੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਰੀਆਂ ਮੰਜ਼ੂਰੀਆਂ 30 ਦਿਨਾਂ ਅੰਦਰ ਦਿੱਤੀਆਂ ਜਾ ਰਹੀਆਂ ਹਨ ਅਤੇ ਇਕ ਤਾਲਮੇਲ ਪ੍ਰਬੰਧਕ ਦੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸ੍ਰੀ ਐਸ.ਸੀ. ਰਲਣ ਨੇ ਇਸ ਮੌਕੇ ਕਿਹਾ ਕਿ ਵੱਧਦੀਆਂ ਕਿਰਤ ਲਾਗਤਾਂ ਕਾਰਣ ਚੀਨ ਵਿਚ ਮੁਨਾਫਾ ਦਰਾਂ ਵਿਚ ਬੇਹੱਦ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਖਾਸ ਕਰ ਪੰਜਾਬ ਚੀਨੀ ਨਿਵੇਸ਼ਕਾਰਾਂ ਲਈ ਇਕ ਚੰਗਾ ਬਦਲ ਹੈ ਕਿਉਂ ਜੋ ਇੱਥੇ ਸੂਬਾ ਸਰਕਾਰ ਵੱਲੋਂ ਕਰਾਂ ਵਿਚ ਛੋਟ ਤਾਂ ਦਿੱਤੀ ਹੀ ਜਾਂਦੀ ਹੈ ਪਰ ਇਸ ਦੇ ਨਾਲ ਹੀ ਇੱਥੇ ਹੁਨਰਮੰਦ ਕਾਮਿਆਂ ਦੀ ਵੀ ਭਰਵੀਂ ਉੱਪਲੱਬਧਤਾ ਹੈ।

Share Button

Leave a Reply

Your email address will not be published. Required fields are marked *

%d bloggers like this: