ਸਰਕਾਰੀ ਸਕੂਲਾਂ ਵਿੱਚ ਅੱਧੀ ਛੁੱਟੀ ਦਾ ਸਮਾਂ ਜਲਦੀ ਹੋ ਜਾਣ ਕਾਰਨ ਮਿੱਡ ਡੇਅ ਮੀਲ ਕਰਮਚਾਰੀ ਪ੍ਰੇਸ਼ਾਨ

ਸਰਕਾਰੀ ਸਕੂਲਾਂ ਵਿੱਚ ਅੱਧੀ ਛੁੱਟੀ ਦਾ ਸਮਾਂ ਜਲਦੀ ਹੋ ਜਾਣ ਕਾਰਨ ਮਿੱਡ ਡੇਅ ਮੀਲ ਕਰਮਚਾਰੀ ਪ੍ਰੇਸ਼ਾਨ

ਗਰਮੀਆਂ ਵਿੱਚ ਛੇ ਪੀਰੀਅਡਾਂ ਮਗਰੋਂ ਅੱਧੀ ਛੁੱਟੀ ਕਰਨ ਦੀ ਮੰਗ ਭਖੀ

ਬਨੂੜ, 11 ਮਈ (ਰਣਜੀਤ ਸਿੰਘ ਰਾਣਾ): ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਇਨੀਂ ਦਿਨੀ ਅੱਧੀ ਛੁੱਟੀ ਦਾ ਸਮਾਂ ਜਲਦੀ ਹੋ ਜਾਣ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਦਪਹਿਰ ਦਾ ਖਾਣਾ ਬਣਾਕੇ ਦੇਣ ਵਾਲੇ ਮਿੱਡ ਡੇਅ ਮੀਲ ਵਰਕਰ ਕਾਫ਼ੀ ਪ੍ਰੇਸ਼ਾਨ ਹਨ। ਸਕੂਲ ਅਧਿਆਪਕ ਵੀ ਇਨਾਂ ਵਰਕਰਾਂ ਦੀ ਦਲੀਲ ਨਾਲ ਸਹਿਮਤ ਹਨ ਤੇ ਗਰਮੀਆਂ ਦੇ ਮੌਸਮ ਦੌਰਾਨ ਸਰਕਾਰੀ ਸਕੂਲਾਂ ਵਿੱਚ ਪੰਜ ਪੀਰੀਅਡਾਂ ਦੀ ਥਾਂ ਛੇ ਪੀਰੀਅਡਾਂ ਮਗਰੋਂ ਅੱਧੀ ਛੁੱਟੀ ਕੀਤੇ ਜਾਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਨੀਂ ਦਿਨੀਂ ਸਵੇਰੇ ਅੱਠ ਵਜੇ ਸਰਕਾਰੀ ਸਕੂਲ ਖੁਲਦੇ ਹਨ। ਵੀਹ ਮਿੰਟ ਦੀ ਸੇਵਰ ਦੀ ਸਭਾ ਮਗਰੋਂ ਅੱਠ ਵਜੇ ਕੇ ਵੀਹ ਮਿੰਟ ਉੱਤੇ ਪਹਿਲਾ ਪੀਰੀਅਡ ਆਰੰਭ ਹੋ ਜਾਂਦਾ ਹੈ। ਸਮੁੱਚੇ ਪੀਰੀਅਡ ਪੈਂਤੀ-ਪੈਂਤੀ ਮਿੰਟ ਦੇ ਲੱਗਦੇ ਹਨ ਤੇ ਪੰਜ ਪੀਰੀਅਡਾਂ ਮਗਰੋਂ ਸਵਾ ਗਿਆਰਾਂ ਵਜੇ ਅੱਧੀ ਛੁੱਟੀ ਹੋ ਜਾਂਦੀ ਹੈ। ਵੱਖ ਵੱਖ ਸਕੂਲਾਂ ਮਿੱਡ ਡੇਅ ਮੀਲ ਵਰਕਰਾਂ ਨੇ ਦੱਸਿਆ ਕਿ ਸੈਂਕੜੇ ਵਿਦਿਆਰਥੀਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਨਾ ਹੁੰਦਾ ਹੈ ਤੇ ਸਵਾ ਗਿਆਰਾਂ ਵਜੇ ਤੋਂ ਪਹਿਲਾਂ ਉਨਾਂ ਨੂੰ ਇਹ ਸਾਰਾ ਕੁੱਝ ਤਿਆਰ ਕਰਨਾ ਪੈਂਦਾ ਹੈ। ਉਨਾਂ ਦਾ ਕਹਿਣਾ ਸੀ ਕਿ ਸਮਾਂ ਘੱਟ ਹੋਣ ਕਾਰਨ ਉਨਾਂ ਨੂੰ ਕਾਫ਼ੀ ਮੁਸ਼ਕਿਲ ਆ ਰਹੀ ਹੈ ਤੇ ਕਈਂ ਵਾਰ ਤਾਂ ਉਨਾਂ ਨੂੰ ਸਕੂਲ ਸਮੇਂ ਤੋਂ ਪਹਿਲਾਂ ਆ ਕੇ ਆਪਣੇ ਕੰਮ ਵਿੱਚ ਲੱਗਣਾ ਪੈਂਦਾ ਹੈ।
ਇਸੇ ਤਰਾਂ ਸਕੂਲਾਂ ਦੇ ਅਧਿਆਪਕ ਵੀ ਅੱਧੀ ਛੁੱਟੀ ਦਾ ਸਮਾਂ ਤਬਦੀਲ ਕੀਤੇ ਜਾਣ ਦਾ ਹੱਕ ਵਿਚ ਹਨ। ਉਨਾਂ ਦਾ ਕਹਿਣਾ ਹੈ ਕਿ ਬੱਚੇ ਸਵੇਰੇ ਅੱਠ ਵਜੇ ਘਰੋਂ ਖਾਣਾ ਖਾ ਕੇ ਹੀ ਆਉਂਦੇ ਹਨ ਤੇ ਸਵਾ ਗਿਆਰਾਂ ਵਜੇ ਤੱਕ ਬੱਚਿਆਂ ਦੇ ਦੁਪਹਿਰ ਦੇ ਖਾਣੇ ਦਾ ਸਮਾਂ ਨਹੀਂ ਹੁੰਦਾ। ਅਧਿਆਪਕਾਂ ਦੀ ਦਲੀਲ ਹੈ ਕਿ ਜੇਕਰ ਛੇ ਪੀਰੀਅਡਾਂ ਮਗਰੋਂ ਅੱਧੀ ਛੁੱਟੀ ਕੀਤੀ ਜਾਵੇ ਤਾਂ ਇਹ ਗਿਆਰਾਂ ਵਜਕੇ ਪੰਜਾਹ ਮਿੰਟ ਤੇ ਕੀਤੀ ਜਾ ਸਕਦੀ ਹੈ। ਅਧਿਆਪਕਾਂ ਅਨੁਸਾਰ ਬਾਰਾਂ ਵਜੇ ਦਾ ਸਮਾਂ ਦੁਪਹਿਰ ਦੀ ਰੋਟੀ ਲਈ ਬੱਚਿਆਂ ਵਾਸਤੇ ਸਭ ਤੋਂ ਢੁਕਵਾਂ ਸਮਾਂ ਮੰਨਿਆ ਜਾਂਦਾ ਹੈ। ਮਿੱਡ ਡੇਅ ਮੀਲ ਵਰਕਰਾਂ ਅਤੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੰਜ ਦੀ ਥਾਂ ਛੇ ਪੀਰੀਅਡਾਂ ਮਗਰੋਂ ਅੱਧੀ ਛੁੱਟੀ ਕੀਤੀ ਜਾਵੇ ਤੇ ਅੱਧੀ ਛੁੱਟੀ ਮਗਰੋਂ ਚਾਰ ਦੀ ਥਾਂ ਤਿੰਨ ਪੀਰੀਅਡਾਂ ਦੀ ਤਜਵੀਜ਼ ਬਣਾਈ ਜਾਵੇ। ਉਨਾਂ ਕਿਹਾ ਕਿ ਇਸ ਨਾਲ ਸਕੂਲੀ ਵਿਦਿਆਰਥੀਆਂ ਨੂੰ ਸਹੀ ਸਮੇਂ ਤੇ ਦੁਪਹਿਰ ਦਾ ਖਾਣਾ ਮਿਲ ਸਕੇਗਾ।

Share Button

Leave a Reply

Your email address will not be published. Required fields are marked *

%d bloggers like this: