ਪਿੰਡ ਬੰਗੀ ਰੁਲਦੂ ਮਿਸ਼ਨ ਗਰੀਨ ਪੰਜਾਬ ਤਹਿਤ ਸੂਬੇ ਭਰ ਵਿੱਚੋਂ ਆਇਆ ਅੱਵਲ

ਪਿੰਡ ਬੰਗੀ ਰੁਲਦੂ ਮਿਸ਼ਨ ਗਰੀਨ ਪੰਜਾਬ ਤਹਿਤ ਸੂਬੇ ਭਰ ਵਿੱਚੋਂ ਆਇਆ ਅੱਵਲ
ਸੂਬਾ ਪੱਧਰੀ ਸਮਾਗਮ ਦੌਰਾਨ ਪਿੰਡ ਦੀ ਪੰਚਾਇਤ ਨੂੰ ਜੰਗਲਾਤ ਮਹਿਕਮੇ ਨੇ ਦਿੱਤਾ ਇੱਕ ਲੱਖ ਰੁਪਏ ਦਾ ਇਨਾਮ

22-35
ਤਲਵੰਡੀ ਸਾਬੋ, 22 ਅਗਸਤ (ਗੁਰਜੰਟ ਸਿੰਘ ਨਥੇਹਾ)- ਆਪਣੀ ਸੁੰਦਰ ਅਤੇ ਹਰੀ ਭਰੀ ਦਿੱਖ ਕਰਕੇ ਕਈ ਵਾਰ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣ ਚੁੱਕੇ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਲਦੂ ਦੀ ਪੰਚਾਇਤ ਨੂੰ ਮਿਸ਼ਨ ਗਰੀਨ ਪੰਜਾਬ ਤਹਿਤ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਦਿੰਦਿਆਂ ਅੱਜ ਜਲੰਧਰ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਇੱਕ ਲੱਖ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਉਕਤ ਜਾਣਕਾਰੀ ਸਰਪੰਚ ਰਮਨਦੀਪ ਸਿੰਘ ਨੇ ਉਕਤ ਪੱਤਰਕਾਰ ਨੂੰ ਜਲੰਧਰ ਤੋਂ ਫੋਨ ਰਾਂਹੀ ਦਿੱਤੀ ਗਈ।
ਇੱਥੇ ਦੱਸਣਾ ਬਣਦਾ ਹੈ ਕਿ ਪਿੰਡ ਬੰਗੀ ਰੁਲਦੂ ਪਿੰਡ ਦੇ ਸਰਪੰਚ ਰਮਨਦੀਪ ਸਿੰਘ ਹੈਪੀ ਅਤੇ ਸਮੁੱਚੀ ਪੰਚਾਇਤ ਦੇ ਯਤਨਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਸਮੁੱਚੇ ਸਬ ਡਵੀਜਨ ਵਿੱਚੋਂ ਸਭ ਤੋਂ ਸੁੰਦਰ ਦਿੱਖ ਅਤੇ ਹਰਿਆਲੇ ਵਾਤਾਵਰਨ ਵਾਲੇ ਪਿੰਡਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।ਇਸ ਪਿੰਡ ਦੇ ਸਾਫ ਸੁਥਰੇ ਵਾਤਾਵਰਨ ਅਤੇ ਦਿੱਖ ਤੋਂ ਪ੍ਰਭਾਵਿਤ ਹੋ ਕੇ ਹੀ ਬੀਤੇ ਦਿਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੰਡ ਦੀ ਪੰਚਾਇਤ ਨੂੰ ਪੰਜ ਲੱਖ ਰੁਪਏ ਦੀ ਵਿਸ਼ੇਸ ਗ੍ਰਾਂਟ ਪ੍ਰਦਾਨ ਕੀਤੀ ਸੀ ਜਦੋਂਕਿ ਹੁਣ ਪਿੰਡ ਵਿੱਚ ਪੰਚਾਇਤ ਵੱਲੋਂ ਕਰੀਬ 4500 ਬੂਟਾ ਲਾ ਕੇ ਉਸਦੀ ਰੋਜਾਨਾ ਦੇਖਭਾਲ ਕੀਤੇ ਜਾਣ ਦੇ ਚਲਦਿਆਂ ਇਸ ਪਿੰਡ ਨੂੰ ਪੰਜਾਬ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸਮੁੱਚੇ ਪੰਜਾਬ ਵਿੱਚ ਹਰਿਆਲੀ ਨੂੰ ਪ੍ਰੋਤਸਾਹਿਤ ਕਰਨ ਵਾਲਾ ਪਹਿਲਾ ਪਿੰਡ ਐਲਾਨਦਿਆਂ ਸੂਬਾ ਪੱਧਰੀ ਸਮਾਗਮ ਵਿੱਚ ਵਣ ਮੰਤਰੀ ਸ੍ਰੀ ਚੁੰਨੀ ਲਾਲ ਭਗਤ ਅਤੇ ਡਾਇਰੈਕਟਰ ਜੰਗਲਾਤ ਵਿਭਾਗ ਵੱਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ।ਇਨਾਮ ਹਾਸਿਲ ਕਰਨ ਮੌਕੇ ਪੰਚਾਇਤ ਵਿੱਚੋਂ ਹੈਪੀ ਸਰਪੰਚ ਤੋਂ ਇਲਾਵਾ ਮਲਕੀਤ ਸਿੰਘ,ਮਨਜੀਤ ਸਿੰਘ,ਨਿਰਭੇੈ ਸਿੰਘ,ਮਲਕੀਤ ਸਿੰਘ ਨੀਟਾ,ਸੁਖਵਿੰਦਰ ਸਿੰਘ ਬਿੱਟੂ ਸਾਰੇ ਪੰਚ ਅਤੇ ਗੁਰਵਿੰਦਰ ਸਿੰਘ ਪ੍ਰਧਾਨ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: