ਮੁੱਖ ਸੰਸਦੀ ਸਕੱਤਰਾਂ ਸਬੰਧੀ ਫੈਸਲੇ ਨੂੰ ਉੱਚ ਅਦਾਲਤ ਵਿਚ ਚੁਣੌਤੀ ਦਿੱਤੀ ਜਾਵੇਗੀ- ਪਰਕਾਸ਼ ਸਿੰਘ ਬਾਦਲ

ਮੁੱਖ ਸੰਸਦੀ ਸਕੱਤਰਾਂ ਸਬੰਧੀ ਫੈਸਲੇ ਨੂੰ ਉੱਚ ਅਦਾਲਤ ਵਿਚ ਚੁਣੌਤੀ ਦਿੱਤੀ ਜਾਵੇਗੀ- ਪਰਕਾਸ਼ ਸਿੰਘ ਬਾਦਲ
ਕੈਪਟਨ ਦਾ ਕਿਸਾਨੀ ਲਈ ਅਚਾਨਕ ਜਾਗਿਆ ਮੋਹ ਕੇਵਲ ਵਿਧਾਨ ਸਭਾ ਚੋਣਾਂ ਤੱਕ , ਭੋਗਪੁਰ ਖੰਡ ਮਿੱਲ ਦਾ ਨਵੀਨੀਕਰਨ ਪੰਜਾਬ ਸਰਕਾਰ ਦੀ ਮੁੱਖ ਪਹਿਲ

13-29ਭਟਨੂਰਾ ਲੁਬਾਣਾ(ਜਲੰਧਰ) , 13 ਅਗਸਤ (ਪ.ਪ.): ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ ਕਰਨ ਸਬੰਧੀ ਫੈਸਲੇ ਨੂੰ ਉੱਚ ਅਦਾਲਤ ਵਿਚ ਚੁਣੌਤੀ ਦਿੱਤੀ ਜਾਵੇਗੀ।ਅੱਜ ਇਥੇ ਆਦਮਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਭਟਨੂਰਾ ਲੁਬਾਣਾ ਵਿਖੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਾਈਕੋਰਟ ਵਲੋਂ ਦਿੱਤੇ ਗਏ ਫੈਸਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਉਨ੍ਹਾਂ ਵਲੋਂ ਸੂਬੇ ਦੇ ਐਡਵੋਕੇਟ ਜਨਰਲ ਨੂੰ ਤੁਰੰਤ ਕਾਨੂੰਨੀ ਚਾਰਾਜੋਈ ਆਰੰਭਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਹੀ ਹਾਈਕੋਰਟ ਵਲੋਂ ਇਹ ਫੈਸਲਾ ਦਿੱਤਾ ਗਿਆ ਹੈ ਜਿਸ ਕਰਕੇ ਅਜੇ ਇਸ ਸਬੰਧੀ ਕੋਈ ਟਿੱਪਣੀ ਕਰਨੀ ਉੱਚਿਤ ਨਹੀਂ ਪਰ ਪੰਜਾਬ ਸਰਕਾਰ ਵਲੋਂ ਇਸ ਫੈਸਲੇ ਨੂੰ ਹਰ ਪੱਖੋਂ ਵਿਚਾਰਨ ਪਿੱਛੋਂ ਉੱਚ ਅਦਾਲਤ ਵਿਚ ਅਪੀਲ ਦਾਇਰ ਕੀਤੀ ਜਾਵੇਗੀ।ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਦਿੱਤੇ ਬਿਆਨ ਬਾਰੇ ਇਕ ਸਵਾਲ ਦੇ ਜਵਾਬ ਵਿਚ ਸ.ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨਾਂ ਲਈ ਅਚਾਨਕ ਜਾਗਿਆ ਮੋਹ ਕੇਵਲ ਵਿਧਾਨ ਸਭਾ ਚੋਣਾਂ ਤੱਕ ਹੀ ਹੈ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਵਿਰੋਧੀ ਸੋਚ ਦਾ ਇਸ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਿ 2002 ਵਿਚ ਮੁੱਖ ਮੰਤਰੀ ਬਣਨ ਪਿੱਛੋਂ ਉਨ੍ਹਾਂ ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ ਤੁਰੰਤ ਬੰਦ ਕਰ ਦਿੱਤੀ ਸੀ । ਇਸ ਤੋਂ ਇਲਾਵਾ ਕਾਂਗਰਸ ਵਲੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਮੋਹਰੀ ਭੂਮਿਕਾ ਰਹੀ ਹੈ ਕਿਉਂਕਿ ਉਹ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਸਬੰਧੀ ਸਾਜ਼ਿਸ ਦੇ ਕਰਤਾ-ਧਰਤਾ ਸਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਬਾਰਾ ਆਉਂਦੀ ਹੈ ਤਾਂ ਉਹ ਪਹਿਲਾਂ ਵਾਂਗ ਮੁਫ਼ਤ ਬਿਜਲੀ ਸਮੇਤ ਕਿਸਾਨੀ ਲਈ ਲਾਗੂ ਲੋਕ ਭਲਾਈ ਸਕੀਮਾਂ ਨੂੰ ਤੁਰੰਤ ਬੰਦ ਕਰ ਦੇਣਗੇ।
ਨਸ਼ੇ ਦੇ ਖਾਤਮੇ ਸਬੰਧੀ ਪੰਜਾਬ ਸਰਕਾਰ ਵਲੋਂ ਚੁੱਕੇ ਕਦਮਾਂ ਬਾਰੇ ਗੱਲ ਕਰਦਿਆਂ ਸ.ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ੇ ਦੀ ਸਪਲਾਈ ਰੋਕਣ ਅਤੇ ਨਸ਼ੇ ਤੋਂ ਪੀੜ੍ਹਤ ਨੌਜਵਾਨਾਂ ਦੇ ਮੁੜ ਵਸੇਬੇ ਦੇ ਵੱਡੇ ਕਦਮ ਚੁੱਕੇ ਗਏ ਹਨ। ਉਨ੍ਹਾਂ ਆਮ ਲੋਕਾਂ ਅਤੇ ਵਿਸ਼ੇਸ਼ ਕਰਕੇ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਦੀ ਮੁਹਿੰਮ ਵਿਚ ਮੋਹਰੀ ਭੂਮਿਕਾ ਨਿਭਾਉਣ।ਭੋਗਪੁਰ ਖੰਡ ਮਿੱਲ ਦੇ ਨਵੀਨੀਕਰਨ ਸਬੰਧੀ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪਿੰਡ ਕਰਾੜੀ, ਲੜੋਈ, ਭਟਨੂਰਾ ਲੁਬਾਣਾ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਦਾ ਮਕਸਦ ਕੋਈ ਸਿਆਸੀ ਨਹੀਂ ਸਗੋਂ ਇਹ ਲੋਕਾਂ ਦੇ ਮਸਲਿਆਂ ਦੇ ਉਨਾਂ ਦੇ ਪਿੰਡ-ਪਿੰਡ ਜਾ ਕੇ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮਾਂ ਦਾ ਦੇਸ਼ ਭਰ ਵਿਚ ਕੋਈ ਮੁਕਾਬਲਾ ਨਹੀਂ ਕਿਉਂ ਜੋ ਇਸ ਨਾਲ ਜਿੱਥੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਨਿਕਲਦਾ ਹੈ ਉਥੇ ਸਰਕਾਰੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਬਾਰੇ ਵੀ ਤੁਰੰਤ ਫੀਡ ਬੈਕ ਮਿਲਦੀ ਹੈ। ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਨਾਲ ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ, ਬੀਬੀ ਜਗੀਰ ਕੌਰ ਵਿਧਾਇਕ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ , ਡਿਪਟੀ ਕਮਿਸ਼ਨਰ ਕੇ.ਕੇ.ਯਾਦਵ, ਆਈ.ਜੀ.ਲੋਕ ਨਾਥ ਆਂਗਰਾ ਅਤੇ ਐਸ.ਐਸ.ਪੀ.ਹਰਮੋਹਨ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: