ਪੰਥਕ ਧਿਰਾਂ ਦੇ ਸੱਦੇ ‘ਤੇ ਇਕੱਤਰ ਸੰਗਤਾਂ ਕੀਤਾ ਹਰੀਕੇ ਹੈੱਡ ਜਾਮ

ਪੰਥਕ ਧਿਰਾਂ ਦੇ ਸੱਦੇ ‘ਤੇ ਇਕੱਤਰ ਸੰਗਤਾਂ ਕੀਤਾ ਹਰੀਕੇ ਹੈੱਡ ਜਾਮ
ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹਰ ਕੁਰਬਾਨੀ ਕਰਾਗੇਂ- ਜਥੇਦਾਰ ਮਨਾਵਾ,ਜਫਰਵਾਲ

4-21

ਹਰੀਕੇ ਪੱਤਣ 04 ਅਗੱਸਤ (ਗਗਨਦੀਪ ਸਿੰਘ) ਪੰਜਾਬ ਦੇ ਪਾਣੀ ਬਾਹਰੀ ਰਾਜਾਂ ਨੂੰ ਦੇਣ ਦੇ ਖਿਲਾਫ ਹਰੀਕੇ ਹੈੱਡ ਵਰਕਸ ‘ਚੋ ਨਿਕਲਣ ਰਾਜਸਥਾਨ ਫੀਡਰ ਨਹਿਰ ਵਿੱਚ ਮਿੱਟੀ ਪਾ ਕੇ ਸੰਕੇਤਕ ਤੌਰ ਤੇ ਪੂਰਨ ਲਈ ਪੰਥਕ ਧਿਰਾਂ ਦੇ ਸੱਦੇ ‘ਤੇ ਅੱਜ ਹਰੀਕੇ ਵਿਖੇ ਯੁਨਾਈਟਿਡ ਅਕਾਲੀ ਦਲ ਦੇ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾਂ, ਭਾਈ ਵੱਸਣ ਸਿੰਘ ਜਫਰਵਾਲ,ਭਾਈ ਮੋਹਕਮ ਸਿੰਘ ਦੀ ਅਗਵਾਈ ‘ਚ ਸਿੱਖ ਸੰਗਤਾਂ ਦਾ ਭਾਰੀ ਇਕੱਠ ਹੋਇਆ। ਨਹਿਰ ‘ਚ ਮਿੱਟੀ ਪਾਉਣ ਲਈ ਨਿਰਧਾਰਿਤ ਕੀਤੇ ਜਗ੍ਹਾ ਤੋ ਪਹਿਲਾਂ ਹੀ ਜਿਲ੍ਹਾ ਫਿਰੋਜਪੁਰ ਦੀ ਪੁਲਸ ਵੱਲੋ ਰੋਕ ਲੈਣ ਤੋ ਤੈਸ਼ ਵਿੱਚ ਆਏ ਸਿੰਘਾਂ ਨੇ ਹਰੀਕੇ ਹੈੱਡ ਦੇ ਪੁਲ ‘ਤੇ ਧਰਨਾ ਲਗਾ ਕੇ ਆਵਾਜਾਈ ਮੁਕੰਮਲ ਠੱਪ ਕਰ ਦਿੱਤੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ‘ਤੇ ਭਾਈ ਮੋਹਕਮ ਸਿੰਘ ਅਤੇ ਭਾਈ ਸਤਨਾਮ ਸਿੰਘ ਮਨਾਵਾ ਨੇ ਸਾਝੇਂ ਤੌਰ ‘ਤੇ ਜੋਸ਼ੀਲੀ ਤਕਰੀਰ ਕਰਦਿਆਂ ਕਿਹਾ ਕਿ 4 ਅਗਸਤ 1982 ਨੂੰ ਪੰਜਾਬ ਦੇ ਮੌਜੂਦਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਲੌਗੌਵਾਲ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਮੋਰਚਾ ਲਗਾਇਆ ਸੀ ਜਿਸ ਦੌਰਾਨ ਪੰਜਾਬ ਦੇ ਪਾਣੀ ਬਾਹਰ ਨਾ ਭੇਜਣ ਦਾ ਪ੍ਰਣ ਕੀਤਾ ਗਿਆ ਪਰ ਹੁਣ ਬਾਦਲ ਪ੍ਰੀਵਾਰ ਬਾਹਰੀ ਰਾਜਾਂ ‘ਚ ਆਪਣੀਆਂ ਜਾਇਦਾਦਾਂ ਨੂੰ ਬਣਾਉਣ ਅਤੇ ਬਚਾਉਣ ਲਈ ਪੰਜਾਬ ਦੇ ਪਾਣੀਆਂ ਦੀ ਬਲੀ ਦੇਣ ਤੋ ਵੀ ਗੁਰੇਜ ਨਹੀ ਕਰ ਰਿਹਾ। ਉਹਨਾਂ ਕਿਹਾ ਕਿ ਕੋਲਾ, ਖਣਿਜ ਪਦਾਰਥ, ਗੈਸ, ਲੋਹਾ , ਮਾਰਬਲ ਪੱਥਰ, ਇਮਾਰਤੀ ਲੱਕੜ, ਫਲ, ਸਬਜੀਆਂ ਅਤੇ ਹੋਰ ਕੁਦਰਤੀ ਪੈਦਾਵਾਰ ਦੂਜੇ ਰਾਜਾਂ ਤੋ ਮੁੱਲ ਲੈਣੀਆਂ ਪੈ ਰਹੀਆਂ ਜਦ ਕਿ ਪੰਜਾਬ ਵੱਲੋ ਮੁਫਤ ਪਾਣੀ ਦੀ ਉਮੀਦ ਰੱਖੀ ਜਾ ਰਹੀ ਹੈ। ਇਸ ਤੋ ਬਾਅਦ ਐਸ ਪੀ ਹਰਭਜਨ ਸਿੰਘ ਬੋਪਾਰਾਏ ਨਾਲ ਸ਼ਾਤੀਪੂਰਵਕ ਗੱਲਬਾਤ ਤੋ ਬਾਅਦ ਧਰਨਾ ਸਮਾਪਤ ਕਰਕੇ ਭਾਈ ਦਵਿੰਦਰ ਸਿੰਘ ਵੱਲੋ ਪ੍ਰਮਾਤਮਾ ਦੇ ਚਰਨਾਂ ‘ਚ ਕੀਤੀ ਅਰਦਾਸ ਦੌਰਾਨ 1982 ਦੇ ਧਰਮ ਯੁੱਧ ਮੋਰਚੇ ਦੇ ਸ਼ਹੀਦ ਮਰਜੀਵੜਿਆਂ ਨੂੰ ਸਰਧਾਂਜਲੀ ਦੇਣ ਤੋ ਇਲਾਵਾ ਰਿਪੇਰੀਅਨ ਕਾਨੂੰਨ ਦੀ ਰਾਖੀ, ਪੰਜਾਬ ਦੇ ਪਾਣੀ ਬਾਹਰ ਨਾ ਦੇਣ ਦਾ ਪ੍ਰਣ ਅਤੇ ਪੰਥਕ ਮੁੱਦਿਆਂ ‘ਤੇ ਲੜਨ ਵਾਲੇ ਜੂਝਾਰੂ ਯੋਧਿਆ ਦੀ ਚੜ੍ਹਦੀ ਕਲ੍ਹਾ ਰੱਖਣ ਲਈ ਬੇਨਤੀ ਕੀਤੀ ਗਈ। ਇਸ ਤੋ ਬਾਅਦ ਪੰਥਕ ਆਗੂਆਂ ਨੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਮੇਤ ਦਰਿਆ ਵਿੱਚ ਮਿੱਟੀ ਸੱੁਟ ਕੇ ਪੰਜਾਬ ਦੇ ਪਾਣੀ ਬਾਹਰ ਦੇਣ ਦਾ ਵਿਰੋਧ ਜਿਤਾਇਆ। ਸਾਰੇ ਆਗੂਆਂ ਨੂੰ ਫਿਰੋਜਪੁਰ ਪੁਲਸ ਆਪਣੀ ਸੁਰੱਖਿਆ ਛਤਰੀ ਦੇ ਕੇ ਮੱਖੂ ਵੱਲ ਲੈ ਗਈ। ਇਸ ਮੌਕੇ ‘ਤੇ ਭਾਈ ਬਲਵੰਤ ਗੋਪਾਲਾ,ਜਸਬੀਰ ਸਿੰਘ ਮੰਡਿਆਲਾ,ਕੁਲਬੀਰ ਸਿੰਘ ਮਸਤਗ਼ੜ੍ਹ,ਜੱਗਾ ਸਿੰਘ ਰਾਜੀਆਂ,ਜਥੇਦਾਰ ਧਰਮ ਸਿੰਘ,ਜਗਮੋਹਨ ਸਿੰਘ ਮਨਾਵਾਂ, ਜੌਹਰ ਸਿੰਘ ਸਾਬਕਾ ਐਮ ਐਲ ਏ ਕਾਹਨੂੰਵਾਨ,ਗਿਆਨੀ ਦਵਿੰਦਰ ਸਿੰਘ,ਪਰਮਜੀਤ ਸਿੰਘ ਆਦਿ ਤੋ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: