ਇਤਿਹਾਸਕ ਪਿੰਡ ਪੂਹਲਾ ਆਇਆ ਪੀਲੀਏ ਦੀ ਬੀਮਾਰੀ ਦੀ ਲਪੇਟ ਵਿੱਚ

ਇਤਿਹਾਸਕ ਪਿੰਡ ਪੂਹਲਾ ਆਇਆ ਪੀਲੀਏ ਦੀ ਬੀਮਾਰੀ ਦੀ ਲਪੇਟ ਵਿੱਚ
ਦੋਂ ਨੌਜਵਾਨਾਂ ਦੀ ਮੌਤ, ਤਿੰਨ ਦਰਜਨ ਤੋਂ ਵੱਧ ਪੀਲੀਏ ਤੋਂ ਪੀੜਤ
ਪਿੰਡ ਵਾਸੀਆਂ ਨੇ ਵਾਟਰ ਸਪਲਾਈ ਦਾ ਪਾਣੀ ਦੂਸ਼ਿਤ ਹੋਣ ਦਾ ਲਗਾਇਆ ਦੋਸ਼

21-24

ਭਿੱਖੀਵਿੰਡ 20 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਇਤਿਹਾਸਕ ਪਿੰਡ ਪੂਹਲਾ ਵਿਖੇ ਪੀਲੀਏ ਦੀ ਨਾਮੁਰਾਦ ਬੀਮਾਰੀ ਦੀ ਲਪੇਟ ਵਿੱਚ ਆਉਣ ਨਾਲ ਦੋਂ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਦਰਜਨ ਤੋਂ ਵੱਧ ਪਿੰਡ ਵਾਸੀਆਂ ਦੇ ਪੀਲੀਏ (ਕਾਲਾ ਤੇ ਪੀਲਾ) ਦੀ ਬੀਮਾਰੀ ਦੀ ਲਪੇਟ ਵਿੱਚ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀਲੀਏ ਦੀ ਬੀਮਾਰੀ ਕਾਰਨ ਮੌਤ ਦੇ ਮੂੰਹ ਵਿੱਚ ਗਏ ਬੂਟਾ ਸਿੰਘ ਪੁੱਤਰ ਧਾਰਾ ਸਿੰਘ (35) ਦੀ ਪਤਨੀ ਰਾਜ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਲਾਈ ਗਈ ਵਾਟਰ ਸਪਲਾਈ ਦਾ ਪਾਣੀ ਸ਼ੁੱਧ ਸਮਝ ਕੇ ਪੀਦੇਂ ਰਹੇ ਹਾਂ, ਜਿਸ ਕਾਰਨ ਮੇਰੇ ਪਤੀ ਨੂੰ ਪੀਲ਼ਾ ਪੀਲੀਆ ਹੋ ਜਾਣ ਨਾਲ ਉਸਦੀ ਮੌਤ ਹੋ ਗਈ, ਜਦੋਂ ਕਿ ਮੈਂ ਤੇ ਮੇਰੀ ਵੱਡੀ ਲੜਕੀ ਵੀ ਪੀਲੀਏ ਤੋਂ ਪੀੜਤ ਹਾਂ। ਦੂਸਰੇ ਮ੍ਰਿਤਕ ਨਾਬਾਲਗ ਪ੍ਰਭਜੀਤ ਸਿੰਘ ਦੀ ਮਾਂ ਸੁਖਰਾਜ ਕੌਰ ਪਤਨੀ ਜੰਬਰ ਸਿੰਘ ਨੇ ਰੋਦਿਆਂ ਹੋਇਆ ਦੱਸਿਆ ਕਿ ਉਸਦਾ ਪਤੀ ਜੰਬਰ ਸਿੰਘ ਰਿਕਸ਼ਾ ਚਾਲਕ ਹੈ ਅਤੇ ਉਸਦਾ ਇਕਲੋਤਾ ਪੁੱਤਰ ਪ੍ਰਭਜੀਤ ਸਿੰਘ ਸਰਕਾਰੀ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਦਸਵੀਂ ਕਲਾਸ ਦਾ ਵਿਦਿਆਰਥੀ ਸੀ, ਨੂੰ ਪੀਲੀਏ ਦੀ ਬੀਮਾਰੀ ਨੇ ਘੇਰ ਲਿਆ ਸੀ। ਅਸੀ ਆਪਣੇ ਪੁੱਤਰ ਦਾ ਇਲਾਜ ਬਹੁਤ ਕਰਵਾਇਆ, ਪਰ ਉਸਦੀ ਬੀਤੇਂ ਦਿਨੀ ਮੌਤ ਹੋ ਗਈ।
ਪਿੰਡ ਪੂਹਲਾ ਦੇ ਸਮਾਜ ਸੇਵਕ ਤੇ ਸਾਬਕਾ ਕੈਪਟਨ ਸੁਖਦੇਵ ਸਿੰਘ ਨੇ ਪੀਲੀਏ ਦੀ ਲਪੇਟ ਵਿੱਚ ਆਏ ਬੱਚਿਆਂ, ਔਰਤਾਂ, ਮਰਦਾਂ ਆਦਿ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਥੇ ਪਿੰਡ ਦੇ ਪ੍ਰਭਜੀਤ ਸਿੰਘ ਤੇ ਬੂਟਾ ਸਿੰਘ ਦੀ ਪੀਲੀਏ ਦੀ ਬੀਮਾਰੀ ਨਾਲ ਮੌਤ ਹੋ ਗਈ ਹੈ, ਉਥੇ ਬਲਵਿੰਦਰ ਸਿੰਘ ਸੋਢੀ, ਵਿਰਸਾ ਸਿੰਘ ਤੇ ਉਸਦਾ ਪਿਤਾ ਲਛਮਣ ਸਿੰਘ, ਨੀਟੂ ਤੇ ਉਸਦੀ ਘਰਵਾਲੀ, ਸ਼ੇਰਾ ਸਿੰਘ, ਟੋਨਾ ਤੇ ਉਸਦਾ ਪਿਤਾ, ਲੜਕੀ, ਲੜਕਾ, ਘਰਵਾਲੀ ਸਮੇਤ ਪੂਰਾ ਪਰਿਵਾਰ, ਵਜੀਰ ਸਿੰਘ ਤੇ ਉਸਦਾ ਭਰਾ ਚੰਨਾ, ਘਰਵਾਲੀ, ਬੇਟਾ, ਰਵੇਲ ਸਿੰਘ ਦੀ ਪਤਨੀ, ਸਵਰਨ ਸਿੰਘ ਦੀ ਨੂੰਹ, ਭੱਪਾ ਪੁੱਤਰ ਗਿਆਨ ਸਿੰਘ ਤੇ ਉਸਦੀ ਘਰਵਾਲੀ, ਲੜਕਾ, ਲੜਕੀ, ਕੱਤੀ ਪੁੱਤਰ ਸੁੱਖਾ ਸਿੰਘ, ਜੋਗਿੰਦਰ ਕੌਰ ਤੇ ਉਸਦਾ ਲੜਕਾ ਗੁਰਚਰਨ ਸਿੰਘ, ਕਰਨਦੀਪ ਸਿੰਘ ਪੁੱਤਰ ਮੇਜਰ ਸਿੰਘ, ਸਰਵਨ ਸਿੰਘ, ਬਲਜਿੰਦਰ ਕੌਰ ਆਦਿ ਕਈ ਪਰਿਵਾਰ ਵੀ ਪੀਲੀਏ ਦੀ ਬੀਮਾਰੀ ਨਾਲ ਜੂਝ ਰਹੇ ਹਨ। ਕੈਪਟਨ ਸੁਖਦੇਵ ਸਿੰਘ ਨੇ ਪੰਜਾਬ ਸਰਕਾਰ ਤੇ ਮਹਿਕਮਾ ਸਿਹਤ ਵਿਭਾਗ ਪੰਜਾਬ ਤੋਂ ਜੋਰਦਾਰ ਮੰਗ ਕੀਤੀ ਕਿ ਪਿੰਡ ਪੂਹਲਾ ਵਿਖੇ ਕੈਂਪ ਲਗਾ ਕੇ ਪਿੰਡ ਵਾਸੀਆਂ ਦੀ ਜਾਂਚ ਕਰਕੇ ਬੀਮਾਰੀ ਤੋਂ ਪੀੜਤ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਅਤੇ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਦਿੱਤਾ ਜਾਵੇ। ਪਿੰਡ ਪੂਹਲਾ ਦੇ ਸਰਪੰਚ ਸ਼ਮਸੇਰ ਸਿੰਘ ਨੂੰ ਪੁੱਛੇ ਜਾਣ ‘ਤੇ ਉਹਨਾਂ ਨੇ ਕਿਹਾ ਕਿ ਵਾਟਰ ਸਪਲਾਈ ਦੇ ਪਾਣੀ ਨੂੰ ਸਾਫ ਸੁਥਰਾ ਦੱਸਦਿਆਂ ਕਿਹਾ ਕਿ ਪਾਣੀ ਵਿੱਚ ਕੋਈ ਨੁਕਸ ਨਹੀ ਹੈ, ਕਿਉਕਿ ਪਾਣੀ ਕਈ ਵਾਰ ਚੈਕ ਕਰਵਾ ਚੁੱਕੇ ਹਾਂ ਅਤੇ ਪੀਲੀਏ ਦੀ ਬੀਮਾਰੀ ਫੈਲਣ ਦਾ ਹੋਰ ਕਾਰਨ ਵੀ ਹੋ ਸਕਦਾ ਹੈ। ਸਰਪੰਚ ਸ਼ਮਸੇਰ ਸਿੰਘ ਨੇ ਇਹ ਵੀ ਆਖਿਆ ਕਿ ਕਈ ਪਿੰਡ ਵਾਸੀਆਂ ਨੇ ਵਾਟਰ ਸਪਲਾਈ ਦੀਆਂ ਪਾਣੀ ਵਾਲੀਆਂ ਟੂਟੀਆਂ ਗਲਤ ਤਰੀਕੇ ਨਾਲ ਲਗਾਈਆ ਹੋਈਆਂ ਹਨ, ਜੋ ਬੀਮਾਰੀ ਦਾ ਕਾਰਨ ਬਣਦੀਆਂ ਹਨ।

ਪਾਣੀ ਦੇ ਦੂਸ਼ਿਤ ਹੋਣ ਸੰਬੰਧੀ ਕੋਈ ਸ਼ਿਕਾਇਤ ਨਹੀ ਮਿਲੀ – ਐਕਸੀਅਨ ਨਰਿੰਦਰ ਸਿੰਘ

ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦੇ ਲਗਾਏ ਗਏ ਦੋਸ਼ਾਂ ਸੰਬੰਧੀ ਜਦੋਂ ਵਾਟਰ ਸਪਲਾਈ ਦੇ ਐਕਸੀਅਨ ਨਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਮੁਸ਼ਕਿਲ ਸੰਬੰਧੀ ਕਿਸੇ ਵੀ ਪਿੰਡ ਦੇ ਮੋਹਤਬਾਰ ਵਿਅਕਤੀ ਨੇ ਕੋਈ ਸ਼ਿਕਾਇਤ ਨਹੀ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀ ਪਿੰਡ ਪੂਹਲਾ ਦੇ ਵਾਟਰ ਸਪਲਾਈ ਵਾਲੇ ਪਾਣੀ ਦੀ ਜਾਂਚ-ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਮਹਿਕਮਾ ਸਿਹਤ ਵਿਭਾਗ ਇਸ ਮਸਲੇ ਦੀ ਕਰੇਗਾ ਜਾਂਚ – ਡੀ.ਸੀ ਧਾਲੀਵਾਲ

ਇਸ ਗੰਭੀਰ ਮਸਲੇ ਸੰਬੰਧੀ ਜਦੋਂ ਡੀ.ਸੀ ਤਰਨ ਤਾਰਨ ਬਲਵਿੰਦਰ ਸਿੰਘ ਧਾਲੀਵਾਲ ਨਾਲ ਰਾਬਤਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਸਿਵਲ ਸਰਜਨ ਤਰਨ ਤਾਰਨ ਨੂੰ ਜਾਣਕਾਰੀ ਦੇ ਕੇ ਜਾਂਚ-ਪੜਤਾਲ ਕਰਵਾਈ ਜਾਵੇਗੀ ਅਤੇ ਰਿਪੋਰਟ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੀਲੀਏ ਤੋਂ ਪੀੜਤ ਲੋਕ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਇਲਾਜ ਕਰਵਾਉਣ – ਐਸ.ਐਮ.ੳ

ਐਸ.ਐਮ.ੳ ਸੁਰਸਿੰਘ ਕੰਵਰਹਰਜੋਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਪਿੰਡ ਪੂਹਲਾ ਵਿਖੇ ਘਰ-ਘਰ ਜਾ ਕੇ ਪਾਣੀ ਸਾਫ ਕਰਨ ਵਾਲੀਆਂ ਗੋਲੀਆ ਵੰਡ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਪੀਲੀਏ ਨਾਲ ਪੀੜਤ ਹਨ, ਉਹ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਆ ਕੇ ਜਾਂਚ ਕਰਵਾ ਕੇ ਇਲਾਜ ਕਰਵਾਉਣ।

Share Button

Leave a Reply

Your email address will not be published. Required fields are marked *

%d bloggers like this: