ਮਾਣਕਪੁਰ ਦੇ ਕੰਨਿਆ ਸਕੂਲ ਨੂੰ ਅਪਗਰੇਡ ਕਰਨ ਦੇ ਮਾਮਲੇ ਤੇ ਅਕਾਲੀ-ਭਾਜਪਾ ਆਹਮੋ-ਸਾਹਮਣੇ

ਮਾਣਕਪੁਰ ਦੇ ਕੰਨਿਆ ਸਕੂਲ ਨੂੰ ਅਪਗਰੇਡ ਕਰਨ ਦੇ ਮਾਮਲੇ ਤੇ ਅਕਾਲੀ-ਭਾਜਪਾ ਆਹਮੋ-ਸਾਹਮਣੇ
ਅਕਾਲੀ ਆਗੂ ਜਤਿੰਦਰ ਸਿੰਘ ਰੋਮੀ ਨੇ ਮਾਣਕਪੁਰ ਦੇ ਅਪਗਰੇਡ ਹੋਏ ਕੰਨਿਆ ਸਕੂਲ ਨੂੰ ਬਦਲਣ ਦਾ ਕੀਤਾ ਵਿਰੋਧ

9-44
ਬਨੂੂੜ, 8 ਜੁਲਾਈ (ਰਣਜੀਤ ਸਿੰਘ ਰਾਣਾ): ਸਿੱਖਿਆ ਵਿਭਾਗ ਵੱਲੋਂ ਇੱਥੋਂ ਨਜ਼ਦੀਕੀ ਕਸਬੇ ਮਾਣਕਪੁਰ ਦੇ ਸਰਕਾਰੀ ਕੰਨਿਆ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਬਣਾਉਣ ਦੇ ਫ਼ੈਸਲੇ ਸਬੰਧੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਆਹਮੋ-ਸਾਹਮਣੇ ਆ ਗਏ ਹਨ। ਅਕਾਲੀ ਦਲ ਦੀ ਸਰਕਲ ਮਾਣਕਪੁਰ ਤੇ ਖੇੜਾ ਗੱਜੂ ਦੀ ਸਾਂਝੀ ਮੀਟਿੰਗ ਵਿਚ ਨਵੇਂ ਅਪਗਰੇਡ ਹੋਏ ਸਕੂਲ ਨੂੰ ਬਦਲੇ ਜਾਣ ਦਾ ਵਿਰੋਧ ਕਰਦਿਆਂ ਮਾਮਲਾ ਪਾਰਟੀ ਹਾਈ ਕਮਾਂਡ ਦੇ ਧਿਆਨ ਵਿਚ ਲਿਆਉਣ ਦੀ ਗੱਲ ਆਖ਼ੀ ਹੈ।
ਅੱਜ ਇੱਥੇ ਅਮਰਜੀਤ ਸਿੰਘ ਸਰਕਲ ਪ੍ਰਧਾਨ ਵੱਲੋਂ ਪਾਰਟੀ ਦੇ ਨਵੇਂ ਬਣਾਏ ਗਏ ਜਨਰਲ ਸਕੱਤਰ ਜਸਵੰਤ ਸਿੰਘ ਹੁਲਕਾ ਦੇ ਸਨਮਾਨ ਵਿਚ ਮੀਟਿੰਗ ਰੱਖੀ ਗਈ ਸੀ। ਇਸ ਵਿਚ ਪਾਰਟੀ ਦੇ ਜ਼ਿਲਾ ਮੁਹਾਲੀ ਦੇ ਜਨਰਲ ਸਕੱਤਰ ਅਤੇ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਰੋਮੀ ਵੀ ਪ੍ਰਮੁੱਖ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਪਹਿਲਾਂ ਸ੍ਰੀ ਹੁਲਕਾ ਦਾ ਸਨਮਾਨ ਕੀਤਾ ਤੇ ਇਸ ਮਗਰੋਂ ਸ੍ਰੀ ਰੋਮੀ ਨੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਾਜ ਖੁਰਾਣਾ ਵੱਲੋਂ ਮਾਣਕਪੁਰ ਦੇ ਸੀਨੀਅਰ ਸੈਕੰਡਰੀ ਬਣੇ ਕੰਨਿਆ ਸਕੂਲ ਨੂੰ ਇੱਥੋਂ ਬਦਲਾਏ ਜਾਣ ਦਾ ਵਿਰੋਧ ਕੀਤਾ। ਉਨਾਂ ਕਿਹਾ ਕਿ ਇਸ ਸਕੂਲ ਵਿਚ ਦਰਜਨ ਤੋਂ ਵੱਧ ਪਿੰਡਾਂ ਦੀਆਂ ਲੜਕੀਆਂ ਸਿੱਖਿਆ ਹਾਸਿਲ ਕਰਨ ਆਉਂਦੀਆਂ ਹਨ ਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਦਲਣ ਨਹੀਂ ਦਿੱਤਾ ਜਾਵੇਗਾ। ਉਨਾਂ ਸਾਰਾ ਮਾਮਲਾ ਪਾਰਟੀ ਆਗੂਆਂ ਦੇ ਧਿਆਨ ਵਿਚ ਲਿਆਉਣ ਦੀ ਗੱਲ ਆਖੀ।
ਸਰਕਲ ਪ੍ਰਧਾਨ ਅਮਰਜੀਤ ਸਿੰਘ ਮਾਣਕਪੁਰ ਨੇ ਇਸ ਮੌਕੇ ਆਖਿਆ ਕਿ ਮਾਣਕਪੁਰ ਦਰਜਨ ਪਿੰਡਾਂ ਦੇ ਕੇਂਦਰ ਵਿਚ ਸਥਿਤ ਹੈ। ਇੱਥੇ ਪਹਿਲਾਂ ਮੌਜੂਦ ਸੀਨੀਅਰ ਸੈਕੰਡਰੀ ਸਕੂਲ ਵਿਚ ਬੱਚੇ ਬਹੁਤ ਜ਼ਿਆਦਾ ਹਨ। ਇੱਥੇ ਬਾਕਾਇਦਾ ਲੜਕੀਆਂ ਦਾ ਅਲੱਗ ਹਾਈ ਸਕੂਲ ਚਲ ਰਿਹਾ ਹੈ, ਜਿਸ ਦਾ ਦਰਜਾ ਵਧਾਉਣਾ ਸਮੇਂ ਦੀ ਮੁੱਖ ਲੋੜ ਸੀ। ਉਨਾਂ ਕਿਹਾ ਕਿ ਜੇਕਰ ਇੱਥੋਂ ਸਕੂਲ ਨੂੰ ਬਦਲਿਆ ਗਿਆ ਤਾਂ ਉਹ ਪਿੰਡ ਅਤੇ ਇਲਾਕਾ ਵਾਸੀਆਂ ਸਮੇਤ ਇਸ ਦਾ ਵਿਰੋਧ ਕਰਨਗੇ। ਇਸ ਮੀਟਿੰਗ ਵਿਚ ਮੌਜੂਦ ਮੇਜਰ ਸਿੰਘ ਖਾਨਪੁਰ, ਜਗਤਾਰ ਸਿੰਘ ਹੁਲਕਾ, ਸੂਬੇਦਾਰ ਨਿਰਮਲ ਸਿੰਘ, ਹੁਕਮ ਸਿੰਘ ਤਸੌਲੀ, ਤਿਲਕ ਰਾਜ ਮਾਣਕਪੁਰ, ਜਸਪਾਲ ਸਿੰਘ ਪੰਚ ਅਬਰਾਵਾਂ, ਸੁਲਤਾਨ ਸਿੰਘ ਪ੍ਰਧਾਨ ਯੂਥ ਕਲੱਬ ਮਾਣਕਪੁਰ, ਜਗਤਾਰ ਸਿੰਘ ਪੰਚ ਅਬਰਾਵਾਂ ਨੇ ਵੀ ਕੰਨਿਆ ਸਕੂਲ ਮਾਣਕਪੁਰ ਦਾ ਵਧਿਆ ਹੋਇਆ ਦਰਜਾ ਜਾਰੀ ਰੱਖਣ ਦੀ ਮੰਗ ਕੀਤੀ।
ਦੂਜੇ ਪਾਸੇ ਰਾਜਪੁਰਾ ਹਲਕੇ ਦੇ ਇੰਚਾਰਜ ਅਤੇ ਭਾਜਪਾ ਦੇ ਸਾਬਕਾ ਵਿਧਾਇਕ ਰਾਜ ਖੁਰਾਣਾ ਨੇ ਸੰਪਰਕ ਕਰਨ ਉੱਤੇ ਆਖਿਆ ਕਿ ਮਾਣਕਪੁਰ ਦਾ ਕੰਨਿਆ ਹਾਈ ਸਕੂਲ ਵਿਭਾਗ ਦੀ ਤਕਨੀਕੀ ਗਲਤੀ ਕਾਰਨ ਸੀਨੀਅਰ ਸੈਕੰਡਰੀ ਬਣ ਗਿਆ ਹੈ। ਉਨਾਂ ਕਿਹਾ ਕਿ ਬਤੌਰ ਹਲਕਾ ਇੰਚਾਰਜ ਉਨਾਂ ਮਿਰਜ਼ਾਪੁਰ ਦੇ ਸਰਕਾਰੀ ਹਾਈ ਸਕੂਲ ਨੂੰ ਅਪਗਰੇਡ ਕਰਕੇ ਸੀਨੀਅਰ ਸੈਕੰਡਰੀ ਬਣਾਉਣ ਦੀ ਸਿਫ਼ਾਰਸ ਕੀਤੀ ਸੀ। ਉਨਾਂ ਕਿਹਾ ਕਿ ਮਾਣਕਪੁਰ ਵਿਖੇ ਪਹਿਲਾਂ ਹੀ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌਜੂਦ ਹੈ ਜਿੱਥੇ ਲੜਕੀਆਂ ਵੀ ਪੜ ਰਹੀਆਂ ਹਨ। ਉਨਾਂ ਕਿਹਾ ਕਿ ਇੱਕੋ ਪਿੰਡ ਵਿਚ ਦੋ ਸੀਨੀਅਰ ਸੈਕੰਡਰੀ ਸਕੂਲਾਂ ਦੀ ਲੋੜ ਨਹੀਂ ਹੈ ਤੇ ਇਸ ਨੂੰ ਬਣਲੇ ਜਾਣ ਦਾ ਵਿਰੋਧ ਬੇਤੁਕਾ ਹੈ। ਉਨਾਂ ਕਿਹਾ ਕਿ ਮਾਣਕਪੁਰ ਦੇ ਕੰਨਿਆ ਸਕੂਲ ਦੀ ਥਾਂ ਮਿਰਜ਼ਾਪੁਰ ਦੇ ਸਕੂਲ ਨੂੰ ਹੀ ਸੀਨੀਅਰ ਸੈਕੰਡਰੀ ਬਣਾਇਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: