ਸ੍ਰੀ ਅਨੰਦਪੁਰ ਸਾਹਿਬ ‘ਚ ਮੁੱਖ ਮੰਤਰੀ ਬਾਦਲ 17 ਜੁਲਾਈ ਨੂੰ ਰੱਖਣਗੇ ਭਾਈ ਜੈਤਾ ਜੀ ਦੀ ਅਦੁੱਤੀ ਯਾਦਗਾਰ ਦਾ ਨੀਂਹ ਪੱਥਰ: ਜਥੇਦਾਰ ਰਣੀਕੇ

ਸ੍ਰੀ ਅਨੰਦਪੁਰ ਸਾਹਿਬ ‘ਚ ਮੁੱਖ ਮੰਤਰੀ ਬਾਦਲ 17 ਜੁਲਾਈ ਨੂੰ ਰੱਖਣਗੇ ਭਾਈ ਜੈਤਾ ਜੀ ਦੀ ਅਦੁੱਤੀ ਯਾਦਗਾਰ ਦਾ ਨੀਂਹ ਪੱਥਰ: ਜਥੇਦਾਰ ਰਣੀਕੇ

ਭਾਈ ਜੈਤਾ ਜੀ ਦੀ ਕੁਰਬਾਨੀ ਨੂੰ ਸਮਰਪਿਤ ਪੰਜ ਏਕੜ ‘ਚ ਬਣਨ ਵਾਲੀ ਸਮਾਰਕ ਦੇ ਨੀਂਹ ਪੱਥਰ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਸ੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਪ੍ਰਿੰਸ): ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਣ ਵਾਲੇ ਬਾਬਾ ਜੀਵਨ ਸਿੰਘ ‘ਭਾਈ ਜੈਤਾ ਜੀ’ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜ ਏਕੜ ਵਿਚ ਬਣਾਈ ਜਾਣ ਵਾਲੀ ਯਾਦਗਾਰ ਅਦੁੱਤੀ ਹੋਵੇਗੀ, ਜੋ ਕਿ ਸਿੱਖ ਪੰਥ ਦੀ ਚੜਦੀ ਕਲਾ ਲਈ ਭਾਈ ਜੈਤਾ ਜੀ ਦੀ ਸ਼ਰਧਾ, ਆਤਮ ਸਮਰਪਣ, ਸਿਦਕਦਿਲੀ, ਬਰਾਬਰੀ ਤੇ ਕੁਰਬਾਨੀ ਦੀ ਪ੍ਰਤੀਕ ਹੋਵੇਗੀ। ਇਹ ਪ੍ਰਗਟਾਵਾ ਅੱਜ ਇੱਥੇ ‘ਭਾਈ ਜੈਤਾ ਜੀ ਯਾਦਗਾਰੀ ਸਮਾਰਕ’ ਦੇ ਨੀਂਹ ਪੱਥਰ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ, ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕੀਤਾ।
ਜਥੇਦਾਰ ਰਣੀਕੇ ਨੇ ਇੱਥੇ ਬਣੇ 100 ਏਕੜ ਵਿਸ਼ਾਲ ਰਕਬੇ ਵਿਚ ਵਿਸ਼ਵ ਪ੍ਰਸਿੱਧ ਅਜਾਇਬ ਘਰ ‘ਵਿਰਾਸਤ ਏ ਖ਼ਾਲਸਾ’ ਦੇ ਨਾਲ ਲੱਗਦੇ ਪੰਜ ਏਕੜ ਵਿਚ ਬਣਨ ਵਾਲੇ ‘ਭਾਈ ਜੈਤਾ ਜੀ ਯਾਦਗਾਰੀ ਸਮਾਰਕ’ ਦੇ 17 ਜੁਲਾਈ ਨੂੰ ਰੱਖੇ ਜਾਣ ਵਾਲੇ ਨੀਂਹ ਪੱਥਰ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ 17 ਜੁਲਾਈ ਨੂੰ ‘ਭਾਈ ਜੈਤਾ ਜੀ ਯਾਦਗਾਰੀ ਸਮਾਰਕ’ ਦੇ ਨੀਂਹ ਪੱਥਰ ਰੱਖਣ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਸਮਾਗਮ ਹੋਵੇਗਾ, ਜਿਸ ਵਿਚ ਇਤਿਹਾਸਕ ਭਾਈ ਜੈਤਾ ਜੀ ਯਾਦਗਾਰੀ ਸਮਾਰਕ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸਾਂਝੇ ਤੌਰ ‘ਤੇ ਰੱਖਣਗੇ। ਉਨਾਂ ਦੱਸਿਆ ਕਿ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਉਸੇ ਤਕਨੀਕੀ ਟੀਮ ਨੂੰ ਦਿੱਤਾ ਗਿਆ ਹੈ, ਜਿਸ ਨੇ ‘ਵਿਰਾਸਤ ਏ ਖ਼ਾਲਸਾ’ ਦੀ ਉਸਾਰੀ ਕਰਵਾਈ ਸੀ। ਇਸ ਸਮਾਰਕ ਨੂੰ 9 ਮਹੀਨੇ ਵਿਚ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਦੀ ਮੁਕੰਮਲ ਉਸਾਰੀ ‘ਤੇ ਕੁੱਲ 25 ਕਰੋੜ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ।

ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ‘ਭਾਈ ਜੈਤਾ ਜੀ ਯਾਦਗਾਰੀ ਸਮਾਰਕ’ ਦੀ ਉਸਾਰੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਦਿਲਚਸਪੀ ਅਤੇ ਸ਼ਹੀਦਾਂ-ਮੁਰੀਦਾਂ ਪ੍ਰਤੀ ਸੱਚੀ ਸ਼ਰਧਾ-ਭਾਵਨਾ ਕਾਰਨ ਸੰਭਵ ਹੋ ਰਹੀ ਹੈ। ਉਨਾਂ ਕਿਹਾ ਕਿ ਇਸ ਯਾਦਗਾਰੀ ਸਮਾਰਕ ਦੀ ਰੂਪ-ਰੇਖਾ ਨੂੰ ਅੰਤਮ ਰੂਪ ਉਘੇ ਸਿੱਖ ਵਿਦਵਾਨਾਂ, ਇਤਿਹਾਸਕਾਰਾਂ ਅਤੇ ਭਵਨ ਨਿਰਮਾਣ ਮਾਹਰਾਂ ਦੀ ਰਾਇ ਲੈਣ ਤੋਂ ਬਾਅਦ ਹੀ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਜਥੇਦਾਰ ਰਣੀਕੇ ਨੇ ਦੱਸਿਆ ਕਿ ਯਾਦਗਾਰ ਅੰਦਰ ਭਾਈ ਜੈਤਾ ਜੀ ਦੇ ਜੀਵਨ ਤੇ ਵਿਚਾਰਧਾਰਾ ਨੂੰ ਦਰਸਾਉਣ ਲਈ ਲਾਈਟ ਐਂਡ ਸਾਊਂਡ ਸ਼ੋਅ, ਲੇਜ਼ਰ ਸ਼ੋਅ, ਡਾਕੂਮੈਂਟਰੀ ਫਿਲਮ ਤੋਂ ਇਲਾਵਾ ਗੈਲਰੀਆਂ ਨੂੰ ਵੀ ਯੋਜਨਾਬੱਧ ਢੰਗ ਨਾਲ ਬਣਾਇਆ ਜਾਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਮਹਾਨ ਵਿਰਸੇ ਤੇ ਅਮੀਰ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ।

ਇਸ ਮੌਕੇ ਉਨਾਂ ਦੇ ਨਾਲ ਉਪ ਮੰਡਲ ਮੈਜਿਸਟਰੇਟ ਸ੍ਰੀ ਅਮਰਜੀਤ ਬੈਂਸ ਅਤੇ ਐਕਸੀਅਨ ਭੁਪਿੰਦਰ ਸਿੰਘ ਚਾਨਾ, ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲਾ ਗੁਰਦਾਸਪੁਰ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਮਾਲਵਾ ਜੋਨ 2 ਦੇ ਪ੍ਰਧਾਨ ਦਰਸ਼ਨ ਸਿੰਘ ਸ਼ਿਵਜੋਤ, ਦੁਆਬਾ ਜੋਨ ਦੇ ਪ੍ਰਧਾਨ ਦਰਸ਼ਨ ਸਿੰਘ ਕੋਟ ਕਰਾਰ ਖਾਨ, ਸੋਹਨ ਲਾਲ ਨਵਾਂਸ਼ਹਿਰ, ਗੁਰਦਾਸਪੁਰ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਬਿਜਲੀਵਾਲ, ਭੁਪਿੰਦਰ ਸਿੰਘ ਗੋਰਾ ਬਟਾਲਾ, ਜਰਨੈਲ ਸਿੰਘ ਖ਼ਾਲਸਾ, ਮਨਜਿੰਦਰ ਸਿੰਘ ਬਰਾੜ ਅਤੇ ਹਰਜੀਤ ਸਿੰਘ ਅਚਿੰਤ ਆਦਿ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੀਰਤਨ ਸਰਵਣ ਕੀਤਾ। ਇਸ ਮੌਕੇ ਉਨਾਂ ਨੂੰ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਮੈਨੇਜਰ ਸ. ਰੇਸ਼ਮ ਸਿੰਘ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *

%d bloggers like this: