ਮੁੱਖ ਮੰਤਰੀ ਨੇ ਸੂਬੇ ਦੇ ਸਿੰਜਾਈ ਮਸਲਿਆਂ ਦੇ ਹੱਲ ਲਈ ਉਮਾ ਭਾਰਤੀ ਦਾ ਫੌਰੀ ਦਖ਼ਲ ਮੰਗਿਆ

ਮੁੱਖ ਮੰਤਰੀ ਨੇ ਸੂਬੇ ਦੇ ਸਿੰਜਾਈ ਮਸਲਿਆਂ ਦੇ ਹੱਲ ਲਈ ਉਮਾ ਭਾਰਤੀ ਦਾ ਫੌਰੀ ਦਖ਼ਲ ਮੰਗਿਆ

ਕੇਂਦਰੀ ਮੰਤਰੀ ਵੱਲੋਂ ਬਾਦਲ ਨੂੰ ਮਾਮਲੇ ਛੇਤੀ ਹੱਲ ਕਰਨ ਦਾ ਭਰੋਸਾ

4-31

ਨਵੀਂ ਦਿੱਲੀ, 03 ਜੁਲਾਈ 2016:  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਜਲ ਵਸੀਲਿਆਂ ਬਾਰੇ ਮੰਤਰੀ ਉਮਾ ਭਾਰਤੀ ਨੂੰ ਆਖਿਆ ਕਿ ਪੰਜਾਬ ਲਈ ਖਾਲਿਆਂ ਦੀ ਉਸਾਰੀ ਦੇ ਨੇਮਾਂ ‘ਤੇ ਮੁੜ ਵਿਚਾਰ ਕਰਨ, ਸਵਾਨ ਨਦੀ ਲਈ ਫੰਡ ਅਲਾਟ ਕਰਨ ਅਤੇ ਅੱਪਰ ਬਾਰੀ ਦੋਆਬ ਕਨਾਲ ਲਈ ਫੰਡ ਪ੍ਰਵਾਨ ਕਰਨ ਲਈ ਆਪਣੇ ਮੰਤਰਾਲੇ ਨੂੰ ਹਦਾਇਤ ਕਰਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਅੱਜ ਸਵੇਰੇ ਇੱਥੇ ਉਮਾ ਭਾਰਤੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਅਤੇ ਖਾਲਿਆਂ ਲਈ ਨਿਰਮਾਣ ਦੀ ਕੀਮਤ 25 ਹਜ਼ਾਰ ਪ੍ਰਤੀ ਹੈਕਟੇਅਰ ਦੀ ਬਜਾਏ 35 ਹਜ਼ਾਰ ਪ੍ਰਤੀ ਹੈਕਟੇਅਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂ ਜੋ ਪੰਜਾਬ ਵਿੱਚ ਪਾਣੀ ਦਾ ਵਹਾਅ 2.5 ਕਿਊਸਕ ਹੈ ਜਦਕਿ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਇਕ ਕਿਊਸਕ ਹੈ।

ਇਕ ਹੋਰ ਮਾਮਲੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਆਖਿਆ ਕਿ ਪੰਜਾਬ ਦੇ ਹਿੱਸੇ ਵਿੱਚ ਵਹਿੰਦੀ 17 ਕਿਲੋਮੀਟਰ ਸਵਾਨ ਨਦੀ ਦੇ ਨਹਿਰੀਕਰਨ ਲਈ 209 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਫੌਰੀ ਪ੍ਰਵਾਨਗੀ ਦੇ ਕੇ ਫੰਡ ਜਾਰੀ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵੱਲੋਂ ਆਪਣੇ ਸੂਬੇ ਵਿੱਚ 55 ਕਿਲੋਮੀਟਿਰ ਦੇ ਹਿੱਸੇ ਵਿੱਚ ਇਸ ਨਦੀ ਦੇ ਨਹਿਰੀਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ।
ਅੱਪਰ ਬਾਰੀ ਦੋਆਬ ਕਨਾਲ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਇਸ ਨਹਿਰ ਦੀ ਸਾਫ ਸਫਾਈ ਅਤੇ ਨਵਿਆਉਣ ਲਈ ਪ੍ਰਾਜੈਕਟ ਨੂੰ ਫੌਰੀ ਪ੍ਰਵਾਨਗੀ ਦਿੱਤੀ ਜਾਵੇ ਕਿਉਂ ਜੋ ਇਹ ਨਹਿਰ ਮਾਝਾ ਖੇਤਰ ਦੀ ਜੀਵਨਧਾਰਾ ਹੈ ਅਤੇ ਲੰਮੇ ਸਮੇਂ ਤੋਂ ਖਸਤਾ ਹਾਲ ਹੋਣ ਕਾਰਨ ਸਮਰਥਾ ਮੁਤਾਬਕ ਪਾਣੀ ਦਾ ਵਹਾਅ ਨਹੀਂ ਹੋ ਰਿਹਾ। ਉਨ੍ਹਾਂ ਨੇ ਇਸ ਪ੍ਰਾਜੈਕਟ ਲਈ ਫੰਡ ਪ੍ਰਵਾਨ ਕਰਕੇ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਿ ਸਿੰਚਾਈ ਵਿਭਾਗ ਇਹ ਪ੍ਰਾਜੈਕਟ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰ ਸਕੇ।
ਕੇਂਦਰੀ ਮੰਤਰੀ ਨੇ ਸ. ਬਾਦਲ ਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮੁੱਦਿਆਂ ਨਾਲ ਸਬੰਧਤ ਸਾਰੇ ਅਧਿਕਾਰੀਆਂ ਦੀ ਇਕ ਮੀਟਿੰਗ ਬੁਲਾਉਣਗੇ ਤਾਂ ਕਿ ਇਨ੍ਹਾਂ ਮਾਮਲਿਆਂ ਦਾ ਛੇਤੀ ਹੱਲ ਕੱਢਿਆ ਜਾ ਸਕੇ। ਉਨ੍ਹਾਂ ਨੇ ਸ. ਬਾਦਲ ਨੂੰ ਕਿਹਾ ਕਿ ਸੂਬੇ ਦੇ ਸਿੰਜਾਈ ਵਿਭਾਗ ਦੇ ਸਕੱਤਰ ਦੀ ਅਗਵਾਈ ਵਿੱਚ ਅਧਿਕਾਰੀਆਂ ਦੀ ਇਕ ਟੀਮ ਭੇਜੀ ਜਾਵੇ ਤਾਂ ਕਿ ਇਨ੍ਹਾਂ ਮਸਲਿਆਂ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾ ਸਕੇ।
ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਅਤੇ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਸ੍ਰੀ ਕੇ. ਸ਼ਿਵਾ ਪ੍ਰਸਾਦ ਹਾਜ਼ਰ ਸਨ।

 

Share Button

Leave a Reply

Your email address will not be published. Required fields are marked *

%d bloggers like this: