ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਲਈ ਪਿਛਲੇ ਨੌਂ ਸਾਲਾਂ ‘ਚ ਇਤਿਹਾਸਕ ਕਦਮ ਚੁੱਕੇ- ਬਾਦਲ

ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਲਈ ਪਿਛਲੇ ਨੌਂ ਸਾਲਾਂ ‘ਚ ਇਤਿਹਾਸਕ ਕਦਮ ਚੁੱਕੇ- ਬਾਦਲ
*ਖੇਤੀਬਾੜੀ ਕਰਜ਼ਾ ਨਿਪਟਾਰਾ ਐਕਟ ਮਹੱਤਪੂਰਨ ਭੂਮਿਕਾ ਨਿਭਾਵੇਗਾ
*ਕਿਸਾਨਾਂ ਦੇ ਬੈਂਕ ਕਰਜ਼ਿਆਂ ਨੂੰ ਮੁਆਫ਼ ਕਰਨ ਦਾ ਅਧਿਕਾਰ ਕੇਵਲ ਕੇਂਦਰ ਸਰਕਾਰ ਕੋਲ
*ਸੰਗਤ ਦਰਸ਼ਨਾਂ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ
*ਮੁੱਖ ਮੰਤਰੀ ਵੱਲੋਂ ਦਿੜ੍ਹਬਾ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ ਸੰਗਤ ਦਰਸ਼ਨ

3-17 (1) 3-17 (2)
ਦਿੜ੍ਹਬਾ ਮੰਡੀ 2 ਜੁਲਾਈ (ਰਣ ਸਿੰਘ ਚੱਠਾ) ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਪਿਛਲੇ ਨੌਂ ਸਾਲਾਂ ਵਿੱਚ ਚੁੱਕੇ ਵੱਖ-ਵੱਖ ਕਦਮਾਂ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਲਈ ਜਿੰਨਾ ਕੰਮ ਮੌਜੂਦਾ ਸਰਕਾਰ ਨੇ ਕੀਤਾ ਉਨ੍ਹਾਂ ਅੱਜ ਤੱਕ ਪੰਜਾਬ ਦੇ ਇਤਿਹਾਸ ਲਈ ਕਦੇ ਵੀ ਨਹੀ ਹੋਇਆ।ਅੱਜ ਦਿੜ੍ਹਬਾ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਵੱਲੋਂ ਬਠਿੰਡਾ ਵਿੱਚ ਕਿਸਾਨਾਂ ਦੇ ਚੱਲ ਰਹੇ ਮੋਰਚੇ ਸੰਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੇ ਗੈਰ ਬੈਂਕਾਂ ਦੇ ਕਰਜ਼ੇ ਦੇ ਨਿਪਟਾਰੇ ਸਬੰਧੀ ਪੰਜਾਬ ਖੇਤੀਬਾੜੀ ਕਰਜ਼ਾ ਨਿਪਟਾਰਾ ਐਕਟ 2016 ਬਣਾਇਆ ਹੈ ਅਤੇ ਕਿਸਾਨਾਂ ਦੀਆਂ ਕਰਜ਼ੇ ਬਾਰੇ ਸਮਿੱਸਆਵਾਂ ਸੰਬੰਧੀ ਜ਼ਿਲ੍ਹਾ ਖੇਤੀ ਕਰਜ਼ਾ ਨਿਪਟਾਰਾ ਫੋਰਮ ਸਥਾਪਿਤ ਕੀਤੇ ਜਾ ਰਹੇ ਹਨ। ਇਸਦੇ ਚੇਅਰਮੈਨ ਵੱਜੋਂ ਹਰੇਕ ਜ਼ਿਲ੍ਹਾ ਵਿੱਚ ਸੇਵਾਮੁਕਤ ਜ਼ਿਲ੍ਹਾ ਸੈਸ਼ਨ ਜੱਜ ਜਾਂ ਸੇਵਾਮੁਕਤ ਵਧੀਕ ਸੈਸ਼ਨ ਜੱਜ ਨਿਯੁਕਤ ਕੀਤੇ ਜਾ ਰਹੇ ਹਨ। ਉਨਾਂ ਉਮੀਦ ਪ੍ਰਗਟ ਕੀਤੀ ਕਿ ਖੇਤੀਬਾੜੀ ਕਾਰਜ਼ਾ ਨਿਪਟਾਰਾ ਐਕਟ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਸ. ਬਾਦਲ ਨੇ ਕਿਹਾ ਕਿ ਜਿੱਥੋ ਤੱਕ ਬੈਂਕਾਂ ਦੇ ਕਰਜ਼ੇ ਮੁਆਫ ਕਰਨ ਦਾ ਸਵਾਲ ਹੈ ਇਹ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ ਅਤੇ ਸੂਬਾ ਸਰਕਾਰ ਇਸ ਸਬੰਧ ਵਿੱਚ ਕੁੱਝ ਵੀ ਨਹੀ ਕਰ ਸਕਦੀ। ਸ. ਬਾਦਲ ਨੇ ਕਿਹਾ ਕਿ ਉਹ ਹਮੇਸ਼ਾ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਤਪਰ ਰਹੇ ਹਨ ਅਤੇ ਜੋ ਸੂਬਾ ਸਰਕਾਰ ਦੇ ਹੱਥਵੱਸ ਹੈ ਉਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਅਨੇਕਾਂ ਇਤਿਹਾਸਕ ਕਦਮ ਚੁੱਕੇ ਹਨ। ਟਿਊਬਵੈਲਾਂ ਦੇ ਬਿੱਲਾਂ ਲਈ ਸਲਾਨਾ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਕਿਸਾਨਾਂ ਲਈ 50 ਹਜ਼ਾਰ ਰੁਪਏ ਤੱਕ ਦਾ ਬਿਨਾਂ ਵਿਆਜ਼ ਕਰਜ਼ੇ ਦੀ ਵਿਵਸਥਾ ਕੀਤੀ ਗਈ ਹੈ ਅਤੇ ਸਿਹਤ ਬੀਮਾ ਯੋਜਨਾ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਦੇ ਹਿੱਤਾਂ ਦੇ ਮੱਦੇਨਜ਼ਰ ਸਰਕਾਰ ਨੇ ਐਸ.ਵਾਈ. ਐਲ. ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਦੇਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਜਿਹੜੀਆਂ ਸਕੀਮਾਂ ਪੰਜਾਬ ਸਰਕਾਰ ਨੇ ਬਣਾਈਆਂ ਹਨ, ਉਨਾਂ ਦੀ ਮਿਸਾਲ ਸਮੁੱਚੇ ਦੇਸ਼ ਵਿੱਚ ਕਿਤੇ ਨਹੀਂ ਮਿਲਦੀ।ਸੰਗਤ ਦਰਸ਼ਨ ਦਾ ਚੋਣਾਂ ਨਾਲ ਸਬੰਧ ਹੋਣ ਬਾਰੇ ਪੁੱਛੇ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨ ਦਾ ਚੋਣਾਂ ਜਾਂ ਸਿਆਸਤ ਨਾਲ ਕੋਈ ਸਬੰਧ ਨਹੀ ਹੈ। ਉਨਾਂ ਕਿਹਾ ਕਿ ਜਦੋਂ ਵੀ ਸੂਬੇ ਦੇ ਲੋਕ ਉਨਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਉਹ ਸੰਗਤ ਦਰਸ਼ਨਾਂ ਨਾਲ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਨੂੰ ਪਹਿਲ ਦਿੰਦੇ ਹਨ। ਉਨਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਸੰਗਤ ਦਰਸ਼ਨ ਸਭ ਤੋਂ ਵਧੀਆਂ ਤਰੀਕਾ ਹੈ ਜਿਸ ਦੌਰਾਨ ਨਾਲ ਨਾ ਕੇਵਲ ਲੋਕਾਂ ਦੀਆਂ ਪ੍ਰਾਥਮਿਕਤਾਵਾਂ ਦੇ ਅਨੁਸਾਰ ਵਿਕਾਸ ਦੀਆਂ ਤਰਜ਼ੀਹਾਂ ਮਿੱਥੀਆਂ ਜਾਂਦੀਆਂ ਹਨ ਸਗੋਂ ਇਸਦੇ ਨਾਲ ਅਫ਼ਸਰਸ਼ਾਹੀ ਨੂੰ ਵੀ ਜਵਾਬਦੇਹ ਬਣਾਇਆ ਜਾਂਦਾ ਹੈ। ਉਨਾਂ ਕਿਹਾ ਕਿ ਸੰਗਤ ਦਰਸ਼ਨ ਨਾਲ ਸਮੇਂ, ਧੰਨ ਅਤੇ ਉਰਜ਼ਾ ਦੀ ਬੱਚਤ ਹੋਣ ਤੋਂ ਇਲਾਵਾ ਬਹੁਤੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਵੀ ਹੋ ਜਾਂਦਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਅਰਵਿੰਦ ਕੇਜ਼ਰੀਵਾਲ ਦੇ ਪੰਜਾਬ ਦੌਰੇ ਸਬੰਧੀ ਪੁੱਛੇ ਇਕ ਹੋਰ ਸਵਾਲ ਦੇ ਜਵਾਬ ‘ਚ ਸ. ਬਾਦਲ ਨੇ ਕਿਹਾ ਕਿ ਹਰੇਕ ਸਿਆਸੀ ਪਾਰਟੀ ਅਤੇ ਆਗੂ ਨੂੰ ਲੋਕਾਂ ਨਾਲ ਰਾਬਤਾ ਬਣਾਉਣ ਅਤੇ ਉਨਾਂ ਨੂੰ ਆਪਣੇ ਵਿਚਾਰਾਂ ਬਾਰੇ ਜਾਣੂ ਕਰਵਾਉਣ ਦਾ ਅਧਿਕਾਰ ਹੈ। ਉਨਾਂ ਕਿਹਾ ਕਿ ਜਮਹੂਰੀਅਤ ਵਿੱਚ ਹਰੇਕ ਆਗੂ ਨੂੰ ਕਿਤੇ ਵੀ ਜਾ ਕੇ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ।ਬਰਗਾੜੀ ਘਟਨਾਵਾਂ ਬਾਰੇ ਸੇਵਾ ਮੁਕਤ ਜੱਜ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਬੁਨਿਆਦ ਆਖਣ ਸਬੰਧੀ ਪੁੱਛੇ ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਮਰਿੰਦਰ ਸਿੰਘ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ । ਸ. ਬਾਦਲ ਨੇ ਕਿਹਾ ਕਿ ਉਨਾਂ ਨੇ ਅਜੇ ਇਹ ਰਿਪੋਰਟ ਨਹੀ ਦੇਖੀ ਅਤੇ ਸਰਕਾਰ ਇਸ ਰਿਪੋਰਟ ਦਾ ਪੂਰੀ ਤਰ੍ਹਾਂ ਅਧਿਐਨ ਕਰਕੇ ਕਾਰਵਾਈ ਕਰੇਗੀ।ਇਸ ਮੌਕੇ ਹੋਰਨਾ ਤੋਂ ਇਲਾਵਾ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾਂ, ਮੁੱਖ ਮੰਤਰੀ ਦੇ ਵਿਸ਼ੇਸ ਪ੍ਰਮੱਖ ਸਕੱਤਰ ਡਾ. ਐਸ. ਕਰੁਣਾ ਰਾਜੂ, ਸ. ਤੇਜਾ ਸਿੰਘ ਕਮਾਲਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ. ਗੁਰਬਚਨ ਸਿੰਘ ਬਚੀ ਪ੍ਰਬੰਧਕੀ ਮੈਂਬਰ ਪਾਵਰ ਕਾਮ, ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਜਸਵਿੰਦਰ ਸਿੰਘ ਪ੍ਰਿੰਸ, ਐਨ.ਆਰ.ਆਈ. ਕਰਨ ਘੁਮਾਣ, ਸ. ਪ੍ਰੀਤਮ ਸਿੰਘ ਜੌਹਲ ਸੀਨੀਅਰ ਅਕਾਲੀ ਆਗੂ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ, ਡੀ.ਆਈ.ਜੀ. ਸ. ਬਲਕਾਰ ਸਿੰਘ ਸਿੱਧੂ, ਜ਼ਿਲ੍ਹਾ ਪੁਲਿਸ ਮੁਖੀ ਸ .ਪ੍ਰਿਤਪਾਲ ਸਿੰਘ ਥਿੰਦ,ਸਰਪੰਚ ਰਛਪਾਲ ਸਿੰਘ ਪਾਲੀ ਨੀਲੋਵਾਲ,ਸਰਪੰਚ ਸੁੱਖ ਫਲੇੜਾ,ਸਰਪੰਚ ਪਵਿੱਤਰ ਗੰਢੂਆਂ,ਹੈਪੀ ਗਾਗਾ,ਸਰਪੰਚ ਮਨਦੀਪ ਗਾਗਾ ਅਤੇ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: