ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦੀ ਸੰਗਤ ਨੇ ਗੁਰਧਾਮਾਂ ਦੀ ਯਾਤਰਾ ਕੀਤੀ

ss1

ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦੀ ਸੰਗਤ ਨੇ ਗੁਰਧਾਮਾਂ ਦੀ ਯਾਤਰਾ ਕੀਤੀ

1-32 (3)
ਮਲੋਟ, 30 ਜੂਨ (ਆਰਤੀ ਕਮਲ) : ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਤੋਂ ਸੰਗਤਾਂ ਦਾ ਇਕ ਜੱਥਾ ਬੱਸ ਰਾਹੀਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਪਰਤਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ-ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਛੁੱਟੀਆਂ ਵਿਚ ਬੱਚਿਆਂ ਨੂੰ ਪਹਾੜਾਂ ਦੀ ਸੈਰ ਕਰਵਾਉਣ ਜਾਂ ਘਰਾਂ ਵਿਚ ਰਿਸ਼ਤੇਦਾਰੀ ਵਿਚ ਇੱਧਰ ਉਧਰ ਮਸਤੀ ਕਰਵਾਉਣ ਦੀ ਥਾਂ ਆਪਣੇ ਧਾਰਮਿਕ ਵਿਰਸੇ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਪਹਿਲਾਂ ਸੰਗਤਾਂ ਸ੍ਰੀ ਹਜੂਰ ਸਾਹਿਬ ਯਾਤਰਾ ਕਰਕੇ ਆਈਆਂ ਤੇ ਹੁਣ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਆਸਪਾਸ ਦੇ ਗੁਰਧਾਮਾਂ ਦੀ ਯਾਤਰਾ ਕੀਤੀ ਗਈ । ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣਾ ਬਹੁਤ ਜਰੂਰੀ ਹੈ ਅਤੇ ਜਿਸ ਤਰਾਂ 5 ਜੁਲਾਈ ਨੂੰ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਹੈ ਉਸ ਸਬੰਧ ਵਿਚ ਗੁਰਧਾਮਾਂ ਦੀ ਯਾਤਰਾ ਕਰਨ ਨਾਲ ਨਵੀਂ ਪੀੜੀ ਨੂੰ ਅਭੁੱਲ ਇਤਹਾਸ ਯਾਦ ਰਹਿੰਦਾ ਹੈ।

ਗੁਰਦੁਆਰਾ ਚਰਨ ਕਮਲ ਤੋਂ ਚਲ ਕੇ ਇਹ ਬੱਸ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ, ਗੁਰਦੁਆਰਾ ਬਾਬੇ ਕੀ ਜਾਹਰਾਪੀਰ ਜੀਰਾ, ਗੁਰਦੁਆਰਾ ਝੂਲਣੇ ਸਾਹਿਬ ਤਰਨਤਾਰਨ ਸਾਹਿਬ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ, ਗੁਰਦੁਆਰਾ ਸੰਨ ਸਾਹਿਬ ਜੀ, ਗੁਰਦੁਆਰਾ ਛਿਹਾਟਾ ਸਾਹਿਬ ਜੀ, ਗੁਰਦੁਆਰਾ ਟਾਹਲਾ ਸਾਹਿਬ ਜੀ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤ ਨੂੰ ਦਰਸ਼ਨ ਕਰਵਾ ਕੇ ਅਗਲੇ ਦਿਨ ਸਵੇਰੇ ਵਾਪਸ ਪਰਤ ਆਈ । ਸੰਤ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਸਿੱਖ ਗੁਰੂਆਂ ਅਤੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਅੱਜ ਦੀ ਪੀੜੀ ਅਗਰ ਕੁਰਾਹੇ ਪਈ ਹੋਈ ਹੈ ਤਾਂ ਉਹਦਾ ਮੁੱਖ ਕਾਰਨ ਅੱਜ ਘਰਾਂ ਵਿਚ ਬੱਚਿਆਂ ਨੂੰ ਸਿੱਖ ਇਤਿਹਾਸ ਨਹੀ ਪੜਾਇਆ ਤੇ ਦੱਸਿਆ ਜਾ ਰਿਹਾ । ਸਿੱਖ ਵਿਰਸੇ ਨਾਲ ਜੁੜ ਕੇ ਇਹ ਨੌਜਵਾਨ ਪੀੜੀ ਅੱਗੇ ਜਾ ਕੇ ਜਿਥੇ ਸਮਾਜਿਕ ਕੁਰੀਤੀਆਂ ਤੋਂ ਰਹਿਤ ਰਹੇਗੀ ਉਥੇ ਹੀ ਆਪਣੇ ਵਿਰਸੇ ਦੀ ਸੰਭਾਲ ਲਈ ਬਾਣੀ ਅਤੇ ਬਾਣੇ ਨਾਲ ਜੁੜੇਗੀ ਤੇ ਫਿਰ ਤੋਂ ਸਿੱਖ ਕੌਮ ਮਹਾਨ ਸੂਰਬੀਰ ਜੋਧਿਆਂ ਦੀ ਕੌਮ ਅਖਵਾਉਣ ਦਾ ਮਾਨ ਪ੍ਰਾਪਤ ਕਰ ਸਕੇਗੀ । ਬਾਬਾ ਬਲਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਚਰਨ ਕਮਲ ਵਿਖੇ ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਜਾਪ 1 ਤੋਂ 6 ਜੁਲਾਈ ਤੱਕ ਗੁਰਦੁਆਰਾ ਸਾਹਿਬ ਵਿਖੇ ਹੋਣਗੇ ਅਤੇ 6 ਜੁਲਾਈ ਐਤਵਾਰ ਨੂੰ ਮਨਾਏ ਜਾਣਗੇ ਜਿਸ ਮੌਕੇ ਬਾਬਾ ਗੁਰਪਾਲ ਸਿੰਘ 18 ਐਫ ਰਾਜਸਥਾਨ ਦੀ ਰਹਿਨੁਮਾਈ ਹੇਠ ਪੁੱਜ ਰਹੇ ਜੱਥੇ ਗੁਰ ਇਤਹਾਸ ਸ੍ਵਣ ਕਰਾਉਣਗੇ ।

print
Share Button
Print Friendly, PDF & Email