ਭਾਰਤ ਸਰਕਾਰ ‘ਦਿਵਿਆਂਗ’ ਲੋਕਾਂ ਦੇ ਉਥਾਨ ਲਈ ਦ੍ਰਿੜ ਸੰਕਲਪ-ਵਿਜੇ ਸਾਂਪਲਾ

ss1

ਭਾਰਤ ਸਰਕਾਰ ‘ਦਿਵਿਆਂਗ’ ਲੋਕਾਂ ਦੇ ਉਥਾਨ ਲਈ ਦ੍ਰਿੜ ਸੰਕਲਪ-ਵਿਜੇ ਸਾਂਪਲਾ
ਕੋਈ ਵੀ ਲੋੜਵੰਦ ਸਹਾਇਤਾ ਸਮੱਗਰੀ ਤੋਂ ਵਾਂਝਾ ਨਹੀਂ ਰਹੇਗਾ-ਸੰਸਦ ਮੈਂਬਰ ਬਿੱਟੂ

ਲੁਧਿਆਣਾ (ਪ੍ਰੀਤੀ ਸ਼ਰਮਾ) ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਸਰੀਰਕ ਤੌਰ ’ਤੇ ਅਪੰਗ ਵਿਅਕਤੀਆਂ ਨੂੰ ‘ਦਿਵਿਆਂਗ’ ਦਾ ਦਰਜਾ ਦਿੰਦਿਆਂ ਕਿਹਾ ਹੈ ਕਿ ਇਹ ਲੋਕ ਸਾਡੇ ਸਮਾਜ ਦਾ ਅਹਿਮ ਅੰਗ ਹਨ, ਜਿਨਾਂ ਨੂੰ ਅੱਖੋਂ ਪਰੋਖੇ ਕਰਕੇ ਦੇਸ਼ ਦੇ ਸਰਬਪੱਖੀ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹ ਅੱਜ ਸਥਾਨਕ ਟਿੱਬਾ ਸੜਕ ’ਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਭਾਰਤ ਸਰਕਾਰ ‘ਦਿਵਿਆਂਗ’ ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਹੋਰ ਪੱਖਾਂ ਤੋਂ ਉਥਾਨ ਲਈ ਪੂਰੀ ਤਰਾਂ ਦ੍ਰਿੜ ਸੰਕਲਪ ਹੈ। ਅਜਿਹੇ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਤੇ ਨੀਤੀਆਂ ਦਾ ਵੇਰਵਾ ਦਿੰਦਿਆਂ ਉਨਾਂ ਕਿਹਾ ਕਿ ਉਨਾਂ ਦੇ ਵਿਭਾਗ ਵੱਲੋਂ ਸਾਰੀ ਸਹਾਇਤਾ ਸਮੱਗਰੀ (ਜਿਵੇਂਕਿ ਟਰਾਈਸਾਈਕਲ, ਵੀਲ ਚੇਅਰ, ਫੌੜੀਆਂ, ਸੋਟੀਆਂ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਹੋਰ ਸਮੱਗਰੀ) ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਕਿਹਾ ਕਿ ਨਵੀਂ ਯੋਜਨਾ ਤਹਿਤ ਹੁਣ ਲੋੜਵੰਦ ਨੂੰ ਮੋਟਰਟਰਾਈਸਾਈਕਲ ਵੀ ਦਿੱਤੀ ਜਾਂਦੀ ਹੈ, ਜਿਸ ਤਹਿਤ 25 ਹਜ਼ਾਰ ਰੁਪਏ ਵਿਭਾਗ ਵੱਲੋਂ ਦਿੱਤੇ ਜਾਂਦੇ ਹਨ, ਜਦਕਿ ਬਾਕੀ 10 ਹਜ਼ਾਰ ਰੁਪਏ ਵੀ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਹੋਰ ਫੰੰਡਾਂ ਵਿੱਚ ਐਡਜਸਟ ਕਰਵਾਏ ਜਾ ਸਕਦੇ ਹਨ।

ਉਨਾਂ ਕਿਹਾ ਕਿ ਉਨਾਂ ਨੇ ਜਦੋਂ ਤੋਂ ਇਸ ਮੰਤਰਾਲੇ ਦਾ ਕਾਰਜਭਾਰ ਸੰਭਾਲਿਆ ਹੈ, ਉਦੋਂ ਤੋਂ ਹੁਣ ਤੱਕ ਪੂਰੇ ਦੇਸ਼ ਵਿੱਚ 3000 ਤੋਂ ਵਧੇਰੇ ਅਜਿਹੇ ਕੈਂਪ ਲਗਵਾਏ ਜਾ ਚੁੱਕੇ ਹਨ, ਜੋ ਕਿ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਉਨਾਂ ਦੇ ਲੋਕ ਸਭਾ ਹਲਕੇ ਵਿੱਚ ਕੋਈ ਵੀ ਲੋੜਵੰਦ ਵਿਅਕਤੀ ਸਰਕਾਰੀ ਨੀਤੀਆਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਜਾਵੇ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਅਜਿਹੇ ਕੈਂਪ ਲੱੱਗਦੇ ਰਹਿਣੇ ਯਕੀਨੀ ਬਣਾਏ ਜਾਣਗੇ। ਉਨਾਂ ਇਸ ਕੈਂਪ ਲਈ ਕੇਂਦਰ ਸਰਕਾਰ ਅਤੇ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ 2300 ਦੇ ਕਰੀਬ ਲੋੜਵੰਦਾਂ ਨੂੰ ਟਰਾਈਸਾਈਕਲ, ਵੀਲ ਚੇਅਰ, ਫੌੜੀਆਂ, ਸੋਟੀਆਂ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਹੋਰ ਸਮੱਗਰੀ ਦੀ ਵੰਡ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਵਧੀਕ ਡਿਪਟੀ ਕਮਿਸ਼ਨਰ ਸ੍ਰ. ਅਰਵਿੰਦਪਾਲ ਸਿੰਘ, ਐੱਸ. ਡੀ. ਐੱਮ. ਸ੍ਰ. ਪਰਮਜੀਤ ਸਿੰਘ, ਅਲਿਮਕੋ ਕੰਪਨੀ ਦੇ ਨੁਮਾਇੰਦੇ ਸ੍ਰੀ ਅਜੇ ਚੌਧਰੀ, ਸ੍ਰੀ ਅਨਿਲ ਸਰੀਨ, ਸ੍ਰੀ ਪ੍ਰਵੀਨ ਬਾਂਸਲ, ਸ੍ਰੀ ਅਮਿਤ ਗੋਸਾਂਈ (ਸਾਰੇ ਸੀਨੀਅਰ ਭਾਜਪਾ ਆਗੂ), ਜ਼ਿਲਾ ਭਾਜਪਾ ਪ੍ਰਧਾਨ ਸ੍ਰੀ ਰਵਿੰਦਰ ਅਰੋੜਾ, ਜ਼ਿਲਾ ਕਾਂਗਰਸ ਪ੍ਰਧਾਨ ਸ੍ਰੀ ਗੁਰਜੀਤ ਸਿੰਘ ਗੋਗੀ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਇੰਦਰਪਾਲ ਕੌਰ ਅਤੇ ਹੋਰ ਹਾਜ਼ਰ ਸਨ।

print
Share Button
Print Friendly, PDF & Email