ਬਾਦਲਾਂ ਤੇ ਕੈਪਟਨ ਖਿਲਾਫ ਬਰਾੜ ਤੇ ਬੀਰਦਵਿੰਦਰ ਨੇ ਮਿਲਾਇਆ ਹੱਥ

ss1

ਬਾਦਲਾਂ ਤੇ ਕੈਪਟਨ ਖਿਲਾਫ ਬਰਾੜ ਤੇ ਬੀਰਦਵਿੰਦਰ ਨੇ ਮਿਲਾਇਆ ਹੱਥ

3-41

ਪਟਿਆਲਾ, 3 ਮਈ (ਪ.ਪ.): ਕਾਂਗਰਸ ‘ਚੋਂ ਬਰਖਾਸਤ ਦੋ ਸੀਨੀਅਰ ਆਗੂਆਂ ਬੀਰਦਵਿੰਦਰ ਸਿੰਘ ਤੇ ਜਗਮੀਤ ਸਿੰਘ ਬਰਾੜ ਨੇ ਮੰਗਲਵਾਰ ਨੂੰ ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਪਰਿਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪ. ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਣ ਲਈ ਹੱਥ ਮਿਲਾ ਲਿਆ ਹੈ। ਪੰਜਾਬ ਵਿਚੋਂ ਬਾਦਲ ਤੇ ਕੈਪਟਨ ਪਰਿਵਾਰਾਂ ਦਾ ਸਫਾਇਆ ਕਰਨ ਲਈ ਅੱਜ ਇਥੇ 2 ਘੰਟੇ ਤੋਂ ਵੱਧ ਸਮੇਂ ਤੱਕ ਲੰਮੀ ਬੈਠਕ ਕੀਤੀ। ਦੋਵਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਉਹ ਬਾਦਲ ਪਰਿਵਾਰ ਤੇ ਕੈਪਟਨ ਖਿਲਾਫ ਮਾਹੌਲ ਤਿਆਰ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਰਾਜਸੀ ਪਾਰਟੀ ਵਿਚ ਸ਼ਮੂਲੀਅਤ ਨਹੀਂ ਕਰਨਗੇ, ਸਗੋਂ ਜਿਸ ਤਰ੍ਹਾਂ ਲੋਕ-ਹਿਤਾਂ ਲਈ ਪੰਜਾਬ ਵਿਚ ਪਹਿਲਾਂ ਲੋਕ ਲਹਿਰਾਂ ਉਠਦੀਆਂ ਰਹੀਆਂ ਹਨ, ਉਸੇ ਤਰ੍ਹਾਂ ਦੀ ਲੋਕ-ਲਹਿਰ ਪੈਦਾ ਕਰਨ ਲਈ ਘਰ-ਘਰ ਜਾਣਗੇ। ਮੀਟਿੰਗ ਤੋਂ ਬਾਅਦ ਦੋਵਾਂ ਆਗੂਆਂ ਨੇ 21 ਮਈ ਨੂੰ ਚੱਪੜਚਿੜੀ ਦੇ ਇਕੱਠ ‘ਚ ਸ਼ਮੂਲੀਅਤ ਕਰਨ ਅਤੇ ਪੰਜਾਬ ਦੇ ਤਿੰਨ ਅਹਿਮ ਮੁੱਦਿਆਂ ‘ਤੇ ਸਾਂਝੀ ਰਾਏ ਪ੍ਰਗਟ ਕੀਤੀ।
ਮੀਟਿੰਗ ਤੋਂ ਬਾਅਦ ਇਥੇ ਬੀਰਦਵਿੰਦਰ ਸਿੰਘ ਦੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਗ਼ੈਰ-ਲੋਕਤੰਤਰੀ ਢੰਗ ਵਰਤ ਕੇ ਬਿਨਾਂ ਕਾਰਨ ਪਾਰਟੀ ‘ਚੋਂ ਕੱਢ ਕੇ ਪੰਜਾਬ ਅੰਦਰ ਕਾਂਗਰਸ ਦੇ ਤਾਬੂਤ ‘ਚ ਆਖਰੀ ਕਿੱਲ ਠੋਕ ਲਿਆ ਹੈ। ਉਨ੍ਹਾਂ ਸਾਂਝੇ ਤੌਰ ‘ਤੇ ਕਿਹਾ ਕਿ ਉਹ 2017 ਦੇ ਫੈਸਲਾਕੁੰਨ ਘੋਲ ‘ਚ ਪੰਜਾਬ ਦੇ ਲੋਕਾਂ ਨਾਲ ਖੜ੍ਹਨਗੇ ਅਤੇ ਪਰਿਵਾਰਵਾਦ ਅਤੇ ਹਵੇਲੀਆਂ-ਮਹਿਲਾਂ ਵਾਲਿਆਂ ਦੇ ਚੁੰਗਲ ‘ਚੋਂ ਲੋਕਾਂ ਦਾ ਖਹਿੜਾ ਛੁਡਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਪੰਜਾਬ ਦੇ ਸਿਆਸੀ ਹਾਲਾਤ ਬਾਰੇ ਲੰਮੀ ਚਰਚਾ ਕੀਤੀ ਤੇ ਤਿੰਨ ਮੁੱਦਿਆਂ ‘ਤੇ ਸਹਿਮਤੀ ਬਣੀ ਕਿ ਲੋਕਾਂ ਨੂੰ ਰਾਜਨੀਤੀ ਨੂੰ ਨਿਲਾਮ ਕਰਨ ਵਾਲੀ ਸਿੰਡੀਕੇਟ ਅਤੇ ਬਾਦਲ-ਕੈਪਟਨ ਦੇ ਪਰਿਵਾਰਵਾਦ ਦੇ ਜੂਲੇ ਹੇਠੋਂ ਕੱਢਿਆ ਜਾਵੇ, ਖੇਤੀਬਾੜੀ ਦੇ ਭਿਆਨਕ ਸੰਕਟ ਹੱਲ ਲਈ ਜ਼ਰੂਰੀ ਕਦਮ ਉਠਾਏ ਜਾਣ ਅਤੇ ਪੰਜਾਬ ‘ਚ ਨਸ਼ਿਆਂ ਤੇ ਅੱਤਵਾਦ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਪੰਜਾਬ ‘ਚ ਸੱਚ ਬੋਲਣ ਵਾਲੇ ਦਾ ਗਲ ਘੁੱਟਣ ਦੇ ਸਕੈਂਡਲ ਤੇ ਸਾਜ਼ਿਸ਼ਾਂ ਨੂੰ ਬੇਪਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਥੇ ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਹੈ, ਉਥੇ ਹੀ ਕੈਪ. ਅਮਰਿੰਦਰ ਸਿੰਘ ਨੇ ਅੰਦਰਖਾਤੇ ਬਾਦਲ ਪਰਿਵਾਰ ਨਾਲ ਹੱਥ ਮਿਲਾਇਆ ਹੋਇਆ ਹੈ। ਕੈਪ. ਅਮਰਿੰਦਰ ਸਿੰਘ ਪੁਰਾਣੇ ਰਜਵਾੜੇ ਹਨ ਜਦੋਂ ਕਿ ਬਾਦਲ ਪਰਿਵਾਰ ਨਵੀਂ ਕਿਸਮ ਦੇ ਰਜਵਾੜੇ ਬਣ ਗਏ ਹਨ। ਇਨ੍ਹਾਂ ਦੋਵਾਂ ਰਜਵਾੜਿਆਂ ਤੋਂ ਪੰਜਾਬ ਨੂੰ ਨਿਜਾਤ ਦਿਵਾਉਣਾ ਬੇਹੱਦ ਜ਼ਰੂਰੀ ਹੈ।
ਬਰਾੜ ਨੇ ਦੱਸਿਆ ਕਿ ਉਹ ਹੁਣ ਤੱਕ ਬੈਂਸ ਭਰਾਵਾਂ ਨਾਲ ਮੀਟਿੰਗ ਕਰ ਚੁੱਕੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇੰਦਰਬੀਰ ਸਿੰਘ ਬੁਲਾਰੀਆ ਵੀ ਉਨ੍ਹਾਂ ਨਾਲ ਸਹਿਯੋਗ ਕਰਨਗੇ ਜਦੋਂ ਕਿ ਹੋਰ ਲੋਕ-ਪੱਖੀ ਧਿਰਾਂ ਨਾਲ ਵੀ ਉਹ ਮੁੱਦਿਆਂ ‘ਤੇ ਸਹਿਮਤੀ ਬਣਾਉਣ ‘ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਕੋਈ ਨਵੀਂ ਰਾਜਨੀਤਕ ਪਾਰਟੀ ਨਹੀਂ ਬਣਾਉਣਗੇ ਪਰੰਤੂ 2017 ‘ਚ ਆਪਣਾ ਅਹਿਮ ਰੋਲ ਜ਼ਰੂਰ ਨਿਭਾਉਣਗੇ। ਬਰਾੜ ਨੇ ਦੱਸਿਆ ਕਿ ਉਹ 21 ਮਈ ਦੇ ਇਕੱਠ ‘ਚ ਪੰਜਾਬ ਦੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਵਿਧਵਾਵਾਂ ਦੀ ਵਿੱਤੀ ਸਹਾਇਤਾ ਵੀ ਕਰਨਗੇ। ਇਨ੍ਹਾਂ ਦੀ ਮੰਦੀ ਹਾਲਤ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਉਣਗੇ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਪੂਰੇ ਮਾਮਲੇ ‘ਚ ਆਪਣੇ ਸਮੱਰਥਕਾਂ ਦੀ ਰਾਇ ਜਾਣਨ ਲਈ 15 ਮਈ ਨੂੰ ਇਕ ਮੀਟਿੰਗ ਵੀ ਸੱਦੀ ਹੈ। ਇਸ ਮੌਕੇ ਸੀਨੀਅਰ ਆਗੁ ਸੰਤ ਸਿੰਘ ਘੱਗਾ ਤੋਂ ਇਲਾਵਾ ਬਰਾੜ ਤੇ ਬੀਰਦਵਿੰਦਰ ਸਿੰਘ ਦੇ ਅਨੇਕਾਂ ਸਮੱਰਥਕ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *