ਡਿਪਟੀ ਕਮਿਸ਼ਨਰ ਨੇ ਲਿਆ ਪਿੰਡ ਫਰਮਾਹੀ ਨਜ਼ਦੀਕ ਭੀਖੀ ਰਜਬਾਹੇ ਦੇ ਚੱਲ ਰਹੇ ਕੰਮ ਦਾ ਜਾਇਜ਼ਾ

ss1

ਡਿਪਟੀ ਕਮਿਸ਼ਨਰ ਨੇ ਲਿਆ ਪਿੰਡ ਫਰਮਾਹੀ ਨਜ਼ਦੀਕ ਭੀਖੀ ਰਜਬਾਹੇ ਦੇ ਚੱਲ ਰਹੇ ਕੰਮ ਦਾ ਜਾਇਜ਼ਾ
24 ਘੰਟੇ ਦੇ ਅੰਦਰ-ਅੰਦਰ ਪਾਣੀ ਚਾਲੂ ਕਰਨ ਦੀ ਕੀਤੀ ਹਦਾਇਤ

3-7
ਮਾਨਸਾ, 03 ਮਈ (ਰੀਤਵਾਲ/ ਜੋਨੀ) : ਪਿਛਲੇ ਦਿਨੀਂ ਪਿੰਡ ਫਰਮਾਹੀ ਨਜ਼ਦੀਕ ਭੀਖੀ ਰਜਬਾਹੇ ਵਿਚ ਪਏ ਪਾੜ ਦੀ ਮੁਰੰਮਤ ਦਾ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨਾਲ ਐਕਸੀਅਨ ਸਿੰਚਾਈ ਸ਼੍ਰੀ ਵਰਿੰਦਰ ਕੁਮਾਰ ਗੋਇਲ, ਐਸ.ਡੀ.ਓ. ਸ਼੍ਰੀ ਹਰੀ ਕ੍ਰਿਸ਼ਨ ਅਤੇ ਜੇ.ਈ. ਨਹਿਰੀ ਵਿਭਾਗ ਸ਼੍ਰੀ ਜਸਕਰਨ ਸਿੰਘ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ਰਮਾ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਨਹਿਰ ਦੀ ਮੁਰੰਮਤ ਦਾ ਕੰਮ ਛੇਤੀ ਮੁਕੰਮਲ ਕਰ ਕੇ ਇਸ ਵਿਚ ਜਲਦੀ ਹੀ ਪਾਣੀ ਚਾਲੂ ਕੀਤਾ ਜਾਵੇ। ਉਨਾਂ ਕਿਹਾ ਕਿ ਨਰਮੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਨਿਰਵਿਘਨ ਸਪਲਾਈ ਜਾਰੀ ਰੱਖੀ ਜਾਵੇ, ਤਾਂ ਜੋ ਕਿਸਾਨ ਆਪਣੀ ਫਸਲ ਨੂੰ ਲੋੜੀਂਦੀ ਮਾਤਰਾ ਵਿਚ ਪਾਣੀ ਦੇ ਸਕਣ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 24 ਘੰਟੇ ਦੇ ਅੰਦਰ-ਅੰਦਰ ਇਸ ਰਜਵਾਹੇ ਵਿਚ ਪਾਣੀ ਚਾਲੂ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਪਿੰਡ ਖੀਵਾ ਤੋਂ ਫਰਮਾਹੀ ਤੱਕ ਨਹਿਰ ਦੀ ਹਾਲਤ ਕਾਫ਼ੀ ਖਸਤਾ ਹੈ। ਉਨਾਂ ਸਬੰਧਿਤ ਅਧਿਕਾਰੀਆਂ ਨੂੰ ਨਹਿਰ ਦੇ ਕੰਢਿਆਂ ਦੀ 24 ਘੰਟੇ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਸਾਰੇ ਪ੍ਰਬੰਧ ਪਹਿਲਾਂ ਤੋਂ ਹੀ ਮੁਕੰਮਲ ਕਰ ਲਏ ਜਾਣ, ਤਾਂ ਜੋ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਐਕਸੀਅਨ ਸਿੰਚਾਈ ਸ਼੍ਰੀ ਵਰਿੰਦਰ ਕੁਮਾਰ ਗੋਇਲ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਬੁਰਜ ਨੰਬਰ 35 ਤੋਂ ਲੈ ਕੇ ਬੁਰਜ ਨੰਬਰ 78 ਜੋ ਕਿ ਖੀਵੇ ਤੋਂ ਫਰਮਾਹੀ ਤੱਕ ਨਹਿਰ ਦੀ ਹਾਲਤ ਕਾਫ਼ੀ ਖਸਤਾ ਹੈ ਅਤੇ ਇਹ ਨਹਿਰ ਝੋਨੇ ਦੇ ਸੀਜ਼ਨ ਤੋਂ ਬਾਅਦ ਨਵੇਂ ਸਿਰੇ ਤੋਂ ਬਣਾਈ ਜਾਵੇਗੀ, ਜਿਸਦੀ ਲੰਬਾਈ 42 ਹਜ਼ਾਰ ਫੁੱਟ ਬਣਦੀ ਹੈ।

print
Share Button
Print Friendly, PDF & Email